MohanSharma8ਦੂਜੇ ਪਾਸੇ ਕੁਝ ਸੁਖਾਵੀਆਂ ਅਤੇ ਪ੍ਰੇਰਨਾਦਾਇਕ ਉਦਾਹਰਣਾਂ ਨੇ ਮਨ ਨੂੰ ਸਕੂਨ ਵੀ ਦਿੱਤਾ ਹੈ। ਧਰਮਕੋਟ ਇਲਾਕੇ ਦੀ ਮਹਿਲਾ ...
(14 ਜੁਲਾਈ 2023)

 

12July2023


ਕੁਦਰਤ ਦੀ ਕਰੋਪੀ ਦੇ ਮੰਜ਼ਰ ਕਾਰਨ ਪੰਜਾਬੀਆਂ ਦੇ ਸਾਹ ਸੂਤੇ ਗਏ ਹਨ। ਚਾਰ ਚੁਫੇਰੇ ਹੋਏ ਜਲ-ਥਲ ਕਾਰਨ ਪੰਜਾਬੀਆਂ ਦੇ ਜੀਵਨ ਵਿੱਚ ਜਿੱਥੇ ਖੜ੍ਹੋਤ ਆਈ ਹੈ
, ਉੱਥੇ ਹੀ ਭਵਿੱਖ ਪ੍ਰਤੀ ਢੇਰ ਸਾਰੀਆਂ ਚਿੰਤਾਵਾਂ ਵਿੱਚ ਵਾਧਾ ਵੀ ਹੋਇਆ ਹੈ। ਇਸ ਵੇਲੇ ਪੰਜਾਬ ਪ੍ਰਾਂਤ ਦੇ 23 ਜ਼ਿਲ੍ਹਿਆਂ ਵਿੱਚੋਂ 13 ਜ਼ਿਲ੍ਹੇ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਅੰਦਾਜ਼ਨ 485 ਪਿੰਡਾਂ ਦੇ ਲੋਕ ਆਪਣਾ ਸਮਾਨ ਟਰਾਲੀਆਂ ਵਿੱਚ ਲੱਦ ਕੇ ਪਰਿਵਾਰਾਂ ਸਮੇਤ ਸੁਰੱਖਿਅਤ ਥਾਂਵਾਂ ਵੱਲ ਕੂਚ ਕਰ ਗਏ ਹਨ। ਇਸ ਸਹਿਮ ਦੇ ਪ੍ਰਛਾਵੇਂ ਹੇਠ ਇੱਕ ਪਾਸੇ ਫਸਲਾਂ ਦੀ ਬਰਬਾਦੀ, ਪਸ਼ੂ-ਧਨ ਦਾ ਜਾਨੀ ਨੁਕਸਾਨ, ਆਵਾਜਾਈ ਵਿੱਚ ਵਿਘਨ ਪੈਣ ਦੇ ਨਾਲ-ਨਾਲ ਲੋਕਾਂ ਦੇ ਘਰਾਂ ਵਿੱਚ ਗੋਡੇ-ਗੋਡੇ ਪਾਣੀ ਆਉਣ ਕਾਰਨ ਲੋਕ ਆਪਣਾ ਜ਼ਰੂਰੀ ਸਮਾਨ ਛੱਤਾਂ ’ਤੇ ਲੈ ਗਏ ਹਨ। ਕਈਆਂ ਨੇ ਆਪਣੇ ਘਰ ਦਾ ਉੱਪਰਲਾ ਹਿੱਸਾ ਕਿਰਾਏ ’ਤੇ ਦਿੱਤਾ ਹੋਇਆ ਸੀ। ਇਸ ਦੁੱਖ ਦੀ ਘੜੀ ਵਿੱਚ ਮਾਲਕ ਮਕਾਨ ਅਤੇ ਕਿਰਾਏਦਾਰਾਂ ਦੀ ਸਾਂਝ ਮਜ਼ਬੂਤ ਹੋਈ ਹੈ ਅਤੇ ਉਹ ਸਾਂਝੇ ਚੁੱਲ੍ਹੇ ’ਤੇ ਰੋਟੀ ਬਣਾ ਕੇ ਖਾ ਰਹੇ ਹਨ। ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੁਰੱਖਿਅਤ ਕੱਢ ਕੇ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਲਈ ਖਾਣੇ ਦੇ ਪੈਕਟ, ਦਵਾਈਆਂ, ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਅਤੇ ਹੋਰ ਜੀਵਨ ਲੋੜਾਂ ਦੀ ਪੂਰਤੀ ਲਈ ਹਰ ਸੰਭਵ ਯਤਨ ਜਾਰੀ ਹੈ। ਪਰ ਇੱਕ ਪਾਸੇ ਹਰੀਕੇ ਹੈੱਡ ਵਰਕਸ ਤੋਂ ਹਜ਼ਾਰਾਂ ਕਿਊਸ਼ਿਕ ਪਾਣੀ ਛੱਡਣ ਦੇ ਨਾਲ ਨਾਲ ਭਾਖੜਾ ਡੈਮ ਦਾ ਅੰਦਾਜ਼ਨ 35000 ਕਿਊਸ਼ਿਕ ਪਾਣੀ ਦਰਿਆਵਾਂ ਵਿੱਚ ਛੱਡਣ ਦੇ ਫੈਸਲੇ ਨਾਲ ਖ਼ਤਰਾ ਹੋਰ ਵਧ ਗਿਆ ਹੈ, ਕਿਉਂਕਿ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਦੀ ਇੰਨੀ ਸਮਰੱਥਾ ਨਹੀਂ ਕਿ ਉਹ ਐਨੇ ਜ਼ਿਆਦਾ ਪਾਣੀ ਦੀ ਮਾਰ ਝੱਲ ਸਕਣ। ਆਖ਼ਰ ਨੂੰ ਇਹ ਪਾਣੀ ਲੋਕਾਂ ਦੀਆਂ ਫਸਲਾਂ ਅਤੇ ਘਰਾਂ ਵਿੱਚ ਦਾਖ਼ਲ ਹੋ ਕੇ ਹੋਰ ਤਬਾਹੀ ਕਰੇਗਾ।

ਅਜਿਹੀ ਡਾਵਾਂਡੋਲ ਅਤੇ ਦਰਦਨਾਕ ਸਥਿਤੀ ਵਿੱਚ ਬਹੁਤ ਸਾਰੇ ਪਰਿਵਾਰ ਛੱਤ ’ਤੇ ਖੜੋ ਕੇ ਆਸ ਭਰੀਆਂ ਨਜ਼ਰਾਂ ਨਾਲ ਇਸ ਮੰਝਧਾਰ ਵਿੱਚੋਂ ਨਿਕਲਣ ਲਈ ਤਰਲੇ ਲੈ ਰਹੇ ਹਨ। ਬਹੁਤ ਸਾਰੀਆਂ ਮਾਵਾਂ ਆਪਣੇ ਮਾਸੂਮ ਬੱਚਿਆਂ ਨੂੰ ਗੋਦੀ ਚੁੱਕੀ ਕਿਸੇ ਪਰਉਪਕਾਰੀ ਦੀ ਉਡੀਕ ਵਿੱਚ ਆਸ ਭਰੀਆਂ ਨਜ਼ਰਾਂ ਨਾਲ ਡੂੰਘੇ ਪਾਣੀ ਦੇ ਵਹਾਅ ਵੱਲ ਵੇਖ ਰਹੀਆਂ ਹਨ। ਬਹੁਤ ਸਾਰੇ ਮਾਸੂਮ ਬੱਚੇ ਆਪਣੇ ਭੁੱਖੇ ਪੇਟ ’ਤੇ ਹੱਥ ਰੱਖੀ ਅਸਮਾਨ ਵੱਲ ਇਸ ਆਸ ’ਤੇ ਦੇਖ ਰਹੇ ਹਨ ਕਿ ਕਿਤੋਂ ਰੋਟੀਆਂ ਦੇ ਸੁੱਟੇ ਪੈਕਟ ਸਾਡੇ ਹਿੱਸੇ ਵੀ ਆ ਜਾਣ।

ਕਈ ਦਿਨਾਂ ਤੋਂ ਭੁੱਖੇ ਬੇਜ਼ੁਬਾਨ ਪਸ਼ੂਆਂ ਦੀ ਹਾਲਤ ਵੀ ਵੇਖੀ ਨਹੀਂ ਜਾਂਦੀ। ਕਈ ਪਸ਼ੂਆਂ ਨੂੰ ਤਾਂ ਉਨ੍ਹਾਂ ਦੇ ਮਾਲਕਾਂ ਨੇ ਕਿੱਲਿਆਂ ਤੋਂ ਰੱਸਾ ਖੋਲ੍ਹ ਕੇ ਛੱਡ ਦਿੱਤਾ ਹੈ ਤਾਂ ਜੋ ਉਹ ਕਿੱਲੇ ’ਤੇ ਹੀ ਬਿਨਾਂ ਚਾਰੇ ਤੋਂ ਭੁੱਖੇ ਨਾ ਮਰ ਜਾਣ। ਕਈ ਪਸ਼ੂਆਂ ਦੀ ਪਾਣੀਆਂ ਦੀ ਲਪੇਟ ਵਿੱਚ ਆ ਕੇ ਮਰਨ ਦੀਆਂ ਹਿਰਦੇਵੇਧਕ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਵੇਲੇ ਦਸ ਵਿਅਕਤੀਆਂ ਦੇ ਪਾਣੀ ਵਿੱਚ ਰੁੜ੍ਹਨ ਕਾਰਨ ਮੌਤਾਂ ਅਤੇ ਕਈਆਂ ਦੇ ਪਾਣੀ ਵਿੱਚ ਵਹਿਣ ਕਾਰਨ ਕੋਈ ਅਤਾ ਪਤਾ ਹੀ ਨਹੀਂ ਲੱਗਿਆ।

ਘੱਗਰ ਦਰਿਆ ਦੇ ਦੋ ਥਾਂਵਾਂ ’ਤੇ ਬੰਨ੍ਹ ਟੁੱਟਣ ਕਾਰਨ ਅੰਦਾਜ਼ਨ 20-22 ਪਿੰਡ ਪਾਣੀ ਦੀ ਮਾਰ ਵਿੱਚ ਆ ਗਏ ਹਨ। ਧੂਸੀ ਬੰਨ੍ਹ ਟੁੱਟਣ ਦੇ ਕਾਰਨ ਵੀ ਦੁਆਬੇ ਦੇ 8-10 ਪਿੰਡਾਂ ਨੇ ਹਿਜਰਤ ਕਰਕੇ ਆਪਣੀ ਅਤੇ ਪਰਿਵਾਰ ਦੀ ਜਾਨ ਬਚਾਉਣ ਦਾ ਯਤਨ ਕੀਤਾ ਹੈ। ਲੁਧਿਆਣਾ ਵਿੱਚ ਬੁੱਢੇ ਦਰਿਆ ਦਾ ਪੁਲ ਟੁੱਟਣ ਕਾਰਨ ਅਤੇ ਪਟਿਆਲਾ ਵਿੱਚ ਨਦੀ ਦੇ ਪੁਲ ਦਾ ਕੁਝ ਹਿੱਸਾ ਧਸਣ ਕਾਰਨ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਅਜਿਹੀ ਦਿਲ ਕੰਬਾਊ ਅਤੇ ਜਾਨ ਦਾ ਖੌਅ ਬਣੀ ਸਥਿਤੀ ਵਿੱਚ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਫੌਜ ਅਤੇ ਐੱਨ.ਡੀ.ਆਰ.ਐੱਫ਼ ਦੀਆਂ ਕਿਸ਼ਤੀਆਂ ਬਚਾਉ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਐਮਰਜੈਂਸੀ ਨੰਬਰ ਦੇ ਕੇ ਪੀੜਤਾਂ ਨੂੰ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ।

ਇਸ ਮਾਰੂ ਅਤੇ ਦੁੱਖਦਾਇਕ ਸਥਿਤੀ ਵਿੱਚ ਵੀ ਰਾਜਨੀਤਿਕ ਲੋਕ ਵੋਟਾਂ ਦੀ ਰਾਜਨੀਤੀ ਤੋਂ ਬਾਜ਼ ਨਹੀਂ ਆ ਰਹੇ। ਰਾਜ ਸਭਾ ਤੋਂ ਬਾਹਰ ਹੋਈਆਂ ਸਿਆਸੀ ਪਾਰਟੀਆਂ ਵਰਤਮਾਨ ਸਰਕਾਰ ਨੂੰ ਕੋਸ ਰਹੀਆਂ ਹਨ ਕਿ ਸਰਕਾਰ ਵੱਲੋਂ ਹੜ੍ਹਾਂ ਨਾਲ ਨਜਿੱਠਣ ਲਈ ਯੋਗ ਪ੍ਰਬੰਧ ਨਹੀਂ ਕੀਤੇ ਗਏ ਅਤੇ ਨਾਲ ਹੀ ਇਹ ਵੀ ਢੰਡੋਰਾ ਪਿਟਿਆ ਜਾ ਰਿਹਾ ਹੈ ਕਿ ਵਰਤਮਾਨ ਸਰਕਾਰ ਵੱਲੋਂ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਲਈ ਕੁਝ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਵਰਤਮਾਨ ਸਰਕਾਰ ਦੇ ਕੁਝ ਆਗੂ ਦੂਜੀਆਂ ਪਾਰਟੀਆਂ ਨੂੰ ਕੋਸਦੇ ਹੋਏ ਕਹਿੰਦੇ ਹਨ ਕਿ ਇਨ੍ਹਾਂ ਵੱਲੋਂ ਰਾਜ ਸਤਾ ਵਿੱਚ ਹੁੰਦਿਆਂ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਗਿਆ ਅਤੇ ਇਹ ਹੜ੍ਹ ਵੀ ਇਨ੍ਹਾਂ ਦੀ ਹੀ ਦੇਣ ਹਨ। ਭਲਾ ਅਜਿਹੇ ਰਾਜਨੀਤਿਕ ਬਿਆਨ ਅਤੇ ਸ਼ੋਸ਼ੇਬਾਜ਼ੀ ਕੀ ਲੋਕਾਂ ਦੇ ਮੁਰਝਾਏ ਚਿਹਰਿਆਂ ਉੱਤੇ ਮੁਸਕਰਾਹਟ ਲਿਆ ਸਕੇਗੀ? ਕੀ ਉਨ੍ਹਾਂ ਦੇ ਡਿਗੂੰ ਡਿਗੂੰ ਕਰਦੇ ਮਕਾਨ, ਘਰ ਵਿੱਚ ਪਾਣੀ ਦੀ ਮਾਰ ਕਾਰਨ ਬਰਬਾਦ ਹੋ ਰਿਹਾ ਕੀਮਤੀ ਸਮਾਨ, ਮਰ ਰਿਹਾ ਪਸ਼ੂ-ਧਨ ਅਤੇ ਹੋਰ ਜਾਨੀ ਅਤੇ ਮਾਲੀ ਨੁਕਸਾਨ ਦੀ ਪੂਰਤੀ ਕਰ ਸਕੇਗਾ? ਘੱਟ ਤੋਂ ਘੱਟ ਅਜਿਹੇ ਮੌਕੇ ਤਾਂ ਅਜਿਹੀ ਹੋਛੀ ਸਿਆਸਤ ਤੋਂ ਗੁਰੇਜ਼ ਕਰਕੇ ਲੋਕਾਂ ਦੇ ਅੱਥਰੂ ਪੂੰਝਣ ਲਈ ਸਾਰਥਕ ਯਤਨਾਂ ਦੀ ਲੋੜ ਹੈ।

ਅਜਿਹੀ ਨਾਜ਼ੁਕ ਅਤੇ ਦਿਲ ਕੰਬਾਊ ਸਥਿਤੀ ਵਿੱਚ ਅਖੌਤੀ ਸਮਾਜ ਸੇਵਕਾਂ ਅਤੇ ਰਾਜਨੀਤਿਕ ਲੋਕਾਂ ਨੇ ਗੋਡੇ ਗੋਡੇ ਪਾਣੀ ਵਿੱਚ ਖੜੋ ਕੇ ਫੋਟੋ ਲਹਾਉਣ, ਕਿਤੇ ਜੀਰੀ ਦੇ ਖੇਤ ਵਿੱਚ ਖੜੋ ਕੇ ਹੱਥ ਬੰਨ੍ਹ ਕੇ ਫੋਟੋ ਲੁਹਾਉਣ ਅਤੇ ਜਾਂ ਫਿਰ ਥੋੜ੍ਹੇ ਜਿਹੇ ਚਾਵਲ ਅਤੇ ਇੱਕ ਦੋ ਕੇਲੇ ਕਿਸੇ ਮਾਸੂਮ ਬੱਚੇ ਦੇ ਹੱਥ ਵਿੱਚ ਫੜਾ ਕੇ ਫੋਟੋ ਲੁਹਾਉਣ ਉਪਰੰਤ ਸੋਸ਼ਲ ਮੀਡੀਆ ’ਤੇ ਪਾ ਕੇ ਵਾਹ-ਵਾਹ ਖੱਟਣ ਵਿੱਚ ਕੋਈ ਕਸਰ ਨਹੀਂ ਛੱਡੀ। ਅਜਿਹੇ ਅਖੌਤੀ ਸਮਾਜ ਸੇਵਕਾਂ ਅਤੇ ਰਾਜਨੀਤਿਕ ਲੋਕਾਂ ਬਾਰੇ ਹੀ ਤਾਂ ਕਿਹਾ ਗਿਆ ਹੈ:

ਕਿਲੋ ਚੌਲ ਤੇ 2-3 ਕੇਲੇ ਬੱਚੇ ਦੇ ਹੱਥ ਫੜਾ ਕੇ।

ਅੰਨ ਦਾਤੇ ਉਹ ਬਣ ਜਾਂਦੇ ਨੇ ਇੱਕ ਫੋਟੋ ਖਿੱਚਵਾ ਕੇ।

ਦੂਜੇ ਪਾਸੇ ਕੁਝ ਸੁਖਾਵੀਆਂ ਅਤੇ ਪ੍ਰੇਰਨਾਦਾਇਕ ਉਦਾਹਰਣਾਂ ਨੇ ਮਨ ਨੂੰ ਸਕੂਨ ਵੀ ਦਿੱਤਾ ਹੈ। ਧਰਮਕੋਟ ਇਲਾਕੇ ਦੀ ਮਹਿਲਾ ਐੱਸ.ਡੀ.ਐੱਮ. ਨੇ ਆਪ ਕਿਸ਼ਤੀ ਚਲਾ ਕੇ ਹੜ੍ਹ ਪੀੜਤਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਇਆ। ਉਨ੍ਹਾਂ ਦੇ ਠਹਿਰਨ ਅਤੇ ਖਾਣੇ ਦਾ ਪ੍ਰਬੰਧ ਕਰਕੇ ਲੋਕਾਂ ਦੀ ਪ੍ਰਸ਼ੰਸਾ ਦੀ ਪਾਤਰ ਬਣੀ। ਇਸ ਤਰੀਕੇ ਨਾਲ ਹੀ ਖਮਾਣੋ ਦੇ ਐੱਸ.ਡੀ.ਐੱਮ. ਨੇ ਛੇ ਫੁੱਟ ਡੁੰਘੇ ਪਾਣੀ ਵਿੱਚ ਡੁੱਬ ਰਹੇ ਵਿਅਕਤੀ ਨੂੰ ਆਪ ਪਾਣੀ ਵਿੱਚ ਕੁੱਦ ਕੇ ਬਾਹਰ ਕੱਢਿਆ। ਖਾਲਸਾ ਏਡ ਸੰਸਥਾ ਦੇ ਵਲੰਟੀਅਰਾਂ ਨੇ ਤੇਲ ਵਾਲੀ ਕਿਸ਼ਤੀ ਵਿੱਚ ਜਾ ਕੇ ਕੋਠਿਆਂ ਉੱਤੇ ਆਪਣੇ ਬੱਚਿਆਂ ਸਮੇਤ ਬੈਠੇ ਔਰਤਾਂ ਅਤੇ ਮਰਦਾਂ ਨੂੰ ਸੁਰੱਖਿਅਤ ਕੱਢ ਕੇ ਉਨ੍ਹਾਂ ਦੀਆਂ ਅਸੀਸਾਂ ਲਈਆਂ। ਗੋਲਡਨ ਹੱਟ ਵਾਲਾ ਰਾਮ ਸਿੰਘ ਰਾਣਾ ਜਿਸ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਠਹਿਰਨ ਦੇ ਨਾਲ-ਨਾਲ ਉਨ੍ਹਾਂ ਲਈ ਅੰਦਾਜ਼ਨ 380 ਦਿਨ ਖਾਣੇ ਦਾ ਵੀ ਪ੍ਰਬੰਧ ਕਰਕੇ ਅਸਲੀ ਅਰਥਾਂ ਵਿੱਚ ਆਪਣੇ ਆਪ ਨੂੰ ਕਿਸਾਨ ਅੰਦੋਲਨ ਪ੍ਰਤੀ ਸਮਰਪਿਤ ਕਰ ਦਿੱਤਾ ਸੀ, ਨੇ ਹੁਣ ਪਟਿਆਲਾ ਦੇ ਸ਼ਹੀਦ ਊੱਧਮ ਸਿੰਘ ਚੌਂਕ ਕੋਲ ਹੜ੍ਹ ਪੀੜਤਾਂ ਲਈ ਲੰਗਰ ਦਾ ਪ੍ਰਬੰਧ ਕਰ ਦਿੱਤਾ ਹੈ ਅਤੇ ਨਾਲ ਹੀ ਐਲਾਨ ਕੀਤਾ ਹੈ ਕਿ ਮੀਂਹ ਦੀ ਕਰੋਪੀ ਤਕ ਇਹ ਲੰਗਰ ਲੋੜਵੰਦਾਂ ਲਈ ਦਿਨ-ਰਾਤ ਜਾਰੀ ਰਹੇਗਾ। ਉਸ ਵੱਲੋਂ ਇਹ ਵੀ ਪ੍ਰਗਟਾਵਾ ਕੀਤਾ ਗਿਆ ਕਿ ਉਸ ਨੇ ਆਪਣਾ ਗੋਲਡਨ ਹੱਟ ਵਾਲਾ ਹੋਟਲ ਬੰਦ ਕਰਕੇ ਇੱਥੇ ਹੀ ਸੇਵਾ ਦਾ ਕੰਮ ਸੰਭਾਲ ਲਿਆ ਹੈ। ਉਸ ਨੇ ਗੱਚ ਭਰ ਕੇ ਇਹ ਵੀ ਕਿਹਾ ਕਿ ਜਦੋਂ ਮੇਰੇ ਭਰਾ, ਮੇਰੀਆਂ ਭੈਣਾਂ, ਮੇਰੀਆਂ ਮਾਂਵਾਂ ਅਤੇ ਬੱਚੇ ਭੁੱਖੇ ਪੇਟ ਹੋਣ ਫਿਰ ਭਲਾ ਮੈਨੂੰ ਨੀਂਦ ਕਿੰਜ ਆ ਸਕਦੀ ਹੈ?

ਜਦੋਂ ਅਜਿਹੀਆਂ ਨਿਸ਼ਕਾਮ ਸ਼ਖਸੀਅਤਾਂ ਪੀੜਤਾਂ ਦਾ ਸਹਾਰਾ ਬਣ ਜਾਣ ਫਿਰ ਆਫ਼ਤਾਂ ਦਾ ਕੱਦ ਵੀ ਬੌਣਾ ਹੋ ਜਾਂਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4087)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author