“ਇਹ ਤਾਂ ਜੀ ਇੱਕ ਵਾਰ ਮਰਦਾ, ਪਰ ਇਹਦੇ ਕਾਰਨ ਸਾਰਾ ਟੱਬਰ ਤਿਲ-ਤਿਲ ਕਰਕੇ ਰੋਜ ...”
(14 ਮਾਰਚ 2019)
ਨਸ਼ਿਆਂ ਦੇ ਮਾਰੂ ਸੰਤਾਪ ਨੇ ਪੰਜਾਬੀਆਂ ਨੂੰ ਝੰਬ ਕੇ ਰੱਖ ਦਿੱਤਾ ਹੈ। ਇੱਕ ਪਾਸੇ ਜਿੱਥੇ ਨਸ਼ਈ ਸਮਾਜਿਕ ਕਦਰਾਂ-ਕੀਮਤਾਂ ਅਤੇ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਉਂਦੇ ਹਨ, ਉੱਥੇ ਹੀ ਮਾਪਿਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਭੁੱਕੀ, ਅਫ਼ੀਮ ਅਤੇ ਸ਼ਰਾਬ ਜਿਹੇ ਰਵਾਇਤੀ ਨਸ਼ਿਆਂ ਨੇ ਜਿੱਥੇ ਘਰ ਦੀ ਬਰਕਤ ਖੋਹ ਲਈ ਹੈ, ਉੱਥੇ ਹੀ ‘ਚਿੱਟੇ’ ਵਰਗੇ ਮਹਿੰਗੇ ਅਤੇ ਜਾਨ ਲੇਵਾ ਨਸ਼ੇ ਨੇ ਚਿੱਟੀਆਂ ਚੁੰਨੀਆਂ ਵਿੱਚ ਵਾਧਾ ਕਰਨ ਦੇ ਨਾਲ-ਨਾਲ ਸਿਵਿਆਂ ਦੀਆਂ ਲਾਟਾਂ ਨੂੰ ਵੀ ਪ੍ਰਚੰਡ ਕੀਤਾ ਹੈ। ਘਰਾਂ ਅੰਦਰ ਵਿਛੇ ਸੱਥਰਾਂ ਉੱਪਰ ਸਵਾਲ ਧੁਖ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੈ, ਜਿਸ ਨੇ ਰੰਗਲੇ ਪੰਜਾਬ ਵਿੱਚ ਲੁੱਟਾਂ-ਖੋਹਾਂ, ਮਾਰ-ਧਾੜ, ਠੱਗੀਆਂ, ਨਜ਼ਾਇਜ਼ ਕਬਜਿਆਂ, ਬਲਾਤਕਾਰਾਂ ਅਤੇ ਭਾੜੇ ਦੇ ਕਾਤਲਾਂ ਵਿੱਚ ਢੇਰ ਵਾਧਾ ਕਰਨ ਦੇ ਨਾਲ-ਨਾਲ ਨਸ਼ਿਆਂ ਦੀ ਦਲਦਲ ਵਿੱਚ ਧਸੇ ਪੁੱਤਾਂ ਨੂੰ ਸਿਵਿਆਂ ਦੇ ਰਾਹ ਤੋਰ ਦਿੱਤਾ ਹੈ? ਦੋ ਤਿੰਨ ਦਹਾਕੇ ਪਹਿਲਾਂ ਬਾਪ ਹੁੱਬ ਕੇ ਆਪਣੇ ਪੁੱਤਾਂ ਦੀਆਂ ਖੇਡਾਂ, ਵਿੱਦਿਅਕ ਜਾਂ ਹੋਰ ਖੇਤਰਾਂ ਵਿੱਚ ਪ੍ਰਾਪਤੀਆਂ ਸਬੰਧੀ ਲੋਕਾਂ ਨੂੰ ਦੱਸਣ ਵਿੱਚ ਮਾਣ ਮਹਿਸੂਸ ਕਰਦਾ ਸੀ ਅਤੇ ਹੁਣ ਬਾਪ ਲੋਕਾਂ ਨਾਲ ਅੱਖ ਮਿਲਾਉਣ ਦੀ ਥਾਂ ਪਾਸਾ ਵੱਟ ਕੇ ਲੰਘਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਡਰ ਹੁੰਦਾ ਹੈ ਕਿ ਕਿੱਤੇ ਨਸ਼ਈ ਪੁੱਤ ਦੇ ਕਾਰਨਾਮਿਆਂ ਦਾ ਕੋਈ ਜ਼ਿਕਰ ਨਾ ਛੇੜ ਲਵੇ ਅਤੇ ਉਸ ਨੂੰ ਨਮੋਸ਼ੀ ਝੱਲਣੀ ਪਵੇ। ਬਾਪ ਦੇ ਚਿਹਰੇ ਤੇ ਛਾਈ ਘੋਰ ਉਦਾਸੀ, ਮਾਂ ਦੀਆਂ ਵਿਰਾਨ ਹੋਈਆਂ ਅੱਖਾਂ, ਪੀੜ-ਪਰੁੱਤਾ ਪਤਨੀ ਦਾ ਚਿਹਰਾ ਅਤੇ ਵਿਲਕਦੇ ਬੱਚੇ ਉਦਾਸ ਪੰਜਾਬ ਦੀ ਤਸਵੀਰ ਪੇਸ਼ ਕਰ ਰਹੇ ਹਨ।
ਪਿਛਲੇ ਦਿਨੀਂ ਨਸ਼ਈ ਪੁੱਤ ਦੀਆਂ ਕਮੀਨੀਆਂ ਹਰਕਤਾਂ, ਨਸ਼ਾ ਕਰਕੇ ਰੋਜ਼ ਕੋਈ ਨਾ ਕੋਈ ਉਧ-ਮੂਲ ਖੜ੍ਹਾ ਕਰਨ ਕਰਕੇ ਘਰ ਵਿੱਚ ਆ ਰਹੇ ਉਲਾਂਭੇ, ਨਸ਼ੇ ਦੀ ਪੂਰਤੀ ਲਈ ਪੈਸਾ ਲੈਣ ਵਾਸਤੇ ਪਤਨੀ ਦੀ ਕੁੱਟ-ਮਾਰ, ਮਾਂ ਜਿਹੇ ਪਵਿੱਤਰ ਰਿਸ਼ਤੇ ਨੂੰ ਕਲੰਕਤ ਕਰਕੇ “ਕੁੱਤੀਏ ਕੱਢ ਪੈਸੇ” ਜਿਹੇ ਅਗਨੀਬਾਣਾਂ ਦੀ ਵਰਖਾ ਅਤੇ ਘਰ ਵਿੱਚੋਂ ਚੀਖ-ਚਿਹਾੜੇ ਦੀਆਂ ਆਵਾਜ਼ਾਂ ਦੇ ਸ਼ੋਰ ਕਾਰਨ ਆਂਢੀ-ਗੁਆਂਢੀ ਵੀ ਅੰਤਾਂ ਦੇ ਦੁਖੀ ਸਨ। ਅਜਿਹੇ ਸੋਗੀ ਮਾਹੌਲ ਵਿੱਚ ਹੀ ਜਦੋਂ ਸਵੇਰੇ-ਸਵੇਰੇ ਨਸ਼ਈ ਪੁੱਤ ਨੇ ਰੋਅਬ ਨਾਲ ਨਸ਼ੇ ਦਾ ਝੱਸ ਪੂਰਾ ਕਰਨ ਲਈ ਬਾਪ ਵੱਲ ਅੱਖਾਂ ਕੱਢ ਕੇ ਪੈਸਿਆਂ ਦੀ ਮੰਗ ਕੀਤੀ ਤਾਂ ਬਾਪ ਤੋਂ ਬਰਦਾਸ਼ਤ ਨਾ ਹੋਇਆ। ਉਹ ਆਪੇ ਤੋਂ ਬਾਹਰ ਹੋ ਗਿਆ। ਉਸ ਨੇ ਰਾਈਫ਼ਲ ਕੱਢੀ ਅਤੇ ਇੱਕਲੌਤੇ ਪੁੱਤ’ਤੇ ਗੋਲੀ ਚਲਾ ਦਿੱਤੀ। ਗੋਲੀ ਅਤੇ ਚੀਖ-ਚਿਹਾੜੇ ਦੀ ਆਵਾਜ਼ ਨਾਲ ਆਂਢੀ-ਗੁਆਂਢੀ ਭੱਜ ਕੇ ਆ ਗਏ। ਵਿਹੜੇ ਵਿੱਚ ਜਖ਼ਮੀ ਹੋਇਆ ਨਸ਼ਈ ਪੁੱਤ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ। ਪੱਟ ਵਿੱਚ ਗੋਲੀ ਲੱਗਣ ਕਾਰਨ ਨਸ਼ਈ ਪੁੱਤ ਦੀ ਜਾਨ ਬਚ ਗਈ ਸੀ। ਮਾਂ, ਪਤਨੀ ਅਤੇ ਬੱਚੇ ਵਿਲਕ ਰਹੇ ਸਨ। ਬਾਪ ਇੱਕ ਪਾਸੇ ਗੁੰਮ-ਸੁੰਮ ਪੱਥਰ ਜਿਹਾ ਬਣਿਆ ਖੜ੍ਹਾ ਸੀ। ਜਖ਼ਮੀ ਮੁੰਡੇ ਨੂੰ ਕੁਝ ਹਮਦਰਦ ਲੋਕ ਹਸਪਤਾਲ ਲੈ ਗਏ। ਪੁਲਿਸ ਕੋਲ ਵੀ ਇਤਲਾਹ ਪਹੁੰਚ ਗਈ ਅਤੇ ਥਾਣੇਦਾਰ 2-3 ਸਿਪਾਹੀਆਂ ਨਾਲ ਪਿੰਡ ਪਹੁੰਚ ਗਿਆ। ਪੁਲਿਸ ਪਾਰਟੀ ਬਾਪ ਨੂੰ ਹੱਥਕੜੀ ਲਾ ਕੇ ਪੁੱਤ ਦੇ ਬਿਆਨ ਕਲਮਬੰਦ ਕਰਨ ਲਈ ਹਸਪਤਾਲ ਵੱਲ ਚੱਲ ਪਈ।
ਪਿੰਡ ਦਾ ਸਰਪੰਚ, ਕੁਝ ਹੋਰ ਵਿਅਕਤੀ ਅਤੇ ਰਿਸ਼ਤੇਦਾਰਾਂ ਦੇ ਇਕੱਠ ਵਿੱਚ ਇਸ ਦਿਲ ਕੰਬਾਊ ਘਟਨਾ ਦਾ ਜ਼ਿਕਰ ਸਾਂਝਾ ਕਰਦਿਆਂ ਘੁਸਰ-ਮੁਸਰ ਹੋ ਰਹੀ ਸੀ ਕਿ ਭਲਾ ਕਿਹੜੇ ਬਾਪ ਦਾ ਦਿਲ ਕਰਦਾ ਹੈ ਕਿ ਉਹ ਰੀਝਾਂ ਨਾਲ ਪਾਲੇ ਪੁੱਤ ਉੱਤੇ ਮਾਰੂ ਹਮਲਾ ਕਰੇ? ਅਜਿਹੀ ਅਣਹੋਣੀ ਘਟਨਾ ਲਈ ਬਾਪ ਕਿੰਨਾ ਕੁ ਜ਼ਿੰਮੇਵਾਰ ਹੈ? ਕਿਉਂ ਗੋਲੀ ਚਲਾਉਣੀ ਪਈ ਉਸ ਨੂੰ ਆਪਣੇ ਇੱਕਲੌਤੇ ਪੁੱਤ ’ਤੇ? ਅਜਿਹੀਆਂ ਚਿੰਤਾਜਨਕ ਗੱਲਾਂ ਸਾਂਝੀਆਂ ਕਰਦਿਆਂ ਨਸ਼ਈ ਮੁੰਡੇ ਦੀ ਆਰਥਿਕ ਤੌਰ’ਤੇ ਕੀਤੀ ਬਰਬਾਦੀ ਦੇ ਨਾਲ-ਨਾਲ ਸਮੁੱਚੇ ਪਰਿਵਾਰ ਨੂੰ ਮਾਨਸਿਕ ਤੌਰ’ਤੇ ਰੋਗੀ ਬਣਾਉਣ ਲਈ ਮੁੰਡੇ ਨੂੰ ਕਸੂਰਵਾਰ ਸਮਝਿਆ ਜਾ ਰਿਹਾ ਸੀ।
ਥੋੜ੍ਹੀ ਦੇਰ ਬਾਅਦ ਪੁਲਿਸ ਪਾਰਟੀ ਨਾਲ ਹੱਥਕੜੀਆਂ ਵਿੱਚ ਜਕੜਿਆ ਬਾਪ ਵੀ ਜ਼ਖ਼ਮੀ ਪੁੱਤ ਦੇ ਕੋਲ ਪਹੁੰਚ ਗਿਆ। ਉਦਾਸੀ ਦਾ ਬੁੱਤ ਬਣਿਆ ਪਹਿਲਾਂ ਉਹ ਬਿਟਰ-ਬਿਟਰ ਬੇਹੋਸ਼ੀ ਦੀ ਹਾਲਤ ਵਿੱਚ ਪਏ ਪੁੱਤ ਵੱਲ ਵਿਹੰਦਾ ਰਿਹਾ ਅਤੇ ਫਿਰ ਉਸਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਹਿਣ ਲੱਗ ਪਏ।
“ਜਵਾਨ ਪੁੱਤ ਦੇ ਗੋਲੀ ਮਾਰ ਕੇ ਹੁਣ ਰੋਣ ਦਾ ਡਰਾਮਾ ਕਿਉਂ ਕਰਦੈਂ … ਇਹ ਤਾਂ ਸੁਖ ਰਹਿ ਗਈ ਬਈ ਮੁੰਡੇ ਦੇ ਗੋਲੀ ਪੱਟ ਵਿੱਚ ਲੱਗੀ ਹੈ। ਜੇ ਭਲਾ ਛਾਤੀ ਵਿੱਚ ਗੋਲੀ ਲੱਗਦੀ, ਫਿਰ ਤਾਂ ਮਾਰ ਦੇਣਾ ਸੀ ਨਾ ਮੁੰਡਾ ...” ਥਾਣੇਦਾਰ ਨੇ ਘੂਰ ਕੇ ਬਾਪ ਵੱਲ ਵਿਹੰਦਿਆਂ ਕਿਹਾ।
ਬਾਪ ਨੇ ਹੱਥਕੜੀਆਂ ਨਾਲ ਜਕੜੇ ਦੋਨੋਂ ਹੱਥ ਥਾਣੇਦਾਰ ਵੱਲ ਜੋੜਦਿਆਂ ਕਿਹਾ, “ਇਹ ਤਾਂ ਜੀ ਇੱਕ ਵਾਰ ਮਰਦਾ, ਪਰ ਇਹਦੇ ਕਾਰਨ ਸਾਰਾ ਟੱਬਰ ਤਿਲ-ਤਿਲ ਕਰਕੇ ਰੋਜ ਮਰ ਰਿਹਾ ਹੈ। ਅਸੀਂ ਕਿੱਧਰ ਨੂੰ ਜਾਈਏ?” ਪੀੜਾਂ ਨਾਲ ਵਿੰਨ੍ਹੇ ਬਾਪ ਦੇ ਬੋਲ ਅਤੇ ਨੈਣਾਂ ਦੇ ਕੋਇਆਂ ਵਿੱਚੋਂ ਵਹਿੰਦੇ ਅੱਥਰੂਆਂ ਕਾਰਨ ਆਲੇ-ਦੁਆਲੇ ਸੋਗੀ ਸੰਨਾਟਾ ਪਸਰ ਗਿਆ।
*****
(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1508)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)










































































































