MohanSharma8ਅਕਸਰ ਬੱਚੇ ਦੀ ਘਟੀਆ ਹਰਕਤ ਗੁਆਂਢੀ, ਕਿਸੇ ਰਿਸ਼ਤੇਦਾਰ ਜਾਂ ਜਾਣ-ਪਹਿਚਾਣ ਵਾਲੇ ਦੇ ਧਿਆਨ ਵਿੱਚ ...
(6 ਅਕਤੂਬਰ 2023)ਹਰ ਮਾਂ-ਬਾਪ ਦਾ ਆਪਣੀ ਔਲਾਦ ਪ੍ਰਤੀ ਇੱਕ ਸੁਪਨਾ ਹੁੰਦਾ ਹੈ ਕਿ ਜੋ ਕੁਝ ਜ਼ਿੰਦਗੀ ਵਿੱਚ ਉਹ ਨਹੀਂ ਬਣ ਸਕੇ ਜਾਂ ਜਿਹੜੀਆਂ ਬੁਲੰਦੀਆਂ ਉਹ ਛੂਹਣਾ ਚਾਹੁੰਦੇ ਸਨ
, ਜਿਹੜੇ ਮੁਕਾਮ ਦੀ ਪ੍ਰਾਪਤੀ ਉਹ ਨਹੀਂ ਕਰ ਸਕੇ, ਉਨ੍ਹਾਂ ਦਾ ਅਧੂਰਾ ਸੁਪਨਾ ਉਨ੍ਹਾਂ ਦੀ ਔਲਾਦ ਪੁਰਾ ਕਰੇਪਰ ਬਹੁਤ ਵਾਰ ਸਕੂਲ ਦੀ ਜ਼ਿੰਦਗੀ ਵਿੱਚ ਜਾਂ ਫਿਰ ਕਾਲਜ ਵਿੱਚ ਜਾ ਕੇ ਜਦੋਂ ਔਲਾਦ ਆਪ ਹੁਦਰੀ ਹੋ ਕੇ ਥਿੜਕ ਜਾਂਦੀ ਹੈ ਤਾਂ ਮਾਪਿਆਂ ਲਈ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ, ਜਿਵੇਂ ਪੱਕੀ ਫਸਲ ਤੇ ਗੜੇਮਾਰੀ ਹੋਣ ਸਮੇਂ ਕਿਸਾਨ ਦੀ ਹੁੰਦੀ ਹੈਅਜਿਹੀ ਸਥਿਤੀ ਉਦੋਂ ਹੋਰ ਵੀ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਜਦੋਂ ਰੀਝਾਂ ਨਾਲ ਪਾਲਿਆ ਪੁੱਤ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋ ਕੇ ਸਿਵਿਆਂ ਦੇ ਰਾਹ ਪੈ ਜਾਂਦਾ ਹੈ ਗੰਭੀਰ ਚਿੰਤਨ ਅਤੇ ਅਧਿਐਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਅਜਿਹੇ ਮਾਰੂ ਦੁਖਾਂਤ ਲਈ ਕਈ ਵਾਰ ਮਾਪੇ ਖੁਦ ਜ਼ਿੰਮੇਵਾਰ ਹੁੰਦੇ ਹਨ ਅਤੇ ਇਹ ਸਭ ਕੁਝ ਉਦੋਂ ਵਾਪਰਦਾ ਹੈ ਜਦੋਂ ਮਾਪੇ ਅਣਗਹਿਲੀ, ਲਾਡ-ਪਿਆਰ ਦੇ ਨਾਲ-ਨਾਲ ਸੁਚੱਜੀ ਅਗਵਾਈ ਦੇਣ ਤੋਂ ਵਾਂਝੇ ਹੋ ਜਾਂਦੇ ਨੇਵਿਦਵਾਨ ਲੇਖਕ ਜੇਮਜ਼ ਡੌਬਸਨ ਨੇ ਲਿਖਿਆ ਹੈ, “ਮਾਪੇ ਸਮੁੰਦਰੀ ਜਹਾਜ਼ ਤੇ ਜਗਦੀਆਂ ਲਾਈਟਾਂ ਵਾਂਗ ਹੁੰਦੇ ਨੇ ਅਤੇ ਬੱਚੇ ਸਮੁੰਦਰੀ ਜਹਾਜ਼ ਦੇ ਮੁਸਾਫਰਾਂ ਵਾਂਗਜੇਕਰ ਲਾਇਟਾਂ ਬੁਝ ਜਾਣਗੀਆਂ ਜਾਂ ਰੋਸ਼ਨੀ ਮੱਧਮ ਹੋਵੇਗੀ ਤਾਂ ਬੱਚੇ ਭਟਕ ਜਾਣਗੇ।” ਦਰਅਸਲ ਬੱਚਿਆਂ ਲਈ ਮਾਪਿਆਂ ਦਾ ਰੋਲ ਮਾਡਲ ਬਣਨਾ ਅਤਿਅੰਤ ਜ਼ਰੂਰੀ ਹੈਸਹੀ ਅਗਵਾਈ ਦੀ ਅਣਹੋਂਦ ਕਾਰਨ ਭੂਤਰਿਆ ਹੋਇਆ ਪੁੱਤ ਮਾਂ-ਬਾਪ ਪ੍ਰਤੀ ਉਸਾਰੂ ਸੋਚ ਨਾ ਰੱਖਣ ਕਾਰਨ ਮਾਪਿਆਂ ਨੂੰ ਉਲਾਂਭਿਆਂ ਦੇ ਬੋਝ ਥੱਲੇ ਦੱਬ ਦਿੰਦਾ ਹੈਉਹਦੀ ਸੋਚ ਇਸ ਤਰ੍ਹਾਂ ਦੀ ਬਣ ਜਾਂਦੀ ਹੈ:

ਚਲੋ, ਕੋਈ ਮਸ਼ਕੂਲਾ ਕਰੀਏ, ਆਪੇ ਸਿੱਝ ਲੈਣਗੇ ਮਾਪੇ

ਪੰਜਾਬ ਦੇ ਅੰਦਾਜ਼ਨ 55 ਲੱਖ ਪਰਿਵਾਰਾਂ ਵਿੱਚੋਂ ਅੰਦਾਜ਼ਨ 77% ਪਰਿਵਾਰਾਂ ਦੇ ਮੁਖੀ ਸ਼ਰਾਬ ਦੀ ਵਰਤੋਂ ਕਰਦੇ ਹਨਰਿਸ਼ਤੇਦਾਰਾਂ ਦੀ ਆਮਦ ਸਮੇਂ ਮਹਿਮਾਨਾਂ ਦੀ ਆਉ-ਭਗਤ ਅਤੇ ਖ਼ਾਤਿਰਦਾਰੀ ਸ਼ਰਾਬ ਪਰੋਸ ਕੇ ਕੀਤੀ ਜਾਂਦੀ ਹੈਬੈਠਕ ਵਿੱਚ ਸ਼ਰਾਬ ਦੀ ਬੋਤਲ ਦਾ ਢੱਕਣ ਖੁੱਲ੍ਹਦਿਆਂ ਸਾਰ ਹਾ-ਹਾ, ਹੀ-ਹੀ ਹੋਣ ਦੇ ਨਾਲ-ਨਾਲ ਕਈ ਵਾਰ ਬੱਚਿਆਂ ਵੱਲ ਸ਼ਰਾਬ ਵਾਲਾ ਗਿਲਾਸ ਅੱਗੇ ਕਰਕੇ ਕਹਿੰਦੇ ਹਨ, “ਲੈ ਸ਼ੇਰਾ, ਮਿੱਠੀ ਕਰਦੇ।” ਲਾਡ ਨਾਲ ਸ਼ਰਾਬ ਦਾ ਪੈਗ ਮਿੱਠਾ ਕਰਵਾਉਣ ਦੇ ਚਾਅ ਨਾਲ ਬਾਪ ਹੀ ਸ਼ਰਾਬ ਦੀ ਗੁੜ੍ਹਤੀ ਆਪਣੇ ਬੱਚੇ ਨੂੰ ਦੇ ਦਿੰਦਾ ਹੈਇਸ ਤੋਂ ਬਿਨਾਂ ਸ਼ਰਾਬ ਪੀਣ ਉਪਰੰਤ ਮੰਜੇ ਹੇਠ ਸੁੱਟੀਆਂ ਖਾਲੀ ਬੋਤਲਾਂ ਵਿੱਚੋਂ ਬਚਦੀਆਂ ਬੂੰਦਾਂ ਦਾ ਸਵਾਦ ਵੀ ਅਕਸਰ ਬੱਚੇ ਚੱਖ ਕੇ ਵੇਖਦੇ ਹਨਇਹ ਵਰਤਾਰਾ ਬੱਚੇ ਨੂੰ ਸ਼ਰਾਬ ਦੀ ਵਰਤੋਂ ਕਰਨ ਵੱਲ ਪ੍ਰੇਰਿਤ ਕਰਦਾ ਹੈਸ਼ਾਹੀ ਠਾਠ-ਬਾਠ ਅਤੇ ਪੱਛਮੀ ਸਭਿਅਤਾ ਦੇ ਅਸਰ ਹੇਠ ਬਹੁਤ ਸਾਰੇ ਮਾਪਿਆਂ ਨੇ ਘਰ ਹੀ ਬੀਅਰ ਬਾਰਾਂ ਖੋਲ੍ਹ ਰੱਖੀਆਂ ਹਨਬੀਅਰ ਬਾਰ ਦੀ ਅਲਮਾਰੀ ਖੋਲ੍ਹ ਕੇ ਬੱਚਿਆਂ ਵੱਲੋਂ ਸਕੂਲ ਲੈ ਕੇ ਜਾਣ ਵਾਲੀ ਬੋਤਲ ਵਿੱਚ ਸ਼ਰਾਬ ਪਾ ਕੇ ਲਿਆਉਣ ਦੇ ਕਈ ਕਿੱਸੇ ਅਧਿਆਪਕਾਂ ਨੇ ਦੁਖੀ ਹੋ ਕੇ ਦੱਸੇ ਹਨਇੱਥੇ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਇਹ ਹੈ ਕਿ ਕੋਈ ਵੀ ਬੱਚਾ ਜਨਮ ਸਮੇਂ ਬੁਰਾਈ ਆਪਣੇ ਨਾਲ ਨਹੀਂ ਲੈ ਕੇ ਆਉਂਦਾ, ਸਗੋਂ ਪਰਿਵਾਰਕ ਮਾਹੌਲ ਬੱਚੇ ਦੀ ਜ਼ਿੰਦਗੀ ’ਤੇ ਡੂੰਘਾ ਅਸਰ ਪਾਉਂਦਾ ਹੈ

ਪਦਾਰਥਕ ਦੌੜ ਨੇ ਮਾਪਿਆਂ ਅਤੇ ਬੱਚਿਆਂ ਦਰਮਿਆਨ ਸੰਵਾਦ ਵੀ ਕਾਫ਼ੀ ਘਟਾ ਦਿੱਤਾ ਹੈਦਿਨ-ਰਾਤ ਦੀ ਮਾਪਿਆਂ ਦੀ ਭੱਜ-ਦੌੜ ਵਿੱਚ ਉਨ੍ਹਾਂ ਕੋਲ ਵਿਹਲ ਹੀ ਨਹੀਂ ਹੁੰਦਾ ਕਿ ਉਹ ਬੱਚਿਆਂ ਦੀਆਂ ਮਾਨਸਿਕ ਲੋੜਾਂ ਦੇ ਨਾਲ ਨਾਲ ਉਨ੍ਹਾਂ ਦੀ ਪੜ੍ਹਾਈ ਅਤੇ ਹੋਰ ਰੁਚੀਆਂ ਨੂੰ ਉਤਸ਼ਾਹਿਤ ਕਰਨ ਲਈ ਢੁਕਵੇਂ ਕਦਮ ਚੁੱਕ ਸਕਣਇੰਜ ਹੀ ਇੱਕ ਛੇਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਦੀ ਬੜੀ ਇੱਛਾ ਸੀ ਕਿ ਉਸ ਦੇ ਪਿਤਾ ਉਸ ਕੋਲ ਬੈਠਣ ਅਤੇ ਗੱਲਾਂ ਕਰਨ, ਉਸ ਨਾਲ ਬੈਠ ਕੇ ਖਾਣਾ ਖਾਣਉਸ ਨੂੰ ਨਾਲ ਲੈ ਕੇ ਬਜ਼ਾਰ ਵਿੱਚ ਘੁਮਾਉਣਪਰ ਪਿਤਾ ਕੋਲ ਵਿਹਲ ਹੀ ਨਹੀਂ ਸੀਸਵੇਰੇ ਛੇਤੀ ਦਫਤਰ ਜਾਣ ਦੀ ਕਾਹਲੀ ਹੁੰਦੀ ਅਤੇ ਸ਼ਾਮ ਨੂੰ ਆ ਕੇ ਮੋਬਾਇਲ ’ਤੇ ਗੱਪ-ਸ਼ੱਪ ਜਾਂ ਫਿਰ ਟੀ.ਵੀ. ਵੇਖਣ ਵਿੱਚ ਮਸਤ ਰਹਿੰਦਾ ਸੀ ਉਸ ਦਾ ਪਿਤਾਇੱਕ ਦਿਨ ਬੱਚੇ ਨੇ ਪਿਆਰ ਨਾਲ ਆਪਣੇ ਪਿਤਾ ਦਾ ਹੱਥ ਫੜਦਿਆਂ ਕਿਹਾ, “ਤੁਹਾਨੂੰ ਇੱਕ ਘੰਟਾ ਦਫਤਰ ਵਿੱਚ ਕੰਮ ਕਰਨ ਦੇ ਕਿੰਨੇ ਪੈਸੇ ਮਿਲਦੇ ਨੇ?” ਬਾਪ ਨੇ ਹੁੱਬ ਕੇ ਦੱਸਿਆ, 500 ਰੁਪਏਬੱਚੇ ਨੇ ਉਸੇ ਦਿਨ ਆਪਣੀ ਗੋਲਕ ਖੋਲ੍ਹ ਲਈਭਾਨ ਅਤੇ ਨੋਟ ਗਿਣੇਤਿੰਨ ਕੁ ਸੌ ਰੁਪਏ ਗੋਲਕ ਵਿੱਚੋਂ ਨਿਕਲੇ200 ਰੁਪਏ ਉਸਨੇ ਆਪਣੀ ਮਾਂ ਕੋਲੋਂ ਮਿੰਨਤ ਕਰਕੇ ਲੈ ਲਏਅਗਲੇ ਦਿਨ ਸ਼ਾਮ ਵੇਲੇ ਉਸਨੇ ਆਪਣੀ ਗੋਲਕ ਵਿੱਚੋਂ ਸਾਰੇ ਪੈਸੇ ਕੱਢ ਕੇ ਬਾਪ ਅੱਗੇ ਰੱਖ ਦਿੱਤੇਬਾਪ ਨੇ ਹੈਰਾਨੀ ਨਾਲ ਪੁੱਛਿਆ, “ਮੈਨੂੰ ਇਹ ਪੈਸੇ ਕਿਉਂ ਦੇ ਰਿਹਾ ਹੈਂ?” ਬੱਚੇ ਨੇ ਤਰਲੇ ਜਿਹੇ ਨਾਲ ਕਿਹਾ, “ਇਹ ਥੋਡੇ ਇੱਕ ਘੰਟੇ ਦੇ ਪੈਸੇ ਹਨ ਕੱਲ੍ਹ ਨੂੰ ਤੁਸੀਂ ਇੱਕ ਘੰਟਾ ਮੇਰੇ ਨਾਲ ਬਜ਼ਾਰ ਚੱਲਿਓਮੇਰਾ ਬੜਾ ਦਿਲ ਕਰਦਾ ਹੈ ਕਿ ਤੁਸੀਂ … …।” ਬਾਪ ਨੇ ਘੁੱਟ ਕੇ ਬੱਚੇ ਨੂੰ ਜੱਫ਼ੀ ਵਿੱਚ ਲੈ ਲਿਆਉਸ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਹਿ ਰਹੇ ਸਨਅਗਲੇ ਦਿਨ ਉਹ ਦਫਤਰ ਨਹੀਂ ਗਿਆਸਾਰਾ ਦਿਨ ਬੱਚੇ ਨੂੰ ਸਮਰਪਿਤ ਕਰ ਦਿੱਤਾਬੱਚਿਆਂ ਦੀਆਂ ਮਾਨਸਿਕ ਲੋੜਾਂ ਦੀ ਪੂਰਤੀ ਲਈ ਉਨ੍ਹਾਂ ਵਾਸਤੇ ਸਮਾਂ ਕੱਢਣਾ ਅਤਿਅੰਤ ਜ਼ਰੂਰੀ ਹੈਮਾਪਿਆਂ ਨੂੰ ਇਸ ਪੱਖ ਤੋਂ ਸੁਚੇਤ ਹੋ ਕੇ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਅਸਲ ਪੂੰਜੀ ਫੁੱਲੀਆਂ ਹੋਈਆਂ ਜੇਬਾਂ ਨਹੀਂ, ਸਗੋਂ ਉਨ੍ਹਾਂ ਦੀ ਔਲਾਦ ਹੈ

ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਮਹਿੰਗਾ ਮੋਬਾਇਲ, ਮਹਿੰਗਾ ਮੋਟਰਸਾਇਕਲ ਅਤੇ ਮਹਿੰਗੀ ਟਿਊਸ਼ਨ ਦਾ ਪ੍ਰਬੰਧ ਕਰਨ ਨੂੰ ਹੀ ਆਪਣੇ ਫ਼ਰਜ਼ ਦੀ ਪੂਰਤੀ ਸਮਝਦੇ ਹਨਮਹਿੰਗੇ ਮੋਬਾਇਲ ਦੀ ਵਰਤੋਂ ਕਿੰਜ ਹੋ ਰਹੀ ਹੈ, ਮਹਿੰਗੇ ਮੋਟਰਸਾਇਕਲ ’ਤੇ ਬੱਚਾ ਕਿੱਥੇ ਕਿੱਥੇ ਘੁੰਮ ਰਿਹਾ ਹੈ, ਇਸ ਬਾਰੇ ਗੌਰ ਕਰਨ ਦਾ ਮਾਪਿਆਂ ਕੋਲ ਸਮਾਂ ਹੀ ਨਹੀਂ ਹੁੰਦਾਲੋੜ ਤੋਂ ਜ਼ਿਆਦਾ ਦਿੱਤਾ ਜੇਬ ਖ਼ਰਚ ਵੀ ਬੱਚੇ ਦੀਆਂ ਆਦਤਾਂ ਵਿਗਾੜਦਾ ਹੈਇਹ ਉਮਰ ਬੱਚੇ ਨੂੰ ਸੰਘਰਸ਼ ਕਰਨ ਦੀ ਜਾਚ ਸਿਖਾਉਂਦੀ ਹੈਲੋੜ ਤੋਂ ਜ਼ਿਆਦਾ ਆਧੁਨਿਕ ਸਹੂਲਤਾਂ ਅਤੇ ਵਾਧੂ ਜੇਬ ਖ਼ਰਚ ਉਸ ਨੂੰ ਫਜ਼ੂਲ ਖਰਚੀ, ਅਵਾਰਾ ਗਰਦੀ ਅਤੇ ਸਮੇਂ ਦੀ ਸਹੀ ਵਰਤੋਂ ਕਰਨ ਦੇ ਚੱਜ ਤੋਂ ਵਾਂਝਾ ਰੱਖ ਕੇ ਜ਼ਿੰਦਗੀ ਦੀ ਦੌੜ ਵਿੱਚ ਫਾਡੀ ਰਹਿਣ ਦਾ ਕਾਰਨ ਬਣਦਾ ਹੈਨਸ਼ਿਆਂ ਜਿਹੀ ਲਤ ਪਾਉਣ ਦੀਆਂ ਸੰਭਾਵਨਾਵਾਂ ਵੀ ਵਧ ਜਾਂਦੀਆਂ ਹਨ

ਅਕਸਰ ਬੱਚੇ ਦੀ ਘਟੀਆ ਹਰਕਤ ਗੁਆਂਢੀ, ਕਿਸੇ ਰਿਸ਼ਤੇਦਾਰ ਜਾਂ ਜਾਣ-ਪਹਿਚਾਣ ਵਾਲੇ ਦੇ ਧਿਆਨ ਵਿੱਚ ਆਉਣ ’ਤੇ ਉਹ ਮਾਪਿਆਂ ਦੇ ਹਮਦਰਦ ਵਜੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਉਂਦਾ ਹੈਮਾਪੇ ਬੱਚੇ ਨੂੰ ਘੂਰਨ ਦੀ ਥਾਂ ਉਸ ਦੀ ਮੌਜੂਦਗੀ ਵਿੱਚ ਹੀ ਉਲਾਂਭਾ ਦੇਣ ਵਾਲੇ ਦੇ ਗੱਲ ਪੈ ਜਾਂਦੇ ਹਨਬੱਚੇ ਦੀ ਪ੍ਰਸ਼ੰਸਾ ਕਰਦਿਆਂ ਕਹਿੰਦੇ ਹਨ, “ਥੋਨੂੰ ਭੁਲੇਖਾ ਲੱਗਿਆ ਹੋਣਾ ਹੈ, ਸਾਡੇ ਮੁੰਡੇ ਦੀ ਤਾਂ ਕੋਈ ਸਹੂੰ ਨਹੀਂ ਖਾਂਦਾ।” ਬੱਸ ਇਸ ਤਰ੍ਹਾਂ ਦੇ ਪ੍ਰਤੀਕਰਮ ਨਾਲ ਜਿੱਥੇ ਬੱਚੇ ਨੂੰ ਸ਼ਹਿ ਮਿਲਦੀ ਹੈ, ਉੱਥੇ ਹੀ ਮਾਪਿਆਂ ਨੂੰ ਸੁਚੇਤ ਕਰਨ ਵਾਲਾ ਵਿਅਕਤੀ ਅੱਗੇ ਵਾਸਤੇ ਹੋਰਾਂ ਨੂੰ ਵੀ ਉਸ ‘ਸਾਹਿਬਜ਼ਾਦੇ’ ਦੇ ਕਾਰਨਾਮਿਆਂ ਤੋਂ ਅੱਖਾਂ ਮੀਚਣ ਦੀ ਸਲਾਹ ਦਿੰਦਾ ਹੈਇੰਜ ਹੀ ਮਾਪੇ ਵੀ ਵਿਗੜੀਆਂ ਆਦਤਾਂ ਨੂੰ ਸੁਧਾਰਨ ਦੀ ਥਾਂ ਉਸ ਨੂੰ ਹੋਰ ‘ਮਾਅਰਕੇ’ ਮਾਰਨ ਲਈ ਹੱਲਾਸ਼ੇਰੀ ਦੇ ਦਿੰਦੇ ਹਨਇਸ ਤਰ੍ਹਾਂ ਹੀ ਬਹੁਤ ਸਾਰੇ ਅਜਿਹੇ ਕੇਸ ਵੀ ਸਾਹਮਣੇ ਆਏ ਹਨ ਜਿੱਥੇ ਬੱਚੇ ਦੀਆਂ ਗਲਤ ਹਰਕਤਾਂ ਅਤੇ ਪੜ੍ਹਾਈ ਵੱਲ ਧਿਆਨ ਨਾ ਦੇਣ ਕਾਰਨ ਅਧਿਆਪਕ ਬੱਚੇ ਨੂੰ ਘੂਰਦੇ ਹਨਜਦੋਂ ਮਾਪਿਆਂ ਨੂੰ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਲਾਡਲੇ ਨੂੰ ਅਧਿਆਪਕ ਨੇ ਘੂਰਿਆ ਹੈ ਤਾਂ ਉਹ ਜਮਾਤ ਵਿੱਚ ਜਾ ਕੇ ਅਧਿਆਪਕ ਦੀ ਲਾਹ-ਪਾਹ ਕਰ ਦਿੰਦੇ ਹਨ ਅਤੇ ਅਧਿਆਪਕ ਦੀ ਇਸ ‘ਗੁਸਤਾਖ਼ੀ’ ’ਤੇ ਤਾੜਨਾ ਕਰਨ ਵਿੱਚ ਆਪਣੀ ਸ਼ਾਨ ਸਮਝਦੇ ਹਨਦਰਅਸਲ ਬਾਪ ਦੀ ਹਉਮੈਂ ਅਤੇ ਅਧਿਆਪਕ ਦੀ ਜਮਾਤ ਵਿੱਚ ਬੇਇੱਜ਼ਤੀ ਬੱਚੇ ਦੇ ਭਵਿੱਖ ਲਈ ਘਾਤਕ ਸਾਬਤ ਹੁੰਦੀ ਹੈਸਬੰਧਤ ਅਧਿਆਪਕ ਦੇ ਨਾਲ ਨਾਲ ਦੂਜੇ ਅਧਿਆਪਕ ਵੀ ਉਸ ਬੱਚੇ ਵਲ ਧਿਆਨ ਦੇਣੋ ਹਟ ਜਾਂਦੇ ਹਨਇੰਜ ਬੱਚਾ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਕੇ ਕਿਤਾਬੀ ਪੜ੍ਹਾਈ ਅਤੇ ਜ਼ਿੰਦਗੀ ਦੀ ਪੜ੍ਹਾਈ ਵਿੱਚ ਪਛੜ ਜਾਂਦਾ ਹੈਅਧਿਆਪਕ ਅਤੇ ਮਾਪਿਆਂ ਦਾ ਆਪਸੀ ਸੰਵਾਦ ਟੁੱਟਣਾ ਬੱਚੇ ਲਈ ਘਾਤਕ ਸਿੱਧ ਹੁੰਦਾ ਹੈਮਾਪਿਆਂ ਨੂੰ ਅਧਿਆਪਕਾਂ ਨਾਲ ਉਸਾਰੂ ਸੰਵਾਦ, ਸਹਿਯੋਗ ਅਤੇ ਬਣਦਾ ਸਤਿਕਾਰ ਦੇਣਾ ਅਤਿਅੰਤ ਜ਼ਰੂਰੀ ਹੈ

ਕਈ ਵਾਰ ਬੱਚਾ ਬੁਰੀ ਸੰਗਤ ਵਿੱਚ ਫਸ ਜਾਂ ਧਸ ਜਾਂਦਾ ਹੈ ਜਾਂ ਫਿਰ ਆਪ ਤੋਂ ਵੱਡੀ ਉਮਰ ਵਾਲਿਆਂ ਨਾਲ ਮੇਲ-ਜੋਲ ਵਧਾਉਂਦਾ ਹੈਜਿਸ ਸਬੰਧੀ ਬੱਚਿਆਂ ਦੀ ਸੰਗਤ, ਉਸ ਦੀਆਂ ਆਦਤਾਂ, ਖਾਣ-ਪੀਣ ਦਾ ਧਿਆਨ ਮਾਪਿਆਂ ਨੇ ਰੱਖਣਾ ਹੈਗ਼ਲਤ ਸੰਗਤ ਤੋਂ ਦੂਰ ਰੱਖਣ ਲਈ ਵੀ ਮਾਪਿਆਂ ਦਾ ਆਪਣੀ ਔਲਾਦ ’ਤੇ ਬਾਜ਼ ਅੱਖ ਰੱਖਣੀ ਬਹੁਤ ਜ਼ਰੂਰੀ ਹੈਵਿਦਿਆਰਥੀ ਜੀਵਨ ਵਿੱਚ ਬੱਚਿਆਂ ਨੂੰ ਧਰਮ, ਸਾਹਿਤ ਅਤੇ ਕਿਰਤ ਨਾਲ ਜੋੜਨਾ ਵੀ ਮਾਪਿਆਂ ਦਾ ਹੀ ਫ਼ਰਜ਼ ਹੈਇਸ ਤਰ੍ਹਾਂ ਦੇ ਉਸਾਰੂ ਕਾਰਜ ਬੱਚੇ ਨੂੰ ਹਨੇਰੇ ਤੋਂ ਚਾਨਣ ਦੇ ਮਾਰਗ ਵੱਲ ਲੈ ਕੇ ਜਾਂਦੇ ਹਨਇੱਕ ਸਰਵੇਖਣ ਅਨੁਸਾਰ 10 ਤੋਂ 17 ਆਯੂ ਗੁੱਟ ਦੇ ਅੰਦਾਜ਼ਨ ਸੱਤ ਲੱਖ ਬੱਚੇ ਨਸ਼ਿਆਂ ਦੀ ਦਲਦਲ ਵਿੱਚ ਧਸ ਚੁੱਕੇ ਹਨਜੇਕਰ ਅਜਿਹੀ ਬੁਰਾਈ ਦਾ ਬੱਚਾ ਸ਼ਿਕਾਰ ਵੀ ਹੋ ਜਾਂਦਾ ਹੈ ਤਾਂ ਮਾਪਿਆਂ ਨੂੰ ਬੱਚੇ ਦੀ ਇਸ ਕਮਜ਼ੋਰੀ ਉੱਤੇ ਪੜ੍ਹਦਾ ਪਾਉਣ ਦੀ ਥਾਂ ਅਧਿਆਪਕਾਂ ਨਾਲ ਸਲਾਹ ਕਰਨ ਉਪਰੰਤ ਕਿਸੇ ਨੀਮ-ਹਕੀਮ ਕੋਲ ਜਾਣ ਦੀ ਥਾਂ ਕਿਸੇ ਮਾਹਿਰ ਡਾਕਟਰ ਕੋਲੋਂ ਇਲਾਜ ਕਰਵਾਉਣਾ ਚਾਹੀਦਾ ਹੈਤੁਹਾਡਾ ਸਰਮਾਇਆ ਗੁਆਚ ਨਾ ਜਾਵੇ, ਤੁਹਾਡੇ ਸਰਮਾਏ ਦੇ ਸਿਵਿਆ ਵੱਲ ਹੋਰ ਕਦਮ ਨਾ ਵਧਣ, ਇਸ ਸਬੰਧੀ ਹੋਰ ਸਾਰੇ ਕੰਮ ਛੱਡ ਕੇ ਆਪਣੇ ਬੱਚੇ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈਬੱਚੇ ਦੀ ਇਸ ਆਦਤ ’ਤੇ ਪਰਦਾ ਪਾਉਣ ਨਾਲ ਨਿਕਲੇ ਗੰਭੀਰ ਨਤੀਜੇ ਬੱਚੇ ਦੀ ਜ਼ਿੰਦਗੀ ਦੇ ਨਾਲ ਨਾਲ ਮਾਪਿਆਂ ਦੀ ਜ਼ਿੰਦਗੀ ਵੀ ਧੁਆਂਖ਼ ਦੇਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4269)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author