“ਪਹਿਲਾਂ ਦੋਂਹ ਮੱਝਾਂ ਦਾ ਜੁਗਾੜ ਫਿੱਟ ਕਰ ਲਿਆ, ... ਹੁਣ ਪਿੰਡ ਵਿੱਚ ਦੁੱਧ ਦੀ ਡੇਅਰੀ ਖੋਲ੍ਹੀ ਹੋਈ ਹੈ ...”
(14 ਮਾਰਚ 2020)
ਤਹਿਸੀਲਦਾਰ ਦੇ ਦਫਤਰ ਵਿੱਚ ਜਦੋਂ ਉਹ ਮੈਂਨੂੰ ਮਿਲਿਆ, ਮੈਂ ਉਸ ਨੂੰ ਪਹਿਚਾਣ ਨਹੀਂ ਸਕਿਆ। ਉਹਦੇ ਕੋਲ ਦੀ ਲੰਘਣ ਸਮੇਂ ਜਦੋਂ ਉਹਨੇ ਝੁੱਕ ਕੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਤਾਂ ਮੈਂ ਖੜੋ ਗਿਆ। ਭਲਾ ਕੋਈ ਇੰਜ ਮੋਹ, ਅਪਣੱਤ ਅਤੇ ਸਤਿਕਾਰ ਨਾਲ ਸਿਰ ਝੁਕਾਵੇ ਤਾਂ ਪ੍ਰਤੀਕਰਮ ਵਜੋਂ ਅਪਣੱਤ ਦਾ ਪ੍ਰਗਟਾਵਾ ਤਾਂ ਕਰਨਾ ਹੀ ਬਣਦਾ ਹੈ। ਪੈਰ ਮਲਦਿਆਂ ਜਦੋਂ ਮੈਂ ਉਹਦੇ ਵੱਲ ਗੌਰ ਨਾਲ ਵੇਖਿਆ ਤਾਂ ਨੈਣ-ਨਕਸ਼ ਤਾਂ ਪਹਿਚਾਣੇ ਜਿਹੇ ਲੱਗੇ, ਪਰ ਅਤੀਤ ਦੇ ਪ੍ਰਛਾਵੇਂ ਪੂਰੀ ਤਰ੍ਹਾਂ ਪਕੜ ਵਿੱਚ ਨਹੀਂ ਸਨ ਆ ਰਹੇ।
“ਜੀ ਪਛਾਣਿਆ ਮੈਂਨੂੰ?” ਉਹਨੇ ਮੇਰੇ ਵੱਲ ਵਿਹੰਦਿਆਂ ਕਿਹਾ।
ਮੇਰੇ ਨਾਂਹ ਵਿੱਚ ਸਿਰ ਹਿਲਾਉਣ ’ਤੇ ਉਹਦਾ ਜਵਾਬ ਸੀ, “ਮੈਂ ਬਿੱਕਰ ਆਂ ਜੀ, ਭੈਣੀ ਮਰਾਜ੍ਹ ਵਾਲਾ।”
ਉਹਨੂੰ ਬੁੱਕਲ ਵਿੱਚ ਲੈਂਦਿਆਂ ਮੈਂ ਡਾਢੇ ਹੀ ਮੋਹ ਨਾਲ ਕਿਹਾ, “ਬਿੱਕਰਾ ਤੂੰ! ਪਤੰਦਰਾ ਸਿਆਣ ਵਿੱਚ ਈ ਨਹੀਂ ਆ ਰਿਹਾ।” ਮੇਰੇ ਸਾਹਮਣੇ ਰਿਸ਼ਟ-ਪੁਸ਼ਟ, ਹਸ਼ੂੰ ਹਸ਼ੂੰ ਕਰਦੇ ਚਿਹਰੇ ਵਾਲਾ ਬਿੱਕਰ ਮੁਸਕਰਾ ਰਿਹਾ ਸੀ। ਮੈਂ ਤਾਂ ਉਸ ਨੂੰ ਨਸ਼ਿਆਂ ਵਿੱਚ ਧਸ ਕੇ ਹੱਡੀਆਂ ਦੀ ਮੁੱਠ ਬਣਿਆ ਵੇਖਿਆ ਸੀ। ਨਸ਼ਾ ਰਹਿਤ ਕਰਨ ਦੀ ਪ੍ਰੇਰਨਾ ਵੀ ਦਿੱਤੀ ਸੀ। ਪਰ ਥਿੰਦੇ ਘੜ੍ਹੇ ’ਤੇ ਪਾਣੀ ਪੈਣ ਵਾਂਗ ਉਹਦੇ ਉੱਤੇ ਕੋਈ ਅਸਰ ਨਹੀਂ ਸੀ ਹੋਇਆ। ਹੁਣ ਉਹਦਾ ਨਵਾਂ ਰੂਪ ਵੇਖ ਕੇ ਹੈਰਾਨੀ ਭਰੀ ਖੁਸ਼ੀ ਵੀ ਹੋਈ। ਉਹਦਾ ਹੱਥ ਘੁੱਟ ਕੇ ਫੜਦਿਆਂ ਮੈਂ ਉਹਨੂੰ ਚਾਹ ਦਾ ਕੱਪ ਸਾਂਝਾ ਕਰਨ ਲਈ ਕੰਟੀਨ ਵੱਲ ਲੈ ਗਿਆ।
ਚਾਹ ਦਾ ਘੁੱਟ ਭਰਦਿਆਂ ਮੈਂ ਆਪਣੀ ਉਤਸੁਕਤਾ ਜ਼ਾਹਰ ਕਰਦਿਆਂ ਉਹਦੇ ਮੋਢੇ ’ਤੇ ਹੱਥ ਧਰਦਿਆਂ ਕਿਹਾ, “ਸੱਚੀਂ ਬਿੱਕਰਾ! ਮੈਂ ਤੈਨੂੰ ਸਿਆਣਿਆ ਨਹੀਂ। ਤੇਰੀ ਹਾਲਤ ਤਾਂ ਡਿਗੂੰ-ਡਿਗੂੰ ਕਰਦੀ ਛੱਤ ਵਰਗੀ ਸੀ। ਹੱਡੀਆਂ ਦੀ ਮੁੱਠ ਬਣ ਗਿਆ ਸੀ ਤੂੰ। ਨਸ਼ੇ ਵਿੱਚ ਹਰ ਵੇਲੇ ਟੱਲੀ ਰਹਿੰਦਾ ਸੀ। ਲਹੀ-ਤਹੀ ਦਾ ਕੋਈ ਫ਼ਿਕਰ ਨਹੀਂ ਸੀ ਤੈਨੂੰ। ਕਿੰਨੇ ਵਾਰੀਂ ਤੂੰ ਮੈਂਨੂੰ ਟੱਕਰਿਐਂ। ਭਾਵੇਂ ਮੇਰੇ ਕੋਲੋਂ ਤਾਂ ਤੂੰ ਅੱਖ ਬਚਾ ਕੇ ਲੰਘ ਜਾਂਦਾ ਰਿਹਾ, ਪਰ ਹੋਰਾਂ ਅੱਗੇ ਨਸ਼ੇ ਪਿੱਛੇ ਹੱਥ ਟੱਡਦਿਆਂ ਵੇਖ ਕੇ ਮੈਂਨੂੰ ਇਹ ਚਿੰਤਾ ਜ਼ਰੂਰ ਹੁੰਦੀ ਸੀ ਕਿ ਤੂੰ ਭੰਗ ਦੇ ਭਾਣੇ ਤਿਲ-ਤਿਲ ਕਰਕੇ ਮਰ ਰਿਹਾ ਹੈਂ। ਆਖ਼ਿਰ ਕਿਵੇਂ ਆਇਆ ਅਸਲੀ ਰਾਹ ’ਤੇ?”
ਉਸ ਨੇ ਚਿਹਰੇ ’ਤੇ ਤੈਰਦੀ ਨਿਰਛਲ ਮੁਸਕਰਾਹਟ ਨਾਲ ਜਵਾਬ ਦਿੱਤਾ, “ਬੱਸ ਜੀ, ਨਵਾਂ ਜਨਮ ਹੋਇਆ ਹੈ ਮੇਰਾ ਤਾਂ। ਨਸ਼ਿਆਂ ਪਿੱਛੇ ਮੈਂ ਭੀਖ਼ ਵੀ ਮੰਗਦਾ ਸੀ, ਆਪਣਾ ਬਚਿਆ-ਖੁਚਿਆ ਖੂਨ ਵੀ ਵੇਚਦਾ ਰਿਹਾਂ, ਚੋਰੀਆਂ ਵੀ ਕੀਤੀਆਂ, ਘਰ ਵਾਲੀ ਦਾ ਗਹਿਣਾ-ਗੱਟਾ ਵੀ ਵੇਚਿਆ, ਦੋ ਕੀਲੇ ਜ਼ਮੀਨ ਵਿੱਚੋਂ ਇੱਕ ਕੀਲਾ ਕੋਡੀਆਂ ਦੇ ਭਾਅ ਗਹਿਣੇ ਵੀ ਕੀਤਾ। ... ਕੇਰਾਂ ਜੀ, ਘਰ ਵਾਲੀ ਸਖ਼ਤ ਬਿਮਾਰ ਹੋ ਗਈ। ਉਹਦੇ ਇਲਾਜ ਲਈ ਆਂਢੀਆਂ-ਗੁਆਂਢੀਆਂ ਨੇ ਪੈਸੇ ਇਕੱਠੇ ਕੀਤੇ। ਉਨ੍ਹਾਂ ਪੈਸਿਆਂ ਦਾ ਵੀ ਮੈਂ ਨਸ਼ਾ ਡੱਫ ਲਿਆ। ਘਰਵਾਲੀ ਤਾਂ ਕਿਵੇਂ ਨਾ ਕਿਵੇਂ ਬਚ ਗਈ। ਲੋਕਾਂ ਨੇ ਮੈਂਨੂੰ ਫਿੱਟ ਲਾਹਣਤਾਂ ਪਾਈਆਂ। ਇੱਕ-ਦੋ ਦਿਨ ਤਾਂ ਅਸਰ ਜਿਹਾ ਵੀ ਹੋਇਆ, ਪਰ ਫਿਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ।”
ਫਿਰ ਬਿੱਕਰ ਨੇ ਥੋੜ੍ਹਾ ਜਿਹਾ ਗੰਭੀਰ ਹੋ ਕੇ ਗੱਲ ਅਗਾਂਹ ਤੋਰੀ, “ਥੋਡੇ ਤਾਂ ਜੀ ਯਾਦ ਨਈਂ ਹੋਣਾ, ਕੇਰਾਂ ਤੁਸੀਂ ਮੈਂਨੂੰ ਬੱਸ ਅੱਡੇ ’ਤੇ ਮਿਲ ਗਏ। ਇਹ ਗੱਲ ਜੀ ਚਾਰ-ਪੰਚ ਸਾਲ ਪੁਰਾਣੀ ਐ। ਮੈਂ ਥੋਡੇ ਮੁਹਰੇ ਪੈਸਿਆਂ ਲਈ ਹੱਥ ਟੱਡੇ। ਤੁਸੀਂ ਮੈਂਨੂੰ ਭੀੜ ਵਾਲੇ ਪਾਸਿਉਂ ਇੱਕ ਪਾਸੇ ਲੈ ਗਏ। ਮੈਂਨੂੰ ਤੁਸੀਂ ਕਿੰਨਾ ਚਿਰ ਪਿਆਰ ਨਾਲ ਸਮਝਾਉਂਦੇ ਰਹੇ। ਥੋਡੀ ਕਹੀ ਇਹ ਗੱਲ ਮੈਂ ਹਮੇਸ਼ਾ ਯਾਦ ਰੱਖਦਾਂ - “ਦੇਖ ਬਿੱਕਰਾ, ਥਾਲੀ ਵਿੱਚ ਗਰਮ-ਗਰਮ ਪਾਏ ਚੌਲਾਂ ਦੇ ਲਾਗੇ ਕੋਈ ਮੱਖੀ-ਮੱਛਰ ਇਸ ਕਰਕੇ ਨਹੀਂ ਆਉਂਦਾ ਬਈ ਉਹ ਭਾਫਾਂ ਛੱਡ ਰਹੇ ਹੁੰਦੇ ਨੇ। ਨੇੜੇ ਆਉਣ ’ਤੇ ਉਨ੍ਹਾਂ ਦੇ ਮਰਨ ਦਾ ਡਰ ਰਹਿੰਦੈ। ਸਾਡੀ ਜ਼ਿੰਦਗੀ ਵੀ ਇਉਂ ਹੀ ਹੈ। ਜੇ ਅਸੀਂ ਚੰਗੇ ਕਰਮ ਕਰਕੇ ਆਪਣੀ ਜ਼ਿੰਦਗੀ ਭਾਫਾਂ ਛੱਡਦੇ ਚੌਲਾਂ ਵਰਗੀ ਰੱਖਾਂਗੇ ਤਾਂ ਨਸ਼ਿਆਂ ਵਰਗੀ ਕੋਈ ਬੁਰਾਈ ਸਾਡੇ ਲਾਗੇ ਨਹੀਂ ਆਉਣੀ। ਇਹ ਹੱਥ ਲੋਕਾਂ ਮੁਹਰੇ ਟੱਡਣ ਲਈ ਨਹੀਂ ਹਨ, ਕਿਰਤ ਕਰਨ ਵਾਸਤੇ ਨੇ। ਕਿਰਤ ਕਰੇਂਗਾ ਤਾਂ ਲਹਿਰਾਂ-ਬਹਿਰਾਂ ਹੋ ਜਾਣਗੀਆਂ। ਨਹੀਂ ਫਿਰ ਕਿਤੇ ਮਰਿਆ ਪਿਆ ਮਿਲੇਂਗਾ। ਕਿਸੇ ਨੇ ਡੇਲਿਆਂ ਵੱਟੇ ਨਹੀਂ ਸਿਆਣਨਾ।” ਫਿਰ ਤੁਸੀਂ ਮੈਂਨੂੰ 200 ਰੁਪਏ ਦਿੰਦਿਆਂ ਕਿਹਾ, “ਇਹਦਾ ਘਰੇ ਆਟਾ ਲੈ ਜਾਈਂ, ਜਵਾਕ ਰੋਟੀ ਖਾ ਲੈਣਗੇ।”
ਕੁਝ ਪਲਾਂ ਦੀ ਖਾਮੋਸ਼ੀ ਤੋਂ ਬਾਅਦ ਉਹਨੇ ਫਿਰ ਗੱਲ ਨੂੰ ਅਗਾਂਹ ਤੋਰਿਆ, “ਬੱਸ ਜੀ, ਉਹ ਦਿਨ ਤੇ ਆਹ ਦਿਨ! ਮੁੜਕੇ ਨਸ਼ੇ ਕੰਨੀਂ ਮੂੰਹ ਨਹੀਂ ਕੀਤਾ। ਦਰਅਸਲ ਜੀ ਬੁਰਾਈ ਨੂੰ ਛੱਡਣਾ ਤਾਂ ਬੰਦੇ ਦੇ ਮਜ਼ਬੂਤ ਇਰਾਦੇ ਨੇ ਹੁੰਦਾ ਹੈ। ਮਨ ਨੂੰ ਕਰੜਾ ਕਰਨਾ ਪੈਂਦਾ ਹੈ। ‘ਅਬ ਦੁੱਖ ਫਿਰ ਸੁਖ’ ਵਾਲੀ ਸੋਚ ਨਾਲ ਨਸ਼ਾ ਛੱਡਣਾ ਕੋਈ ਔਖਾ ਨਹੀਂ। ਮਹੀਨਾ ਕੁ ਘਰ ਹੀ ਰਿਹਾ। ਘਰ ਵਾਲਿਆਂ ਨੇ ਪੂਰਾ ਹੌਸਲਾ ਵੀ ਦਿੱਤਾ। ਦਵਾਈ-ਬੂਟੀ ਵੀ ਦਿਵਾਉਂਦੇ ਰਹੇ। ਬੱਸ, ਹੁਣ ਆਹ ਦੇਖ ਲਉ, ਤੁਹਾਡੇ ਸਾਹਮਣੇ ਖੜ੍ਹਾਂ ਮੈਂ ਨੌ-ਬਰ-ਨੌ ਹੋ ਕੇ।”
“ਪਹਿਲਾਂ ਵਾਲੀ ਜ਼ਿੰਦਗੀ ਅਤੇ ਹੁਣ ਵਾਲੀ ਜ਼ਿੰਦਗੀ ਵਿੱਚ ਕੀ ਫਰਕ ਮਹਿਸੂਸ ਕਰਦੈਂ?”
“ਜਮੀਨ ਅਸਮਾਨ ਦਾ ਫਰਕ ਐ ਜੀ। ਕਿੱਥੇ ਦਿਨ ਤੇ ਕਿੱਥੇ ਰਾਤ! ਦਰਅਸਲ ਜੀ ਮੁਫ਼ਤਖੋਰੀ ਬੰਦੇ ਨੂੰ ਕਿਰਤ ਜੋਗਾ ਛੱਡਦੀ ਈ ਨਹੀਂ। ਐਵੇਂ ਲੋਕ ਹਰਲ-ਹਰਲ ਕਰਦੇ ਵਿਦੇਸ਼ਾਂ ਨੂੰ ਭੱਜ ਰਹੇ ਨੇ।” ਉਹ ਦਾਨਿਆਂ ਵਾਂਗ ਮੈਂਨੂੰ ਦੱਸਣ ਲੱਗਾ, “ਲੱਖਾਂ ਭਈਆਂ ਨੇ ਇੱਥੇ ਆ ਕੇ ਆਪਣਾ ਚੰਗਾ ਕਾਰੋਬਾਰ ਕਾਇਮ ਕਰ ਲਿਐ। ਹੁਣ ਪਤਾ ਲੱਗਿਐ ਬਈ ਕੰਮ ਕਰਨ ਵਾਲਾ ਤਾਂ ਕੱਲਰ ਜ਼ਮੀਨ ਵਿੱਚ ਵੀ ਲਹਿਰਾਂ-ਬਹਿਰਾਂ ਲਾ ਸਕਦਾ ਹੈ।”
“ਕੰਮ ਕਾਰ ਦਾ ਕੀ ਹਾਲ ਐ?” ਮੈਂ ਉਹਦੀ ਜ਼ਿੰਦਗੀ ਦੇ ਪੰਨੇ ਤਹਿ ਤੱਕ ਫਰੋਲਣਾ ਚਾਹੁੰਦਾ ਸੀ।
“ਬੜੀ ਮਿਹਰ ਐ ਜੀ ਵਾਹਿਗੁਰੂ ਦੀ। ਛੇ-ਸੱਤ ਮਹੀਨੇ ਤਾਂ ਕਬੀਲਦਾਰੀ ਦੀਆਂ ਹਿੱਲੀਆਂ ਚੂਲਾਂ ਸੈੱਟ ਕਰਨ ’ਤੇ ਹੀ ਲੱਗ ਗਏ। ਬੱਸ ਫਿਰ ਚੱਲ ਸੋ ਚੱਲ। ਘਰਵਾਲੀ ਅਤੇ ਮੁੰਡੇ ਨਾਲ ਰਲਕੇ ਪਹਿਲਾਂ ਦੋਂਹ ਮੱਝਾਂ ਦਾ ਜੁਗਾੜ ਫਿੱਟ ਕਰ ਲਿਆ, ... ਹੁਣ ਪਿੰਡ ਵਿੱਚ ਦੁੱਧ ਦੀ ਡੇਅਰੀ ਖੋਲ੍ਹੀ ਹੋਈ ਹੈ। ਸ਼ਹਿਰ ਵੀ ਸਵੇਰੇ-ਸ਼ਾਮ ਲੋਕਾਂ ਦੇ ਘਰੀਂ ਦੁੱਧ ਪਾ ਕੇ ਆਉਨਾ। ਹੱਡ ਭੰਨ੍ਹਵੀਂ ਮਿਹਨਤ ਕਰਕੇ ਗਹਿਣੇ ਪਿਆ ਕੀਲਾ ਵੀ ਛੁਡਵਾ ਲਿਆ। ਜ਼ਮੀਨ ਠੇਕੇ ’ਤੇ ਦਿੱਤੀ ਹੋਈ ਐ। ਜ਼ਿੰਦਗੀ ਜਿਉਣ ਦਾ ਅਸਲੀ ਸਵਾਦ ਹੀ ਹੁਣ ਆਇਐ, ਪਹਿਲਾਂ ਤਾਂ ਹਨੇਰਾ ਹੀ ਢੋਹਿਐ। ਠੀਕ ਹੋ ਕੇ ਕੁਝ ਸਮਾਂ ਤਾਂ ਆਪਣੀਆਂ ਕਰਤੂਤਾਂ ਦੀ ਸ਼ਰਮ ਕਰਕੇ ਲੋਕਾਂ ਅਤੇ ਰਿਸ਼ਤੇਦਾਰਾਂ ਨਾਲ ਅੱਖ ਮਿਲਾਉਣ ਤੋਂ ਵੀ ਸੰਕੋਚ ਕਰਦਾ ਰਿਹਾ। ਫਿਰ ਸੋਚਿਆ ਬਈ ਬੁਰੇ ਕਰਮ ਤਾਂ ਮੈਂ ਪਹਿਲਾਂ ਕੀਤੇ ਨੇ, ਹੁਣ ਤਾਂ ਚੰਗੇ ਰਾਹ ਤੁਰਿਆ ਹੋਇਆਂ। ਬੱਸ ਜੀ, ਸਿਰ ਉੱਚਾ ਕਰਕੇ ਤੁਰੀਦੈ ਹੁਣ।”
“ਅੱਜ ਤਹਿਸੀਲ ਵਿੱਚ ਕਿਵੇਂ?” ਮੈਂ ਸਹਿਜ ਮਤੇ ਨਾਲ ਪੁੱਛਿਆ।
“ਆਪਣੀ ਜ਼ਮੀਨ ਨਾਲ ਲੱਗਦਾ ਇੱਕ ਕੀਲਾ ਬੈਅ ਲਿਐ। ਉਹਦੀ ਰਜਿਸਟਰੀ ਕਰਵਾਉਣੀ ਐਂ ਜੀ।” ਉਹਨੇ ਹੁੱਬ ਕੇ ਦੱਸਿਆ। ਉਹਦੇ ਮੋਢੇ ’ਤੇ ਹੱਥ ਧਰ ਕੇ ਉਹਨੂੰ ਹੱਲਾ ਸ਼ੇਰੀ ਦਿੰਦਿਆਂ ਮੈਂ ਕਿਹਾ, “ਬੱਸ ਇੰਜ ਹੀ ਆਪਣੀ ਜ਼ਿੰਦਗੀ ਭਾਫਾਂ ਛੱਡਦੇ ਚੌਲਾਂ ਵਰਗੀ ਰੱਖੀਂ। ਯਾਦ ਰੱਖੀਂ ਕਿ ਕੱਚੇ ਦੁੱਧ ਤੇ ਮਲਾਈ ਨਹੀਂ ਆਉਂਦੀ, ਕੜ੍ਹੇ ਹੋਏ ਦੁੱਧ ’ਤੇ ਮਲਾਈ ਆਉਂਦੀ ਐ।”
ਮੇਰੇ ਪੈਰਾਂ ਵਿੱਚ ਝੁਕੇ ਬਿੱਕਰ ਦੇ ਜੁੱਸੇ ਵਿੱਚੋਂ ਪਹਿਲਾਂ ਵਰਗੀ ਸੜਿਹਾਂਦ ਦੀ ਥਾਂ ਮੁੜ੍ਹਕੇ ਦੀ ਖੁਸ਼ਬੂ ਦਾ ਅਹਿਸਾਸ ਹੋ ਰਿਹਾ ਸੀ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1992)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)