“ਪੇਂਡੂ ਔਰਤ ਹੁਣ ਪਹਿਲਾਂ ਵਾਂਗ ਚੁਸਤ ਅਤੇ ਫੁਰਤੀਲੀ ਨਹੀਂ ਰਹੀ ...”
(19 ਜਨਵਰੀ 2019)
ਪੱਛਮੀ ਸਭਿਅਤਾ ਨੇ ਬਿਨਾ ਸ਼ੱਕ ਭਾਰਤੀ ਸਭਿਅਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਬੋਲਣ-ਚੱਲਣ, ਰਹਿਣ ਸਹਿਣ ਅਤੇ ਖਾਣ-ਪੀਣ ਦੇ ਢੰਗ, ਸਭ ਕੁਝ ’ਤੇ ਪੱਛਮੀ ਰੰਗ ਚੜ੍ਹਿਆ ਹੋਇਆ ਹੈ ਅਤੇ ਇਸ ਰੰਗ ਨੇ ਸੰਸਕਾਰਾਂ ਅਤੇ ਰਿਸ਼ਤਿਆਂ ਦੀ ਤੰਦਾਂ ਨੂੰ ਵੀ ਲੀਰਾਂ ਲੀਰਾਂ ਕਰ ਦਿੱਤਾ ਹੈ। ਪਰ ਪੱਛਮੀ ਕਲਚਰ ਦੇ ਇੱਕ ਪੱਖ ਤੋਂ ਭਾਰਤੀ ਕਲਚਰ ’ਤੇ ਬਿਲਕੁਲ ਹੀ ਅਸਰ ਨਹੀਂ ਪਿਆ। ਉਹ ਹੈ ਘਰਾਂ ਵਿੱਚ ਨੌਕਰਾਣੀਆਂ ਦਾ ਰੱਖਣਾ। ਪੱਛਮੀ ਦੇਸ਼ਾਂ ਵਿੱਚ ਘਰੇਲੂ ਨੌਕਰ ਜਾਂ ਨੌਕਰਾਣੀਆਂ ਨਹੀਂ ਹੁੰਦੀਆਂ, ਕਿਉਂਕਿ ਉੱਥੇ ਆਪਣੇ ਆਪ ਨੂੰ ਇੰਨਾ ਗਰੀਬ ਕੋਈ ਵੀ ਨਹੀਂ ਸਮਝਦਾ ਕਿ ਲੋਕਾਂ ਦੇ ਜੂਠੇ ਭਾਂਡੇ ਕੁਝ ਡਾਲਰਾਂ ਲਈ ਮਾਂਜੇ ਜਾਣ। ਉੱਥੇ ਸਭ ਨੂੰ ਆਪਣਾ ਕੰਮ ਆਪ ਕਰਨਾ ਪੈਂਦਾ ਹੈ। ਕੋਈ ਟਾਵਾਂ ਕੇਸ ਹੀ ਮਿਲੇਗਾ ਜਿੱਥੇ ਮਹਿੰਗੇ ਰੇਟ ’ਤੇ ਕੋਈ ਮੇਲ ਜਾਂ ਫੀਮੇਲ ਸਰਵੈਂਟ ਰੱਖਿਆ ਹੋਵੇ।
ਨੌਕਰਾਣੀਆਂ ਨੇ ਪੇਂਡੂ ਔਰਤਾਂ ਨੂੰ ਵੀ ਸੁਸਤ ਕਰ ਦਿੱਤਾ ਹੈ। ਕਦੇ ਸਮਾਂ ਸੀ ਜਦੋਂ ਘਰ ਦੀ ਸੁਆਣੀ ਸਵੇਰੇ 4 ਵਜੇ ਉੱਠ ਕੇ ਮੱਝਾਂ ਦੀਆਂ ਧਾਰਾਂ ਕੱਢਦੀ, ਘਰ ਦੀ ਚੱਕੀ ’ਤੇ 5-7 ਕਿਲੋ ਆਟਾ ਵੀ ਪੀਹ ਲੈਂਦੀ। ਜਦੋਂ ਨੂੰ ਬੱਚੇ ਅੱਖਾਂ ਮਲਦੇ ਉੱਠਦੇ ਉਦੋਂ ਤੱਕ ‘ਬੇਬੇ’ ਨੇ ਦੁੱਧ ਵੀ ਰਿੜਕ ਲਿਆ ਹੁੰਦਾ ਅਤੇ ਫਿਰ ਚੁੱਲ੍ਹੇ ’ਤੇ ਚਾਹ ਦਾ ਪਤੀਲਾ ਧਰ ਕੇ ਘਰ ਦੇ ਮੈਂਬਰਾਂ ਨੂੰ ਉੱਚੀ-ਉੱਚੀ ਆਵਾਜਾਂ ਦੇ ਕੇ ਉਠਾਉਂਦੀ। ਪਰ ਹੁਣ ਇਹ ਸਭ ਕੁਝ ਅਲੋਪ ਹੋ ਗਿਆ ਹੈ। ਦੁੱਧ ਡੇਰੀਆਂ ਦੀ ਭੇਂਟ ਚੜ੍ਹ ਗਿਆ ਹੈ, ਘਰ ਦੀਆਂ ਚੱਕੀਆਂ ਅਲੋਪ ਹੋ ਗਈਆਂ ਹਨ। ਪੇਂਡੂ ਔਰਤ ਹੁਣ ਪਹਿਲਾਂ ਵਾਂਗ ਚੁਸਤ ਅਤੇ ਫੁਰਤੀਲੀ ਨਹੀਂ ਰਹੀ। ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ, ਗੋਡਿਆਂ ਦਾ ਦਰਦ ਜਿਹੀਆਂ ਬਿਮਾਰੀਆਂ ਦਾ ਉਹ ਸ਼ਿਕਾਰ ਹੋ ਗਈ ਹੈ। ਅੱਗੇ ਜਿੱਥੇ ਉਹ ਹਰ ਕੰਮ ਆਪਣੇ ਹੱਥੀਂ ਕਰਦੀ ਸੀ, ਹੁਣ ਉਸਦੀ ਥਾਂ ਪਿੰਡਾਂ ਵਿੱਚ ਰੱਖੇ ਕਾਮਿਆਂ ਦੀਆਂ ਪਤਨੀਆਂ ਨੇ ਸੰਭਾਲ ਲਿਆ ਹੈ ਅਤੇ ਘਰ ਦੀ ਸੁਆਣੀ ਬਸ ਹੁਕਮ ਦੇ ਕੇ ਉਨ੍ਹਾਂ ਤੋਂ ਕੰਮ ਕਰਵਾਉਂਦੀ ਹੈ। ਕੰਮ ਕਰਵਾਉਣ ਦੇ ਬਦਲੇ ਦੋ ਡੰਗ ਦੀ ਰੋਟੀ, ਚਾਹ ਅਤੇ ਤਿੱਥ ਤਿਉਹਾਰ ’ਤੇ ਥੋੜ੍ਹੇ ਮੋਟੇ ਪੈਸੇ ਵੀ ਦਿੱਤੇ ਜਾਂਦੇ ਨੇ।
ਪ੍ਰਾਚੀਨ ਸਮੇਂ ਵਿੱਚ ਰਾਜੇ-ਮਹਾਰਾਜੇ ਜਦੋਂ ਆਪਣੀਆਂ ਧੀਆਂ ਦਾ ਵਿਆਹ ਕਰਦੇ ਸਨ ਤਾਂ ਦਾਜ ਵਿੱਚ ਨਾਲ ਨੌਕਰਾਣੀਆਂ ਵੀ ਭੇਜੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਬਾਂਦੀਆਂ ਕਿਹਾ ਜਾਂਦਾ ਸੀ ਅਤੇ ਸਹੁਰੇ ਗਈ ਰਾਜਕੁਮਾਰੀ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਲਾਈ ਜਾਂਦੀ ਸੀ।
ਸਰਦਾਰਾਂ ਨੇ ਵੀ ਆਪਣੇ ਘਰ ਦੇ ਕੰਮਾਂ ਲਈ ਅਲੱਗ-ਅਲੱਗ ਨੌਕਰਾਣੀਆਂ ਰੱਖੀਆਂ ਹੋਈਆਂ ਹਨ। ਗੋਹਾ ਕੂੜਾ ਕਰਨ ਲਈ ਅਲੱਗ ਅਤੇ ਰਸੋਈ ਦਾ ਕੰਮ ਕਰਨ ਲਈ ਅਲੱਗ ਨੌਕਰਾਣੀਆਂ ਹਨ। ਘਰ ਦਾ ਗੋਹਾ ਕੂੜਾ ਕਰਨ ਵਾਲੀ ਨੂੰ ਰਸੋਈ ਵਿੱਚ ਜਾਣ ਦੀ ਆਗਿਆ ਬਹੁਤੇ ਸਰਦਾਰਾਂ ਦੀਆਂ ਹਵੇਲੀਆਂ ਵਿੱਚ ਹੁਣ ਵੀ ਨਹੀਂ। ਪਿੰਡਾਂ ਅਤੇ ਸ਼ਹਿਰਾਂ, ਦੋਨਾਂ ਥਾਵਾਂ ’ਤੇ ਹੀ ਸਰਮਾਇਆਦਾਰੀ ਨਿਜ਼ਾਮ ਨੌਕਰਾਣੀਆਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰ ਰਿਹਾ ਹੈ। ਕੋਮਲ ਭਾਵੀ, ਬੁੱਧੀ ਜੀਵੀ ਅਤੇ ਸੂਝ ਰੱਖਣ ਵਾਲੇ ਵਿਅਕਤੀ ਬਹੁਤ ਹੱਦ ਤੱਕ ਆਪਣੀ ਨੌਕਰਾਣੀ ਦੀਆਂ ਮਜਬੂਰੀਆਂ ਸਮਝਦੇ ਹਨ ਅਤੇ ਵਾਹ ਲੱਗਦਿਆਂ ਕੋਈ ਅਜਿਹਾ ਕੰਮ ਨਹੀਂ ਕਹਿੰਦੇ ਜਿਸ ਨਾਲ ਉਸ ਨੂੰ ਮਾਨਸਿਕ ਜ਼ਲੀਲਤਾ ਦਾ ਸਾਹਮਣਾ ਕਰਨਾ ਪਵੇ। ਕੋਈ ਅਪਸ਼ਬਦ ਬੋਲਣ ਤੋਂ ਵੀ ਸੰਕੋਚ ਕਰਦੇ ਹਨ। ਪਿੰਡਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿੱਥੇ ਇੱਕ ਤੂੜੀ ਦੀ ਪੰਡ, ਚਰੀ ਦੀ ਭਰੀ ਜਾਂ 20-30 ਕਿਲੋ ਕਣਕ ਪਿੱਛੇ ਬਹੁਤ ਸਾਰੇ ਸਰਮਾਇਆਦਾਰੀ ਸੋਚ ਦੇ ਧਾਰਨੀ ਨੌਕਰਾਣੀ ਦਾ ਸਰੀਰਕ ਸ਼ੋਸ਼ਣ ਕਰਦੇ ਹਨ ਅਤੇ ਉਹ ਇਸ ਨੂੰ ਆਪਣਾ ਅਧਿਕਾਰ ਵੀ ਸਮਝਦੇ ਹਨ। ਕਿਉਂਕਿ ਨੌਕਰਾਣੀ ਘਰ ਵਿੱਚ ਛਾਈ ਗਰੀਬੀ ਦੀ ਹਨੇਰੀ ਨੂੰ ਠੱਲ੍ਹ ਪਾਉਣ ਲਈ ਮਜਬੂਰੀ ਵੱਸ ਨੌਕਰੀ ਕਰਦੀ ਹੈ ਅਤੇ ਅਜਿਹੇ ਘਰ ਨਾਲ ਸਬੰਧਤ ਹੁੰਦੀ ਹੈ, ਜਿੱਥੇ ਰੋਟੀ ਅਤੇ ਕੱਪੜੇ ਦੀ ਹੀ ਮੁੱਖ ਸਮੱਸਿਆ ਹੁੰਦੀ ਹੈ। ਇਸ ਕਾਰਨ ਉਹਦੀਆਂ ਇਛਾਵਾਂ ਵੀ ਸੀਮਤ ਹੁੰਦੀਆਂ ਹਨ। ਸੀਮਤ ਇਛਾਵਾਂ ਵਾਲਾ ਵਿਅਕਤੀ ਲਾਲਚੀ ਵੀ ਨਹੀਂ ਹੁੰਦਾ। ਪਰ ਜਦੋਂ ਆਪਣੇ ਮਾਲਕਾਂ ਦੀ ਐਸ਼-ਪ੍ਰਸਤੀ, ਜਾਇਜ਼-ਨਾਜਾਇਜ਼ ਢੰਗ ਨਾਲ ਪੈਸੇ ਦਾ ਆਉਣਾ ਅਤੇ ਫਿਰ ਖਰਚਣਾ ਵੀ ਖੁੱਲ੍ਹਾ! ਘਰ ਦੇ ਮੁੰਡੇ ਕੁੜੀਆਂ ਦਾ ਭਾਂਤ-ਭਾਂਤ ਦੇ ਚਾਂਦੀ ਦੇ ਚਮਚਿਆਂ ਨਾਲ ਪਕਵਾਨ ਖਾਂਦੇ ਵੇਖ ਕੇ ਨੌਕਰਾਣੀ ਦੇ ਮਨ ਅੰਦਰ ਵੀ ਹੂਕ ਉੱਠਦੀ ਹੈ ਕਿ ਇਹ ਕੁਝ ਸਾਡੀ ਝੋਂਪੜੀ ਜਾਂ ਘਰ ਵਿੱਚ ਵੀ ਹੋਵੇ ਅਤੇ ਇਹ ਹੂਕ ਹੀ ਕਈ ਵਾਰ ਉਸ ਨੂੰ ਗੱਲਤ ਰਾਹ ’ਤੇ ਤੋਰਨ ਲਈ ਮਜਬੂਰ ਵੀ ਕਰਦੀ ਹੈ।
ਸ਼ਹਿਰਾਂ ਵਿੱਚ ਤਾਂ ਜੇਕਰ ਇਹ ਕਹਿ ਦੇਈਏ ਕਿ ਨੌਕਰਾਣੀਆਂ ਘਰ ਦੀ ਮਾਲਕਣ ਦੀਆਂ ਫੌੜ੍ਹੀਆਂ ਹਨ ਤਾਂ ਕੋਈ ਅਤਿ ਕਥਨੀ ਨਹੀਂ। ਜਿਨ੍ਹਾਂ ਘਰਾਂ ਵਿੱਚ ਪਤੀ-ਪਤਨੀ ਦੋਵੇਂ ਨੌਕਰੀ ਕਰਦੇ ਹਨ, ਜਿਨ੍ਹਾਂ ਔਰਤਾਂ ਦੇ ਬੱਚੇ ਨਿਆਣੇ ਹਨ ਜਾਂ ਜਿਨ੍ਹਾਂ ਦੇ ਘਰ ਬਿਰਧ ਮਾਂ-ਬਾਪ ਹਨ, ਉਨ੍ਹਾਂ ਘਰਾਂ ਵਿੱਚ ਤਾਂ ਨੌਕਰਾਣੀ, ਜਿਹਦਾ ਆਧੁਨਿਕ ਨਾਂ ‘ਆਇਆ’ ਹੈ ਅਤੇ ਅਕਸਰ ਉਸ ਨੂੰ ‘ਕੰਮਵਾਲੀ’ ਕਹਿ ਕੇ ਯਾਦ ਕੀਤਾ ਜਾਂਦਾ ਹੈ, ਦੇ ਬਿਨਾਂ ਘਰ ਦੀ ਮਾਲਕਣ ਦੇ ਸਾਹ ਹੀ ਸੂੱਤੇ ਜਾਂਦੇ ਹਨ ਅਤੇ ਉਹ ਆਪਣੀ ਨੌਕਰਾਣੀ ਨੂੰ ਬੇਸਬਰੀ ਅਤੇ ਪ੍ਰੇਸ਼ਾਨੀ ਨਾਲ ਇੰਜ ਉਡੀਕ ਰਹੀ ਹੁੰਦੀ ਹੈ ਜਿਵੇਂ ਕਿਸੇ ਵੀ.ਆਈ.ਪੀ. ਨੇ ਆਉਣਾ ਹੋਵੇ। ਜਦੋਂ ਨੌਕਰਾਣੀ ਲਾਪਰਵਾਹੀ ਨਾਲ ਕੋਠੀ ਵਿੱਚ ਦਾਖ਼ਲ ਹੁੰਦੀ ਹੈ ਤਾਂ ਮਾਲਕਣ ਸਖ਼ਤ ਲਹਿਜੇ ਵਿੱਚ ਪੁੱਛਦੀ ਹੈ, “ਕਿਉਂ, ਅੱਜ ਇੰਨ੍ਹੀ ਦੇਰ ਲਾ ਦਿੱਤੀ?’’ ਅਤੇ ਨੌਕਰਾਣੀ ਬੇਫ਼ਿਕਰੀ ਦੇ ਲਹਿਜ਼ੇ ਵਿੱਚ ਜਵਾਬ ਦਿੰਦੀ ਹੈ, “ਵੋਹ ਪਾਂਚ ਨੰਬਰ ਕੋਠੀ ਵਾਲੀ ਬੀਬੀ ਹੈ ਨਾ, ਉਸਨੇ ਰੋਕ ਲੀਆ। ਵੋ ਕਹਿਤੀ ਥੀ ਯਹਾਂ ਕਾਮ ਪੇ ਆਜਾ। ਤਨਖਾਹ ਭੀ ਅੱਛੀ ਮਿਲ ਜਾਏਗੀ।’’ ਬੱਸ, ਉਸ ਵੇਲੇ ਮਾਲਕਣ ਦੀ ਹਾਲਤ ਤਰਸਯੋਗ ਹੁੰਦੀ ਹੈ। ਉਸ ਨੂੰ ਡਰ ਹੁੰਦਾ ਹੈ ਕਿ ਕਿਤੇ ‘ਪਾਂਚ ਨੰਬਰ ਵਾਲੀ ਕੋਠੀ’ ਵਿੱਚ ਨਾ ਚਲੀ ਜਾਵੇ। ਰਸੋਈ ਵਿੱਚ ਜੂਠੇ ਭਾਂਡਿਆਂ ਦਾ ਢੇਰ, ਘਰ ਦੀ ਸਫ਼ਾਈ, ਕੱਪੜਿਆਂ ਦੀ ਧੁਲਾਈ ਕੌਣ ਕਰੇਗਾ ਇਹਦੇ ਬਿਨਾਂ? ਬੱਸ ਇਹ ਸੋਚ ਕੇ ਮਾਲਕਣ ਦਾ ਗੁੱਸਾ ਸ਼ਾਂਤ ਹੋ ਜਾਂਦਾ ਹੈ ਅਤੇ ਉਹ ਨਰਮ ਜਿਹੇ ਲਹਿਜੇ ਵਿੱਚ ਕਹਿੰਦੀ ਹੈ, “ਰਸੋਈ ਵਿੱਚ ਤੇਰੀ ਚਾਹ ਰੱਖੀ ਪਈ ਐ। ਪੀ ਕੇ ਨਬੇੜ ਛੇਤੀ ਕੰਮ। ਆਇਆਂ ਗਿਆਂ ਦਾ ਵੀ ਕੋਈ ਪਤਾ ਨਹੀਂ, ਕਦੋਂ ਕੋਈ ਆ ਜਾਵੇ।’’
ਅਕਸਰ ਇਹ ਵੀ ਹੁੰਦਾ ਹੈ ਕਿ ਨੌਕਰਾਣੀ ਘਰ ਦਾ ਕੰਮ ਕਰ ਰਹੀ ਹੁੰਦੀ ਹੈ ਅਤੇ ਮਾਲਕਣ ਪਿੱਛੇ-ਪਿੱਛੇ ਸੁਪਰਵੀਜ਼ਨ ਦਾ ਕੰਮ ਕਰਦੀ ਹੈ। “ਇੱਥੇ ਪੋਚਾ ਚੰਗੀ ਤਰ੍ਹਾਂ ਨਹੀਂ ਲਾਇਆ। ਦੇਖ ਗਰਿਲਾਂ ’ਤੇ ਕਿਵੇਂ ਗਰਦ ਜੰਮੀ ਪਈ ਐ। ਫਾਹਾ ਨਾ ਵੱਢ।” ਮਾਲਕਣ ਖਿਝਦੀ ਰਹਿੰਦੀ ਹੈ ਅਤੇ ਕੰਮਵਾਲੀ ਆਪਣੀ ਮਰਜ਼ੀ ਨਾਲ ਕੰਮ ਨਬੇੜ ਕੇ, ‘ਚੰਗਾ ਬੀਬੀ ਮੈਂ ਚੱਲੀ’ ਕਹਿ ਕੇ ਕੋਠੀ ਦੇ ਗੇਟ ਤੋਂ ਬਾਹਰ ਹੋ ਜਾਂਦੀ ਹੈ। ਮਾਲਕਣ ਵੀ ‘ਦੜ ਵੱਟ ਜਮਾਨਾ ਕੱਟ’ ਦੀ ਨੀਤੀ ’ਤੇ ਚੱਲ ਕੇ ਕੌੜਾ ਘੁੱਟ ਭਰ ਲੈਂਦੀ ਹੈ।
ਕਈ ਘਰਾਂ ਵਿੱਚ ਨੌਕਰਾਣੀ ਦਾ ਰੱਖਣਾ ‘ਸਟੇਟਸ ਸਿੰਬਲ’ ਵੀ ਮੰਨਿਆ ਜਾਂਦਾ ਹੈ। ਜਿਸ ਘਰ ਦੀ ਮਾਲਕਣ ਜਾਂ ਨੂੰਹਾਂ-ਧੀਆਂ ਆਪ ਕੰਮ ਕਰਦੀਆਂ ਹਨ, ਉਨ੍ਹਾਂ ਨੂੰ ਮਿਲਣ ਆਏ ਰਿਸ਼ਤੇਦਾਰ ਅਤੇ ਆਂਢਣਾਂ-ਗੁਆਂਢਣਾਂ ਹੋਰੂੰ ਜਿਹੇ ਵੇਖਦੀਆਂ ਨੇ। ਉਸ ਵੇਲੇ ਜਾਣ ਬੁੱਝ ਕੇ ਉਹ ਇਸ ਤਰ੍ਹਾਂ ਵੀ ਗੱਲ ਛੇੜਦੀਆਂ ਨੇ, “ਸਾਡੀ ਆਇਆ ਤਾਂ ਬੜ੍ਹਾ ਸੋਹਣਾ ਕੰਮ ਕਰਦੀ ਹੈ। ਘਰ ਦੀ ਸਫ਼ਾਈ ਤੋਂ ਲੈ ਕੇ ਰਸੋਈ ਦੇ ਕੰਮ ਤੱਕ ਮੈਂ ਤਾਂ ਉਸੇ ਤੋਂ ਕੰਮ ਕਰਵਾਉਂਦੀ ਆਂ। ਪੈਸੇ ਵੀ ਮੂੰਹ ਮੰਗੇ ਅਤੇ ਕੰਮ ਵੀ ਮਨ ਪਸੰਦ ਦਾ।’’ ਇਹ ਕਹਿ ਕੇ ਜਿਵੇਂ ਉਹ ਆਪਣੇ ਸਟੇਟਸ ਦਾ ਕੱਦ ਹੋਰ ਉੱਚਾ ਕਰ ਰਹੀ ਹੋਵੇ।
ਅਕਸਰ ਘਰ ਪਈ ਚੀਜ਼ ਵੇਖਕੇ ਨੌਕਰਾਣੀ ਬਿਨਾਂ ਝਿਜਕ ਤੋਂ ਮਾਲਕਣ ਅੱਗੇ ਆਪਣੀ ਮੰਗ ਰੱਖ ਦਿੰਦੀ ਹੈ, “ਬੀਬੀ ਜੀ, ਯੇਹ ਆਪਕੇ ਬੱਚੇ ਦੀ ਸਾਈਕਲੀ ਹੈ ਨਾ, ਆਪਕਾ ਬੱਚਾ ਤੋ ਚਲਾਤਾ ਨਹੀਂ, ਸਾਈਕਲੀ ਪੁਰਾਣੀ ਭੀ ਹੋ ਗਈ। ਮੈਂ ਲੇ ਜਾਊਂ ਆਪਣੇ ਰਾਮੂ ਕੇ ਲੀਏ?’’ ਜਾਂ ਫਿਰ, “ਵੋਹ ਜੋ ਆਪਕਾ ਮੋਟੇ ਪ੍ਰਿੰਟ ਵਾਲਾ ਪੀਲਾ ਸੂਟ ਹੈ ਨਾ, ਆਪ ਤੋ ਇਸੇ ਪਹਿਨਤੇ ਹੀ ਨਹੀਂ, ਮੁਝੇ ਦੇ ਦੋ ਨਾ’’ ਬੱਸ ਮਾਲਕਣ ‘ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ’ ਵਾਂਗ ‘ਤੂੰ ਲੈ ਜਾ’ ਕਹਿ ਕੇ ਔਖਿਆਂ-ਸੌਖਿਆਂ ਮੰਗ ਪੂਰੀ ਕਰ ਦਿੰਦੀ ਹੈ ਅਤੇ ਇਨ੍ਹਾਂ ਮੰਗਾਂ ਦੇ ਚਾਰਟ ਵਿੱਚ ਦਿਨ-ਬ-ਦਿਨ ਵਾਧਾ ਹੁੰਦਾ ਰਹਿੰਦਾ ਹੈ। ਅਕਸਰ ਇਹ ਵੀ ਹੁੰਦਾ ਹੈ ਕਿ ਉਹ ਆਪਣੀ ਮਹੀਨੇ ਦੀ ਤਨਖਾਹ ਵੀ ਹੌਲੀ-ਹੌਲੀ ਕਰਕੇ ਪਹਿਲੇ ਵੀਹਾਂ ਦਿਨਾਂ ਵਿੱਚ ਹੀ ਪੂਰੀ ਕਰ ਲੈਂਦੀ ਹੈ ਅਤੇ ਫਿਰ ਜੇਕਰ ਕੰਮ ਤੋਂ ਜਵਾਬ ਮਿਲ ਵੀ ਜਾਵੇ ਤਾਂ ਉਸਨੂੰ ਕੋਈ ਫਰਕ ਨਹੀਂ ਪੈਂਦਾ।
ਇਸਦੇ ਨਾਲ ਹੀ ‘ਘਰ ਦਾ ਭੇਤੀ ਲੰਕਾ ਢਾਵੇ’ ਦੀ ਕਹਾਵਤ ਅਨੁਸਾਰ ਨੌਕਰਾਣੀਆਂ ਘਰ ਦੇ ਹਰ ਖੂੰਜੇ ਤੋਂ ਵਾਕਫ਼ ਹੁੰਦੀਆਂ ਨੇ। ਕਿੱਥੇ ਕੀ ਪਿਆ ਹੈ, ਉਨ੍ਹਾਂ ਨੂੰ ਇਸ ਗੱਲ ਦੀ ਸਾਰੀ ਜਾਣਕਾਰੀ ਹੁੰਦੀ ਹੈ ਅਤੇ ਇਹ ਜਾਣਕਾਰੀ ਬਹੁਤ ਵਾਰ ਜੁਰਮ ਕਰਨ ਵਿੱਚ ਸਹਾਈ ਹੁੰਦੀ ਹੈ। ਕੌਣ ਕਿੰਨੇ ਵਜੇ ਨੌਕਰੀ ’ਤੇ ਜਾਂਦਾ ਹੈ? ਘਰ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸੁੰਨਾ ਰਹਿੰਦਾ ਹੈ? ਅਜਿਹੀ ਜਾਣਕਾਰੀ ਨੌਕਰਾਣੀ ਤੋਂ ਪ੍ਰਾਪਤ ਕਰਕੇ ਚੋਰ ਚੰਗੀ ਤਰ੍ਹਾਂ ਘਰ ਦੀ ਸਫਾਈ ਕਰ ਜਾਂਦੇ ਨੇ। ਬਹੁਤ ਥਾਂਵਾਂ ’ਤੇ ਤਾਂ ਨੌਕਰਾਣੀਆਂ ਸਿੱਧਾ ਹੀ ਅਜਿਹੇ ਕੰਮ ਵਿੱਚ ਆਪ ਹੀ ਅੰਜ਼ਾਮ ਦੇ ਜਾਂਦੀਆਂ ਹਨ। ਦੁਖਾਂਤਕ ਪੱਖ ਇਹ ਵੀ ਹੁੰਦਾ ਹੈ ਕਿ ਬਹੁਤ ਸਾਰੇ ਕੇਸਾਂ ਵਿੱਚ ਨੌਕਰਾਣੀਆਂ ਦਾ ਥਹੁ-ਟਿਕਾਣਾ ਵੀ ਪਤਾ ਨਹੀਂ ਹੁੰਦਾ। ਉਸਦੀ ਫੋਟੋ ਵੀ ਨਹੀਂ ਹੁੰਦੀ। ਬੱਸ ਥਾਣੇ ਵਿੱਚ ਇਤਲਾਹ ਵੀ ਉਸਦੇ ਨੈਣ ਨਕਸ਼ਾਂ ਦੇ ਆਧਾਰ ’ਤੇ ਹੀ ਦਿੱਤੀ ਜਾਂਦੀ ਹੈ। ਰਸੋਈ ਵਿੱਚ ‘ਨਿਕ-ਸੁੱਕ’ ਦੀ ਚੋਰੀ ਤਾਂ ਆਮ ਜਿਹੀ ਗੱਲ ਹੈ। ਪਰ ਦੂਜੇ ਪਾਸੇ ਅਜਿਹੇ ਪਹਿਲੂ ਵੀ ਸਾਹਮਣੇ ਆਏ ਹਨ, ਜਿੱਥੇ ਨੌਕਰਾਣੀ ਦਾ ਰੱਜ ਕੇ ਸ਼ੋਸ਼ਣ ਇਸ ਕਰਕੇ ਕੀਤਾ ਜਾਂਦਾ ਹੈ ਕਿ ਉਹ ਅੰਤਾਂ ਦੀ ਗਰੀਬ ਹੁੰਦੀ ਹੈ। ਉਹਦਾ ਆਪਣਾ ਮਾਸੂਮ ਵਿਲਕ ਰਿਹਾ ਹੁੰਦਾ ਹੈ ਪਰ ਉਹ ਘਰ ਦੇ ‘ਰਾਜਕੁਮਾਰ’ ਨੂੰ ਸੰਭਾਲਣ ਲਈ ਮਜਬੂਰ ਹੁੰਦੀ ਹੈ। ਪੇਟ ਦੀ ਅੱਗ ਸਾਹਮਣੇ ਉਹਦੀ ਮਮਤਾ ਸਿਸਕ ਰਹੀ ਹੁੰਦੀ ਹੈ। ਘਰ ਦੇ ਮਾਲਕਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ। ਕਈ ਵਾਰ ਘਰ ਬੱਚਾ ਬਿਮਾਰ ਹੁੰਦਾ ਹੈ ਅਤੇ ਮਾਲਕਣ ਨੂੰ ਕੀਤੀ ਰਹਿਮ ਦੀ ਅਪੀਲ ਦਾ ਜਵਾਬ ‘ਕੁਛ ਨੀ ਹੁੰਦਾ ਉਹਨੂੰ, ਤੂੰ ਕੰਮ ਕਰ’ ਜਿਹੇ ਜਵਾਬ ਨਾਲ ਉਹਦਾ ਹਿਰਦਾ ਛਲਣੀ ਹੋ ਜਾਂਦਾ ਹੈ।
ਕਦੇ ਨੌਕਰਾਣੀਆਂ ਦੀ ਆਪਣੇ ਮਾਲਕ/ਮਾਲਕਣ ਪ੍ਰਤੀ ਵਫ਼ਾਦਾਰੀ ਮਸ਼ਹੂਰ ਹੁੰਦੀ ਸੀ। ਅਜਿਹੇ ਅੰਧ ਵਿਸ਼ਵਾਸ ਅਤੇ ਅਗਿਆਨਤਾ ਕਾਰਨ ਈਰਖਾ ਭਾਰੂ ਨਹੀਂ ਸੀ ਹੁੰਦੀ, “ਇਨ੍ਹਾਂ ਨੇ ਪਿਛਲੇ ਜਨਮ ਵਿੱਚ ਕੋਈ ਚੰਗੇ ਕਰਮ ਕੀਤੇ ਹੋਏ ਨੇ” ਜਾਂ ਫਿਰ “ਅਸੀਂ ਤਾਂ ਜੰਮੇ ਹੀ ਇਨ੍ਹਾਂ ਦੀ ਸੇਵਾ ਕਰਨ ਨੂੰ ਹਾਂ, ਸਾਡੇ ਕਰਮਾਂ ਵਿੱਚ ਆਰਾਮ ਕਿੱਥੇ?” ਜਿਹੀ ਸੋਚ ਹੁਣ ਵਿਗਿਆਨਕ ਜਾਗਰਿਤੀ ਕਾਰਨ ਬਦਲ ਰਹੀ ਹੈ ਅਤੇ ਹੁਣ ਗਰੀਬੀ ਅਮੀਰੀ ਨੂੰ ਨਿਰੀ ਰੱਬ ਦੀ ਪੈਦਾਵਾਰ ਨਹੀਂ ਸਮਝਿਆ ਜਾਂਦਾ, ਸਗੋਂ ਆਰਥਿਕ ਨਾ ਬਰਾਬਰੀ ਨੂੰ ਬੇਇਨਸਾਫ਼ੀ ਦੀ ਪੈਦਾਵਾਰ ਸਮਝਿਆ ਜਾਂਦਾ ਹੈ। ਇਸੇ ਕਾਰਨ ਕੰਮ ਵਾਲੀਆਂ ਹੁਣ ਮਾਲਕ/ਮਾਲਕਣ ਦੀ ਜਾਇਜ਼-ਨਾਜਾਇਜ਼ ਗੱਲ ਨੂੰ ਰੱਬੀ ਹੁਕਮ ਨਹੀਂ ਸਮਝਦੀਆਂ।
*****
(1465)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)