MohanSharma7ਬੱਸ, ਅੱਜ ਤੋਂ ਤੁਸੀਂ ਉਨ੍ਹਾਂ ਲਈ ਨਹੀਂ ਰੋਣਾ, ਜਿਹੜੇ ਥੋਡੇ ਬਣੇ ਹੀ ਨਹੀਂ ...
(27 ਫਰਵਰੀ 2019)

 

ਨੌਜਵਾਨ ਵਰਗ ਦਾ ਵੱਡਾ ਹਿੱਸਾ ਇਹ ਭੁੱਲ ਚੁੱਕਿਆ ਹੈ ਕਿ ਸਾਲ ਦੇ ਮਈ ਮਹੀਨੇ ਵਿੱਚ ਪਿਤਾ ਦਿਵਸ ਮਨਾਕੇ ਪਿਤਾ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ ਜਾਂਦਾ ਹੈ ਅਤੇ ਜੂਨ ਮਹੀਨੇ ਵਿੱਚ ਮਾਂ ਦਿਵਸ ਦੇ ਦਿਨ ਰੱਬ ਦਾ ਦੂਜਾ ਰੂਪ ਮਾਂ ਪ੍ਰਤੀ ਨਤਮਸਤਕ ਹੋਣ ਦਾ ਦਿਨ ਮਨਾਇਆ ਜਾਂਦਾ ਹੈ। ਜੁਲਾਈ ਦੇ ਮਹੀਨੇ ਵਿੱਚ ਮਾਪੇ ਦਿਵਸ ਨੂੰ ਵੀ ਭੁੱਲ ਚੁੱਕੇ ਹਨ ਅਤੇ ਅਕਤੂਬਰ ਦੇ ਮਹੀਨੇ ਸੀਨੀਅਰ ਸਿਟੀਜਨਜ਼ ਡੇ ਵੀ ਉਨ੍ਹਾਂ ਦੇ ਚੇਤਿਆਂ ਵਿੱਚੋਂ ਮਨਫ਼ੀ ਹੋ ਚੁੱਕਿਆ ਹੈ। ਹਾਂ, ਫਰਵਰੀ ਦੇ ਦੂਜੇ ਹਫ਼ਤੇ ਮਨਾਇਆ ਜਾਣ ਵਾਲਾ ਵੈਲੇਨਟਾਈਨ ਡੇ ਉਨ੍ਹਾਂ ਨੂੰ ਹਮੇਸ਼ਾ ਯਾਦ ਰਹਿੰਦਾ ਹੈ। ਇਸ ਦਿਨ ਨੌਜਵਾਨ ਵਰਗ ਵੱਡੀ ਗਿਣਤੀ ਵਿੱਚ ਕਾਲਜਾਂ, ਪਾਰਕਾਂ, ਬਜ਼ਾਰਾਂ ਅਤੇ ਹੋਰ ਅਜਿਹੀਆਂ ਥਾਵਾਂ ’ਤੇ ਪਿਆਰ ਜਿਹੇ ਪਵਿੱਤਰ ਸ਼ਬਦ ਦੀ ਦੁਰਵਰਤੋਂ ਕਰਦਿਆਂ ਨੌਜਵਾਨ ਕੁੜੀਆਂ ਪ੍ਰਤੀ ਅਸ਼ਲੀਲ ਸ਼ਬਦਾਂ ਦੀ ਵਰਤੋਂ, ਕਾਮ ਵਾਸਨਾ ਭਰਪੂਰ ਨਜ਼ਰਾਂ ਦੇ ਤੀਰ ਅਤੇ ਹੁੜਦੁੰਗ ਮਚਾ ਕੇ ਰੋਮ ਦੇ ਧਾਰਮਿਕ ਆਗੂ ਵੈਲੇਨਟਾਈਨ ਨੂੰ ‘ਸ਼ਰਧਾ ਦੇ ਫੁੱਲ’ ਭੇਂਟ ਕਰਦੇ ਹਨ। ਇਸ ਦਿਨ ਪੁਲਿਸ ਕਰਮਚਾਰੀਆਂ ਨੂੰ ਅਜਿਹੇ ਭੂੰਡ ਆਸ਼ਕਾਂ ’ਤੇ ਬਾਜ਼ ਅੱਖ ਰੱਖਣ ਲਈ ਵਿਸ਼ੇਸ਼ ਤੌਰ ’ਤੇ ਨਿਯੁਕਤ ਕੀਤਾ ਜਾਂਦਾ ਹੈ। ਪਰ ਅਕਾਲ ਡਿਗਰੀ ਕਾਲਜ ਫਾਰ ਵੁਮੈਨ ਸੰਗਰੂਰ ਦੀਆਂ ਜਰਨਲਿਜ਼ਮ ਦੀ ਪੜ੍ਹਾਈ ਕਰਨ ਵਾਲੀਆਂ ਵਿਦਿਆਰਥਣਾਂ ਨੇ ਵਿਲੱਖਣ ਢੰਗ ਨਾਲ ਵੈਲਨਟਾਈਨ ਡੇ ਮਨਾ ਕੇ ਨੌਜਵਾਨ ਵਰਗ ਨੂੰ ਸੁਨੇਹਾ ਦਿੱਤਾ ਕਿ ਪਿਆਰ ਦੀ ਪਰਿਭਾਸ਼ਾ ਸਿਰਫ਼ ਮੁੰਡੇ ਕੁੜੀਆਂ ਦੇ ਆਪਸੀ ਮੋਹ ਨਾਲ ਹੀ ਸਬੰਧਤ ਨਹੀਂ, ਸਗੋਂ ਇਸ ਦਿਨ ਨੂੰ ਸਮਾਜ ਦੇ ਪੀੜਤ ਵਰਗ ਨਾਲ ਮਨਾ ਕੇ ਅਥਾਹ ਖੁਸ਼ੀ ਅਤੇ ਸਕੂਨ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕਦਾ ਹੈ।

ਇਸ ਕਾਲਜ ਦੀਆਂ 30 ਕੁ ਕੁੜੀਆਂ ਦੇ ਕਾਫ਼ਲੇ ਨੇ ਸੰਗਰੂਰ ਦੇ ਲਾਗਲੇ ਪਿੰਡ ਬਡਰੁੱਖਾਂ ਦੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ‘ਵੈਲਨਟਾਈਨ ਡੇ’ ਮਨਾਉਣ ਦਾ ਪ੍ਰੋਗਰਾਮ ਉਲੀਕ ਲਿਆ ਅਤੇ ਇਸ ਸਬੰਧੀ ਆਸ਼ਰਮ ਦੇ ਪ੍ਰਬੰਧਕਾਂ ਤੋਂ 2 ਦਿਨ ਪਹਿਲਾਂ ਅਗੇਤੀ ਪ੍ਰਵਾਨਗੀ ਵੀ ਲੈ ਲਈ। ਨਿਸ਼ਚਿਤ ਦਿਨ ਆਸ਼ਰਮ ਵਿੱਚ ਜਾ ਕੇ ਉਹ ਬਜ਼ੁਰਗਾਂ ਨੂੰ ਇੰਜ ਮਿਲੀਆਂ ਜਿਵੇਂ ਧੀਆਂ ਆਪਣੇ ਬਾਬਲ ਨੂੰ ਮਿਲਦੀਆਂ ਹਨ। ਪਹਿਲਾਂ ਉਨ੍ਹਾਂ ਨੂੰ ਬੜੇ ਪਿਆਰ, ਸਤਿਕਾਰ ਅਤੇ ਅਪਣੱਤ ਨਾਲ ਕਾਲਜ ਦੇ ਹੋਸਟਲ ਤੋਂ ਤਿਆਰ ਕੀਤੀਆਂ ਗਰਮ-ਗਰਮ ਸੇਵੀਆਂ ਪਰੋਸੀਆਂ। ਕੁਝ ਕੁੜੀਆਂ ਨੇ ਆਸ਼ਰਮ ਦੀ ਰਸੋਈ ਵਿੱਚ ਜਾ ਕੇ ਚਾਹ ਬਣਾ ਲਈ ਅਤੇ ਚਾਹ ਪੀਂਦਿਆਂ ਉਨ੍ਹਾਂ ਨਾਲ ਨਿੱਕੀਆਂ ਨਿੱਕੀਆਂ ਮੋਹ-ਭਿੱਜੀਆਂ ਗੱਲਾਂ ਵੀ ਛੋਹ ਲਈਆਂ। ਬਜ਼ੁਰਗਾਂ ਦੇ ਚਿਹਰਿਆਂ ’ਤੇ ਛਾਈ ਘੋਰ ਉਦਾਸੀ ਦੇ ਬਦਲ ਛਟਣ ਲੱਗੇ ਅਤੇ ਚਿਹਰੇ ’ਤੇ ਨਿਰਛਲ ਮੁਸਕਰਾਹਟ ਅਠਖੇਲੀਆਂ ਕਰਨ ਲੱਗ ਪਈ। ਸੋਗੀ ਸੰਨਾਟਾ, ਬੇਬਸੀ, ਚੁੱਪ, ਉਦਰੇਵਾਂ, ਆਪਣਿਆਂ ਦੀ ਬੇਰੁਖੀ ਅਤੇ ਕਬਰਾਂ ਵਰਗੀ ਚੁੱਪ ਦੀ ਥਾਂ ਕੁੜੀਆਂ ਦੇ ਨਿਰਛਲ ਹਾਸੇ, ਮੋਹ ਭਰੇ ਸ਼ਬਦ, ਅਪਣੱਤ ਅਤੇ ਸਤਿਕਾਰ ਭਰੇ ਵਰਤਾਉ ਕਾਰਨ ਮਾਹੌਲ ਖੁਸ਼-ਗਵਾਰ ਹੋ ਗਿਆ।

ਕੁੜੀਆਂ ਨੇ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਦੇ ਕੱਪੜੇ ਧੋਤੇ। ਉਨ੍ਹਾਂ ਵਿੱਚੋਂ ਕਈਆਂ ਨੂੰ ਕੇਸੀ ਇਸ਼ਨਾਨ ਕਰਵਾਇਆ। ਉਨ੍ਹਾਂ ਦੇ ਨਹੁੰ ਕੱਟੇ ਅਤੇ ਫਿਰ ਦੁੱਖ-ਸੁਖਦੀਆਂ ਗੱਲਾਂ ਕੀਤੀਆਂ। ਘਰ ਤੋਂ ਬੇਘਰ ਹੋਣਾ, ਆਪਣਿਆਂ ਦੀ ਬੇਰੁਖੀ ਅਤੇ ਆਸ਼ਰਮ ਵਿੱਚ ਰਹਿਣ ਦਾ ਅਨੁਭਵ ਸਾਂਝਾ ਕਰਦਿਆਂ ਬਜ਼ੁਰਗਾਂ ਦੇ ਅੱਥਰੂ ਪਰਲ-ਪਰਲ ਵਹਿ ਰਹੇ ਸਨ ਅਤੇ ਕੁੜੀਆਂ ਉਨ੍ਹਾਂ ਦੇ ਅੱਥਰੂ ਆਪਣੀ ਚੁੰਨੀ ਦੇ ਲੜ ਨਾਲ ਪੂੰਝਦਿਆਂ ਸਮਝੌਤਾਵਾਦੀ ਨੀਤੀ ’ਤੇ ਚੱਲਣ ਦੀ ਪ੍ਰੇਰਣਾ ਦੇ ਰਹੀਆਂ ਸਨ। ਦਿਲ ਨੂੰ ਝੰਜੋੜਨ ਵਾਲੇ ਇਨ੍ਹਾਂ ਪਲਾਂ ਸਮੇਂ ਕੁੜੀਆਂ ਦੇ ਚਿਹਰਿਆਂ ’ਤੇ ਵੀ ਸੋਗ ਦੀ ਪਰਤ ਜੰਮ ਗਈ। ਸਿਆਣੀਆਂ ਕੁੜੀਆਂ ਨੇ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਲਈ ਗੀਤਾਂ ਦੀ ਛਹਿਬਰ ਲਾ ਦਿੱਤੀ।

ਬਜ਼ੁਰਗਾਂ ਦੇ ਕੰਬਦੇ ਹੱਥ ਗੀਤਾਂ ਦੀ ਲੈਅ ’ਤੇ ਤਾੜੀਆਂ ਪਾਉਣ ਲੱਗ ਪਏ। ਚਿਹਰੇ ’ਤੇ ਮੁਸਕੁਰਾਹਟ ਪਰਤ ਆਈ ਅਤੇ ਬਿਰਧ ਆਸ਼ਰਮ ਦੇ ਵਿਹੜੇ ਵਿੱਚ ਬਜ਼ੁਰਗਾਂ ਦੇ ਆਲੇ-ਦੁਆਲੇ ਮੁਟਿਆਰਾਂ ਦਾ ਨੱਚਣਾ-ਟੱਪਣਾ, ਬੋਲੀਆਂ ਪਾਉਣਾ ਆਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ।

ਅੰਦਾਜ਼ਨ 5 ਘੰਟੇ ਆਸ਼ਰਮ ਵਿੱਚ ਗੀਤ-ਸੰਗੀਤ ਅਤੇ ਹਾਸਿਆਂ ਦਾ ਮੀਂਹ ਪੈਂਦਾ ਰਿਹਾ ਅਤੇ ਬਜ਼ੁਰਗ ਇਸ ਮੀਂਹ ਵਿੱਚ ਭਿੱਜਦੇ ਹੋਏ ਮਾਨਸਿਕ ਸਕੂਨ ਪ੍ਰਾਪਤ ਕਰਦੇ ਰਹੇ। ਉਨ੍ਹਾਂ ਦੇ ਚਿਹਰਿਆਂ ਤੋਂ ਤਣਾਉ ਅਤੇ ਉਦਾਸੀ ਪਰ ਲਾ ਕੇ ਉੱਡ ਗਈ। ਜਦੋਂ ਕੁੜੀਆਂ ਨੇ ਉਨ੍ਹਾਂ ਨੂੰ ਗਲਵਕੜੀ ਪਾ ਕੇ ਜਾਣ ਦੀ ਆਗਿਆ ਮੰਗੀ ਤਾਂ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਤੈਰਦਾ ਪ੍ਰਸ਼ਨ ਕੁੜੀਆਂ ਨੇ ਪੜ੍ਹ ਲਿਆ ਸੀ ਅਤੇ ਉਨ੍ਹਾਂ ਨੇ ਮੌਹ ਭਰੇ ਲਹਿਜ਼ੇ ਵਿੱਚ ਕਿਹਾ, “ਵਾਅਦਾ ਹੈ ਇਹ ਦਿਨ ਤਾਂ ਅਸੀਂ ਹਰ ਸਾਲ ਥੋਡੇ ਨਾਲ ਮਨਾਉਣਾ ਹੀ ਹੈ, ਉਂਝ ਵੀ ਅਸੀਂ ਸਮੇਂ ਸਮੇਂ ਸਿਰ ਥੋਡੇ ਕੋਲ ਆਉਂਦੀਆਂ ਰਹਾਂਗੀਆਂ। ... ਭਲਾ ਧੀਆਂ ਵੀ ਕਦੇ ਮਾਪਿਆਂ ਤੋਂ ਦੂਰ ਹੋਈਆਂ ਨੇ? ਤੁਸੀਂ ਆਵਾਜ਼ ਮਾਰਿਉ , ਅਸੀਂ ਝੱਟ ਇੱਥੇ ਪਹੁੰਚ ਜਾਵਾਂਗੀਆਂ।” ਫਿਰ ਉਨ੍ਹਾਂ ਵਿੱਚੋਂ ਇੱਕ ਕੁੜੀ ਨੇ ਮਾਸੂਮ ਲਹਿਜੇ ਵਿੱਚ ਕਿਹਾ, “ਤੁਸੀਂ ਵੀ ਸਾਡੇ ਨਾਲ ਵਾਅਦਾ ਕਰੋ ਇੱਕ ...”

“ਦੱਸ ਬੀਬਾ! ਕਿਹੜਾ ਵਾਅਦਾ ਕਰੀਏ?” ਬਜ਼ੁਰਗਾਂ ਵਿੱਚੋਂ ਇੱਕ ਨੇ ਗੰਭੀਰ ਹੋ ਕੇ ਕਿਹਾ।

ਉਸ ਕੁੜੀ ਨੇ ਮੋਹ ਨਾਲ ਲਬਰੇਜ਼ ਤਾੜਨਾ ਭਰੇ ਲਹਿਜੇ ਵਿੱਚ ਕਿਹਾ, “ਬੱਸ, ਅੱਜ ਤੋਂ ਤੁਸੀਂ ਉਨ੍ਹਾਂ ਲਈ ਨਹੀਂ ਰੋਣਾ, ਜਿਹੜੇ ਥੋਡੇ ਬਣੇ ਹੀ ਨਹੀਂ। ਇੱਥੇ ਰਹਿ ਕੇ ਖੁਸ਼ ਰਹੋ

“ਠੀਕ ਐ ਧੀਏ! ਐਵੇਂ ਝੁਰਨ ਨਾਲ ਮਿਲਦਾ ਵੀ ਕੀ ਹੈ?” ਇੱਕ ਬਜ਼ੁਰਗ ਨੇ ਸਾਰਿਆਂ ਵੱਲੋਂ ਸਾਂਝਾ ਜਿਹਾ ਜਵਾਬ ਦਿੱਤਾ।

ਕੁੜੀਆਂ ਦਾ ਕਾਫ਼ਲਾ ਵਿਲੱਖਣ ਢੰਗ ਨਾਲ ਬਿਰਧ ਆਸ਼ਰਮ ਵਿੱਚ ਵੈਲਨਟਾਈਨ ਡੇ ਮਨਾ ਕੇ ਜਾਣ ਸਮੇਂ ਸੰਦਲੀ ਪੈੜਾਂ ਦੇ ਨਿਸ਼ਾਨ ਛੱਡ ਗਿਆ।

ਆਸ਼ਰਮ ਦੇ ਪ੍ਰਬੰਧਕ ਬਲਦੇਵ ਸਿੰਘ ਗੋਸਲ, ਸੁਖਵਿੰਦਰ ਸਿੰਘ ਫੁੱਲ ਅਤੇ ਡਾ. ਏ.ਐੱਸ. ਮਾਨ ਮੁਟਿਆਰਾਂ ਦੇ ਸਿਰ ’ਤੇ ਹੱਥ ਰੱਖ ਕੇ ਅਸੀਸਾਂ ਦਾ ਮੀਂਹ ਵਰ੍ਹਾ ਰਹੇ ਸਨ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1496)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author