“ਕੜਕਦੀ ਠੰਢ ਵਿੱਚ ਲੀਡਰ ਦੇ ਮੱਥੇ ’ਤੇ ਪਸੀਨਾ ਆ ਗਿਆ। ਉਹ ਬਿਨਾਂ ਕੁਝ ਬੋਲਿਆਂ ...”
(4 ਜਨਵਰੀ 2022)
1. ਰੋਟੀ ਦਾ ਜੁਗਾੜ
ਪੰਡਾਲ ਰੰਗ-ਬਿਰੰਗੀਆਂ ਝੰਡੀਆਂ ਨਾਲ ਸਜਾਇਆ ਜਾ ਰਿਹਾ ਸੀ। ਮੰਚ ’ਤੇ ਗੱਦੇਦਾਰ ਕੁਰਸੀਆਂ ਰੱਖੀਆਂ ਜਾ ਰਹੀਆਂ ਸਨ। ਆਲੇ-ਦੁਆਲੇ ਚੋਣ ਲੜ ਰਹੇ ਉਮੀਦਵਾਰ ਦੇ ਆਦਮ-ਕੱਦ ਹੋਰਡਿੰਗਜ਼ ਲੱਗੇ ਹੋਏ ਸਨ, ਜਿਨ੍ਹਾਂ ਵਿੱਚ ਉਸ ਵੱਲੋਂ ਦੋਨੋਂ ਹੱਥ ਜੋੜ ਕੇ ਲੋਕਾਂ ਦੇ ਸੇਵਕ ਵਜੋਂ ਵੋਟਾਂ ਪਾਉਣ ਦੀ ਅਪੀਲ ਕੀਤੀ ਹੋਈ ਸੀ। ਇਕੱਠ ਦੇ ਮਨੋਰੰਜਨ ਲਈ ਸਟੇਜ ’ਤੇ ਡਿਉਟ ਜੋੜੀ ਨੇ ਗੀਤਾਂ ਦੀ ਛਹਿਬਰ ਲਾ ਰੱਖੀ ਸੀ। ਪੰਡਾਲ ਦੇ ਅੱਗਿਉਂ ਦੀ ਖੇਤਾਂ ਨੂੰ ਜਾ ਰਿਹਾ ਇੱਕ ਕਾਮਾ ਲੰਘਿਆ। ਉਸ ਨੂੰ ਅੰਦਰ ਆਉਣ ਦਾ ਇਸ਼ਾਰਾ ਕਰਦਿਆਂ ਉਮੀਦਵਾਰ ਦਾ ਹਿਮਾਇਤੀ ਕਹਿਣ ਲੱਗਿਆ, “ਭਾਈ ਸਾਹਿਬ, ਅੰਦਰ ਬੈਠੋ। ਲੀਡਰ ਸਾਹਿਬ ਆਉਣ ਵਾਲੇ ਨੇ। ਉਨ੍ਹਾਂ ਦਾ ਭਾਸ਼ਨ ਸੁਣ ਕੇ ਜਾਇਉ।”
ਕਾਮੇ ਨੇ ਬੇਰੁਖੀ ਜਿਹੀ ਨਾਲ ਜਵਾਬ ਦਿੱਤਾ, “ਸਾਨੂੰ ਆਪਣਾ ਕੰਮ ਪਿਆਰਾ ਐ। ਆਥਣ ਨੂੰ ਕਿਰਤ ਕਰਕੇ ਆਪਣਾ ਅਤੇ ਪਰਿਵਾਰ ਦਾ ਢਿੱਡ ਭਰਨੈ। ਭਾਸ਼ਨ ਕਿਹੜਾ ਸਾਨੂੰ ਰੋਟੀ ਦੇਦ?।”
ਇਹ ਕਹਿੰਦਿਆਂ ਉਹਦੇ ਮੱਥੇ ’ਤੇ ਤਿਉੜੀਆਂ ਉੱਭਰ ਆਈਆਂ ਸਨ।
***
2. ਪਾਰਟੀ
ਚੋਣ ਜਲਸੇ ਲਈ ਤਿਆਰੀਆਂ ਜ਼ੋਰਾਂ ’ਤੇ ਸਨ। ਲੋਕ ਟਰੱਕਾਂ, ਬੱਸਾਂ, ਟਰਾਲੀਆਂ ਅਤੇ ਪੈਦਲ ਪੰਡਾਲ ਵੱਲ ਵਧ ਰਹੇ ਸਨ। ਰਾਜਸੀ ਪਾਰਟੀ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਵਜੋਂ ਚੋਣ ਲੜ ਰਿਹਾ ਉਮੀਦਵਾਰ ਪਹੁੰਚਣ ਹੀ ਵਾਲਾ ਸੀ। ਇਲਾਕਾ ਇਨਚਾਰਜਾਂ ਅਤੇ ਪਾਰਟੀ ਵਰਕਰਾਂ ਨੇ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਭੀੜ ਇਕੱਠੀ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ।
ਗੇਟ ਉੱਤੇ ਮੈਟਲ ਡਿਟੈਕਟਰ ਲਾਇਆ ਹੋਇਆ ਸੀ। ਪੁਲੀਸ ਵਾਲੇ ਕਿਸੇ ਮੰਦਭਾਗੀ ਘਟਨਾ ਦੇ ਬਚਾਉ ਲਈ ਸੁਚੇਤ ਸਨ। ਇੱਕ ਮਜ਼ਦੂਰ ਦੇ ਮੈਟਲ ਡਿਟੈਕਟਰ ਲਾਉਂਦਿਆਂ ਪੁਲੀਸ ਵਾਲੇ ਨੇ ਉਸ ਨੂੰ ਸਰਸਰੀ ਪੁੱਛ ਲਿਆ, “ਕਿਹੜੀ ਪਾਰਟੀ ਐ ਬਈ ਤੇਰੀ? ”
“ਬੱਸ ਜੀ ...” ਉਹ ਅਗਾਂਹ ਕੁਝ ਨਹੀਂ ਬੋਲਿਆ। ਉਹਦਾ ਹੱਥ ਭੁੱਖੇ ਪੇਟ ’ਤੇ ਚਲਾ ਗਿਆ ਸੀ।
***
3. ਗੱਲਾਂ ਦਾ ਕੜਾਹ
ਭਰਵੇਂ ਇਕੱਠ ਵਿੱਚ ਇੱਕ ਪਾਰਟੀ ਦਾ ਲੀਡਰ ਲੋਕਾਂ ਨੂੰ ਵੋਟਾਂ ਪਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਰਿਆਇਤਾਂ ਦਾ ਐਲਾਨ ਕਰ ਰਿਹਾ ਸੀ, “ਸਾਡੀ ਸਰਕਾਰ ਆਉਣ ’ਤੇ 18 ਸਾਲ ਤੋਂ ਉੱਪਰ ਦੀਆਂ ਧੀਆਂ ਭੈਣਾਂ ਦੇ ਖਾਤਿਆਂ ਵਿੱਚ ਘਰ ਬੈਠਿਆਂ 15 ਸੌ ਰੁਪਇਆ ਮਹੀਨਾ ਜਮ੍ਹਾਂ ਹੋ ਜਾਇਆ ਕਰੇਗਾ। 60 ਸਾਲ ਤੋਂ ਉੱਪਰ ਦੇ ਹਰ ਬਜ਼ੁਰਗ ਨੂੰ 5 ਹਜ਼ਾਰ ਰੁਪਇਆ ਮਹੀਨਾ ਪੈਨਸ਼ਨ ਮਿਲੇਗੀ। ਤੁਹਾਡੇ ਮੁੰਡੇ ਕੁੜੀ ਦੇ ਵਿਆਹ ਲਈ ਦੋ ਸਜੀਆਂ ਸਜਾਈਆਂ ਕਾਰਾਂ ਮੁਫ਼ਤ ਭੇਜੀਆਂ ਜਾਣਗੀਆਂ। ਹਰ ਮੁੰਡੇ ਨੂੰ ਨੌਕਰੀ ਦੇਣ ਦੀ ਸਾਡੀ ਗਾਰੰਟੀ ਪੱਕੀ। ਥੋਨੂੰ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਧੱਕੇ ਨਹੀਂ ਖਾਣੇ ਪੈਣਗੇ। ਅਫਸਰ ਥੋਡੇ ਕੋਲ ਆਉਣਗੇ ਕੰਮ ਕਰਨ। ਬੱਸ ਤੁਸੀਂ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਦਿਉ। ਥੋਡੇ ਵਾਰੇ-ਨਿਆਰੇ ਕਰਨੇ ਸਾਡੀ ਜ਼ਿੰਮੇਵਾਰੀ ...।”
ਇੱਕ ਬਜ਼ੁਰਗ ਨੇ ਸਟੇਜ ’ਤੇ ਜਾ ਕੇ ਉਹਦੇ ਵੱਲ ਮੂੰਹ ਕਰਕੇ ਉੱਚੀ ਆਵਾਜ਼ ਵਿੱਚ ਕਿਹਾ, “ਥੋਡੇ ਵਰਗਿਆਂ ਤੋਂ ਇਹ ਕੁਝ ਸੁਣਦਿਆਂ ਸਾਡੇ ਵਰਗਿਆਂ ਦੀ ਦਾੜ੍ਹੀ ਵੀ ਬੱਗੀ ਹੋ ਗਈ। ਐਵੇਂ ਗੱਲਾਂ ਦਾ ਕੜਾਹ ਨਾ ਬਣਾਉ। ਸਰਕਾਰ ਤਾਂ ਪੋਟਾ-ਪੋਟਾ ਕਰਜ਼ੇ ਨਾਲ ਵਿੰਨ੍ਹੀ ਪਈ ਐ। ਇਹ ਕਰਜ਼ਾ ਵੀ ਸਾਡੇ ’ਤੇ ਹੀ ਬੋਝ ਐ। ਕਰਜ਼ਈ ਸੂਬੇ ਦਾ ਕਰਜ਼ਾ ਮੋੜਨ ਦੀ ਗੱਲ ਕਰੋ ਪਹਿਲਾਂ। ਰੰਗਲਾ ਪੰਜਾਬ ਤਾਂ ਲੀਡਰਾਂ ਨੇ ਨੰਗ ਕਰਤਾ, ਐਵੇਂ ਬੁਰਕੀਆਂ ਜਿਹੀਆਂ ਪਾ ਕੇ ਸਾਨੂੰ ਖਰੀਦਣ ਦੀ ਕੋਸ਼ਿਸ਼ ਹੁਣ ਨਹੀਂ ਚੱਲਣੀ।”
ਬਜ਼ੁਰਗ ਦੀ ਕਹੀ ਗੱਲ ’ਤੇ ਲੋਕਾਂ ਵੱਲੋਂ ਵੱਜੀਆਂ ਤਾੜੀਆਂ ਉਨ੍ਹਾਂ ਦੀ ਸਹਿਮਤੀ ਦਾ ਪ੍ਰਗਟਾਵਾ ਸਨ।
***
4. ਲੋਕਾਂ ਦੀ ਜਾਗਰੂਕਤਾ
ਚੋਣਾਂ ਦੇ ਦਿਨਾਂ ਵਿੱਚ ਇੱਕ ਨੇਤਾ ਆਪਣੀ ਜੱਦੀ ਪਾਰਟੀ ਤੋਂ ਟਪੂਸੀ ਮਾਰ ਕੇ ਦੂਜੀ ਪਾਰਟੀ ਵਿੱਚ ਚਲਾ ਗਿਆ। ਦੂਜੀ ਪਾਰਟੀ ਦਾ ਟਿਕਟ ਵੀ ਮਿਲ ਗਿਆ। ਜ਼ੋਰ-ਸ਼ੋਰ ਨਾਲ ਚੋਣ ਮੁਹਿੰਮ ਸ਼ੁਰੂ ਕਰਨ ਉਪਰੰਤ ਉਹ ਪਿੰਡ ਦੇ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨ ਚਲਾ ਗਿਆ। ਨੇਤਾ ਜੀ ਦੇ ਲੱਠਮਾਰ ਚੇਲਿਆਂ ਨੇ ਇਕੱਠ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਨੇਤਾ ਜੀ ਸਟੇਜ ’ਤੇ ਪੁੱਜ ਗਿਆ।
ਨੌਜਵਾਨ ਸਭਾ ਨੇ ਪਹਿਲਾਂ ਹੀ ਵਿਉਂਤਬੰਦੀ ਕਰ ਲਈ ਸੀ ਅਤੇ ਉਹ ਪ੍ਰਬੰਧਕਾਂ ਨਾਲ ਘਿਉ-ਖਿਚੜੀ ਹੋ ਕੇ ਇਹ ਪ੍ਰਭਾਵ ਦੇਣ ਵਿੱਚ ਕਾਮਯਾਬ ਹੋ ਗਏ ਕਿ ਉਹ ਨੇਤਾ ਜੀ ਦੇ ਪੱਕੇ ਸਪੋਰਟਰ ਹਨ ਅਤੇ ਵੋਟਾਂ ਵਿੱਚ ਚਟਾਨ ਵਾਂਗ ਉਸ ਨਾਲ ਖੜੋਤੇ ਹਨ। ਨੇਤਾ ਜੀ ਸਟੇਜ ’ਤੇ ਪੁੱਜ ਗਿਆ। ਸਟੇਜ ਸਕੱਤਰ ਨੇ ਨੌਜਵਾਨ ਸਭਾ ਦੇ ਪ੍ਰਧਾਨ ਨੂੰ ਸਵਾਗਤੀ ਸ਼ਬਦ ਕਹਿਣ ਲਈ ਸਟੇਜ ’ਤੇ ਸੱਦਾ ਦਿੱਤਾ। ਪ੍ਰਧਾਨ ਨੇ ਆਉਂਦਿਆਂ ਹੀ ਆਪਣੇ ਸੰਬੋਧਨ ਵਿੱਚ ਕਿਹਾ, “ਪੰਜ ਸਾਲ ਪਹਿਲਾਂ ਇਹ ਲੀਡਰ ਸਾਹਿਬ ਕਿਸੇ ਹੋਰ ਪਾਰਟੀ ਦੇ ਚੋਣ ਨਿਸ਼ਾਨ ’ਤੇ ਸਾਡੇ ਕੋਲੋਂ ਵੋਟਾਂ ਮੰਗਣ ਆਏ ਸਨ। ਅਸੀਂ ਬੜੀਆਂ ਆਸਾਂ ਨਾਲ ਵੋਟਾਂ ਪਾ ਕੇ ਇਨ੍ਹਾਂ ਨੂੰ ਕਾਮਯਾਬ ਵੀ ਕੀਤਾ। ਇਨ੍ਹਾਂ ਨੇ ਉਸ ਸਮੇਂ ਜਿਹੜੀ ਵਾਅਦਿਆਂ ਦੀ ਝੜੀ ਸਾਡੇ ਸਾਹਮਣੇ ਲਾਈ ਸੀ, ਉਸ ਭਾਸ਼ਣ ਦੀ ਕੈਸਟ ਅਸੀਂ ਸਾਂਭ ਕੇ ਰੱਖੀ ਹੋਈ ਹੈ। ਤੁਸੀਂ ਇਹ ਕੈਸਟ ਸੁਣ ਕੇ ਲੀਡਰ ਸਾਹਿਬ ਨੂੰ ਪੁੱਛ ਲੈਣਾ ਕਿ ਕੀਤੇ ਗਏ ਵਾਅਦਿਆਂ ਦਾ ਕੀ ਬਣਿਆ?”
ਲੀਡਰ ਸਾਹਿਬ ਵਾਲੀ ਕੈਸਟ ਵਿੱਚ ਜਦੋਂ ਬੇਰੁਜ਼ਗਾਰੀ ਦੂਰ ਕਰਨ, ਵਧੀਆ ਸਿਹਤ ਸੇਵਾਵਾਂ ਦੇਣ, ਵਿੱਦਿਅਕ ਪੱਧਰ ਉੱਚਾ ਕਰਨ, ਕਿਸਾਨਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ, ਨਸ਼ਿਆਂ ਦਾ ਖਾਤਮਾ ਕਰਨ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨ ਜਿਹੇ ਵਾਅਦਿਆਂ ਨੂੰ ਸੁਣਿਆ ਤਾਂ ਲੋਕਾਂ ਨੇ ਲੀਡਰ ਵੱਲ ਹੱਥ ਕਰਕੇ, “ਸ਼ਰਮ ਕਰੋ, ਸ਼ਰਮ ਕਰੋ।” ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਕੜਕਦੀ ਠੰਢ ਵਿੱਚ ਲੀਡਰ ਦੇ ਮੱਥੇ ’ਤੇ ਪਸੀਨਾ ਆ ਗਿਆ। ਉਹ ਬਿਨਾਂ ਕੁਝ ਬੋਲਿਆਂ ਸੁਰੱਖਿਆ ਛਤਰੀ ਹੇਠ ਆਪਣੀ ਗੱਡੀ ਵੱਲ ਵਧਿਆ।
ਲੋਕਾਂ ਦੇ ਜਾਗਰੂਕ ਹੋਣ ’ਤੇ ਲੀਡਰ ਡਾਢਾ ਹੀ ਪਰੇਸ਼ਾਨ ਹੋ ਗਿਆ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3254)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)