“ਅਗਲੇ ਦਿਨ ਚਾਈਂ ਚਾਈਂ ਨੇਕ ਚੰਦ ਕਮਿਸ਼ਨਰ ਦੇ ਦਫਤਰ ਪਹੁੰਚ ਗਿਆ। ਉਹਦੇ ਪਹੁੰਚਣ ਤੋਂ ਪਹਿਲਾਂ ...”
(11 ਫਰਵਰੀ 2022)
ਚੰਡੀਗੜ੍ਹ ਜਾ ਕੇ ਜਿਸਨੇ ਰੌਕ ਗਾਰਡਨ ਨਹੀਂ ਵੇਖਿਆ, ਉਹ ਉਸ ਵਿਅਕਤੀ ਵਰਗਾ ਹੀ ਹੈ ਜਿਸਨੇ ਭਰਿਆ ਮੇਲਾ ਅੱਖਾਂ ਮੀਚ ਕੇ ਵੇਖਿਆ ਹੋਵੇ। ਰੌਕ ਗਾਰਡਨ ਚੰਡੀਗੜ੍ਹ ਦੀ ਰੂਹ ਹੈ। ਸੈਕਟਰ ਇੱਕ ਵਿੱਚ ਸੁਖਨਾ ਝੀਲ ਦੇ ਲਾਗੇ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਘਿਰੇ ਰੌਕ ਗਾਰਡਨ ਨੂੰ ਵਿਹੰਦਿਆਂ ਸੈਲਾਨੀਆਂ ਦੇ ਪੈਰ ਤਾਂ ਜ਼ਰੂਰ ਥੱਕ ਜਾਂਦੇ ਨੇ, ਪਰ ਰੂਹ ਤਰੋ ਤਾਜ਼ਾ ਹੋ ਜਾਂਦੀ ਹੈ ਅਤੇ ਨਕਾਰਾ ਵਸਤੂਆਂ ਤੋਂ ਤਿਆਰ ਕੀਤੀਆਂ ਕਲਾ ਕਿਰਤੀਆਂ ਨੂੰ ਵੇਖਕੇ ਇਨ੍ਹਾਂ ਨੂੰ ਸਿਰਜਣ ਵਾਲੇ ਕਲਾਕਾਰ ਨੇਕ ਚੰਦ ਸੈਨੀ ਪ੍ਰਤੀ ਸ਼ਰਧਾ ਨਾਲ ਸਿਰ ਝੁਕ ਜਾਂਦਾ ਹੈ।
ਇਹ ਵਿਲੱਖਣ ਅਤੇ ਖੂਬਸੂਰਤ ਰੌਕ ਗਾਰਡਨ ਨੂੰ ਜੇਕਰ ਸਰਕਾਰੀ ਮਸ਼ੀਨਰੀ ਤਿਆਰ ਕਰਵਾਉਂਦੀ ਤਾਂ ਪਹਿਲੀ ਗੱਲ ਇਹਦੇ ਵਿੱਚ ਹੁਣ ਵਾਲੀ ਖੂਬਸੂਰਤੀ ਨਾ ਹੁੰਦੀ ਅਤੇ ਦੂਜੀ ਵਿਚਾਰਨਯੋਗ ਗੱਲ ਇਹ ਕਿ ਇਹ ਰੌਕ ਗਾਰਡਨ ਕਿੰਨੀ ਦੇਰ ਫਾਈਲਾਂ ਅਤੇ ਟੈਂਡਰਾਂ ਦੇ ਚੱਕਰਾਂ ਵਿੱਚ ਘੁੰਮਦਾ ਰਹਿੰਦਾ ਅਤੇ ਤੀਜਾ, ਇਸ ਰਾਕ ਗਾਰਡਨ ਉੱਤੇ ਘੁਟਾਲਿਆਂ ਦੀ ਗਰਦ ਵੀ ਜੰਮੀ ਹੋਣੀ ਸੀ।
ਪਰ ਇਸ ਨੂੰ ਤਿਆਰ ਕਰਨ ਵਾਲੇ ਸਿਰੜੀ, ਮਿਹਨਤੀ ਅਤੇ ਸਿਦਕਵਾਨ ਨੇਕ ਚੰਦ ਸੈਨੀ ਦੇ ਅੰਦਰ ਤਾਂ ਕਲਾਕਾਰ ਅਠਖੇਲੀਆਂ ਲੈ ਰਿਹਾ ਸੀ। ਪੇਸ਼ੇ ਵਜੋਂ ਲੋਕ ਨਿਰਮਾਣ ਵਿਭਾਗ ਵਿੱਚ ਮੇਟ ਵਜੋਂ ਕੰਮ ਕਰ ਰਿਹਾ ਇਹ ਕਲਾਕਾਰ ਤਾਂ ਸੜਕਾਂ ਅਤੇ ਗਲੀਆਂ ਵਿੱਚ ਨਕਾਰਾ ਸਮਝਕੇ ਸੁੱਟੀਆਂ ਵਸਤੂਆਂ ਨੂੰ ਆਪਣੀ ਰਿਕਸ਼ਾ ਰੇਹੜੀ ਵਿੱਚ ਲੱਦ ਕੇ ਨਿਰਮਾਣ ਅਧੀਨ ਚੰਡੀਗੜ੍ਹ ਦੇ ਇੱਕ ਸਿਰੇ ਤੇ ਸੁਖਨਾ ਝੀਲ ਦੇ ਲਾਗੇ ਪਹਾੜੀਆਂ ਥੱਲੇ ਇਹ ਨਕਾਰਾ ਚੀਜ਼ਾਂ ਦੇ ਢੇਰ ਇਕੱਠੇ ਕਰਦਾ ਰਹਿੰਦਾ, ਜਿਨ੍ਹਾਂ ਵਿੱਚ ਫਿਊਜ਼ ਹੋਈਆਂ ਟਿਊਬਾਂ, ਬਲਬ, ਰੰਗ ਬਿਰੰਗੇ ਵੰਗਾਂ ਦੇ ਟੋਟੇ, ਫਟੇ-ਪੁਰਾਣੇ ਕੱਪੜੇ, ਲੁੱਕ ਵਾਲੇ ਖਾਲੀ ਢੋਲ, ਟੁੱਟੀਆਂ ਪਲੇਟਾਂ, ਰੇਲਵੇ ਦਾ ਕੋਲਾ, ਸਾਈਕਲਾਂ ਦੇ ਨਿਕਾਰਾ ਰਿੰਮ, ਟਾਇਰ, ਮਿੱਟੀ ਦੇ ਭਾਂਡੇ, ਟੁੱਟੇ ਹੋਏ ਗਮਲੇ, ਪਲਾਸਟਿਕ ਦੀਆਂ ਪਾਈਪਾਂ ਆਦਿ ਸਮਾਨ ਉਹਦੀ ਰਿਕਸ਼ਾ ਰੇਹੜੀ ਦਾ ਸਿੰਗਾਰ ਬਣਦੇ ਰਹੇ। ਉਸਦਾ ਇਹ ਸ਼ੌਕ ਜਨੂੰਨ ਦੇ ਰੂਪ ਵਿੱਚ ਇਸ ਹੱਦ ਤਕ ਪਹੁੰਚ ਗਿਆ ਕਿ ਉਹ ਇਹ ਸਮਾਨ ਇਕੱਠਾ ਕਰਨ ਲਈ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਦੀ ਖਾਕ ਵੀ ਛਾਣਦਾ ਰਿਹਾ। ਲੋਕ ਇਸ ਨੇਕ, ਸੁਹਿਰਦ ਅਤੇ ਸਿਰੜੀ ਕਲਾਕਾਰ ਨੂੰ ਕਬਾੜੀਆ ਸਮਝਦੇ ਰਹੇ ਅਤੇ ਕਈ ਤਾਂ ਉਸ ਨੂੰ ਆਵਾਜ਼ ਮਾਰਕੇ ਘਰ ਪਿਆ ਨਿਕਸੁਕ ਚੁਕਾਕੇ ਘਰ ਦੇ ਖੁੰਜਿਆਂ ਨੂੰ ਕਬਾੜ ਰਹਿਤ ਕਰਕੇ ਸੁਖ ਦਾ ਸਾਹ ਲੈਂਦੇ, ਪਰ ਨੇਕ ਚੰਦ ਲਈ ਇਹ ਸਮਾਨ ਕਾਰੂੰ ਦੇ ਖਜ਼ਾਨੇ ਵਾਂਗ ਸੀ।
ਆਪਣੇ ਵਿੱਤ ਤੋਂ ਤਿੱਗਣਾ-ਚੌਗਣਾ ਕੰਮ ਉਹ ਆਪਣੇ ਸਰੀਰ ਤੋਂ ਲੈਂਦਾ ਸੀ। ਸਰਕਾਰੀ ਡਿਊਟੀ ਦੇਣ ਲੱਗਿਆਂ ਉਸਾਰੀ ਅਧੀਨ ਸੜਕ ਦੀ ਦੇਖ ਭਾਲ, ਲੇਬਰ ਤੋਂ ਕੰਮ ਕਰਵਾਉਣਾ, ਨਕਾਰਾ ਮਾਲ ਢੋਹ ਕੇ ਠਿਕਾਣੇ ’ਤੇ ਪਹੁੰਚਾਉਣਾ ਅਤੇ ਫਿਰ ਉਸ ਕੰਡਮ ਮਾਲ ਤੋਂ ਕਲਾ ਕਿਰਤੀਆਂ ਤਿਆਰ ਕਰਨਾ! ਕੋਹਲੂ ਦੇ ਬੈਲ ਵਾਂਗ ਬੱਸ ਉਹ ਆਪਣੇ ਕੰਮ ਵਿੱਚ ਲੱਗਿਆ ਰਹਿੰਦਾ। ਰੰਗ ਬਿਰੰਗੇ ਪੱਥਰ, ਟਿਊਬਾਂ, ਅਤੇ ਹੋਰ ਨਿਕਸੁਕ ਤੋਂ ਉਹ ਇਕੱਲਾ ਹੀ ਕਲਾ ਕਿਰਤੀਆਂ ਤਿਆਰ ਕਰਦਾ ਰਹਿੰਦਾ। ਮੂੰਹ ਹਨੇਰੇ ਤਕ ਉਹ ਆਪਣੇ ਕੰਮ ਵਿੱਚ ਲੱਗਿਆ ਰਹਿੰਦਾ। ਫਿਰ ਉਹ ਤਿਆਰ ਕੀਤੇ ਆਪਣੇ ਸਰਮਾਏ ਨੂੰ ਪਹਾੜਾਂ ਦੀਆਂ ਗੁਫਾਵਾਂ ਵਿੱਚ ਲੁਕੋ ਕੇ ਆਲੇ ਦੁਆਲੇ ਢੋਲ ਰੱਖ ਦਿੰਦਾ ਤਾਂ ਜੋ ਉਹਦੇ ਖੂਨ ਪਸੀਨੇ ਦੀ ਕਮਾਈ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਸਾਲਾਂ ਬੱਧੀ ਉਹ ਇਸ ਕੰਮ ਵਿੱਚ ਖੁੱਭਿਆ ਰਿਹਾ।
ਨਾ ਤਾਂ ਨੇਕ ਚੰਦ ਲੋਕਾਂ ਦੀ ਵਾਹਵਾ ਦਾ ਭੁੱਖਾ ਸੀ ਅਤੇ ਨਾ ਹੀ ਇਹ ਕਲਾ ਕਿਰਤੀਆਂ ਉਸ ਦੀ ਪੇਟ ਪੂਰਤੀ ਜਾਂ ਕਬੀਲਦਾਰੀ ਦੀਆਂ ਲੋੜਾਂ ਪੂਰੀਆਂ ਕਰਨ ਦਾ ਸਾਧਨ ਹੀ ਸੀ। ਉਹ ਲੋਕਾਂ ਦੀ ਵਾਹ ਵਾਹ ਦਾ ਇੱਛੁਕ ਵੀ ਨਹੀਂ ਸੀ।
ਨੇਕ ਚੰਦ ਨੂੰ ਇੱਕ ਦਿਨ ਉਸਦੇ ਲੋਕ ਨਿਰਮਾਣ ਵਿਭਾਗ ਤੋਂ ਲਿਖਤੀ ਆਦੇਸ਼ ਮਿਲਿਆ ਕਿ ਤੁਰੰਤ ਦਫਤਰ ਹਾਜ਼ਰ ਹੋਇਆ ਜਾਵੇ। ਹੁਕਮ ਦਾ ਬੱਝਿਆ ਉਹ ਆਪਣਾ ਕੀਮਤੀ ਸਰਮਾਇਆ ਸੰਭਾਲ ਕੇ ਦਫਤਰ ਪੁੱਜ ਗਿਆ। ਦਫਤਰ ਦੇ ਮੁਖੀ ਨੇ ਉਸ ਨੂੰ ਲਿਖਤੀ ਨੋਟਿਸ ਥਮਾ ਦਿੱਤਾ ਜਿਸ ਵਿੱਚ ਲਿਖਿਆ ਸੀ ਕਿ ਉਹ ਆਪਣੇ ਕੰਮ ਵਿੱਚ ਲਾਪ੍ਰਵਾਹੀ ਵਰਤਣ ਦੇ ਨਾਲ ਨਾਲ ਮਹਿਕਮੇ ਦੇ ਲੁੱਕ ਵਾਲੇ ਖਾਲੀ ਢੋਲ ਸਟੋਰ ਵਿੱਚ ਜਮ੍ਹਾਂ ਕਰਵਾਉਣ ਦੀ ਥਾਂ ਉਨ੍ਹਾਂ ਨੂੰ ਖੁਰਦ ਬੁਰਦ ਕਰਕੇ ਕਮਾਈ ਕਰ ਰਿਹਾ ਹੈ। ਉਸ ਨੂੰ ਜਿੱਥੇ ਗੁੰਮ ਹੋਏ ਲੁੱਕ ਦੇ ਖਾਲੀ ਢੋਲਾਂ ਨੂੰ ਤੁਰੰਤ ਜਮਹਾਂ ਕਰਵਾਉਣ ਲਈ ਕਿਹਾ ਗਿਆ ਉੱਥੇ ਹੀ ਨੌਕਰੀ ਤੋਂ ਬਰਖਾਸਤ ਕਰਨ ਦਾ ਨੋਟਿਸ ਵੀ ਦਿੱਤਾ ਗਿਆ। ਵਿਚਾਰੇ ਕਲਾਕਾਰ ਨੇਕ ਚੰਦ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਮਹਿਕਮਾ ਉਸਦੀ ਕਲਾ ਦਾ ਕੌਡੀ ਮੁੱਲ ਵੀ ਨਾ ਪਾ ਕੇ ਉਸ ਤੋਂ ਰੋਟੀ ਖੋਹਣ ਲਈ ਕਾਹਲਾ ਸੀ। ਵਿਚਾਰਾ ਬੇਵਸ ਨੇਕ ਚੰਦ ਸ਼ਿਵਾਲਕ ਦੀਆਂ ਪਹਾੜੀਆਂ ਕੋਲ ਪਈਆਂ ਆਪਣੀਆਂ ਕਲਾ ਕਿਰਤੀਆਂ ਵੱਲ ਵਿਹੰਦਿਆਂ ਖੂਨ ਦੇ ਅੱਥਰੂ ਕੇਰਦਾ ਰਿਹਾ। ਇੱਕ ਹੱਥ ਉਹ ਮੂਰਤੀਆਂ ’ਤੇ ਫੇਰ ਰਿਹਾ ਸੀ ਅਤੇ ਦੂਜੇ ਹੱਥ ਨਾਲ ਨੈਣਾਂ ਦੇ ਕੋਇਆਂ ਵਿੱਚ ਸਿੰਮਦੇ ਅੱਥਰੂ ਪੂੰਝ ਰਿਹਾ ਸੀ।
ਦੋ ਤਿੰਨ ਦਿਨ ਉਹ ਉਦਾਸੀ ਦੀ ਬੁੱਕਲ ਮਾਰ ਕੇ ਚੰਡੀਗੜ੍ਹ ਦੀਆਂ ਸੜਕਾਂ ’ਤੇ ਘੁੰਮਦਾ ਰਿਹਾ। ਉਹਦੇ ਵਾਂਗ ਉਹਦੀ ਰਿਕਸ਼ਾ ਰੇਹੜੀ ਵੀ ਉਦਾਸ ਸੀ। ਪਤਨੀ ਨੇ ਵੀ ਉਹਨੂੰ ਹੌਸਲਾ ਦਿੱਤਾ। ਆਖਰ ਉਸਨੇ ਨੌਕਰੀ ਛੱਡਣ ਦਾ ਇਰਾਦਾ ਕਰਕੇ ਆਪਣੇ ਕਲਾਤਮਿਕ ਸਫ਼ਰ ਨੂੰ ਜਾਰੀ ਰੱਖਣ ਦਾ ਮਨ ਬਣਾ ਲਿਆ, ਪਰ ਜਿੱਥੇ ਉਹ ਕਲਾਕਿਰਤੀਆਂ ਤਿਆਰ ਕਰਦਾ ਸੀ, ਉਹ ਜ਼ਮੀਨ ਵੀ ਸਰਕਾਰੀ ਸੀ। ਸਰਕਾਰੀ ਕੁਹਾੜਾ ਤਾਂ ਜਿੱਥੇ ਬੇਰਹਿਮ ਹੁੰਦਾ ਹੈ ਉੱਥੇ ਹੀ ਤਿੱਖਾ ਵੀ ਹੁੰਦਾ ਹੈ। ਉਸ ਨੂੰ ਡਰ ਸੀ ਕਿ ਕਿਤੇ ਮੇਰੀ ਸਾਲਾਂ ਦੀ ਮਿਹਨਤ ’ਤੇ ਬੁਲਡੋਜ਼ਰ ਹੀ ਨਾ ਫਿਰ ਜਾਵੇ। “ਜੇ ਇੰਜ ਹੋ ਗਿਆ … ਫਿਰ … ਫਿਰ …” ਇਹ ਸੋਚਦਿਆਂ ਹੀ ਉਹ ਕੰਬ ਜਾਂਦਾ। ਉਸ ਨੂੰ ਲਗਦਾ ਜਿਵੇਂ ਉਸਦੇ ਕੀਮਤੀ ਸਰਮਾਏ ਨੂੰ ਖੂਨੀ ਪੰਜੇ ਨੋਚਣ ਲਈ ਪਰ ਤੋਲ ਰਹੇ ਹੋਣ।
ਉਸ ਵੇਲੇ ਹਾਈ ਕੋਰਟ ਦੇ ਕੁਝ ਨਾਮਵਰ ਵਕੀਲ ਉਸਦੀ ਪਿੱਠ ’ਤੇ ਆ ਗਏ। ਉਨ੍ਹਾਂ ਨੇ ਨੇਕ ਚੰਦ ਨੂੰ ਹੌਸਲਾ ਦਿੰਦਿਆਂ ਵਿਸ਼ਵਾਸ ਦੁਆਇਆ ਕਿ ਇਹ ਦੁਰਲੱਭ ਵਸਤਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਉਹ ਹਰ ਸੰਭਵ ਮਦਦ ਕਰਨਗੇ। ਪਰ ਨਾਲ ਹੀ ਉਨ੍ਹਾਂ ਵੱਲੋਂ ਨੇਕ ਚੰਦ ਨੂੰ ਸੁਝਾਅ ਦਿੱਤਾ ਗਿਆ ਕਿ ਚੰਡੀਗੜ੍ਹ ਦਾ ਕਮਿਸ਼ਨਰ ਮਹਿੰਦਰ ਸਿੰਘ ਰੰਧਾਵਾ ਰਹਿਮ ਦਿਲ, ਕਲਾ ਪਾਰਖੂ, ਲੇਖਕ, ਪੰਜਾਬੀ ਵਿਰਸੇ ਦੀ ਕਦਰ ਕਰਨ ਵਾਲਾ ਅਤੇ ਕੁਦਰਤ ਪ੍ਰੇਮੀ ਹੈ। ਉਸ ਨੂੰ ਉਹਦੇ ਦਫਤਰ ਵਿੱਚ ਜਾ ਕੇ ਆਪਣੀ ਤਕਲੀਫ ਦੱਸੋ। ਉਹ ਤੇਰੀ ਹਰ ਸੰਭਵ ਮਦਦ ਕਰਨਗੇ। ਇਹ ਗੱਲ 1966 ਦੀ ਹੈ। ਨੇਕ ਚੰਦ ਹੌਸਲਾ ਕਰਕੇ ਕਮਿਸ਼ਨਰ ਦੇ ਦਫਤਰ ਚਲਿਆ ਗਿਆ। ਅਰਦਲੀ ਨੇ ਉਸਦੀ ਤਰਸਯੋਗ ਹਾਲਤ ਵੇਖਕੇ ਉਸ ਨੂੰ ਅੰਦਰ ਕਮਿਸ਼ਨਰ ਮਹਿੰਦਰ ਸਿੰਘ ਰੰਧਾਵਾ ਕੋਲ ਭੇਜ ਦਿੱਤਾ। ਰੰਧਾਵਾ ਅੱਗੇ ਪੇਸ਼ ਹੋ ਕੇ ਨੇਕ ਚੰਦ ਨੇ ਆਪਣੀ ਕਲਾ ਦੇ ਸਫ਼ਰ ਵਿੱਚ ਆ ਰਹੀਆਂ ਦੁਸ਼ਵਾਰੀਆਂ ਦੇ ਨਾਲ ਨਾਲ ਲੋਕ ਨਿਰਮਾਣ ਵਿਭਾਗ ਵੱਲੋਂ ਨੌਕਰੀ ਤੋਂ ਕੱਢਣ ਦਾ ਨੋਟਿਸ ਵੀ ਵਿਖਾ ਦਿੱਤਾ। ਕਲਾ-ਪਾਰਖੂ ਮਹਿੰਦਰ ਸਿੰਘ ਨੇ ਚੰਗੀ ਤਰ੍ਹਾਂ ਭਾਂਪ ਲਿਆ ਕਿ ਸਰਕਾਰੀ ਅਫਸਰ ਕਲਾਕਾਰ ਦੀਆਂ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਕੁਚਲ ਰਹੇ ਹਨ। ਉਸਨੇ ਨੇਕ ਚੰਦ ਨੂੰ ਆਪਣੇ ਰਿਟਾਇਰਰੰਗ ਰੂਮ ਵਿੱਚ ਬਿਠਾ ਕੇ ਚਾਹ ਪਿਲਾਈ ਅਤੇ ਨਾਲ ਹੀ ਨਿਮਰਤਾ ਨਾਲ ਕਿਹਾ, “ਇੰਜ ਕਰ ਨੇਕ ਚੰਦ, ਹੇਠਾਂ ਜਾ ਕੇ ਮੇਰੀ ਗੱਡੀ ਕੋਲ ਖੜ੍ਹ ਜਾ। ਮੈਂ ਆਪਣਾ ਕੰਮ ਨਿਬੇੜ ਕੇ ਪੰਜ ਵਜੇ ਹੇਠਾਂ ਆਵਾਂਗਾ। ਫਿਰ ਤੇਰੇ ਨਾਲ ਜਾ ਕੇ ਤੇਰਾਂ ਕੰਮ ਵੇਖਾਂਗਾ। ਪਰਵਾਹ ਨਾ ਕਰ। ਤੇਰੀ ਡਟਕੇ ਮਦਦ ਕਰਾਂਗਾ।”
“ਮਹਿੰਦਰ ਸਿੰਘ ਰੰਧਾਵਾ ਦੇ ਬੋਲ ਨੇਕ ਚੰਦ ਸੈਨੀ ਨੂੰ ਇੰਜ ਲੱਗੇ ਜਿਵੇਂ ਭਟਕਦੇ ਮੁਸਾਫਰ ਨੂੰ ਪਨਾਹ ਮਿਲ ਗਈ ਹੋਵੇ। ਉਹ ਚਾਈਂ ਚਾਈਂ ਹੇਠਾਂ ਜਾਕੇ ਰੰਧਾਵਾ ਜੀ ਦੀ ਗੱਡੀ ਲਾਗੇ ਖੜੋ ਗਿਆ। ਪੰਜ ਵਜੇ ਰੰਧਾਵਾ ਜੀ ਨੇ ਆਪਣੀ ਗੱਡੀ ਵਿੱਚ ਬਹਿੰਦਿਆਂ ਨੇਕ ਚੰਦ ਨੂੰ ਵੀ ਗੱਡੀ ਵਿੱਚ ਬੈਠਣ ਦਾ ਇਸ਼ਾਰਾ ਕਰ ਦਿੱਤਾ। ਨੇਕ ਚੰਦ ਡਰਾਈਵਰ ਨੂੰ ਰਾਹ ਦੱਸਦਾ ਰਿਹਾ ਅਤੇ ਸ਼ਿਵਾਲਕ ਦੀਆਂ ਪਹਾੜੀਆਂ ਹੇਠਾਂ ਗੱਡੀ ਨੂੰ ਰੋਕ ਦਿੱਤਾ। ਫਿਰ ਉਸਨੇ ਲੁਕ ਵਾਲੇ ਢੋਲਾਂ ਨੂੰ ਪਰ੍ਹਾਂ ਕਰਕੇ ਆਪਣੀਆਂ ਕਲਾ ਕਿਰਤੀਆਂ ਵਿਖਾਈਆਂ। ਰੰਧਾਵਾ ਦੀ ਪਾਰਖੂ ਅੱਖ ਕਲਾ ਕਿਰਤੀਆਂ ਨੂੰ ਵੇਖ ਕੇ ਅਸ਼ ਅਸ਼ ਕਰ ਉੱਠੀ। ਨੇਕ ਚੰਦ ਦੀ ਬਾਂਹ ਫੜਕੇ ਉਹ ਉਸ ਨੂੰ ਸ਼ਿਵਾਲਕ ਦੀਆਂ ਪਹਾੜੀਆਂ ਉੱਪਰ ਲੈ ਗਿਆ ਅਤੇ ਕਿਹਾ, “ਕੱਲ੍ਹ ਤੋਂ ਤੂੰ ਆਪਣੀਆਂ ਇਹ ਪਿਆਰੀਆਂ ਕਲਾ ਕਿਰਤੀਆਂ ਨੂੰ ਲੁਕ ਵਾਲੇ ਢੋਲਾਂ ਓਹਲੇ ਲੁਕਾ ਕੇ ਨਹੀਂ ਰੱਖੇਗਾਂ। ਤੇਰੀਆਂ ਇਹ ਕਲਾ ਕਿਰਤੀਆਂ ਦੀ ਸੰਭਾਲ ਸਰਕਾਰ ਕਰੇਗੀ। ਆਲੇ ਦੁਆਲੇ ਦੀ ਜਿੰਨੀ ਵੀ ਜਗ੍ਹਾ ਤੈਨੂੰ ਚਾਹੀਦੀ ਐ, ਸਾਂਭ ਲੈ। ਕੋਈ ਨਹੀਂ ਰੋਕੇਗਾ ਤੈਨੂੰ। ਤੇਰੀ ਇਹ ਅਨਮੋਲ ਵਿਰਾਸਤ ਪੈਰਾਂ ਵਿੱਚ ਰੁਲਣ ਵਾਸਤੇ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭਣ ਯੋਗ ਹੈ।”
ਫਿਰ ਕਮਿਸ਼ਨਰ ਨੇ ਨੇਕ ਚੰਦ ਨੂੰ ਸਤਿਕਾਰ ਨਾਲ ਉਹਦੇ ਘਰ ਛੱਡਿਆ ਅਤੇ ਅਗਲੇ ਦਿਨ ਦਸ ਵਜੇ ਦਫਤਰ ਆਉਣ ਲਈ ਕਿਹਾ। ਉਸ ਦਿਨ ਨੇਕ ਚੰਦ ਰੱਜ ਕੇ ਸੁੱਤਾ ਅਤੇ ਉਹਦੇ ਸੁਪਨਿਆਂ ਵਿੱਚ ਉਹਨੂੰ ਉਹਦੀਆਂ ਕਲਾ ਕਿਰਤੀਆਂ ਮੁਸਕਰਾਉਂਦੀਆਂ ਵਿਖਾਈ ਦਿੱਤੀਆਂ। ਅਗਲੇ ਦਿਨ ਚਾਈਂ ਚਾਈਂ ਨੇਕ ਚੰਦ ਕਮਿਸ਼ਨਰ ਦੇ ਦਫਤਰ ਪਹੁੰਚ ਗਿਆ। ਉਹਦੇ ਪਹੁੰਚਣ ਤੋਂ ਪਹਿਲਾਂ ਬੀ. ਐਂਡ ਆਰ ਦਾ ਐਕਸੀਅਨ ਅਤੇ ਹੋਰ ਅਫਸਰ ਕਮਿਸ਼ਨਰ ਰੰਧਾਵਾ ਦੇ ਸਾਹਮਣੇ ਖੜ੍ਹੇ ਸਨ। ਕਮਿਸ਼ਨਰ ਨੇ ਨੇਕ ਚੰਦ ਨੂੰ ਨੌਕਰੀ ਤੋਂ ਕੱਢਣ ਵਾਲੇ ਐਕਸੀਅਨ ਦੇ ਹੁਕਮਾਂ ਨੂੰ ਟੁਕੜੇ ਟੁਕੜੇ ਕਰਕੇ ਉਹਦੇ ਪੈਰਾਂ ਵਿੱਚ ਸੁਟਦਿਆਂ ਕਿਹਾ, “ਇਸ ਕਲਾਕਾਰ ਨੂੰ ਤੂੰ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ ਕੀਤੇ ਨੇ ਅਤੇ ਇਸ ਉੱਪਰ ਲੁੱਕ ਵਾਲੇ ਢੋਲਾਂ ਦੇ ਚੋਰੀ ਹੋਣ ਦਾ ਇਲਜ਼ਾਮ ਲਾਇਆ ਹੈ। ਮੈਂ ਉਹ ਹੁਕਮ ਰੱਦ ਕਰਦਾ ਹਾਂ। ਤੈਨੂੰ ਇਹ ਇਲਮ ਨਹੀਂ ਕਿ ਚੰਡੀਗੜ੍ਹ ਤੇਰੀਆਂ ਫਾਈਲਾਂ ਦੇ ਢੇਰ ਕਰਕੇ ਨਹੀਂ, ਸਗੋਂ ਇਹਦੀਆਂ ਕਲਾ ਕਿਰਤੀਆਂ ਕਰਕੇ ਜਾਣਿਆ ਜਾਵੇਗਾ। ਅੱਗੇ ਤੋਂ ਇਹ ਇਕੱਲਾ ਨਹੀਂ, ਇਹਦੀ ਮਦਦ ਲਈ ਪੰਜਾਹ ਹੋਰ ਮਜ਼ਦੂਰ ਲਾਏ ਜਾਣ। ਦੋ ਚੌਕੀਦਾਰ ਇਹਦੀਆਂ ਕਲਾ ਕਿਰਤੀਆਂ ਦੀ ਰਾਖੀ ਵੀ ਕਰਨਗੇ। ਹਾਂ, ਇਹ ਜੋ ਵੀ ਸਹਿਯੋਗ ਮੰਗਦਾ ਹੈ, ਦੇ ਦਿੱਤਾ ਜਾਵੇ।” ਬਾਅਦ ਵਿੱਚ ਨੇਕ ਚੰਦ ਸੈਨੀ ਦੇ ਨਾਂ ਨਾਲ ਮੇਟ ਗਿਰੀ ਦਾ ਸ਼ਬਦ ਲਾ ਦਿੱਤਾ ਗਿਆ ਅਤੇ ਉਸ ਨੂੰ ਰਾਕ ਗਾਰਡਨ ਦਾ ਮੁਖੀ ਨਿਯੁਕਤ ਕੀਤਾ ਗਿਆ।
ਇੰਜ ਰੌਕ ਗਾਰਡਨ ਦੇ ਨਿਰਮਾਣ ਵਿੱਚ ਜਿੱਥੇ ਨੇਕ ਚੰਦ ਸੈਨੀ ਦਾ ਅਹਿਮ ਯੋਗਦਾਨ ਹੈ, ਉੱਥੇ ਹੀ ਕਲਾ ਪਾਰਖੂ ਮਹਿੰਦਰ ਸਿੰਘ ਰੰਧਾਵਾ ਵੱਲੋਂ ਨੇਕ ਚੰਦ ਸੈਨੀ ’ਤੇ ਰੱਖਿਆ ਮਿਹਰ ਭਰਿਆ ਪ੍ਰਸ਼ਾਸਕੀ ਹੱਥ ਇਤਿਹਾਸ ਦੇ ਸੁਨਹਿਰੀ ਪੰਨੇ ਵਜੋਂ ਯਾਦ ਰਹੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3350)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)