“ਪਤੰਦਰੋ, ਇਹ ਥੋੜ੍ਹੇ ਚਿਰ ਦਾ ਸਫਰ ਐ, ਕਿਉਂ ਚੀਖ-ਚਿਹਾੜੇ ਵਿੱਚ ਗੁਜ਼ਾਰ ਰਹੇ ਹੋਂ? ਬੰਦੇ ਦਾ ਕੋਈ ਪਤਾ ...”
(9 ਮਾਰਚ 2022)
ਮਹਿਮਾਨ: 480.
ਜ਼ਿੰਦਗੀ ਵਿੱਚ ਸਹਿਜਤਾ, ਠਰ੍ਹੰਮਾ, ਨਿਮਰਤਾ, ਦੂਰ ਅੰਦੇਸ਼ੀ, ਬੋਲ-ਚਾਲ ਵਿੱਚ ਸੰਜ਼ੀਦਗੀ ਉਸ ਸਮੇਂ ਆਉਂਦੀ ਹੈ, ਜਦੋਂ ਉਮਰ ਦਾ ਤਕਾਜ਼ਾ, ਅਨੁਭਵ ਅਤੇ ਕੌੜੇ-ਮਿੱਠੇ ਤਜਰਬੇ ਸਾਡੇ ਅੰਗ-ਸੰਗ ਹੋਣ। ਇਸ ਤੋਂ ਪਹਿਲਾਂ ਤਾਂ ਹੋਸ਼ ਦੀ ਥਾਂ, ਜੋਸ਼ ਹੀ ਭਾਰੂ ਹੁੰਦਾ ਹੈ ਅਤੇ ਜੋਸ਼ ਵਿੱਚ ਆ ਕੇ ਅਸੀਂ ਕਈ ਵਾਰ ਅਜਿਹੇ ਕਦਮ ਵੀ ਚੁੱਕ ਲੈਂਦੇ ਹਾਂ, ਜਿਨ੍ਹਾਂ ਦਾ ਬਾਅਦ ਵਿੱਚ ਡਾਢਾ ਹੀ ਪਛਤਾਵਾ ਹੁੰਦਾ ਹੈ। ਉਮਰ ਦੇ ਸੱਤ ਦਹਾਕੇ ਹੰਢਾ ਲਏ ਨੇ। ਹੁਣ ਹੋਰਾਂ ਨੂੰ ਵੀ ‘ਮੱਤਾਂ’ ਦੇਣ ਜੋਗਾ ਹੋ ਗਿਆ ਹਾਂ। ਪਰ ਕਿਸੇ ਸਮੇਂ ਸਿਆਣਿਆਂ ਦੀਆਂ ਕਈਆਂ ਗੱਲਾਂ ਨੂੰ ਟਿੱਚ ਕਰਕੇ ਵੀ ਜਾਣਿਆ ਹੈ।
ਇੱਕ ਵਾਰ ਜਵਾਨੀ ਪਹਿਰੇ ਮੈਂ ਬੱਸ ਵਿੱਚ ਸਫ਼ਰ ਕਰ ਰਿਹਾ ਸੀ। ਰਸਤੇ ਵਿੱਚ ਇੱਕ ਬੱਸ ਸਟੈਂਡ ’ਤੇ ਕੁਝ ਸਮੇਂ ਲਈ ਬੱਸ ਰੁਕੀ। ਸ਼ੀਸ਼ੇ ਵਿੱਚ ਦੀ ਸਾਹਮਣੇ ਬੁੱਕ ਸਟਾਲ ’ਤੇ ਨਿਗ੍ਹਾ ਪਈ। ਮੈਂ ਆਪਣੀ ਸੀਟ ’ਤੇ ਅਖ਼ਬਾਰ ਰੱਖ ਕੇ ਬੱਸ ਤੋਂ ਉੱਤਰ ਕੇ ਬੱਸ ਸਟੈਂਡ ਵਾਲੇ ਬੁੱਕ ਸਟਾਲ ’ਤੇ ਨਜ਼ਰ ਮਾਰਨ ਲੱਗ ਪਿਆ। ਕੁਝ ਸਮੇਂ ਲਈ ਕਿਤਾਬਾਂ ਦੀ ਫਰੋਲਾ-ਫਰਾਲੀ ਵੀ ਕੀਤੀ। ਕੰਡਕਟਰ ਦੀ ਸੀਟੀ ਵੱਜਣ ’ਤੇ ਮੈਂ ਤੁਰੰਤ ਬੱਸ ਵੱਲ ਵਧਿਆ। ਜਦੋਂ ਆਪਣੀ ਸੀਟ ਵੱਲ ਨਜ਼ਰ ਮਾਰੀ ਤਾਂ ਉੱਥੇ 20-22 ਵਰ੍ਹਿਆਂ ਦਾ ਨੌਜਵਾਨ ਬੈਠਾ ਸੀ। ਬੱਸ ਖਚਾਖੱਚ ਭਰੀ ਹੋਈ ਸੀ। ਮੈਂਨੂੰ ਲੱਗਿਆ ਜਿਵੇਂ ਅਖ਼ਬਾਰ ਰੱਖ ਕੇ ਸੁਰੱਖਿਅਤ ਕੀਤੀ ਸੀਟ ਤੇ ਦਿਨ-ਦਿਹਾੜੇ ਜਬਰੀ ਕਬਜ਼ਾ ਕਰ ਲਿਆ ਹੋਵੇ। ਮੈਂ ਉਸ ਮੁੰਡੇ ਨੂੰ ਕਿਹਾ ਕਿ ਇਹ ਸੀਟ ਮੇਰੀ ਹੈ, ਮੈਂ ਸੀਟ ’ਤੇ ਅਖ਼ਬਾਰ ਰੱਖ ਕੇ ਗਿਆ ਸੀ। ਉਸ ਨੇ ਪਹਿਲਾਂ ਤਾਂ ਮੇਰੀ ਗੱਲ ਹੀ ਨਹੀਂ ਸੁਣੀ ਅਤੇ ਫਿਰ ਲਾਪਰਵਾਹੀ ਨਾਲ ਕਿਹਾ, “ਇੱਥੇ ਕੋਈ ਅਖ਼ਬਾਰ-ਅਖਬੂਰ ਨਹੀਂ ਸੀ ਰੱਖਿਆ ਹੋਇਆ। ਸੀਟ ਖਾਲੀ ਸੀ ਅਤੇ ਮੈਂ ਬਹਿ ਗਿਆ। ਤੂੰ ਕਿਹੜਾ ਸੀਟ ਬੈਅ ਕਰਵਾਈ ਹੋਈ ਐ? ਇੱਧਰ-ਉੱਧਰ ਦੇਖ ਕੇ ਕਿਤੇ ਹੋਰ ਬਹਿਜਾ।”
ਉਸ ਮੁੰਦੇ ਦੇ ਕਹੇ ਸ਼ਬਦ ਮੈਂਨੂੰ ਸੂਲਾਂ ਵਾਂਗ ਚੁਭੇ ਅਤੇ ਮੈਂ ਉਸ ਨੂੰ ਸੀਟ ਛੱਡਣ ਲਈ ਰੋਅਬ ਨਾਲ ਗੱਲ ਕਰਨ ਲੱਗਿਆ। ਉਹ ਸੀਟ ਛੱਡ ਨਹੀਂ ਸੀ ਰਿਹਾ ਅਤੇ ਮੈਂ ਆਪਣੀ ਸੀਟ ਹੋਣ ਦਾ ਦਾਅਵਾ ਕਰਨ ਲਈ ਰੌਲਾ ਪਾ ਰਿਹਾ ਸੀ। ਇਸ ਤੋਂ ਪਹਿਲਾਂ ਕਿ ਹੱਥੋਪਾਈ ਦੀ ਨੌਬਤ ਆਉਂਦੀ, ਭਲੇਮਾਣਸ ਕੰਡਕਟਰ ਨੇ ਸਾਨੂੰ ਦੋਹਾਂ ਨੂੰ ਸਮਝਾਉਂਦਿਆਂ ਕਿਹਾ, “ਪਤੰਦਰੋ, ਇਹ ਥੋੜ੍ਹੇ ਚਿਰ ਦਾ ਸਫਰ ਐ, ਕਿਉਂ ਚੀਖ-ਚਿਹਾੜੇ ਵਿੱਚ ਗੁਜ਼ਾਰ ਰਹੇ ਹੋਂ? ਬੰਦੇ ਦਾ ਕੋਈ ਪਤਾ ਨਹੀਂ ਕਦੋਂ ਫੂਕ ਨਿਕਲ ਜੇ। ਐਵੇਂ ਦੋਨੋ ਜਣੇ ਬਲੱਡ ਪ੍ਰੈੱਸ਼ਰ ਹਾਈ ਕਰ ਰਹੇ ਹੋਂ। ਅਗਲੇ ਅੱਡੇ ’ਤੇ ਚਾਰ-ਪੰਜ ਸੀਟਾਂ ਖਾਲੀ ਹੋ ਜਾਣੀਆਂ ਨੇ, ਇੱਕ ਜਣਾ ਉੱਥੇ ਬਹਿ ਜਾਇਓ।”
ਫਿਰ ਕੰਡਕਟਰ ਨੇ ਮੇਰੇ ਮੋਢੇ ’ਤੇ ਹੱਥ ਰੱਖ ਕੇ ਕਿਹਾ, “ਮਾੜਾ ਜਿਹਾ ਠੰਢਾ ਹੋ, ਦੋ-ਚਾਰ ਮਿੰਟਾਂ ਦੀ ਗੱਲ ਹੈ, ਤੈਨੂੰ ਮੈਂ ਆਪੇ ਅਗਲੇ ਅੱਡੇ ’ਤੇ ਸੀਟ ਦਿਵਾਦੂੰ।”
ਕੰਡਕਟਰ ਦੇ ਕਹਿਣ ’ਤੇ ਮੈਂ ਚੁੱਪ ਕਰ ਗਿਆ। ਅਗਲੇ ਅੱਡੇ ’ਤੇ ਤਿੰਨ-ਚਾਰ ਸਵਾਰੀਆਂ ਉੱਤਰੀਆਂ ਤਾਂ ਮੈਂਨੂੰ ਸੀਟ ਮਿਲ ਗਈ। ਪਰ ਅੰਦਰ ਰੜਕ ਜਿਹੀ ਜ਼ਰੂਰ ਰਹੀ ਕਿ ਇਹਨੇ ਮੇਰੇ ਨਾਲ ਧੱਕਾ ਕੀਤਾ ਹੈ। ਪਟਿਆਲੇ ਬੱਸ ਸਟੈਂਡ ’ਤੇ ਅਸੀਂ ਇੱਕ ਦੂਜੇ ਨੂੰ ਘੂਰਦੇ ਹੋਏ ਥੱਲੇ ਉੱਤਰ ਗਏ ਤੇ ਬੱਸ ਖਾਲੀ ਹੋ ਗਈ।
ਦਿਨ ਲੰਘਦੇ ਗਏ। ਦੋ ਤਿੰਨ ਸਾਲ ਬਾਅਦ ਮੇਰੇ ਦੋਸਤ ਨੇ ਆਪਣੀ ਭੈਣ ਲਈ ਮੁੰਡਾ ਵੇਖਣ ਜਾਣਾ ਸੀ। ਉਹਦਾ ਬਜ਼ੁਰਗ ਪਿਤਾ ਵੀ ਨਾਲ ਸੀ ਅਤੇ ਦੋਸਤ ਨੇ ਮੈਂਨੂੰ ਵੀ ਨਾਲ ਚੱਲਣ ਲਈ ਕਿਹਾ। ਸੰਗਰੂਰ ਤੋਂ ਕਾਰ ਰਾਹੀਂ ਅਸੀਂ ਰਾਜਪੁਰੇ ਪਹੁੰਚ ਗਏ। ਪੁੱਛਦੇ ਪੁਛਾਉਂਦੇ ਦੱਸੇ ਹੋਏ ਠਿਕਾਣੇ ’ਤੇ ਦਰਵਾਜਾ ਖੜਕਾ ਦਿੱਤਾ। ਬਜ਼ੁਰਗ ਨੇ ਦਰਵਾਜਾ ਖੋਲ੍ਹਿਆ। ਸਾਨੂੰ ਆਦਰ ਨਾਲ ਡਰਾਇੰਗ ਰੂਮ ਵਿੱਚ ਬਿਠਾਇਆ। ਬਜ਼ੁਰਗ ਲੜਕੇ ਦਾ ਪਿਤਾ ਸੀ। ਗੱਲਾਂ-ਬਾਤਾਂ ਹੁੰਦੀਆਂ ਰਹੀਆਂ। ਆਉਣ ਦਾ ਮਕਸਦ ਦੱਸਿਆ। ਬਜ਼ੁਰਗ ਨੇ ਪਿਆਰ ਅਤੇ ਅਪਣੱਤ ਨਾਲ ਕਿਹਾ, “ਉੱਪਰ ਚੁਬਾਰੇ ਵਿੱਚ ਬੈਠ ਕੇ ਗੱਲਬਾਤ ਕਰਦੇ ਹਾਂ। ਲੜਕਾ ਵੀ ਉੱਪਰ ਹੀ ਆਪਣਾ ਕੰਮ ਕਰ ਰਿਹਾ ਹੈ। ਚਾਹ-ਪਾਣੀ ਵੀ ਉੱਥੇ ਹੀ ਪੀ ਲਵਾਂਗੇ।”
ਬਜ਼ੁਰਗ ਅੱਗੇ-ਅੱਗੇ ਅਤੇ ਅਸੀਂ ਉਹਦੇ ਪਿੱਛੇ-ਪਿੱਛੇ ਜਾ ਰਹੇ ਸਾਂ। ਚੁਬਾਰੇ ਵਿੱਚ ਪੈਰ ਧਰਦਿਆਂ ਹੀ ਜਦੋਂ ਮੇਰੀ ਨਜ਼ਰ ਸਾਹਮਣੇ ਬੈਠੇ ਮੁੰਡੇ ’ਤੇ ਪਈ ਤਾਂ ਮੈਂ ਠਠੰਬਰ ਜਿਹਾ ਗਿਆ। ਮੈਂ ਉਸ ਨੂੰ ਝੱਟ ਪਹਿਚਾਣ ਲਿਆ ਕਿ ਇਹ ਤਾਂ ਉਹੀ ਬੱਸ ਵਿੱਚ ਸੀਟ ਪਿੱਛੇ ਹੋਏ ਝਗੜੇ ਵਾਲਾ ਮੁੰਡਾ ਹੈ। ਮੈਂਨੂੰ ਡਰ ਬੈਠ ਗਿਆ ਕਿ ਕਿਤੇ ਇਹ ਮੁੰਡਾ ਮੇਰੀ ਬੇਇੱਜ਼ਤੀ ਹੀ ਨਾ ਕਰ ਦੇਵੇ। ਮੁੰਡੇ ਨੇ ਵੀ ਮੈਂਨੂੰ ਪਹਿਚਾਣ ਲਿਆ। ਉਹ ਆਪਣੀ ਕੁਰਸੀ ਤੋਂ ਉੱਠਿਆ। ਮੁਸਕਰਾ ਕੇ ਮੇਰਾ ਹੱਥ ਡਾਢੇ ਹੀ ਨਿੱਘ ਨਾਲ ਘੁੱਟਦਿਆਂ ਉਹਨੇ ਕਿਹਾ, “ਵੈਲਕਮ।” ਫਿਰ ਦੂਜਾ ਹੱਥ ਆਲੇ-ਦੁਆਲੇ ਫੈਲਾਉਂਦਿਆਂ ਕਿਹਾ, “ਸਾਰਾ ਘਰ ਹੀ ਤੁਹਾਡਾ ਹੈ, ਜਿੱਥੇ ਮਰਜ਼ੀ ਬੈਠੋ।”
ਉਸ ਮੁੰਡੇ ਦੇ ਬੋਲਾਂ ਵਿੱਚ ਛੁਪੇ ਅਤੀਤ ਦੇ ਪੰਨੇ ਨੂੰ ਸਿਰਫ ਮੈਂ ਹੀ ਪੜ੍ਹ ਸਕਦਾ ਸੀ ਅਤੇ ਮੈਂ ਉਸ ਨੂੰ ਬੁੱਕਲ ਵਿੱਚ ਲੈਂਦਿਆਂ ਕਿਹਾ, “ਬੜੀ ਖੁਸ਼ੀ ਹੋਈ ਹੈ ਤੁਹਾਨੂੰ ਮਿਲ ਕੇ।”
ਦੋਸਤ ਦੇ ਪਿਤਾ ਨੇ ਰਿਸ਼ਤੇ ਸਬੰਧੀ ਗੱਲਾਂ-ਬਾਤਾਂ ਕੀਤੀਆਂ ਅਤੇ ਉਹਨਾਂ ਨਾਲ ਲੜਕੀ ਵੇਖਣ ਦੀ ਤਾਰੀਖ਼ ਤੈਅ ਹੋ ਗਈ। ਵਿਦਾਅ ਹੋਣ ਵੇਲੇ ਵੀ ਉਹ ਮੁੰਡਾ ਬੜੇ ਸਲੀਕੇ ਨਾਲ ਪੇਸ਼ ਆਇਆ।
ਘਰ ਵਾਪਸ ਆਉਂਦਿਆਂ ਮੈਂ ਸੀਟ ਪਿੱਛੇ ਹੋਏ ਝਗੜੇ ਵਾਲੀ ਗੱਲ ਤਾਂ ਛੁਪਾ ਲਈ ਪਰ ਮੁੰਡੇ ਦੇ ਹੱਕ ਵਿੱਚ ਗੱਲ ਕਰਦਿਆਂ ਕਿਹਾ, “ਮੁੰਡਾ ਸਿਆਣਾ ਵੀ ਹੈ, ਸਾਊ ਵੀ ਅਤੇ ਉਸ ਨੂੰ ਸਲੀਕਾ ਵੀ ਹੈ। ਭੈਣ ਨੂੰ ਵਿਖਾ ਕੇ ਰਿਸ਼ਤਾ ਪੱਕਾ ਕਰ ਦਿਓ। ਬਾਹਲੀਆਂ ਬਰੀਕੀਆਂ ਵਿੱਚ ਨਾ ਪੈ ਜਾਣਾ।”
ਅਗਲੇ ਹਫ਼ਤੇ ਦੋਸਤ ਦੀ ਭੈਣ ਨੂੰ ਵੇਖਣ ਉਪਰੰਤ ਜਿੱਥੇ ਰਿਸ਼ਤਾ ਪੱਕਾ ਹੋ ਗਿਆ, ਉੱਥੇ ਨਾਲ ਹੀ ਮੈਂਨੂੰ ਸਬਕ ਵੀ ਮਿਲ ਗਿਆ ਕਿ ਜ਼ਿੰਦਗੀ ਦੇ ਸਫਰ ਵਿੱਚ ਕੌੜੇ ਬੋਲਾਂ ਦੀ ਵਰਖਾ ਨਾ ਕਰੋ। ਕੌੜੇ ਬੋਲਾਂ ਦਾ ਸ਼ਿਕਾਰ ਹੋਇਆ ਵਿਅਕਤੀ ਪਤਾ ਨਹੀਂ ਕਦੋਂ ਕਿਸ ਰੂਪ ਵਿੱਚ ਤੁਹਾਨੂੰ ਦੁਬਾਰਾ ਮਿਲ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3416)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)