MohanSharma8ਬਿਨਾਂ ਸ਼ੱਕ ਇਸ ਪੜਾਅ ’ਤੇ ਪੁੱਜਣ ਤਕ ਵਿਅਕਤੀ ਨੇ ਕੋਹਲੂ ਦੇ ਬੈਲ ਵਾਂਗ ਕਬੀਲਦਾਰੀ ਦਾ ਭਾਰ ...
(16 ਮਾਰਚ 2023)
ਇਸ ਸਮੇਂ ਪਾਠਕ: 315.


ਜੇ ਵੇਖਿਆ ਜਾਵੇ ਤਾਂ ਮਨੁੱਖੀ ਜੀਵਨ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ। ਪਹਿਲਾ ਜੀਵਨ
, ਜਦੋਂ ਉਹ ਬਚਪਨ ਦੀ ਦਹਿਲੀਜ਼ ’ਤੇ ਪੈਰ ਧਰਦਾ ਹੈ। ਨਿਰਛਲ ਹਾਸਾ, ਛਲ-ਕਪਟ ਤੋਂ ਨਿਰਲੇਪ, ਮਾਂ ਅਤੇ ਬਾਪ ਹੀ ਉਸਦਾ ਸੰਸਾਰ! ਖਿਡਾਉਣੇ ਅਤੇ ਟੌਫੀਆਂ ਹੀ ਉਹਦੀ ਅਸਲ ਪੂੰਜੀ! ਅਜਿਹੇ ਬਚਪਨ ਬਾਰੇ ਹੀ ਮਰਹੂਮ ਸ਼ਾਇਰ ਦਰਸ਼ਨ ਸਿੰਘ ਅਵਾਰਾ ਨੇ ਲਿਖਿਆ ਹੈ:

ਮੈਂ ਜ਼ਿੰਦਗੀ ਉਸ ਤੋਂ ਵਾਰ ਦਿਆਂ,

ਜੋ ਬਚਪਨ ਮੇਰਾ ਮੋੜ ਦਏ।

ਜੀਵਨ ਦਾ ਦੂਜਾ ਪੜਾਅ ਜਵਾਨੀ ਹੈ। ਇਸ ਪੜਾਅ ’ਤੇ ਹਾਸੇ ਆਪ ਮੁਹਾਰੇ ਜ਼ਿੰਦਗੀ ਦੀ ਦਹਿਲੀਜ਼ ’ਤੇ ਦਸਤਕ ਦਿੰਦੇ ਨੇ। ਸ਼ੀਸ਼ੇ ਨਾਲ ਸਾਂਝ ਵਧ ਜਾਂਦੀ ਹੈ ਅਤੇ ਕਿੰਨਾ ਕਿੰਨਾ ਚਿਰ ਸ਼ੀਸ਼ੇ ਅੱਗੇ ਆਪਣਾ ਆਪ ਨਿਹਾਰਦਿਆਂ ਆਪਣੇ ਆਪ ਨਾਲ ਹੀ ਗੱਲਾਂ ਕਰਦਿਆਂ ਸਕੂਨ ਜਿਹਾ ਮਿਲਦਾ ਹੈ। ਇਸ ਉਮਰ ਵਿੱਚ ਟੋਕਾ-ਟਾਕੀ ਚੰਗੀ ਨਹੀਂ ਲਗਦੀ ਅਤੇ ਵਗਦੇ ਦਰਿਆ ਵਾਂਗ ਠਾਠਾਂ ਮਾਰਦਾ ਜ਼ਿੰਦਗੀ ਦਾ ਵੇਗ ਪਹਾੜਾਂ ਨਾਲ ਟੱਕਰਨ ਦੀ ਸਮਰੱਥਾ ਰੱਖਦਾ ਹੈ। ਜ਼ਿੰਦਗੀ ਦੇ ਇਨ੍ਹਾਂ ਹੁਸੀਨ ਪਲਾਂ ਸਬੰਧੀ ਪ੍ਰੋ. ਮੋਹਨ ਸਿੰਘ ਨੇ ਲਿਖਿਆ ਹੈ:

ਆਈ ਜਵਾਨੀ, ਝੱਲ ਮਸਤਾਨੀ,

ਨਹੀਂ ਲੁਕਾਇਆਂ ਲੁਕਦੀ।

ਗਿੱਠ ਗਿੱਠ ਪੈਰ ਜਿਮੀਂ ਤੋਂ ਉੱਚੇ,

ਮੋਢਿਆਂ ਉੱਤੋਂ ਥੁੱਕਦੀ।

ਤੀਜੀ ਪੜਾਅ ਉਹ ਪੜਾਅ ਹੈ ਜਿਸ ਨੂੰ ਆਮ ਲਹਿਜ਼ੇ ਵਿੱਚ ਬੁੱਢਾ ਅਤੇ ਸਭਿਅਕ ਭਾਸ਼ਾ ਵਿੱਚ ਬਜ਼ੁਰਗੀ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਇਸ ਪੜਾਅ ਸਬੰਧੀ ਕਿਹਾ ਗਿਆ ਹੈ, “ਜੋ ਆਕਰ ਨਾ ਜਾਏ ਵੋਹ ਬੁਢਾਪਾ ਦੇਖਾ”। ਇਸ ਪੜਾਅ ’ਤੇ ਪਹੁੰਚਣ ਵਾਲਿਆਂ ਵਿੱਚ ‘ਢਹਿੰਦੀ ਕਲਾ’ ਅਤੇ ‘ਚੜ੍ਹਦੀ ਕਲਾ’ ਦੋਨਾਂ ਤਰ੍ਹਾਂ ਦੇ ਵਿਅਕਤੀ ਹੀ ਵੇਖੇ ਜਾ ਸਕਦੇ ਨੇ। ਕੁਦਰਤੀ ਹੈ ਕਿ ਢਹਿੰਦੀ ਕਲਾ ਵਾਲੇ ਵਿਅਕਤੀ ਮਾਨਸਿਕ ਤੌਰ ’ਤੇ ਉਦਾਸ, ਉੱਖੜੇ-ਉੱਖੜੇ ਅਤੇ ਹਰ ਸਮੇਂ ਝੁਰਨ ਵਾਲੀ ਪ੍ਰਵਿਰਤੀ ਦੇ ਹੋਣ ਕਾਰਨ ਉਨ੍ਹਾਂ ਦੇ ਬੋਲਾਂ ਵਿੱਚ ਖਰ੍ਹਵਾਪਣ ਹੁੰਦਾ ਹੈ ਅਤੇ ਕੋਈ ਵੀ ਗੱਲ ਕਰਨ ’ਤੇ ਮੱਥੇ ਦੀ ਤਿਉੜੀ ਪਾ ਕੇ ਕੌੜੀ ਭਾਸ਼ਾ ਵਿੱਚ ਗੱਲ ਕਰਨਗੇ। ਅਜਿਹੀ ਵਡੇਰੀ ਉਮਰ ਦੇ ਵਿਅਕਤੀ ਤੋਂ ਜਦੋਂ ਕੋਈ ਪੁੱਛਦਾ ਹੈ, “ਕਿੰਨੀ ਉਮਰ ਹੋ ਗਈ ਥੋਡੀ?” ਤਾਂ ਉਹ ਮੱਥੇ ’ਤੇ ਤਿਉੜੀ ਪਾ ਕੇ ਬੇਰੁਖੀ ਨਾਲ ਜਵਾਬ ਦਿੰਦਾ ਹੈ, “ਬੱਸ, ਹੁਣ ਤਾਂ ਸਿਵਿਆਂ ਵਿੱਚ ਲੱਤਾਂ ਨੇ।” ਦਰਅਸਲ ਅਜਿਹੇ ਵਿਅਕਤੀ ਦੇ ਹੱਥ ਵਿੱਚ ਜੇਕਰ ਬੰਸਰੀ ਫੜਾ ਦਿੱਤੀ ਜਾਵੇ ਤਾਂ ਇੰਜ ਲੱਗਦਾ ਹੈ ਜਿਵੇਂ ਉਹਦੇ ਹੱਥ ਵਿੱਚ ਬੰਦੂਕ ਫੜੀ ਹੁੰਦੀ ਹੈ। ਪਰ ਦੂਜੇ ਪਾਸੇ ਬਜ਼ੁਰਗੀ ਦਾ ਲਿਬਾਸ ਪਹਿਨਕੇ ਬਹੁਤ ਸਾਰੇ ਵਿਅਕਤੀਆਂ ਦੀ ਮੁਸਕਰਾਹਟ ਧਾਰਮਿਕ ਅਸਥਾਨਾਂ ’ਤੇ ਜਗਦੇ ਦੀਵਿਆਂ ਵਰਗੀ ਹੁੰਦੀ ਹੈ ਅਤੇ ਅਜਿਹੇ ਵਿਅਕਤੀਆਂ ਦੇ ਹੱਥਾਂ ਵਿੱਚ ਜੇਕਰ ਬੰਦੂਕ ਫੜਾ ਦਿੱਤੀ ਜਾਵੇ ਤਾਂ ਇੰਜ ਲੱਗਦਾ ਹੈ ਜਿਵੇਂ ਬੰਸਰੀ ਫੜੀ ਹੋਈ ਹੋਵੇ। ਅਜਿਹੇ ਬਜ਼ੁਰਗ ਦਰਅਸਲ ਜਦੋਂ ਸਦੀਵੀ ਵਿਛੋੜਾ ਦਿੰਦੇ ਹਨ ਤਾਂ ਬਦੋਬਦੀ ਸਿਰ ਅਦਬ ਨਾਲ ਝੁਕ ਜਾਂਦਾ ਹੈ ਅਤੇ ਇਸ ਤਰ੍ਹਾਂ ਦਾ ਵੀ ਅਹਿਸਾਸ ਅਜਿਹੇ ਬਜ਼ੁਰਗਾਂ ਦੇ ਸਦੀਵੀ ਵਿਛੋੜੇ ’ਤੇ ਹੁੰਦਾ ਹੈ:

ਉਨਕੋ ਰੁਖਸਤ ਤੋ ਕੀਆ ਮਾਲੂਮ ਨਾ ਥਾ ਲੇਕਿਨ,

ਸਾਰਾ ਘਰ ਲੇ ਗਿਆ ਘਰ ਛੋੜ ਕੇ ਜਾਨੇ ਵਾਲਾ।

ਦਰਅਸਲ ਬੁਢਾਪਾ ਜਦੋਂ ਜ਼ਿੰਦਗੀ ਦੀ ਦਹਿਲੀਜ਼ ’ਤੇ ਦਸਤਕ ਦਿੰਦਾ ਹੈ ਤਾਂ ਬਹੁ-ਪੱਖੀ ਅਤੇ ਬਹੁ-ਪਰਤੀ ਸਮੱਸਿਆਵਾਂ ਵੀ ਸਾਹਮਣੇ ਆ ਜਾਂਦੀਆਂ ਨੇ। ਇਸ ਉਮਰ ਵਿੱਚ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਅੰਗ ਸੰਗ ਹੋ ਹੀ ਜਾਂਦੀਆਂ ਨੇ। ਸਿਆਣਾ ਵਿਅਕਤੀ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਨੂੰ ਸਹਿਜੇ ਹੀ ਨਜਿੱਠਕੇ ਜ਼ਿੰਦਗੀ ਦਾ ਸ਼ਾਹ ਅਸਵਾਰ ਬਣ ਜਾਂਦਾ ਹੈ। ਸਾਡੇ ਅੱਗੇ ਗੰਭੀਰ ਪ੍ਰਸ਼ਨ ਵੀ ਹੈ ਕਿ ਬੁਢਾਪਾ ਜੀਵਨ ਨੂੰ ਸੁਖੀ ਬੁਢਾਪਾ ਜੀਵਨ ਕਿੰਜ ਬਣਾਇਆ ਜਾਵੇ? ਲੋਕਾਂ ਦੇ ਚੇਤਿਆਂ ਵਿੱਚ ਕਿੰਜ ਵਸਿਆ ਜਾਵੇ? ਪਰਿਵਾਰਕ ਮੈਂਬਰਾਂ ਅਤੇ ਸਮਾਜ ਵਿੱਚ ਆਦਰਯੋਗ ਅਸਥਾਨ ਕਿੰਜ ਬਣਾਇਆ ਜਾਵੇ?

ਬਿਨਾਂ ਸ਼ੱਕ ਇਸ ਪੜਾਅ ’ਤੇ ਪੁੱਜਣ ਤਕ ਵਿਅਕਤੀ ਨੇ ਕੋਹਲੂ ਦੇ ਬੈਲ ਵਾਂਗ ਕਬੀਲਦਾਰੀ ਦਾ ਭਾਰ ਢੋਇਆ ਹੁੰਦਾ ਹੈ। ਆਪਣੇ ਪੈਰਾਂ ਨੂੰ ਗੱਡਾ, ਸਿਰ ਨੂੰ ਟਾਇਰ ਬਣਾਉਣ ਦੇ ਨਾਲ ਨਾਲ ਆਪਣੀਆਂ ਰੀਝਾਂ ਉੱਤੇ ਛਿਕਲੀ ਪਾ ਕੇ ਪਰਿਵਾਰ ਦੀਆਂ ਲੋੜਾਂ ਤੇ ਆਪਣੇ ਆਪ ਨੂੰ ਕੇਂਦਰਤ ਕੀਤਾ ਹੁੰਦਾ ਹੈ ਅਤੇ ਉਸ ਵੇਲੇ ਉਸਦਾ ਪਰਿਵਾਰ ਦੇ ਮੈਂਬਰਾਂ ’ਤੇ ਰੋਅਬ-ਦਾਬ ਵੀ ਬਣਿਆ ਹੁੰਦਾ ਹੈ। ਸਿਆਣਾ ਵਿਅਕਤੀ ਬੁਢਾਪੇ ਵਿੱਚ ਪਹੁੰਚ ਕੇ ਆਪਣੀ ਕਬੀਲਦਾਰੀ ਦਾ ਬੋਝ ਆਪਣੇ ਪੁੱਤਾਂ ਧੀਆਂ ਤੇ ਪਾ ਕੇ ਆਪ ਸੁਰਖਰੂ ਹੋਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਇਹ ਪਤਾ ਹੁੰਦਾ ਹੈ ਕਿ ਭਾਰ ਢੋਣ ਉਪਰੰਤ ਭਾਰ ਮੁਕਤ ਹੋਣ ਦਾ ਵੀ ਆਪਣਾ ਹੀ ਆਨੰਦ ਹੈ। ਸਮੇਂ-ਸਮੇਂ ਸਿਰ ਲੋੜ ਪੈਣ ’ਤੇ ਆਪਣੀ ਔਲਾਦ ਨੂੰ ਸਹੀ ਸਲਾਹ ਦਿੰਦਿਆਂ ਉਨ੍ਹਾਂ ਦਾ ਮਾਰਗ ਦਰਸ਼ਕ ਤਾਂ ਬਣਦਾ ਹੈ ਪਰ ਫਜ਼ੂਲ ਦੀ ਟੋਕਾ-ਟਾਕੀ ਕਰਨ ਤੋਂ ਪਾਸਾ ਵੱਟਦਾ ਹੈ। ਪਦਾਰਥਕ ਦੌੜ ਤੋਂ ਪਾਸਾ ਵੱਟਣ ਨੂੰ ਉਹ ਤਰਜੀਹ ਦਿੰਦਾ ਹੈ।

ਪਰਿਵਾਰ ਵਿੱਚ ਘਰ ਦੀ ਨੂੰਹ, ਸੱਸ-ਸਹੁਰੇ ਅਤੇ ਪਤੀ ਦੇ ਦਰਮਿਆਨ ਇੱਕ ਕੜੀ ਦਾ ਕੰਮ ਕਰਦੀ ਹੈ। ਅਕਸਰ ਸੱਸ-ਸਹੁਰੇ ਨਾਲ ਨੂੰਹ ਦੇ ਤਕਰਾਰ ਦੇ ਕਿੱਸੇ ਸੁਣਨ ਵਿੱਚ ਆਉਂਦੇ ਹਨ। ਜੇਕਰ ਸੱਸ-ਸਹੁਰੇ ਨਾਲ ਨੂੰਹ ਦੇ ਸਬੰਧ ਸੁਖਾਵੇਂ ਹਨ, ਅਪਣੱਤ, ਸਤਿਕਾਰ ਅਤੇ ਮੋਹ ਦਾ ਰਿਸ਼ਤਾ ਬਣਿਆ ਹੋਇਆ ਹੈ ਤਾਂ ਇਹਦਾ ਅਸਰ ਸਮੁੱਚੇ ਪਰਿਵਾਰ ’ਤੇ ਪੈਂਦਾ ਹੈ। ਨੂੰਹ ਆਪਣੇ ਪਤੀ ਨੂੰ ਸੱਸ ਸਹੁਰੇ ਵਿਰੁੱਧ ਭੜਕਾਉਂਦੀ ਨਹੀਂ ਸਗੋਂ ਉਨ੍ਹਾਂ ਪ੍ਰਤੀ ਚੰਗੇ ਸ਼ਬਦ ਵਰਤ ਕੇ ਆਪਣੇ ਪਤੀ ਅਤੇ ਸੱਸ ਸਹੁਰੇ ਦਰਮਿਆਨ ਸਬੰਧਾਂ ਨੂੰ ਸੁਖਾਵਾਂ ਬਣਾਉਂਦੀ ਹੈ। ਇੱਥੇ ਇੱਕ ਗੱਲ ਗੰਭੀਰ ਹੋ ਕੇ ਸੋਚਣ ਵਾਲੀ ਹੈ ਕਿ ਜਦੋਂ ਮੁੰਡਾ ਵਿਆਹੁਣਯੋਗ ਹੁੰਦਾ ਹੈ ਤਾਂ ਘਰ ਦੀ ਨੂੰਹ ਬਣਨ ਵਾਲੀ ਦੇ ਮਾਪਿਆਂ ਕੋਲ ਮੁੰਡੇ ਦੇ ਮਾਂ-ਬਾਪ ਦਾਜ ਵਜੋਂ ਮੂੰਹ ਟੱਡ ਕੇ ਮਾਪਿਆਂ ਨੂੰ ਕਰਜ਼ਈ ਤਕ ਕਰ ਦਿੰਦੇ ਹਨ। ਬੱਸ, ਜਿਸ ਕੁੜੀ ਨੇ ਨੂੰਹ ਬਣ ਕੇ ਆਉਣਾ ਹੁੰਦਾ ਹੈ ਉਸਦੇ ਦਿਲ ਅੰਦਰ ਨਫ਼ਰਤ ਦੇ ਬੀਜ ਉਸਦੇ ਸਹੁਰੇ ਘਰ ਆਉਣ ਤੋਂ ਪਹਿਲਾਂ ਹੀ ਬੀਜੇ ਜਾਂਦੇ ਹਨ ਅਤੇ ਉਹ ਆਪਣੇ ਸੱਸ-ਸਹੁਰੇ ਪ੍ਰਤੀ ਸੋਚਦੀ ਹੈ ਕਿ ਇਨ੍ਹਾਂ ਨੇ ਮੇਰੇ ਮਾਪਿਆਂ ਨੂੰ ਖੁੰਘਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਜਿਨ੍ਹਾਂ ਨੇ ਮੇਰੇ ਮਾਪਿਆਂ ਦੇ ਨਾਸੀਂ ਧੂੰਆਂ ਲਿਆਕੇ ਉਨ੍ਹਾਂ ਨੂੰ ਕਰਜ਼ੇ ਨਾਲ ਪੋਟਾ ਪੋਟਾ ਵਿੰਨ੍ਹ ਦਿੱਤਾ ਹੈ, ਅਜਿਹੇ ਦਰਿੰਦਿਆਂ ਨੂੰ ਮੈਂ ਕਿਉਂ ਆਦਰ ਦੇਵਾਂ? ਇਸ ਕਾਰਨ ਹੀ ਨੂੰਹ ਦੇ ਘਰ ਆਉਣ ਉਪਰੰਤ ਘਰ ਦੀ ਸਥਿਤੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ:

ਹੁਣ ਇਹ ਹਾਲਤ ਅਸਾਡੇ ਘਰ ਦੀ ਹੈ,

ਮੁਸਕਰਾਹਟ ਵੀ ਜ਼ਖ਼ਮ ਕਰਦੀ ਹੈ।

ਅਜਿਹੇ ਬਜ਼ੁਰਗ ਨੂੰਹ ਦੀ ਕਰੋਪੀ ਕਾਰਨ ਬੱਸ ਦਿਨ ਕਟੀ ਹੀ ਕਰਦੇ ਹਨ। ਦੂਜੇ ਪਾਸੇ ਸਿਆਣੇ ਅਤੇ ਦੂਰ ਅੰਦੇਸ਼ੀ ਮਾਂ ਬਾਪ ਸੋਚਦੇ ਹਨ ਕਿ ਜਿਹੜਾ ਦਾਜ ਅਸੀਂ ਮੰਗਾਂਗੇ ਉਸਦਾ ਸਿਰਫ 8 ਫੀਸਦ ਤਾਂ ਸਾਡੇ ਹਿੱਸੇ ਆਉਂਦਾ ਹੈ, 42 ਫੀਸਦ ਮੁੰਡੇ-ਨੂੰਹ ਦੇ ਹਿੱਸੇ ਅਤੇ 50 ਫੀਸਦ ਪੈਲੇਸ, ਰਿਸ਼ਤੇਦਾਰਾਂ ਦੀਆਂ ਮਿਲਣੀਆਂ ਅਤੇ ਖਾਣ-ਪੀਣ ’ਤੇ ਖਰਚ ਆ ਜਾਂਦਾ ਹੈ। ਇਸ ਲਈ ਉਹ ਪਹਿਲਾਂ ਹੀ ਆਉਣ ਵਾਲੀ ਨੂੰਹ ਦੇ ਮਾਪਿਆਂ ਨੂੰ ਕਹਿ ਦਿੰਦੇ ਹਨ, “ਐਵੇਂ ਫਜ਼ੂਲ ਖਰਚੀ ਕਰਨ ਦੀ ਲੋੜ ਨਹੀਂ। ਅਸੀਂ ਤਾਂ ਪੁੱਤ ਦੇ ਕੇ ਧੀ ਲੈ ਰਹੇ ਹਾਂ। ਸਾਡੇ ਵੱਲੋਂ ਤਾਂ ਤਿੰਨ ਕੱਪੜਿਆਂ ਵਿੱਚ ਹੀ ਤੋਰ ਦਿਉ।” ਇਸ ਗੱਲ ਦਾ ਜਦੋਂ ਆਉਣ ਵਾਲੀ ਨੂੰਹ ਨੂੰ ਪਤਾ ਲੱਗਦਾ ਹੈ ਤਾਂ ਉਸ ਨੂੰ ਇੱਕ ਸੁਖਦ ਜਿਹਾ ਅਹਿਸਾਸ ਹੁੰਦਾ ਹੈ ਅਤੇ ਉਹ ਆਪਣੇ ਦਿਲ ਅੰਦਰ ਸੱਸ ਸਹੁਰੇ ਪ੍ਰਤੀ ਸਤਿਕਾਰ ਦੀ ਭਾਵਨਾ ਨਾਲ ਲੈ ਕੇ ਆਉਂਦੀ ਹੈ। ਸਿਆਣੇ ਬਜ਼ੁਰਗ ਜਦੋਂ ਨੂੰਹ ਨੂੰ ਧੀ ਵਜੋਂ ਬਣਦਾ ਮੋਹ ਅਤੇ ਸਤਿਕਾਰ ਦਿੰਦੇ ਹਨ ਤਾਂ ਉਹ ਵੀ ਫਿਰ ਸੱਸ ਨੂੰ “ਸੱਸ ਕੁੱਟਣੀ ਸੰਦੂਕਾਂ ਓਹਲੇ, ਨਿੰਮ ਦਾ ਲਿਆ ਦੇ ਘੋਟਣਾ ਜਾਂ ਘਰ ਵੜਦਾ ਬਿੜਕ ਨਹੀਂ ਕਰਦਾ, ਬਾਬੇ ਗੱਲ ਟੱਲ ਪਾ ਦਿਉ” ਵਰਗੀ ਸੋਚ ਨਾਲ ਨਫ਼ਰਤ ਨਹੀਂ ਕਰਦੀ, ਸਗੋਂ ਉਨ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਦਾ ਪੂਰਾ ਖਿਆਲ ਰੱਖਦੀ ਹੈ। ਇੰਜ ਘਰ ਵਿੱਚ ਸੁਖ ਸ਼ਾਂਤੀ ਅਤੇ ਖੁਸ਼ਹਾਲੀ ਦਾ ਬੁੱਲਾ ਆਉਣ ਸਦਕਾ ਬਜ਼ੁਰਗਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਅਠਖੇਲੀਆਂ ਕਰਦੀ ਹੈ ਅਤੇ ਇਹ ਮੁਸਕਰਾਹਟ ਸੁਖਾਵੇਂ ਬੁਢਾਪਾ ਜੀਵਨ ਲਈ ਇੱਕ ਵਰਦਾਨ ਹੈ।

ਸਿਆਣੇ ਬਜ਼ੁਰਗ ਚੁਗਲੀਆਂ ਦੀ ਫਸਲ ਬੀਜਣ ਵਿੱਚ ਵਿਸ਼ਵਾਸ ਨਹੀਂ ਰੱਖਦੇ। ਘਰ ਦੀ ਬੰਦ ਮੁੱਠੀ ਨੂੰ ਕਿੰਜ ਅਤੇ ਕਿੱਥੇ ਖੋਲ੍ਹਣਾ ਹੈ, ਇਸ ਗੱਲ ਤੋਂ ਉਹ ਭਲੀਭਾਂਤ ਜਾਣੂ ਹੁੰਦੇ ਹਨ। ਆਪਣੀ ਨੂੰਹ ਅਤੇ ਉਸਦੇ ਪੇਕਿਆਂ ਨੂੰ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਵਿੱਚ ਨਿੰਦਣ ਤੋਂ ਸੰਕੋਚ ਕਰਨ ਦੇ ਨਾਲ ਨਾਲ ਉਹ ਉਨ੍ਹਾਂ ਦੀ ਸ਼ੋਭਾ ਵਧਾਉਣ ਵਾਲੀਆਂ ਗੱਲਾਂ ਕਰਕੇ ਉਨ੍ਹਾਂ ਦਾ ਕੱਦ ਵੱਡਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਇਹ ਸਭ ਕੁਝ ਮਕਾਨ ਨੂੰ ਘਰ ਬਣਾਉਣ ਵਿੱਚ ਸਹਾਈ ਹੁੰਦਾ ਹੈ। ਇੰਜ ਉਹ ਮਨ ਦੇ ਸ਼ੀਸ਼ੇ ਨੂੰ ਗੰਧਲਾ ਨਹੀਂ ਹੋਣ ਦਿੰਦੇ। ਇਹ ਵਰਤਾਰਾ ਘਰ ਵਿੱਚ ਠੰਢੀ ਹਵਾ ਦਾ ਬੁੱਲਾ ਲਿਆਉਣ ਵਿੱਚ ਸਹਾਈ ਹੁੰਦਾ ਹੈ। ਇਹੋ ਜਿਹੇ ਘਰ ਵਿੱਚ ਰਹਿੰਦਿਆਂ ਪੇਕੀਂ ਗਈ ਨੂੰਹ ਨੂੰ ਉਸਦੇ ਰਿਸ਼ਤੇਦਾਰ ਨੇ ਪੁੱਛਿਆ, “ਭਲਾ, ਸੱਸ ਸਹੁਰਾ ਵੀ ਥੋਡੇ ਨਾਲ ਰਹਿੰਦੇ ਨੇ?” ਨੂੰਹ ਨੇ ਬੜੇ ਮਾਣ ਨਾਲ ਜਵਾਬ ਦਿੰਦਿਆਂ ਕਿਹਾ, “ਨਹੀਂ ਜੀ, ਅਸੀਂ ਉਨ੍ਹਾਂ ਨਾਲ ਰਹਿੰਦੇ ਹਾਂ। ਉਨ੍ਹਾਂ ਤੋਂ ਬਿਨਾਂ ਸਾਡਾ ਕੀ ਵੱਟੀਂਦੈ?” ਇਹੋ ਜਿਹੇ ਸੁਖਾਵੇਂ ਮਾਹੌਲ ਨੂੰ ਬਣਾਉਣ ਵਿੱਚ ਬਜ਼ੁਰਗਾਂ ਦੀ ਅਹਿਮ ਭੂਮਿਕਾ ਹੁੰਦੀ ਹੈ।

ਸੁਝਵਾਨ ਬਜ਼ੁਰਗਾਂ ਨੂੰ ਇਸ ਗੱਲ ਦਾ ਵੀ ਗਿਆਨ ਹੁੰਦਾ ਹੈ ਕਿ ਬੰਦਾ ਕੰਮ ਕਰਦਾ ਲੋਹਾ, ਬਹਿ ਗਿਆ ਤਾਂ ਗੋਹਾ, ਪੈ ਗਿਆ ਤਾਂ ਮੋਇਆ। ਇਸੇ ਲਈ ਉਹ ਵਾਹ ਲੱਗਦਿਆਂ ਦਿਨ ਵਿੱਚ ਮੰਜੇ ਨਾਲ ਸਾਂਝ ਨਹੀਂ ਪਾਉਂਦੇ, ਹਰ ਸਮੇਂ ਕਿਰਿਆਸ਼ੀਲ ਰਹਿੰਦੇ ਹਨ। ਜਿੱਥੇ ਸੱਸ ਆਪਣੀ ਨੂੰਹ ਨਾਲ ਰਸੋਈ ਵਿੱਚ ਹੱਥ ਵਟਾਉਣ ਦੇ ਨਾਲ ਨਾਲ ਹੋਰ ਨਿੱਕੇ ਮੋਟੇ ਕੰਮਾਂ ਵਿੱਚ ਰੁੱਝੀ ਰਹਿੰਦੀ ਹੈ, ਉੱਥੇ ਹੀ ਸਹੁਰਾ ਵੀ ਘਰ ਅਤੇ ਬਾਹਰ ਦੇ ਛੋਟੇ ਮੋਟੇ ਕੰਮਾਂ ਨੂੰ ਨਿਬੇੜਣ ਵਿੱਚ ਯਤਨਸ਼ੀਲ ਰਹਿੰਦਾ ਹੈ।

ਇਸ ਉਮਰ ਵਿੱਚ ਪਹੁੰਚਕੇ ਬਜ਼ੁਰਗ ਆਪਣੇ ਆਪ ਨੂੰ ਨਕਾਰਾ ਜਿਹਾ ਮਹਿਸੂਸ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਸੋਚਾਂ ਵੀ ਨਕਾਰਤਮਿਕ ਹੋ ਜਾਂਦੀਆਂ ਹਨ। ਪਰ ਜੇਕਰ ਉਹ ਯੋਗਾ, ਮੈਡੀਟੇਸ਼ਨ ਦੇ ਨਾਲ ਨਾਲ ਸਮਾਜਿਕ ਕੰਮਾਂ ਵਿੱਚ ਭਾਈਵਾਲ ਹੋ ਕੇ ਸਮਾਜ ਦਾ ਮੂੰਹ ਮੱਥਾ ਸੰਵਾਰਨ ਲਈ ਯਤਨਸ਼ੀਲ ਹੋਣ ਤਾਂ ਜਿੱਥੇ ਲੋਕਾਂ ਦੀ ਉਨ੍ਹਾਂ ਪ੍ਰਤੀ ਸਤਿਕਾਰ ਦੀ ਭਾਵਨਾ ਵਧੇਗੀ, ਉੱਥੇ ਹੀ ਅਜਿਹੇ ਬਜ਼ੁਰਗ ਕੁਰਾਹੇ ਪਈ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਬਣਕੇ ਉਨ੍ਹਾਂ ਦਾ ਜੀਵਨ ਵੀ ਰੁਸ਼ਨਾ ਦਿੰਦੇ ਨੇ। ਭਲਾ ਅਜਿਹੇ ਬਜ਼ੁਰਗ ਲੋਕਾਂ ਦੇ ਚੇਤਿਆਂ ਵਿੱਚੋਂ ਕਿੰਜ ਮਨਫ਼ੀ ਹੋ ਸਕਦੇ ਨੇ? ਦਰਅਸਲ ਅਜਿਹੇ ਬਜ਼ੁਰਗ ਇਹ ਨਹੀਂ ਸੋਚਦੇ ਕਿ ਸਮਾਜ ਨੇ ਸਾਨੂੰ ਕੀ ਦਿੱਤਾ? ਉਹ ਸਗੋਂ ਇਹ ਸੋਚਦੇ ਹਨ ਕਿ ਅਸੀਂ ਸਮਾਜ ਨੂੰ ਕੀ ਦੇ ਰਹੇ ਹਾਂ। ਆਪਣੇ ਹਾਣੀਆਂ ਨਾਲ ਸਾਂਝੀ ਥਾਂ ’ਤੇ ਬਹਿ ਕੇ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਨ ਵੇਲੇ ਵੀ ਉਹ ਆਪਣੇ ਸਾਥੀਆਂ ਨੂੰ ਸਮਾਜ ਦਾ ਮੂੰਹ ਮੱਥਾ ਸੰਵਾਰਨ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਈ ਬਜ਼ੁਰਗ ਕੁੱਲੀਆਂ ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਪੱਲਿਉਂ ਖਰਚ ਕਰਕੇ ਪੜ੍ਹਾਉਣ, ਅੰਗਹੀਣ ਸਰਟੀਫਿਕੇਟ ਬਣਾਉਣ, ਬੈਂਕ ਦੇ ਫਾਰਮ ਭਰਨ ਜਾਂ ਫਿਰ ਲੋੜਵੰਦ ਬਜ਼ੁਰਗ ਦੇ ਬੁਢਾਪਾ ਪੈਨਸ਼ਨ ਦੇ ਫਾਰਮ ਭਰਨ, ਖੂਨ ਦਾਨ ਕੈਂਪਾਂ ਵਿੱਚ ਅਹਿਮ ਯੋਗਦਾਨ ਜਿਹੇ ਕਾਰਜਾਂ ਰਾਹੀਂ ਨੇਕ ਕੰਮਾਂ ਦੀ ਧੂਣੀ ਬਾਲ਼ੀ ਰੱਖਦੇ ਹਨ।

ਹਾਂ, ਕਈ ਵਾਰ ਚੰਗੇ ਮਾਰਗ ’ਤੇ ਚੱਲਦਿਆਂ ਸਮਾਜ, ਪਰਿਵਾਰ, ਪ੍ਰਸ਼ਾਸਨ ਜਾਂ ਫਿਰ ਸੰਸਥਾ ਵੱਲੋਂ ਬਣਦਾ ਮਾਨ-ਸਨਮਾਨ ਨਾ ਮਿਲਣ ’ਤੇ ਵੀ ਸਿਆਣੇ ਬਜ਼ੁਰਗ ਉਨ੍ਹਾਂ ਦੀ ਅਣਦੇਖੀ ਨੂੰ ਟਿੱਚ ਸਮਝਕੇ ਆਪਣੇ ਪਰਉਪਕਾਰੀ ਕਾਰਜਾਂ ਨੂੰ ਜਾਰੀ ਰੱਖਦੇ ਹਨ। ਅਜਿਹੇ ਅਕ੍ਰਿਤਵਾਦ ਵਿਅਕਤੀਆਂ ਪ੍ਰਤੀ ਉਨ੍ਹਾਂ ਦੀ ਅਜਿਹੀ ਸੋਚ ਹੁੰਦੀ ਹੈ:

ਥੋਨੂੰ ਸਾਡੀ ਪਰਖ਼ ਨਹੀਂ,

ਸਾਨੂੰ ਵੀ ਕੋਈ ਹਰਖ਼ ਨਹੀਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3852)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author