MohanSharma8ਪੰਜਾਬ ਦੇ ਅਲੋਪ ਹੋ ਰਹੇ ਹਾਸੇ ਨੂੰ ਵਾਪਸ ਲਿਆਉਣ ਲਈ ਆਸਵੰਦ ਨਜ਼ਰਾਂ ਨਾਲ ਲੋਕ ਆਮ ਆਦਮੀ ਪਾਰਟੀ ਵੱਲ ...
(27 ਮਾਰਚ 2022)
ਮਹਿਮਾਨ: 661.

 

16 ਮਾਰਚ 2022 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਵਾਗਡੋਰ ਸੰਭਾਲੀ ਹੈਪੰਜਾਬ ਦੇ ਮੁੱਖ ਮੰਤਰੀ ਨੂੰ ਵਿਰਸੇ ਵਿੱਚ 3 ਲੱਖ ਕਰੋੜ ਕਰਜ਼ੇ ਦੀ ਪੰਡ, ਹੱਥਾਂ ਵਿੱਚ ਡਿਗਰੀਆਂ ਫੜੀ ਦਰ-ਦਰ ਦੇ ਧੱਕੇ ਖਾਣ ਦੇ ਨਾਲ ਨਾਲ ਪੁਲਿਸ ਦੀ ਝੰਬੀ ਹੋਈ ਬੇਰੁਜ਼ਗਾਰਾਂ ਦੀ ਫੌਜ, ਲੈਂਡ ਮਾਫ਼ੀਆ, ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਕੇਬਲ ਮਾਫ਼ੀਆ, ਡਰੱਗ ਮਾਫ਼ੀਆ, ਕਿਸਾਨੀ ਸੰਕਟ, ਨਸ਼ਿਆਂ ਕਾਰਨ ਗਲੀਆਂ ਵਿੱਚ ਕੱਖਾਂ ਵਾਂਗ ਰੁਲਦੀ ਜਵਾਨੀ, ਨਸ਼ਈ ਪੁੱਤਾਂ ਤੋਂ ਪੋਟਾ ਪੋਟਾ ਦੁਖੀ ਖੂਨ ਦੇ ਹੰਝੂ ਕੇਰਦੇ ਮਾਪੇ, ਦਫਤਰਾਂ ਵਿੱਚ ਫੈਲਿਆ ਭ੍ਰਿਸ਼ਟਾਚਾਰ, ਗੈਂਗਵਾਰ ਕਾਰਨ ਦਿਨ ਦਿਹਾੜੇ ਹੁੰਦੇ ਕਤਲ ਅਤੇ ਔਰਤਾਂ ਦੀ ਅਸੁਰੱਖਿਆ ਕਾਰਨ ਇੰਜ ਲੱਗਦਾ ਹੈ ਜਿਵੇਂ ਗ਼ੁਬਾਰਾ ਅਣਗਿਣਤ ਸੂਈਆਂ ਦੀ ਨੋਕ ’ਤੇ ਖੜ੍ਹਾ ਹੋਵੇ

ਦਰਅਸਲ ਜੇ ਘੋਖਵੀਂ ਨਜ਼ਰ ਮਾਰੀ ਜਾਵੇ ਤਾਂ 20 ਫਰਵਰੀ 2022 ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਰਿਵਾਇਤੀ ਪਾਰਟੀਆਂ ਦੀ 75 ਸਾਲਾਂ ਦੀ ਕਾਰਗੁਜ਼ਾਰੀ ਨੂੰ ਪੰਜਾਬ ਦੇ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਿਆ ਹੈਬਦਲਾਅ ਦੀ ਇੱਛਾ ਨਾਲ ਅਤੇ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਵੇਖਦਿਆਂ ਲੋਕਾਂ ਨੇ ਆਸ ਭਰੀਆਂ ਨਜ਼ਰਾਂ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਵਿਧਾਨ ਸਭਾ ਵਿੱਚ ਭੇਜਿਆ ਹੈਆਮ ਆਦਮੀ ਪਾਰਟੀ ਦੇ 92 ਜੇਤੂ ਵਿਧਾਨਕਾਰਾਂ ਵਿੱਚੋਂ ਕਈ ਵਿਧਾਨਕਾਰ ਦੂਜੀਆਂ ਰਿਵਾਇਤੀ ਪਾਰਟੀਆਂ ਨੂੰ ਤਿਲਾਂਜਲੀ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਜੇਤੂ ਵਿਧਾਨਕਾਰਾਂ ਵਿੱਚ 52 ਦਾਗ਼ੀ ਉਮੀਦਵਾਰਾਂ ਨੇ ਵੀ ਜਿੱਤ ਦਰਜ਼ ਕਰਵਾਈ ਹੈਪੰਜਾਬੀਆਂ ਨੇ ਸਭ ਕੁਝ ਨਕਾਰ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ

ਦਰਅਸਲ ਲੋਕ ਭਵਿੱਖ ਪ੍ਰਤੀ ਸੁਚੇਤ ਵੀ ਹੋਏ ਹਨ ਅਤੇ ਕਿਸਾਨ ਅੰਦੋਲਨ ਨੇ ਰਾਜਨੀਤਿਕ ਸੂਝ ਵੀ ਦਿੱਤੀ ਹੈਪਿਛਲੀਆਂ ਰਿਵਾਇਤੀ ਪਾਰਟੀਆਂ ਦੇ ਲਾਰਿਆਂ, ਵਾਅਦਿਆਂ ਅਤੇ ਚੋਣਾਂ ਸਮੇਂ ਵੋਟ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡਿਆਂ ਤੋਂ ਉਹ ਚੰਗੀ ਤਰ੍ਹਾਂ ਜਾਣੂ ਹੋ ਗਏ ਸਨਉਨ੍ਹਾਂ ਨੂੰ ਇਹ ਵੀ ਅਹਿਸਾਸ ਹੋ ਗਿਆ ਸੀ ਕਿ ਸਿਆਸੀ ਲੋਕ ਵੋਟਰਾਂ ਦੀ ਕੀਮਤ ਭੇਡ-ਬੱਕਰੀਆਂ ਵਾਂਗ ਪਾ ਕੇ ਉਨ੍ਹਾਂ ਦੇ ਸਿਰ ’ਤੇ ਸਾਰੀ ਉਮਰ ਰਾਜ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਖੱਜਲ ਖੁਆਰ ਵੀ ਕਰਦੇ ਹਨਇਸ ਵਾਰ ਰਿਵਾਇਤੀ ਪਾਰਟੀਆਂ ਨੇ ਪਹਿਲਾਂ ਦੀ ਤਰ੍ਹਾਂ ਪੈਸੇ, ਨਸ਼ਾ ਅਤੇ ਹੋਰ ਨਿਕਸੁਕ ਜੋ ਵੀ ਦਿੱਤਾ, ਉਹ ਲੋਕਾਂ ਨੇ ਲੈ ਵੀ ਲਿਆਲੀਡਰਾਂ ਦੇ ਵਾਅਦਿਆਂ ਦੀ ਤਰ੍ਹਾਂ ਵੋਟਰਾਂ ਨੇ ਵੀ ਜੇਬ ਗਰਮ ਕਰਕੇ ਵੋਟ ਪਾਉਣ ਦਾ ਵਾਅਦਾ ਤਾਂ ਕਰ ਲਿਆ ਪਰ ਆਪਣੀ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਾਈਇੰਜ ਲੋਕਾਂ ਨੇ ਅਹਿਸਾਸ ਕਰਵਾ ਦਿੱਤਾ ਕਿ ਝੂਠੇ ਲਾਰੇ, ਵਾਅਦੇ ਅਤੇ ਦਿਲਜੋਈਆਂ ਦੇ ਤੁਸੀਂ ਹੀ ਮਾਹਿਰ ਨਹੀਂ, ਸਾਨੂੰ ਵੀ ਹੁਣ ਚੰਗੀ ਤਰ੍ਹਾਂ ਜਵਾਬ ਦੇਣਾ ਆ ਗਿਆ ਹੈਰਿਵਾਇਤੀ ਪਾਰਟੀਆਂ ਨੂੰ ਮੂਧੇ ਮੂੰਹ ਮਾਰ ਕੇ ਲੋਕ ਇਨਕਲਾਬੀ ਬਦਲਾਅ ਤੇ ਖੁਸ਼ੀ ਵਿੱਚ ਭੰਗੜਾ ਪਾਉਂਦੇ ਰਹੇਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਜੇਕਰ ਲੁੱਟਣ ਵਾਲੇ ਇੱਕ ਪਲੇਟ ਫਾਰਮ ’ਤੇ ਇਕੱਠੇ ਹੋ ਕੇ ਤਿਜੌਰੀਆਂ ਭਰ ਰਹੇ ਨੇ, ਫਿਰ ਲੁੱਟੇ ਜਾਣ ਵਾਲਿਆਂ ਦਾ ਵੀ ਇਕੱਠੇ ਹੋਣਾ ਜ਼ਰੂਰੀ ਹੈਦਰਅਸਲ ਇਹ ਸਿਆਸੀ ਇਨਕਲਾਬ, ਭ੍ਰਿਸ਼ਟਾਚਾਰ, ਲੋਕ ਸੇਵਕ ਦੀ ਥਾਂ ’ਲੋਕ ਮਾਲਕ’ ਬਣ ਕੇ ਲੋਕਾਂ ਦੇ ਹਿਤਾਂ ਦਾ ਕੀਤਾ ਘਾਣ, ਖੇਤੀ ਸੰਕਟ, ਉਦਯੋਗਿਕ ਸੰਕਟ ਅਤੇ ਅਜਿਹੇ ਹੀ ਹੋਰ ’ਕਾਰਨਾਮਿਆਂ’ ਦੇ ਵਿਰੁੱਧ ਫਤਵਾ ਹੈਗਰੀਬਾਂ ਨੇ ਗਰੀਬੀ ਦੂਰ ਕਰਨ ਲਈ, ਬੇਰੁਜ਼ਗਾਰਾਂ ਨੇ ਰੁਜ਼ਗਾਰ ਪ੍ਰਾਪਤੀ ਲਈ, ਕੱਚੇ ਕਰਮਚਾਰੀਆਂ ਨੇ ਪੱਕੇ ਹੋਣ ਲਈ, ਦੂਸ਼ਿਤ ਵਾਤਾਵਰਣ ਤੋਂ ਤੰਗ ਪ੍ਰੇਸ਼ਾਨ ਲੋਕਾਂ ਨੇ ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਣ ਲਈ ਆਮ ਆਦਮੀ ਪਾਰਟੀ ਨੂੰ ਆਪ ਮੁਹਾਰੇ ਵੋਟਾਂ ਪਾਈਆਂ ਹਨ

ਕਿਸੇ ਵੀ ਪ੍ਰਾਂਤ ਦੀ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਹਾਲਤ ਦਾ ਜ਼ਾਇਜਾ ਗੁਆਂਢੀ ਪ੍ਰਾਂਤ ਨਾਲ ਤੁਲਨਾਤਮਕ ਅਧਿਐਨ ਤੋਂ ਵੀ ਸਹਿਜੇ ਹੀ ਲੱਗ ਜਾਂਦਾ ਹੈਗੁਆਂਢੀ ਪ੍ਰਾਂਤ ਹਰਿਆਣਾ ਕਦੇ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ ਪਰ ਇੱਕ ਨਵੰਬਰ 1966 ਨੂੰ ਪੰਜਾਬ ਅਤੇ ਹਰਿਆਣਾ ਦੀ ਵੰਡ ਸਮੇਂ 6:4 ਦੇ ਅਨੁਪਾਤ ਨਾਲ ਸਰੋਤਾਂ ਦੀ ਵੰਡ ਹੋਈਹਰਿਆਣਾ ਪੰਜਾਬ ਨਾਲੋਂ ਛੋਟਾ ਸੂਬਾ ਅਤੇ ਸਰੋਤ ਵੀ ਪੰਜਾਬ ਦੇ ਮੁਕਾਬਲੇ ਘੱਟ ਹਨਪਰ ਪੰਜਾਬ ਦੀ ਪ੍ਰਤੀ ਵਿਅਕਤੀ ਔਸਤਨ ਸਾਲਾਨਾ ਆਮਦਨ ਇੱਕ ਲੱਖ 9 ਹਜ਼ਾਰ ਰੁਪਏ ਹੈ ਜਦੋਂ ਕਿ ਹਰਿਆਣੇ ਦੀ ਪ੍ਰਤੀ ਵਿਅਕਤੀ ਔਸਤ ਸਾਲਾਨਾ ਆਮਦਨ ਇੱਕ ਲੱਖ 63 ਹਜ਼ਾਰ ਰੁਪਏ ਹੈਹਰਿਆਣੇ ਦਾ ਬਜਟ ਇੱਕ ਲੱਖ 65 ਹਜ਼ਾਰ ਕਰੋੜ ਦਾ ਅਤੇ ਪੰਜਾਬ ਦਾ ਬਜਟ ਇੱਕ ਲੱਖ 68 ਹਜ਼ਾਰ ਕਰੋੜ ਦਾ ਹੈਸੋਸ਼ਲ ਵੈੱਲਫੇਅਰ ਤੇ ਹਰਿਆਣਾ 19 ਹਜ਼ਾਰ ਕਰੋੜ ਖਰਚ ਕਰਕੇ ਸਮਾਜਿਕ ਸੁਰੱਖਿਆ ਲਈ ਯਤਨਸ਼ੀਲ ਹੈ ਜਦੋਂਕਿ ਪੰਜਾਬ ਸਰਕਾਰ ਨੇ ਇਸ ਮੰਤਵ ਲਈ 6500 ਕਰੋੜ ਦੇ ਫੰਡ ਰਾਖਵੇਂ ਰੱਖੇ ਹਨਹਰਿਆਣੇ ਦੇ ਐਨਰਜੀ ਸੈਕਟਰ ’ਤੇ ਕੁੱਲ ਖਰਚ 7 ਹਜ਼ਾਰ ਕਰੋੜ ਦਾ ਹੈ, ਜਦੋਂ ਕਿ ਪੰਜਾਬ 10 ਹਜ਼ਾਰ ਕਰੋੜ ਦੀ ਬਿਜਲੀ ਮੁਫ਼ਤ ਦੇ ਰਿਹਾ ਹੈ ਅਤੇ ਲਗਭਗ 14 ਲੱਖ ਦਿਨ ਰਾਤ ਚੱਲ ਰਹੇ ਟਿਊਬਵੈੱਲਾਂ ਨੇ ਧਰਤੀ ਹੇਠਲੇ ਪਾਣੀ ਦਾ ਪੱਧਰ ਇੰਨਾ ਨੀਵਾਂ ਕਰ ਦਿੱਤਾ ਹੈ ਕਿ ਅੰਦਾਜ਼ਨ ਦੋ ਦਹਾਕਿਆਂ ਤੋਂ ਬਾਅਦ ਪੰਜਾਬ ਨੂੰ ਸੋਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈਪੰਜਾਬ ਦੀਆਂ ਖੇਡਾਂ ਦਾ ਬਜਟ 44 ਕਰੋੜ ਦਾ ਹੈ ਜਦੋਂਕਿ ਹਰਿਆਣੇ ਦਾ ਬਜਟ 394 ਕਰੋੜ ਰੱਖਿਆ ਗਿਆ ਹੈਸਿਹਤ ਸੇਵਾਵਾਂ, ਵਿੱਦਿਆ, ਖੇਡਾਂ ਅਤੇ ਸਮਾਜਿਕ ਸੁਰੱਖਿਆ ਦੇ ਖੇਤਰ ਵਿੱਚ ਹਰਿਆਣਾ ਪੰਜਾਬ ਨਾਲੋਂ ਅੱਗੇ ਹੈਨਿਵੇਸ਼ ਦੇ ਖੇਤਰ ਵਿੱਚ ਹਰਿਆਣਾ ਦੇਸ਼ ਭਰ ਵਿੱਚ ਤੀਜੇ ਨੰਬਰ ’ਤੇ ਹੈ ਜਦੋਂ ਕਿ ਪੰਜਾਬ ਬਿਹਾਰ ਨਾਲੋਂ ਵੀ ਪਛੜ ਕੇ 20ਵੇਂ ਨੰਬਰ ’ਤੇ ਪਹੁੰਚ ਗਿਆ ਹੈਵੈਟ ਪ੍ਰਾਪਤੀ ਦੇ ਖੇਤਰ ਵਿੱਚ ਵੀ ਹਰਿਆਣੇ ਨੇ ਪੰਜਾਬ ਨੂੰ ਪਛਾੜ ਦਿੱਤਾ ਹੈਸਿਆਸੀ ਲੋਕਾਂ ਦੀ ਲੁੱਟ ਖਸੁੱਟ ਅਤੇ ਪੰਜਾਬ ਨੂੰ ਘੁਣ ਵਾਂਗ ਖਾ ਰਹੀ ਰਿਸ਼ਵਤਖੋਰੀ ਅਤੇ ਬੇਈਮਾਨੀ ਨੇ ਪੰਜਾਬ ਦੇ ਵਿਕਾਸ ਉੱਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ

ਇਹ ਕੌੜੀ ਸਚਾਈ ਹੈ ਕਿ ਬੁਰਾਈ, ਭ੍ਰਿਸ਼ਟਾਚਾਰ, ਹਰ ਤਰ੍ਹਾਂ ਦੇ ਮਾਫ਼ੀਏ ਨਾਲ ਸਬੰਧਤ ਸਰਗਣੇ, ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਵਾਲੇ ਭੇੜੀਏ, ਗੁੰਡਾ ਰਾਜ, ਗੈਂਗਸਟਰ ਵਾਰ, ਅਸੁਰੱਖਿਅਤ ਮਾਹੌਲ ਇਹ ਸਭ ਕੁਝ ਸਿਆਸੀ ਸ਼ਹਿ ਤੋਂ ਬਿਨਾਂ ਸੰਭਵ ਹੀ ਨਹੀਂਜੇਕਰ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਅਤੇ ਹੋਰ ਰਾਜਨੀਤਿਕ ਆਗੂਆਂ ਦੀ ਸੋਚ ਉਸਾਰੂ, ਨੇਕ, ਇਮਾਨਦਾਰ, ਹਾਂ ਪੱਖੀ ਅਤੇ ਲੋਕ ਪੱਖੀ ਹੋਵੇ ਤਾਂ ਹੇਠਲੇ ਅਧਿਕਾਰੀ ਅਤੇ ਕਰਮਚਾਰੀ ਤਾਂ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਹੀ ਚੱਲਣਗੇਪਰ ਜੇਕਰ ਮੰਤਰੀ ਹੇਠਲੇ ਅਧਿਕਾਰੀਆਂ ਤੋਂ ’ਹਫ਼ਤਾ’ ਜਾਂ ’ਮਹੀਨਾ’ ਵਸੂਲੀ ਦੇ ਚੱਕਰ ਵਿੱਚ ਪੈ ਗਏ ਫਿਰ ਪਹਿਲੀਆਂ ਰਿਵਾਇਤੀ ਪਾਰਟੀਆਂ ਅਤੇ ਹੁਣ ਦੀ ਰਾਜ ਸਤਾ ਵਾਲੀ ਪਾਰਟੀ ਵਿੱਚ ਕੀ ਫਰਕ ਰਹਿ ਜਾਵੇਗਾ? ਪਾਸ਼ ਦੇ ਇਹ ਬੋਲ ਹਨ:

ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ,
ਜੋ ਸਭ ਕੁਝ ਵੇਖਦਿਆਂ ਠੰਢੀ ਯਖ਼ ਹੁੰਦੀ ਹੈ

ਚੇਤਨ ਬੁੱਧੀਜੀਵੀ ਵਰਗ, ਪੱਤਰਕਾਰ ਭਾਈਚਾਰਾ, ਅਧਿਆਪਕ, ਮੁਲਾਜ਼ਮ ਜਥੇਬੰਦੀਆਂ, ਕਿਸਾਨ ਆਗੂ ਅਤੇ ਪਬਲਿਕ ਨੂੰ ਵੀ ਇਹ ਅਹਿਸਾਸ ਹੋ ਗਿਆ ਹੈ ਕਿ ਬੇਇਨਸਾਫੀ ਅਤੇ ਜਬਰ ਵਿਰੁੱਧ ਉਹ ਇੱਕਮੁੱਠ ਹੋ ਕੇ ਰਾਜ ਸਤਾ ਦੀਆਂ ਚੂਲਾਂ ਹਿਲਾ ਵੀ ਸਕਦੇ ਨੇ

ਨੌਜਵਾਨਾਂ ਦੀਆਂ ਨਸ਼ੇ ਦੇ ਟੀਕਿਆਂ ਨਾਲ ਵਿੰਨ੍ਹੀਆਂ ਬਾਹਾਂ, ਗੰਧਲਾ ਵਾਤਾਵਰਣ, ਖਸਤਾ ਕਿਸਾਨੀ ਹਾਲਤ, ਬੇਰੁਜ਼ਗਾਰੀ, ਸਿਹਤ ਅਤੇ ਵਿੱਦਿਅਕ ਢਾਂਚੇ ਵਿੱਚ ਨਿਘਾਰ, ਤਰ੍ਹਾਂ ਤਰ੍ਹਾਂ ਦੇ ਮਾਫ਼ੀਏ, ਬੇਈਮਾਨੀ, ਗੁਰਬਤ, ਭੁੱਖਮਰੀ ਜਿਹੀਆਂ ਕਿੰਨੀਆਂ ਹੀ ਖੂਨ ਚੂਸ ਰਹੀਆਂ ਜੋਕਾਂ ਨਾਲ ਪੰਜਾਬ ਪੀੜਤ ਹੈਪੰਜਾਬ ਦੇ ਅਲੋਪ ਹੋ ਰਹੇ ਹਾਸੇ ਨੂੰ ਵਾਪਸ ਲਿਆਉਣ ਲਈ ਆਸਵੰਦ ਨਜ਼ਰਾਂ ਨਾਲ ਲੋਕ ਆਮ ਆਦਮੀ ਪਾਰਟੀ ਵੱਲ ਵੇਖ ਰਹੇ ਹਨਆਮ ਆਦਮੀ ਪਾਰਟੀ ਲਈ ਇਸ ਇਤਿਹਾਸਕ ਫਤਵੇ ਦਾ ਮਾਣ ਸਤਿਕਾਰ ਰੱਖਣਾ ਅਤਿਅੰਤ ਜ਼ਰੂਰੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3460)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author