“ਹੁਣ ਤਕ ਤਾਂ ਬੱਸ ਹਵਾ ਵਿੱਚ ਈ ਡਾਂਗਾਂ ਮਾਰੀਆਂ ਨੇ। ਨਾ ਦਿਨੇ ਚੈਨ, ਨਾ ਰਾਤ ਨੂੰ ...”
(10 ਨਵੰਬਰ 2021)
ਅਸੀਂ ਦਫਤਰ ਵਿੱਚ ਬੈਠੇ ਸੀ। ਇੱਕ ਬਜ਼ੁਰਗ ਅੰਦਰ ਆਇਆ। ਉਹਦੇ ਨਾਲ ਹੱਡੀਆਂ ਦੀ ਮੁੱਠ ਬਣਿਆ ਉਹਦਾ ਪੁੱਤਰ ਵੀ ਸੀ। ਬਜ਼ੁਰਗ ਨੂੰ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕਰਦਿਆਂ ਮੈਂ ਨਾਲ ਆਏ ਉਹਦੇ ਪੁੱਤਰ ਵੱਲ ਵੇਖਿਆ। ਮੈਲੇ ਘਸੇ ਜਿਹੇ ਪਾਏ ਕੱਪੜੇ, ਉਲਝੇ ਜਿਹੇ ਵਾਲ, ਅੰਦਰ ਨੂੰ ਧਸੀਆਂ ਅੱਖਾਂ, ਚਿਹਰੇ ’ਤੇ ਛਾਈ ਪਿਲੱਤਣ, ਬੁੱਲ੍ਹਾਂ ’ਤੇ ਆਈ ਸਿਕਰੀ ਅਤੇ ਖੰਡਰ ਜਿਹੀ ਇਮਾਰਤ ਵਰਗੀ ਉਹਦੀ ਹਾਲਤ ਜਵਾਨੀ ਪਹਿਰੇ ਹੀ ਹੋ ਗਈ ਸੀ। ਉਹਦੀ ਹਾਲਤ ਤੋਂ ਸਹਿਜੇ ਹੀ ਅੰਦਾਜ਼ਾ ਲਾ ਲਿਆ ਕਿ ਨਸ਼ਿਆਂ ਦੀ ਦਲਦਲ ਵਿੱਚ ਧਸਿਆ ਉਹ ਮੁੰਡਾ ਸਿਵਿਆਂ ਦੇ ਰਾਹ ਪਿਆ ਹੋਇਆ ਹੈ। ਬਜ਼ੁਰਗ ਦੇ ਅੰਤਾਂ ਦੇ ਉਦਾਸ ਅਤੇ ਮੁਰਝਾਏ ਚਿਹਰੇ ਵੱਲ ਵਿਹੰਦਿਆਂ ਮੈਂ ਸਭ ਕੁਝ ਭਾਂਪਦਿਆਂ ਵੀ ਬਜ਼ੁਰਗ ਨੂੰ ਹਮਦਰਦੀ ਭਰੇ ਲਹਿਜ਼ੇ ਵਿੱਚ ਪੁੱਛਿਆ, “ਹਾਂ ਜੀ, ਦੱਸੋ ਕਿਵੇਂ ਆਉਣਾ ਹੋਇਆ?” ਬਜ਼ੁਰਗ ਨੇ ਅੰਤਾਂ ਦੀ ਉਦਾਸੀ ਵਿੱਚ ਆਪਣੇ ਮੁੰਡੇ ਵੱਲ ਇਸ਼ਾਰਾ ਕਰਦਿਆਂ ਕਿਹਾ, “ਇਹਦਾ ਕਰੋ ਜੀ ਕੋਈ ਬੰਨ੍ਹ-ਸੁੱਬ। ਤਿੰਨ ਕੁੜੀਆਂ ਪਿੱਛੋਂ ਸੁੱਖਾਂ ਸੁੱਖ ਕੇ ਲਿਆ ਸੀ ਇਹ। ਨਸ਼ਿਆਂ ਵਿੱਚ ਪੈ ਕੇ ਜਿੱਥੇ ਇਹਨੇ ਆਪਣੀ ਦੇਹ ਗਾਲ਼ ਲਈ, ਉੱਥੇ ਸਾਨੂੰ ਵੀ ਕੱਖੋਂ ਹੌਲੇ ਕਰ ਦਿੱਤੈ। ਘਰ ਵਿੱਚ ਭੰਗ ਭੁੱਜਦੀ ਐ। ਜਿਹੜੀ ਵੀ ਚੀਜ਼ ਇਹਦੇ ਹੱਥ ਲਗਦੀ ਹੈ, ਉਹਨੂੰ ਵੇਚ ਦਿੰਦਾ ਐ। ਹੁਣ ਤਾਂ ਜ਼ਮੀਨ ਨੂੰ ਵੀ ਵਾਢਾ ਧਰ ਲਿਐ। ਚਾਰ ਕੀਲਿਆਂ ਵਿੱਚੋਂ ਇੱਕ ਕੀਲਾ ਨਸ਼ਿਆਂ ਦੇ ਲੇਖੇ ਲਾ ਚੁੱਕਿਐ। ਹੁਣ ਅਗਲੇ ਕੀਲੇ ’ਤੇ ਅੱਖ ਐ। ਰੋਜ਼ ਸਾਡੇ ਗੱਲ ਵਿੱਚ ਗੂਠਾ ਦਿੰਦਾ ਐ। ਜਿਹੜੀ ਜੱਗ ਹਸਾਈ ਹੁੰਦੀ ਐ, ਉਹ ਵੱਖਰੀ। ਅਸੀਂ ਤਾਂ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਛੱਡੇ ਇਹਨੇ। ਇਹਦੀ ਮਾਂ ਇਹਦੀ ਤਪਾਈ ਹੋਈ ਮੰਜੇ ’ਤੇ ਪਈ ਐ। ਬੱਸ ਜੀ … ।” ਬਜ਼ੁਰਗ ਤੋਂ ਅਗਾਂਹ ਬੋਲਿਆ ਨਹੀਂ ਗਿਆ। ਉਹਦੀ ਚਿੱਟੀ ਦਾਹੜੀ ਅਤੇ ਝੁਰੜੀਆਂ ਭਰਿਆ ਚਿਹਰਾ ਹੰਝੂਆਂ ਨਾਲ ਭਰ ਗਿਆ। ਨਿਹੱਥੇ ਹੋਏ ਬਜ਼ੁਰਗ ਦਾ ਸਾਰਾ ਵਜੂਦ ਹੀ ਹਿੱਲਿਆ ਪਿਆ ਸੀ। ਉਹਦੀ ਹਾਲਤ ਵੇਖ ਕੇ ਸਾਡਾ ਆਪਣਾ ਆਪ ਵੀ ਵਲੂੰਧਰਿਆ ਗਿਆ। ਨਸ਼ਈ ਨੌਜਵਾਨ ਦੇ ਚਿਹਰੇ ਵੱਲ ਨਜ਼ਰ ਮਾਰੀ। ਉਹਦੇ ਚਿਹਰੇ ’ਤੇ ਢੀਠਤਾ ਦੀ ਥਾਂ ਪਛਤਾਵੇ ਦੇ ਚਿੰਨ੍ਹ ਸਨ। ਉਸ ਨੂੰ ਕਾਊਂਸਲਿੰਗ ਕਰਨ ਉਪਰੰਤ ਦਾਖ਼ਲ ਕਰ ਲਿਆ ਗਿਆ ਅਤੇ ਬਜ਼ੁਰਗ ਦੇ ਮੋਢੇ ’ਤੇ ਹੱਥ ਰੱਖਦਿਆਂ ਹਮਦਰਦੀ ਭਰੇ ਲਹਿਜ਼ੇ ਵਿੱਚ ਕਿਹਾ, “ਤੁਸੀਂ ਹੁਣ ਘਰ ਜਾਓ। ਅਸੀਂ ਇਸ ਮੁੰਡੇ ਨੂੰ ਠੀਕ ਕਰਨ ਲਈ ਪੂਰੀ ਵਾਹ ਲਾ ਦਿਆਂਗੇ। ਫਿਕਰ ਨਾ ਕਰੋ …।”
ਬਜ਼ੁਰਗ ਨੇ ਪੱਗ ਦੇ ਲੜ ਨਾਲ ਅੱਥਰੂ ਪੂੰਝਦਿਆਂ ਕਿਹਾ, “ਬੜੀ ਆਸ ਲੈ ਕੇ ਆਇਆਂ ਥੋਡੇ ਕੋਲੇ। ਬੱਸ ਇਹ ਨੂੰ ਠੀਕ ਕਰਕੇ ਸਾਨੂੰ ਜਿਉਂਦਿਆਂ ਵਿੱਚ ਕਰ ਦਿਉ। ਨਹੀਂ ਤਾਂ ਇਹਦੇ ਕਾਰਨ …।” ਬਜ਼ੁਰਗ ਤੋਂ ਅਗਾਂਹ ਕੁਝ ਬੋਲਿਆ ਨਹੀਂ ਗਿਆ। ਵਹਿੰਦੇ ਖੂਨ ਦੇ ਅੱਥਰੂਆਂ ਵਿੱਚੋਂ ਡੁੱਲ੍ਹਦੇ ਦਰਦ ਨੇ ਕਾਫੀ ਕੁਝ ਕਹਿ ਦਿੱਤਾ ਸੀ।
ਦਰਅਸਲ ਬਹੁਤ ਸਾਰੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਈਆਂ ਨੂੰ ਪੀੜਤ ਨਹੀਂ, ਸਗੋਂ ਖਲਨਾਇਕ ਸਮਝ ਕੇ ਉਹਨਾਂ ਨਾਲ ਦੁਰ ਵਰਤਾਉ ਕੀਤਾ ਜਾਂਦਾ ਹੈ। ਤਰ੍ਹਾਂ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਸਜ਼ਾਵਾਂ ਨਾਲ ਉਹ ਢੀਠ ਹੋ ਕੇ ਖਾਮੋਸ਼ ਬਾਗੀ ਸੁਰਾਂ ਨਾਲ ਜਿੱਥੇ ਘਰਦਿਆਂ ਪ੍ਰਤੀ ਵਿਦਰੋਹੀ ਹੋ ਜਾਂਦੇ ਹਨ, ਉੱਥੇ ਹੀ ਢੀਠ ਹੋ ਕੇ ਇਹ ਵੀ ਸੋਚ ਲੈਂਦੇ ਹਨ, “ਇਸ ਤਸੀਹਾ ਕੇਂਦਰ ਵਿੱਚੋਂ ਨਿਕਲ ਕੇ ਪਹਿਲਾਂ ਨਾਲੋਂ ਵੀ ਜ਼ਿਆਦਾ ਨਸ਼ਾ ਕਰਾਂਗੇ।” ਨਸ਼ਈ ਮਰੀਜ਼ਾਂ ਨਾਲ ਪਿਛਲੇ 15-20 ਸਾਲਾਂ ਤੋਂ ਲਗਾਤਾਰ ਸੰਪਰਕ ਵਿੱਚ ਰਹਿਣ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਕੀਤੇ ਸਾਰਥਕ ਯਤਨ ਇਸ ਲਈ ਸਫਲ ਰਹੇ ਹਨ ਕਿ ਨਸ਼ਈ ਮਰੀਜ਼ਾਂ ਨੂੰ ਪੀੜਤ ਸਮਝ ਕੇ ਉਨ੍ਹਾਂ ਦਾ ਇਲਾਜ ਦੁਆ ਅਤੇ ਦਵਾਈ ਦੇ ਸੁਮੇਲ ਨਾਲ ਕੀਤਾ ਜਾਂਦਾ ਹੈ। ਉਸ ਨੂੰ ਧਰਮ, ਸਾਹਿਤ ਅਤੇ ਕਿਰਤ ਨਾਲ ਜੋੜ ਕੇ ਸਰੀਰਕ ਇਲਾਜ ਦੇ ਨਾਲ ਨਾਲ ਮਾਨਸਿਕ ਤੌਰ ’ਤੇ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਇਲਾਜ ਦਾ ਹਿੱਸਾ ਹੈ।
ਹਫ਼ਤੇ ਕੁ ਦੀ ਮੈਡੀਕਲ ਸਹਾਇਤਾ ਨਾਲ ਬਲਵੀਰ ਸਿੰਘ ਨਾਂ ਦਾ ਉਹ ਨੌਜਵਾਨ ਸਰੀਰਕ ਅਤੇ ਮਾਨਸਿਕ ਤੌਰ ’ਤੇ ਪਹਿਲਾਂ ਨਾਲੋਂ ਚੰਗੀ ਸਥਿਤੀ ਵਿੱਚ ਆ ਗਿਆ। ਇੱਕ ਦਿਨ ਸ਼ਾਮ ਨੂੰ ਯੋਗਾ ਅਤੇ ਮੈਡੀਟੇਸ਼ਨ ਕਰਵਾਉਣ ਉਪਰੰਤ ਮੈਂ ਉਸ ਨੂੰ ਮੁਖ਼ਾਤਿਬ ਹੋ ਕੇ ਪੁੱਛਿਆ, “ਬਲਵੀਰ, ਇੱਕ ਗੱਲ ਦੱਸ, ਕੀ ਤੂੰ ਆਪਣੇ ਮਾਂ-ਬਾਪ ਦਾ ਚੰਗਾ ਪੁੱਤ ਬਣ ਸਕਿਆ ਹੈਂ?”
ਮੁੰਡੇ ਨੇ ਨਿਰਾਸ਼ ਜਿਹਾ ਹੋ ਕੇ ਨਾ ਵਿੱਚ ਸਿਰ ਹਿਲਾ ਦਿੱਤਾ। ਫਿਰ ਅਗਲਾ ਪ੍ਰਸ਼ਨ, “ਤੇਰੇ ਵਿਆਹ ਹੋਏ ਨੂੰ ਸਾਲ ਕੁ ਹੋ ਗਿਆ। ਜਿਹਨੇ ਤੇਰੇ ਨਾਲ ਲਾਵਾਂ ਲਈਆਂ ਨੇ, ਕੀ ਤੂੰ ਉਹਦਾ ਚੰਗਾ ਪਤੀ ਬਣ ਸਕਿਆ ਹੈਂ?”
ਮੁੰਡੇ ਨੇ ਫਿਰ ਨਾ ਵਿੱਚ ਸਿਰ ਹਿਲਾ ਦਿੱਤਾ। ਉਹਦੇ ਚਿਹਰੇ ’ਤੇ ਨਜ਼ਰਾਂ ਗੱਡਦਿਆਂ ਮੈਂ ਅਗਲਾ ਪ੍ਰਸ਼ਨ ਫਿਰ ਛੁਹ ਲਿਆ, “ਕੀ ਤੈਨੂੰ ਤੇਰੇ ਰਿਸ਼ਤੇਦਾਰ ਚੰਗਾ ਸਮਝਦੇ ਨੇ?”
ਬਲਵੀਰ ਦੇ ਨੈਣਾਂ ਵਿੱਚੋਂ ਪਰਲ ਪਰਲ ਹੰਝੂ ਵਹਿ ਰਹੇ ਸਨ। ਗੱਚ ਭਰ ਕੇ ਉਹਨੇ ਜਵਾਬ ਦਿੱਤਾ, “ਕਾਹਨੂੰ ਜੀ, ਕੋਈ ਨਹੀਂ ਓਟਦਾ ਮੈਂਨੂੰ। ਸਾਰੇ ਹੀ ਬੁਰਾ-ਭਲਾ ਕਹਿ ਕੇ ਤੁਰ ਜਾਂਦੇ ਨੇ। ਮੇਰੀਆਂ ਵਿਆਹੀਆਂ-ਵਰ੍ਹੀਆਂ ਭੈਣਾਂ ਮੇਰੇ ਪਿੱਛੇ ਅੱਡ ਤੜਪਦੀਆਂ ਨੇ। ਉਨ੍ਹਾਂ ਦੇ ਘਰਵਾਲੇ ਕਈ ਵਾਰ ਮੇਰੀਆਂ ਭੈਣਾਂ ਨੂੰ ਮਿਹਣਾ ਵੀ ਮਾਰਦੇ ਨੇ ਕਿ ਤੇਰਾ ਭਾਈ ਤਾਂ ਨਸ਼ੇੜੀ ਹੈ।”
ਗੱਲਾਂ ਗੱਲਾਂ ਵਿੱਚ ਹੀ ਮੈਂ ਬਲਬੀਰ ਨੂੰ ਫਿਰ ਪੁੱਛਿਆ, “ਇਉਂ ਦੱਸ ਬਲਵੀਰ, ਫਰਜ਼ ਕਰੋ ਤੂੰ ਨਾਨਕੇ ਗਿਆ ਹੋਇਐਂ। ਉੱਥੇ ਤੇਰੇ ਮਾਮੇ ਦੇ ਬਟੂਏ ਵਿੱਚੋਂ ਪੰਜ-ਸੱਤ ਸੌ ਰੁਪਏ ਘਰ ਦਾ ਕੋਈ ਹੋਰ ਮੈਂਬਰ ਕੱਢ ਲਵੇ, ਪਰ ਦੋਸ਼ੀ ਕਿਸ ਨੂੰ ਮੰਨਿਆ ਜਾਵੇਗਾ?”
ਬਲਵੀਰ ਡਾਢਾ ਹੀ ਨਿਮੋਝੁਣਾ ਜਿਹਾ ਹੋ ਕੇ ਬੋਲਿਆ, “ਮੇਰੇ ਨਸ਼ਈ ਹੋਣ ਕਰਕੇ ਸਾਰੇ ਮੈਂਨੂੰ ਹੀ ਚੋਰ ਕਹਿਣਗੇ।”
ਫਿਰ ਬਲਬੀਰ ਨੇ ਗੱਚ ਭਰ ਕੇ ਕਿਹਾ, “ਕਾਹਦੀ ਜੂਨ ਹੈ ਜੀ ਨਸ਼ੇੜੀਆਂ ਦੀ। ਮੈਂ ਇਸ ਝਮੇਲੇ ਵਿੱਚੋਂ ਬਾਹਰ ਆਉਣੈ। ਤੁਸੀਂ ਹੱਥ ਰੱਖੋ ਮੇਰੇ ’ਤੇ …”
ਬੱਸ ਉਸ ਦਿਨ ਤੋਂ ਬਾਅਦ ਉਹ ਪ੍ਰਭੂ ਸਿਮਰਨ, ਯੋਗਾ ਮੈਡੀਟੇਸ਼ਨ, ਸਾਹਿਤ ਅਧਿਐਨ ਅਤੇ ਮੋਮ ਬੱਤੀਆਂ ਬਣਾਉਣ ਜਿਹੀਆਂ ਕਿਰਿਆਵਾਂ ਵਿੱਚ ਡੂੰਘੀ ਦਿਲਚਸਪੀ ਲੈਣ ਲੱਗ ਪਿਆ। ਦਿਨ ਬ ਦਿਨ ਉਹਦੇ ਚਿਹਰੇ ’ਤੇ ਨਿਖਾਰ ਆਉਂਦਾ ਗਿਆ। ਦੁਆ, ਦਵਾਈ, ਸਹਿਤ ਅਧਿਐਨ ਅਤੇ ਯੋਗ ਕਿਰਿਆਵਾਂ ਰਾਹੀਂ ਉਹ ਨਸ਼ਾ ਰਹਿਤ ਹੋਣ ਦੇ ਨਾਲ ਨਾਲ ਸਰੀਰਕ, ਮਾਨਸਿਕ ਅਤੇ ਬੌਧਿਕ ਤੌਰ ’ਤੇ ਤੰਦਰੁਸਤੀ ਵੱਲ ਵਧਣ ਲੱਗਾ।
ਅੰਦਾਜ਼ਨ ਡੇਢ ਕੁ ਮਹੀਨੇ ਦੇ ਇਲਾਜ ਉਪਰੰਤ ਉਹ ਪੁਰੀ ਤਰ੍ਹਾਂ ਨਸ਼ਾ ਰਹਿਤ ਹੋ ਗਿਆ। ਉਹਦੇ ਅੜਬ ਸੁਭਾਅ ਦੀ ਥਾਂ ਹੁਣ ਬੋਲਣ ਵਿੱਚ ਨਿਮਰਤਾ ਅਤੇ ਠਰ੍ਹੰਮਾ ਵੀ ਆ ਗਿਆ ਸੀ। ਸਮਾਂ ਪੁਰਾ ਹੋਣ ਉਪਰੰਤ ਅਸੀਂ ਉਸ ਨੂੰ ਥਾਪੀ ਦੇ ਕੇ ਘਰ ਭੇਜ ਦਿੱਤਾ।
ਦਿਵਾਲੀ ਵਾਲੇ ਦਿਨ ਬੂਹੇ ’ਤੇ ਦਸਤਕ ਹੋਈ। ਬੂਹਾ ਖੋਲ੍ਹਿਆ। ਸਾਹਮਣੇ ਬਲਵੀਰ ਅਤੇ ਉਸ ਦਾ ਬਜ਼ੁਰਗ ਬਾਪ ਹੱਥ ਵਿੱਚ ਮਠਿਆਈ ਦਾ ਡੱਬਾ ਲੈ ਕੇ ਖੜੋਤੇ ਸਨ। ਉਨ੍ਹਾਂ ਨੂੰ ਆਦਰ ਨਾਲ ਅੰਦਰ ਬਿਠਾਇਆ। ਬਜ਼ੁਰਗ ਨੇ ਸ਼ੁਕਰਾਨੇ ਭਰੀਆਂ ਨਜ਼ਰਾਂ ਨਾਲ ਮਠਿਆਈ ਦਾ ਡੱਬਾ ਦਿੰਦਿਆਂ ਕਿਹਾ, “ਪੂਰੇ ਅੱਠ ਸਾਲਾਂ ਬਾਅਦ ਮੇਰੇ ਬਲਵੀਰ ਪੁੱਤ ਦੇ ਠੀਕ ਹੋਣ ’ਤੇ ਥੋਡੇ ਕਰਕੇ ਚੱਜ ਦੀ ਦਿਵਾਲੀ ਮਨਾ ਰਹੇ ਹਾਂ।”
ਬਜ਼ੁਰਗ ਦੇ ਚਿਹਰੇ ’ਤੇ ਤੈਰਦੀ ਨਿਰਛਲ ਮੁਸਕਰਾਹਟ ਇੰਜ ਲਗਦੀ ਸੀ, ਜਿਵੇਂ ਹਨੇਰੇ ਨੇ ਚਾਨਣ ਸਾਹਮਣੇ ਹਥਿਆਰ ਸੁੱਟ ਦਿੱਤੇ ਹੋਣ। ਬਲਵੀਰ ਨੇ ਸਿਜਦਾ ਕਰਦਿਆਂ ਬੜੀ ਨਿਮਰਤਾ ਨਾਲ ਕਿਹਾ, “ਸਰ, ਸੱਚੀਂ ਜ਼ਿੰਦਗੀ ਜਿਊਣ ਦਾ ਸਵਾਦ ਹੀ ਹੁਣ ਆਇਐ। ਹੁਣ ਤਕ ਤਾਂ ਬੱਸ ਹਵਾ ਵਿੱਚ ਈ ਡਾਂਗਾਂ ਮਾਰੀਆਂ ਨੇ। ਨਾ ਦਿਨੇ ਚੈਨ, ਨਾ ਰਾਤ ਨੂੰ।”
ਬਲਵੀਰ ਦਾ ਤੰਦਰੁਸਤ ਚਿਹਰਾ, ਉਹਦਾ ਗੱਲ ਕਰਨ ਦਾ ਸਲੀਕਾ, ਬਜ਼ੁਰਗ ਦੇ ਚਿਹਰੇ ’ਤੇ ਤੈਰਦੀ ਨਿਰਛਲ ਮੁਸਕਰਾਹਟ ਅਤੇ ਦੋਨਾਂ ਦੀਆਂ ਸ਼ੁਕਰਾਨੇ ਭਰਪੂਰ ਨਜ਼ਰਾਂ ਨੂੰ ਵੇਖ ਕੇ ਜਿਹੜਾ ਮਾਨਸਿਕ ਸਕੂਨ ਮੈਨੂੰ ਮਿਲਿਆ, ਉਹ ਸੱਚ-ਮੁੱਚ ਦਿਵਾਲੀ ਦਾ ਅਨਮੋਲ ਤੋਹਫਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3136)
(ਸਰੋਕਾਰ ਨਾਲ ਸੰਪਰਕ ਲਈ: