“ਬੁੱਕ ਸਟਾਲ ’ਤੇ ਖੜ੍ਹੇ ਦੋਨਾਂ ਮੁੰਡਿਆਂ ਨੇ ਦੱਸਿਆ, “ਜਿਹੜੀ ਪ੍ਰੋਫੈਸਰ ਮੈਡਮ ਦਾ ਵਿਆਹ ਹੈ, ਅਸੀਂ ਉਨ੍ਹਾਂ ਦੇ ਵਿਦਿਆਰਥੀ ...”
(8 ਅਪਰੈਲ 2024)
ਇਸ ਸਮੇਂ ਪਾਠਕ: 130.
ਪਿਛਲੇ ਦਿਨੀਂ ਮੈਨੂੰ ਦੋਂਹ ਥਾਵਾਂ ’ਤੇ ਇੱਕੋ ਦਿਨ ਜਾਣ ਦਾ ਮੌਕਾ ਮਿਲਿਆ। ਪਹਿਲੀ ਥਾਂ ’ਤੇ ਜਾ ਕੇ ਮਾਨਸਿਕ ਨੂੰ ਸਕੂਨ ਵੀ ਮਿਲਿਆ ਅਤੇ ਸਿਜਦਾ ਕਰਨ ਲਈ ਸਿਰ ਵੀ ਝੁਕ ਗਿਆ। ਦੂਜੀ ਥਾਂ ’ਤੇ ਜਾਣ ਉਪਰੰਤ ਮਨ ਡਾਢਾ ਹੀ ਪ੍ਰੇਸ਼ਾਨ ਹੋਇਆ। ਅੱਚਵੀ ਜਿਹੀ ਮਹਿਸੂਸ ਕੀਤੀ, ਪਰ ਵਾਪਸੀ ’ਤੇ ਉਸ ਥਾਂ ਦੇ ਗੇਟ ’ਤੇ ਖੜੋਕੇ ਸਕੂਨ ਦੇ ਪਲ ਵੀ ਹਿੱਸੇ ਆਏ। ਲਗਦਾ ਸੀ ਜਿਵੇਂ ਰਾਮ ਰੌਲ਼ੇ ਅਤੇ ਕੰਨ ਪਾੜਵੇਂ ਸ਼ੋਰ ਦੇ ਇੱਕ ਖੂੰਜੇ ਵਿੱਚ ਕੋਈ ਪਰੀਆਂ ਦੀ ਬਾਤ ਪਾ ਰਿਹਾ ਹੋਵੇ।
30 ਮਾਰਚ 2024 ਨੂੰ ਮੈਨੂੰ ਦੋ ਅਲੱਗ ਅਲੱਗ ਥਾਵਾਂ ’ਤੇ ਹੋ ਰਹੇ ਸਮਾਗਮਾਂ ਵਿੱਚ ਜਾਣ ਲਈ ਸਤਿਕਾਰ ਭਰਿਆ ਸੱਦਾ ਮਿਲਿਆ। ਪਹਿਲਾ ਸੱਦਾ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੀ ਸੰਗਰੂਰ ਸ਼ਾਖ਼ਾ ਦੇ ਪ੍ਰਬੰਧਕਾਂ ਵੱਲੋਂ ਸ਼ਾਖ਼ਾ ਦੇ 24ਵੇਂ ਸਥਾਪਨਾ ਦਿਵਸ ਵਿੱਚ ਸ਼ਾਮਲ ਹੋਣ ਲਈ ਸੀ ਅਤੇ ਦੂਜਾ ਸੱਦਾ ਕਾਲਜ ਵਿੱਚ ਪ੍ਰੋਫੈਸਰ ਵਜੋਂ ਸੇਵਾ ਕਰ ਰਹੀ ਧੀਆਂ ਵਰਗੀ ਰਮਨ ਦੇ ਸੰਗਰੂਰ ਤੋਂ ਪੰਦਰਾਂ ਕਿਲੋਮੀਟਰ ਦੂਰ ਪੈਲੇਸ ਵਿੱਚ ਹੋ ਰਹੀ ਉਸ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਦਾ ਸੀ। ਰਮਨ ਨਾਲ ਨਸ਼ਾ ਵਿਰੋਧੀ ਮੁਹਿੰਮ ਅਤੇ ਹੋਰ ਸਮਾਜਿਕ ਕੰਮਾਂ ਵਿੱਚ ਸਰਗਰਮ ਹੋਣ ਕਾਰਨ ਸਾਂਝ ਬਣੀ ਹੋਈ ਸੀ, ਪਰ ਮੈਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਦੇ ਨਹੀਂ ਸੀ ਮਿਲਿਆ। ਘਰ ਆਕੇ ਵਿਆਹ ਦਾ ਕਾਰਡ ਦੇਣ ਸਮੇਂ ਉਸਦਾ ਸਤਿਕਾਰ ਨਾਲ ਇਹ ਕਹਿਣਾ, “ਸਰ, ਹੋਰਾਂ ਥਾਵਾਂ ’ਤੇ ਵਿਆਹ ਦੇ ਕਾਰਡ ਮੇਰੇ ਪ੍ਰੋਫੈਸਰ ਸਾਥੀਆਂ ਅਤੇ ਘਰ ਵਾਲਿਆਂ ਨੇ ਵੰਡੇ ਨੇ, ਤੁਹਾਨੂੰ ਸੱਦਾ ਦੇਣ ਮੈਂ ਆਪ ਆਈ ਹਾਂ। ਅਸ਼ੀਰਵਾਦ ਦੇਣ ਲਈ ਜ਼ਰੂਰ ਆਉਣਾ।”
ਨਿਸ਼ਚਿਤ ਦਿਨ ’ਤੇ ਪਹਿਲਾਂ ਸੰਗਰੂਰ ਦੇ ਪਿੰਗਲਵਾੜਾ ਸੰਸਥਾ ਵਿੱਚ ਗਿਆ। ਪ੍ਰਬੰਧਕਾਂ ਨੇ ਸਾਰਾ ਪ੍ਰੋਗਰਾਮ ਹੀ ਪੰਜਾਬੀ ਵਿਰਸੇ ਨੂੰ ਸਮਰਪਤ ਕੀਤਾ ਹੋਇਆ ਸੀ। ਮੰਜਿਆਂ ’ਤੇ ਵਿਛੀਆਂ ਹੋਈਆਂ ਹੱਥਾਂ ਦੀ ਕਢਾਈ ਵਾਲੀਆਂ ਚਾਦਰਾਂ, ਨਾਲ ਮੇਲ ਖਾਂਦਾ ਕਰਦਾ ਸਿਰਹਾਣਾ। ਕੋਈ ਕੁਰਸੀਆਂ ਮੇਜ਼ ਨਹੀਂ ਸਨ। ਲੋਕ ਬੜੇ ਆਨੰਦ ਨਾਲ ਮੰਜਿਆਂ ’ਤੇ ਬੈਠੇ ਸਨ। ਆਏ ਮਹਿਮਾਨਾਂ ਨੂੰ ਚਾਹ ਅਤੇ ਥਾਲ ਵਿੱਚ ਰੱਖ ਕੇ ਗੁਲਗੁਲੇ ਪਰੋਸੇ ਜਾ ਰਹੇ ਸਨ। ਸੱਚਮੁੱਚ ‘ਸਾਡਾ ਵਿਰਸਾ’ ਉੱਤੇ ਅਧਾਰਤ ਉੱਥੇ ਇੱਕ ਪਿੰਡ ਵਸਾਇਆ ਹੋਇਆ ਸੀ। ਅਲੋਪ ਹੋਏ ਪੰਜਾਬ ਦੇ ਪਿੰਡਾਂ ਦੀ ਝਲਕ ਵੇਖਕੇ ਆਨੰਦ ਆ ਰਿਹਾ ਸੀ। ਇੱਕ ਪਾਸੇ ਪਿੰਡਾਂ ਵਾਲੀ ਸੱਥ ਦਾ ਮਨਮੋਹਕ ਦ੍ਰਿਸ਼, ਤੂੜੀ ਵਾਲਾ ਕੁੱਪ, ‘ਖੂਹ’, ਛੰਨਾਂ, ਪੀਲੀ ਮਿੱਟੀ ਨਾਲ ਲਿੱਪ ਕੇ ਸਜਾਈ ਰਸੋਈ, ਪਾਥੀਆਂ ਵਾਲਾ ਗੁਹਾਰਾ, ਬਲਦਾਂ ਵਾਲਾ ਹੱਲ, ਬਲਦਾਂ ਦੀ ਪੰਜਾਲੀ, ਪਿੱਤਲ ਦੇ ਭਾਂਡੇ, ਪੀਂਘ, ਪਸ਼ੂਆਂ ਵਾਲੀ ਖੁਰਲੀ, ਤ੍ਰਿੰਝਣ ਵਿੱਚ ਕੱਤਦੀਆਂ ਕੁੜੀਆਂ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀਆਂ ਸਨ। ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਲੋਕ ਨਾਚ ਭੰਗੜਾ, ਹੀਰ ਅਤੇ ਪੁਰਾਤਨ ਕਥਾਵਾਂ, ਲੰਮੀਆਂ ਹੇਕਾਂ ਵਾਲੇ ਗੀਤ, ਵਿਆਹ ਵਾਲੀਆਂ ਸਿੱਠਣੀਆਂ, ਢਾਡੀ ਕਲਾ, ਛੋਟੇ ਬੱਚੇ ਦੀ ਤੂੰਬੀ ਨਾਲ ਪੇਸ਼ਕਾਰੀ, ਭਗਤ ਪੂਰਨ ਸਿੰਘ ਸੰਬੰਧੀ ਬੋਲੀਆਂ, ਛੋਟੀਆਂ ਬੱਚੀਆਂ ਦਾ ਗਿੱਧਾ, ਗੱਤਕੇ ਦੇ ਜੌਹਰ, ਸੰਮੀ ਨਾਚ ਅਤੇ ਇਹੋ ਜਿਹੀਆਂ ਹੋਰ ਪ੍ਰਾਚੀਨ ਕਲਾਵਾਂ ਨਾਲ ਲੋਕ ਕੀਲੇ ਬੈਠੇ ਸਨ। ਸ਼ਾਂਤ ਅਤੇ ਸੁਖਾਵੇਂ ਮਾਹੌਲ ਵਿੱਚ ਦਾਣਿਆਂ ਦੀ ਭੱਠੀ ਦਾ ਅਲੌਕਿਕ ਨਜ਼ਾਰਾ ਵੀ ਪੇਸ਼ ਕੀਤਾ ਜਾ ਰਿਹਾ ਸੀ। ਉਸ ਸਮੇਂ ਜਿੱਥੇ ਬਜ਼ੁਰਗ ਪੁਰਾਣੀਆਂ ਯਾਦਾਂ ਵਿੱਚ ਗੁੰਮ ਹੋਏ ਬੈਠੇ ਸਨ, ਉੱਥੇ ਹੀ ਨਵੀਂ ਪੀੜ੍ਹੀ ਅਚੰਭੇ ਨਾਲ ਇਹ ਸਭ ਕੁਝ ਵੇਖ ਰਹੀ ਸੀ। ਅੰਦਾਜ਼ਨ ਤਿੰਨ ਘੰਟੇ ਦਾ ਸਮਾਂ ਪਲਾਂ ਵਿੱਚ ਹੀ ਬੀਤ ਗਿਆ। ਵਾਅਦੇ ਅਨੁਸਾਰ ਵਿਅਹੁਲੀ ਕੁੜੀ ਨੂੰ ਸ਼ਗਨ ਵੀ ਦੇਣਾ ਸੀ। ਪਿੰਗਲਵਾੜਾ ਤੋਂ ਪੈਲੇਸ ਵੱਲ ਦਾ ਰੁਖ ਕਰ ਲਿਆ।
ਵੀਹ ਕੁ ਮਿੰਟਾਂ ਬਾਅਦ ਪੈਲੇਸ ਵਿੱਚ ਪਹੁੰਚ ਗਿਆ। ਹਾਲ ਵਿੱਚ ਵੜਦਿਆਂ ਸਟੇਜ ਵੱਲ ਨਜ਼ਰ ਮਾਰੀ। ਡੀ.ਜੇ. ਤੇ ਅੱਧ ਨੰਗੇ ਕੱਪੜਿਆਂ ਵਿੱਚ ਕੁੜੀਆਂ ਅਸੱਭਿਅਕ ਹਰਕਤਾਂ ਨਾਲ ਡਾਂਸ ਪੇਸ਼ ਕਰ ਰਹੀਆਂ ਸਨ। ਤਿੰਨ ਚਾਰ ਮੁੰਡੇ ਵੀ ਡੀ.ਜੇ. ਪਾਰਟੀ ਦਾ ਹਿੱਸਾ ਬਣਕੇ ਟਪੂਸੀਆਂ ਜਿਹੀਆਂ ਮਾਰ ਰਹੇ ਸਨ। ਕੰਨ ਪਾੜਵੇਂ ਸ਼ੋਰ ਵਿੱਚ ਗੀਤ ਸੰਗੀਤ ਦੀ ਤਾਂ ਕੁਝ ਸਮਝ ਨਹੀਂ ਸੀ ਆ ਰਹੀ, ਹਾਂ ਵਿਆਹ ਵਿੱਚ ਸ਼ਾਮਲ ਹੋਏ ਕੁਝ ਸ਼ਰਾਬੀ ਮੁੰਡੇ ਸਟੇਜ ਦੇ ਹੇਠਲੇ ਹਿੱਸੇ ਵਿੱਚ ਖੌਰੂ ਜਿਹਾ ਪਾਉਂਦਿਆਂ ਆਪਣੇ ਆਪ ਨੂੰ ਰਾਂਝੇ ਸਮਝਦਿਆਂ ਡਾਂਸ ਕਰ ਰਹੀਆਂ ਕੁੜੀਆਂ ਨੂੰ ਹੇਠਾਂ ਆਉਣ ਦੇ ਇਸ਼ਾਰੇ ਕਰ ਰਹੇ ਸਨ।
ਕਈ ਅਧਖੜ ਉਮਰ ਦੇ ਵਿਅਕਤੀ ਤਾਂ ਦੰਦਾਂ ਹੇਠ ਸੌ-ਸੌ ਦਾ ਨੋਟ ਲੈ ਕੇ ਸਟੇਜ ’ਤੇ ਹੀ ਚੜ੍ਹ ਗਏ। ਗਰਦਨ ਅਤੇ ਲੱਕ ਜਿਹਾ ਮਟਕਾ ਕੇ ਉਹ ਕੁੜੀਆਂ ਨੂੰ ਨੋਟ ਲੈਣ ਦਾ ਇਸ਼ਾਰਾ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਸਨ।
ਪੈਲੇਸ ਦੇ ਸ਼ੋਰ ਪ੍ਰਦੂਸ਼ਣ ਕਾਰਨ ਮੈਂ ਡਾਢਾ ਹੀ ਪ੍ਰੇਸ਼ਾਨ ਹੋ ਗਿਆ। ਦਰਅਸਲ 25-30 ਡੈਸੀਬਲ ਆਵਾਜ਼ ਤਾਂ ਠੀਕ ਹੈ ਪਰ ਜਦੋਂ 80-90 ਡੈਸੀਬਲ ਤੋਂ ਉੱਪਰ ਤੇਜ਼ ਸੰਗੀਤ ਅਤੇ ਸ਼ੋਰ ਕਰਨ ਵਾਲੀਆਂ ਆਵਾਜ਼ਾਂ ਕੰਨਾਂ ਵਿੱਚ ਪੈਣ ਲੱਗ ਪੈਣ ਤਾਂ ਇਸਦਾ ਸਿਹਤ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਜਿਹੜੀ ਆਵਾਜ਼ ਦੀ ਰੇਂਜ ਤਿੰਨ ਕਿਲੋਮੀਟਰ ਤਕ ਪਹੁੰਚਣ ਵਾਲੀ ਹੋਵੇ, ਭਲਾ ਉਹ ਆਵਾਜ਼ 10-15 ਮੀਟਰ ਦੇ ਫਾਸਲੇ ’ਤੇ ਬੈਠੇ ਵਿਅਕਤੀ ਉੱਤੇ ਮਾਰੂ ਅਸਰ ਹੀ ਕਰੇਗੀ। ਬਹਿਰਾਪਣ, ਸ਼ੋਰ ਕਾਰਨ ਆਪਸ ਵਿੱਚ ਬੋਲ ਸਾਂਝੇ ਕਰਨ ਦੀ ਵੀ ਅਸਮਰੱਥਤਾ, ਬਾਅਦ ਵਿੱਚ ਨੀਂਦ ਵਿੱਚ ਰੁਕਾਵਟ ਅਤੇ ਕੰਮ ਕਾਜ ’ਤੇ ਵੀ ਬੁਰਾ ਅਸਰ ਪੈਂਦਾ ਹੈ। ਵਿਆਹੁਲੀ ਕੁੜੀ ਹਾਲ ਵਿੱਚ ਨਜ਼ਰ ਨਹੀਂ ਸੀ ਆ ਰਹੀ। ਪਰਿਵਾਰਕ ਮੈਂਬਰਾਂ ਨੂੰ ਮੈਂ ਜਾਣਦਾ ਨਹੀਂ ਸੀ। ਨਾਲ ਬੈਠੇ ਸਾਥੀ ਤੋਂ ਉੱਚੀ ਆਵਾਜ਼ ਵਿੱਚ ਮੈਂ ਵਿਆਹ ਵਾਲੀ ਕੁੜੀ ਰਮਨ ਬਾਰ ਪੁੱਛਿਆ। ਉਸਨੇ ਆਪਣੇ ਕੰਨ ਮੇਰੇ ਲਾਗੇ ਕਰਕੇ ਗੱਲ ਸੁਣਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਹੱਥ ਹਿਲਾ ਕੇ ਇਸ਼ਾਰਾ ਕਰ ਦਿੱਤਾ ਕਿ ਆਵਾਜ਼ ਸੁਣਾਈ ਨਹੀਂ ਦਿੰਦੀ। ਅੱਕਿਆ ਅਤੇ ਖਿਝਿਆ ਜਿਹਾ ਮੈਂ ਹਾਲ ਤੋਂ ਬਾਹਰ ਆ ਗਿਆ। ਬਾਹਰ ਆਕੇ ਵਿਆਹੁਲੀ ਲੜਕੀ ਰਮਨ ਨੂੰ ਫੋਨ ਕੀਤਾ। ਜਵਾਬ ਵਿੱਚ ਉਸਨੇ ਕਿਹਾ ਕਿ ਮੈਂ ਆਪਣਾ ਭਰਾ ਭੇਜ ਰਹੀ ਹਾਂ, ਉਹ ਤੁਹਾਨੂੰ ਆਕੇ ਲੈ ਜਾਂਦੇ ਨੇ।
ਥੋੜ੍ਹੀ ਦੇਰ ਬਾਅਦ ਰਮਨ ਦਾ ਭਰਾ ਆ ਗਿਆ। ਰਮਨ ਨੂੰ ਸ਼ਗਨ ਦਿੰਦਿਆਂ ਚੰਗੇ ਭਵਿੱਖ ਦੀ ਦੁਆ ਕਰਕੇ ਮੈਂ ਵਾਪਸ ਆ ਗਿਆ। ਹਾਲ ਦਾ ਖੌਰੂ ਪਾਉਂਦਾ ਸ਼ੋਰ ਬਾਹਰ ਵੀ ਸੁਣਾਈ ਦੇ ਰਿਹਾ ਸੀ। ਬਾਹਰਲੇ ਗੇਟ ਦੇ ਨਾਲ ਹੀ ਬੁੱਕ ਸਟਾਲ ਲੱਗਿਆ ਹੋਇਆ ਸੀ। ਮੇਰੇ ਪੈਰ ਬਦੋਬਦੀ ਉੱਧਰ ਵੱਲ ਹੋ ਗਏ। ਦੋ ਕਾਲਜੀਏਟ ਮੁੰਡੇ ਬੁੱਕ ਸਟਾਲ ’ਤੇ ਖੜੋ ਕੇ ਲੋਕਾਂ ਨੂੰ ਉਸਾਰੂ ਸਾਹਿਤ ਪੜ੍ਹਨ ਦੀ ਪ੍ਰੇਰਨਾ ਦੇਣ ਦੇ ਨਾਲ ਨਾਲ ਕਿਤਾਬਾਂ ਖਰੀਦਣ ਲਈ ਵੀ ਕਹਿ ਰਹੇ ਸਨ। ਮੈਰਿਜ ਪੈਲਿਸ ਵਿੱਚ ਕਿਤਾਬਾਂ ਦੇ ਲੱਗੇ ਸਟਾਲ ਨੂੰ ਵੇਖਕੇ ਬਹੁਤ ਹੀ ਚੰਗਾ ਲੱਗਿਆ। ਬੁੱਕ ਸਟਾਲ ’ਤੇ ਖੜ੍ਹੇ ਦੋਨਾਂ ਮੁੰਡਿਆਂ ਨੇ ਦੱਸਿਆ, “ਜਿਹੜੀ ਪ੍ਰੋਫੈਸਰ ਮੈਡਮ ਦਾ ਵਿਆਹ ਹੈ, ਅਸੀਂ ਉਨ੍ਹਾਂ ਦੇ ਵਿਦਿਆਰਥੀ ਹਾਂ। ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਅਸੀਂ ਕਾਲਜ ਵਿੱਚ ਪੁਸਤਕ ਮੰਚ ਬਣਾਇਆ ਹੋਇਆ ਹੈ। ਕਾਲਜ ਦੇ ਤੀਹ ਕੁ ਵਿਦਿਆਰਥੀ ਇਸਦੇ ਮੈਂਬਰ ਹਨ। ਮੈਡਮ ਅਤੇ ਹੋਰ ਪ੍ਰੋਫੈਸਰ ਸਾਡੀ ਹਰ ਮਹੀਨੇ ਆਰਥਿਕ ਮਦਦ ਦੇ ਨਾਲ ਨਾਲ ਸੁਚੱਜੀ ਅਗਵਾਈ ਵੀ ਕਰਦੇ ਹਨ। ਅਸੀਂ ਜ਼ਿਆਦਾਤਰ ਵਿਆਹਾਂ ਸ਼ਾਦੀਆਂ ਸਮੇਂ ਪੈਲੇਸਾਂ ਵਿੱਚ ਬੁੱਕ ਸਟਾਲ ਲਾਕੇ ਕਿਤਾਬਾਂ ਵੇਚਦੇ ਹਾਂ। ਇਸ ਨਾਲ ਇੱਕ ਤਾਂ ਲੋਕਾਂ ਨੂੰ ਚੰਗਾ ਸਾਹਿਤ ਪੜ੍ਹਕੇ ਸਮਾਜਿਕ ਬੁਰਾਈਆਂ ਵਿਰੁੱਧ ਲੜਨ ਦਾ ਬਲ ਮਿਲਦਾ ਹੈ। ਨਾਲੇ ਜੀ ਅਸੀਂ ਮੈਰਿਜ ਪੈਲਿਸਾਂ ਵਿੱਚ ਲੱਕ ਮਟਕਾਉਂਦੀ ਅਸ਼ਲੀਲ ਗਾਇਕੀ ਵਿਰੁੱਧ ਹੋਕਾ ਵੀ ਦਿੰਦੇ ਹਾਂ। ਇੱਥੇ ਤਾਂ ਜੀ ਇਹ ਡੀਜੇ ਵਾਲਾ ਕੰਮ ਵਿਆਹੁਲੇ ਮੁੰਡੇ ਦੇ ਦੋਸਤਾਂ ਨੇ ਧੱਕੇ ਨਾਲ ਹੀ ਲਾਇਆ ਹੈ।”
ਬੁੱਕ ਸਟਾਲ ਤੋਂ ਕੁਝ ਕਿਤਾਬਾਂ ਖਰੀਦਣ ਤੋਂ ਬਾਅਦ ਘਰ ਨੂੰ ਵਾਪਸ ਆਉਂਦਿਆਂ ਮੈਂ ਸੋਚ ਰਿਹਾ ਸਾਂ, “ਮੈਰਿਜ ਪੈਲੇਸਾਂ ਵਿੱਚ ਕਿਤਾਬਾਂ ਰਾਹੀਂ ਗਿਆਨ ਦਾ ਦੀਵਾ ਜਗਾਉਣ ਦੀ ਪਹਿਲ ਤਾਂ ਹੋ ਗਈ ਹੈ। ਬੱਸ ਹੁਣ ਸ਼ੋਰ ਪ੍ਰਦੂਸ਼ਣ ਅਤੇ ਲੱਚਰ ਗਾਇਕੀ ਵਿਰੁੱਧ ਠੋਸ ਕਦਮ ਵੀ ਰਮਨ ਵਰਗੀਆਂ ਕੁੜੀਆਂ ਹੀ ਚੁੱਕਣਗੀਆਂ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4874)
(ਸਰੋਕਾਰ ਨਾਲ ਸੰਪਰਕ ਲਈ: (