“ਹੈੱਡ ਕੰਸਟੇਬਲ ਨੂੰ 51 ਗ੍ਰਾਮ ਹੈਰੋਇਨ ਅਤੇ 5 ਖਾਲੀ ਸਰਿੰਜਾਂ ਨਾਲ ਫੜਿਆ। ਸਿਆਸੀ ਸਰਪ੍ਰਸਤੀ ...”
(31 ਅਗਸਤ 2021)
ਪੰਜਾਬ ਦੀ ਆਰਥਿਕ, ਸਮਾਜਿਕ, ਮਾਨਸਿਕ ਅਤੇ ਬੌਧਿਕ ਕੰਗਾਲੀ ਦਾ ਜ਼ਿਕਰ ਕਰਦਿਆਂ ਪ੍ਰਸਿੱਧ ਮਰਹੂਮ ਲੇਖਕ ਅਤੇ ਚਿੰਤਕ ਜਸਵੰਤ ਸਿੰਘ ਕੰਵਲ ਨੇ ਲਿਖਿਆ ਸੀ, “ਪੰਜਾਬ ਨੂੰ ਗੋਡਿਆ ਭਾਰ ਨੇਜ਼ਿਆਂ, ਤਲਵਾਰਾਂ ਅਤੇ ਰਫ਼ਲਾਂ ਨੇ ਨਹੀਂ ਕੀਤਾ, ਸਗੋਂ ਢਾਈ-ਤਿੰਨ ਇੰਚ ਦੀਆਂ ਸਿਗਰਟਾਂ, ਸ਼ਰਾਬ ਦੀਆਂ ਬੋਤਲਾਂ ਅਤੇ ਸਰਿੰਜਾਂ ਦੀਆਂ ਸੂਈਆਂ ਨੇ ਕੀਤਾ ਹੈ।” ਸੱਚਮੁੱਚ ਪੰਜਾਬ ਦੀ ਹਾਲਤ ਉਸ ਖੰਡਰ ਹਵੇਲੀ ਵਰਗੀ ਹੈ ਜਿਸਦੀਆਂ ਦਰਾੜਾਂ ਭਰਨ ਉਪਰੰਤ ਰੰਗ ਰੋਗਨ ਕਰਕੇ ਉਸ ਉੱਤੇ ਮੋਟੇ ਅੱਖਰਾਂ ਵਿੱਚ ‘ਰੰਗਲੀ ਹਵੇਲੀ’ ਲਿਖਿਆ ਹੋਵੇ। ਨਸ਼ਿਆਂ ਦੇ ਵਿਆਪਕ ਪ੍ਰਕੋਪ ਕਾਰਨ ਪੰਜਾਬ ਵਿੱਚ ਵਿਕਾਸ ਦੀ ਖੜੋਤ ਅਤੇ ਸਿਰਜਣਾਤਮਕ ਸ਼ਕਤੀਆਂ ਦੀਆਂ ਪੁਲਾਂਘਾਂ ਨੂੰ ਜੂੜ ਪੈਣ ਕਰਕੇ ਸਮਾਜ ਰੋਗੀ ਹੈ ਅਤੇ ਰੋਗੀ ਸਮਾਜ ਕਦੇ ਵੀ ਦੇਸ ਦੀ ਤਰੱਕੀ ਵਿੱਚ ਭਾਈਵਾਲ ਨਹੀਂ ਬਣ ਸਕਦਾ। ਪੀੜਤ ਲੋਕਾਂ ਦੇ ਘਰਾਂ ਵਿੱਚ ਵਿਛੇ ਸੱਥਰਾਂ ਉੱਪਰ ਇਹ ਪ੍ਰਸ਼ਨ ਧੁਖ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੈ, ਜਿਸ ਨੇ ਸਮਾਜਿਕ ਚੂਲਾਂ ਹੀ ਹਿਲਾ ਕੇ ਰੱਖ ਦਿੱਤੀਆਂ ਹਨ। ਘਰਾਂ ਦੇ ਚੁੱਲ੍ਹੇ ਠੰਢੇ ਪਰ ਸਿਵਿਆਂ ਦੀ ਅੱਗ ਪ੍ਰਚੰਡ ਹੈ। ਲੋਕਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੈ। ਪੰਜਾਬ ਦੀ ਜਵਾਨੀ ਬੇਰੁਜ਼ਗਾਰੀ, ਬੇਵਸਾਹੀ ਅਤੇ ਦਿਸ਼ਾ ਹੀਣਤਾ ਦਾ ਸ਼ਿਕਾਰ ਹੋ ਕੇ ਭਟਕਣ ਦੀ ਲਪੇਟ ਵਿੱਚ ਆ ਗਈ ਹੈ।
ਮਹਾਨ ਚਿੰਤਕ, ਇਨਕਲਾਬੀ ਆਗੂ ਲੈਨਿਨ ਨੇ ਲਿਖਿਆ ਹੈ, “ਮੈਂਨੂੰ ਦੱਸੋ ਤੁਹਾਡੇ ਦੇਸ਼ ਦੀ ਜਵਾਨੀ ਅਤੇ ਲੋਕਾਂ ਦੇ ਮੂੰਹ ’ਤੇ ਕਿਸ ਤਰ੍ਹਾਂ ਦੇ ਗੀਤ ਹਨ। ਮੈਂ ਤੁਹਾਨੂੰ ਦੇਸ਼ ਦਾ ਭਵਿੱਖ ਦੱਸ ਸਕਦਾ ਹਾਂ।” ਭਲਾ ਨਸ਼ਈ ਪੁੱਤ ਦੀਆਂ ਹਰਕਤਾਂ ਤੋਂ ਪੋਟਾ-ਪੋਟਾ ਦੁਖੀ ਹੋ ਕੇ ਬਾਪ ਦੀ ਹੰਝੂਆਂ ਨਾਲ ਭਿੱਜੀ ਚਿੱਟੀ ਦਾਹੜੀ, ਸ਼ਮਸ਼ਾਨ ਘਰਾਂ, ਖੋਲਿਆਂ, ਖੇਡ ਮੈਦਾਨਾਂ ਅਤੇ ਧਰਮਸ਼ਾਲਾਵਾਂ ਵਿੱਚ ਨਸ਼ਿਆਂ ਕਾਰਨ ਬੇਸੁਧ ਹੋਏ ਨੌਜਵਾਨ, ਬੇਰੁਜ਼ਗਾਰੀ ਦੇ ਝੰਬੇ ਪਏ ਟੈਂਕੀਆਂ ’ਤੇ ਚੜ੍ਹ ਕੇ ਨੌਕਰੀਆਂ ਦੀ ਮੰਗ ਕਰ ਰਹੇ ਪੜ੍ਹੇ-ਲਿਖੇ ਬੇਰੁਜ਼ਗਾਰ ਅਤੇ ਪੰਜਾਬ ਵਿੱਚ ਹੋ ਰਹੀ ਕੁਰੱਪਸ਼ਨ, ਭਾਈ-ਭਤੀਜਾਵਾਦ ਅਤੇ ਹਰਾਮ ਦੀ ਕਮਾਈ ਕਰਨ ਵਾਲੇ ‘ਮਲਿਕ ਭਾਗੋਆਂ’ ਤੋਂ ਦੁਖੀ ਹੋ ਕੇ ਆਪਣੀ ਜਨਮ ਭੂੰਮੀ ਪੰਜਾਬ ਨੂੰ ਅਲਵਿਦਾ ਕਹਿ ਕੇ ਵਿਦੇਸ਼ੀ ਧਰਤੀ ’ਤੇ ਵਸਣ ਵਾਲੀ ਜਵਾਨੀ ਅਤੇ ਉਨ੍ਹਾਂ ਦੇ ਮਾਪਿਆਂ ਦੇ ਹੋਠਾਂ ’ਤੇ ਕਿਸ ਤਰ੍ਹਾਂ ਦੇ ਗੀਤ ਹੋਣਗੇ? ਇਸਦਾ ਅੰਦਾਜ਼ਾ ਸਹਿਜੇ ਹੀ ਲੱਗ ਸਕਦਾ ਹੈ। ਇਸ ਵੇਲੇ ਪੰਜਾਬ ਦੀਆਂ ਬਰੂਹਾਂ ’ਤੇ ਆਫ਼ਤਾਂ ਦੇ ਢੇਰ ਹਨ। ਕਰਜ਼ਿਆਂ ਹੇਠ ਦੱਬੀ ਕਿਸਾਨੀ, ਕਾਰਪੋਰੇਟ ਘਰਾਣਿਆਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਬਾਜ਼ ਅੱਖ ਅਤੇ ਉਨ੍ਹਾਂ ਨੂੰ ਸਿਆਸੀ ਸਰਪ੍ਰਸਤੀ, ਘਰ-ਘਰ ਮੌਤ ਦਾ ਫਰਮਾਨ ਵੰਡਦੇ ਨਸ਼ੇ ਦੇ ਵਪਾਰੀ, ਬੇਕਾਰ ਡਿਗਰੀਆਂ ਵੰਡਦੇ ਅਖੌਤੀ ਵਿੱਦਿਅਕ ਅਦਾਰੇ, ਦਵਾਈਆਂ ਦੇ ਵਪਾਰ ਰਾਹੀਂ ਨਸ਼ਾ ਅਤੇ ਬਿਮਾਰੀਆਂ ਵੰਡਣ ਵਾਲਾ ਮਾਫ਼ੀਆ, ਰੇਤ ਮਾਫ਼ੀਆ, ਡਰੱਗ ਮਾਫ਼ੀਆ, ਕੇਬਲ ਮਾਫ਼ੀਆ, ਸ਼ਰਾਬ ਮਾਫ਼ੀਆ, ਬਜਰੀ ਮਾਫ਼ੀਆ ਅਤੇ ਇਸ ਤਰ੍ਹਾਂ ਦੇ ਹੀ ਹੋਰ ਘੁਟਾਲਿਆਂ ਨੇ ਪੰਜਾਬੀ ਦੀ ਨੀਂਹ ਹਿੱਲਾ ਦਿੱਤੀ ਹੈ। ਦੇਸ਼ ਦਾ ਵਿਕਾਸ ਸੜਕਾਂ, ਫਲਾਈ ਓਵਰ, ਗਲੀਆਂ-ਨਾਲੀਆਂ, ਦਰਵਾਜ਼ੇ ਜਾਂ ਸਟਰੀਟ ਲਾਈਟਾਂ ਨਹੀਂ ਹਨ, ਸਗੋਂ ਇਨ੍ਹਾਂ ਦੀ ਵਰਤੋਂ ਕਰਨ ਵਾਲਿਆਂ ਦਾ ਰਹਿਣ-ਸਹਿਣ ਦਾ ਪੱਧਰ ਉੱਚਾ ਕਰਨਾ ਹੈ। ਭਲਾ ਜੇ ਵਰਤੋਂ ਕਰਨ ਵਾਲੇ ਹੀ ਨਾ ਰਹੇ ਫਿਰ ਇਸ ਮਸਨੂਈ ਮਹਾਨਤਾ ਦਾ ਫਾਇਦਾ ਹੀ ਕੀ? ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਦੋ ਦਹਾਕਿਆਂ ਵਿੱਚ ਨਸ਼ੱਈਆਂ ਦੀ ਗਿਣਤੀ ਵਿੱਚ 213 ਫੀਸਦੀ ਦਾ ਵਾਧਾ ਹੋਇਆ ਹੈ। ਨਸ਼ਾ ਕਰਨ ਵਾਲਿਆਂ ਵਿੱਚ 41 ਫੀਸਦੀ ਨਸ਼ਈ ਚਿੱਟੇ ਦਾ ਨਸ਼ਾ ਕਰਦੇ ਹਨ ਅਤੇ ਉਨ੍ਹਾਂ ਦਾ ਪ੍ਰਤੀ ਨਸ਼ਈ ਔਸਤ ਖਰਚਾ 1300 ਰੁਪਏ ਹੈ। 5.20 ਲੱਖ ਰੋਜ਼ਾਨਾ ਸ਼ਰਾਬ ਦੇ ਢੱਕਣ ਖੁੱਲ੍ਹਦੇ ਹਨ ਅਤੇ ਪੰਜਾਬੀ ਅੱਠ ਕਰੋੜ ਦੀ ਰੋਜ਼ਾਨਾ ਸ਼ਰਾਬ ਡਕਾਰ ਜਾਂਦੇ ਹਨ। 13.70 ਕਰੋੜ ਰੋਜ਼ਾਨਾ ਸਿੰਥੈਟਿਕ ਡਰੱਗ ਅਤੇ ਹੋਰ ਨਸ਼ਿਆਂ ਉੱਤੇ ਖਰਚ ਹੁੰਦੇ ਹਨ। ਸ਼ਰਾਬ ਪੀਣ ਵਾਲਿਆਂ ਵਿੱਚੋਂ 31 ਫੀਸਦੀ ਹੈਪੇਟਾਈਟਸ ਸੀ ਦਾ ਸ਼ਿਕਾਰ ਹਨ ਅਤੇ 20 ਫੀਸਦੀ ਹੈਪੇਟਾਈਟਸ ਬੀ ਦੀ ਲਪੇਟ ਵਿੱਚ ਆਏ ਹੋਏ ਹਨ। 70 ਹਜ਼ਾਰ ਸ਼ਰਾਬੀਆਂ ਦੇ ਲਿਵਰ ਖਰਾਬ ਹੋ ਗਏ ਹਨ। ਹਰ ਪਿੰਡ ਵਿੱਚ ਸ਼ਰਾਬੀਆਂ ਦੀਆਂ ਮੌਤਾਂ ਕਾਰਨ ਔਸਤ 16 ਵਿਧਵਾਵਾਂ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਨਸ਼ਿਆਂ ਕਾਰਨ ਹੀ 60 ਫੀਸਦੀ ਦੁਰਘਟਨਾਵਾਂ, 90 ਫੀਸਦੀ ਤੇਜ਼ ਹਥਿਆਰਾਂ ਨਾਲ ਹਮਲੇ, 69 ਫੀਸਦੀ ਬਲਾਤਕਾਰ, 74 ਫੀਸਦੀ ਡਕੈਤੀਆਂ, 80 ਫੀਸਦੀ ਦੁਸ਼ਮਣੀ ਕੱਢਣ ਵਾਲੇ ਹਮਲੇ, ਲੁੱਟ-ਖੋਹ ਅਤੇ ਹੋਰ ਜੁਰਮ ਦੀਆਂ ਘਟਨਾਵਾਂ ਨਾਲ ਥਾਣਿਆਂ ਦੇ ਰੋਜ਼ਨਾਮਚੇ ਭਰੇ ਜਾ ਰਹੇ ਹਨ। ਪੰਜਾਬ ਦੇ 39.22 ਲੱਖ ਪਰਿਵਾਰਾਂ ਵਿੱਚੋਂ ਕੋਈ ਵਿਰਲਾ ਪਰਿਵਾਰ ਹੀ ਨਸ਼ਿਆਂ ਦੇ ਸੇਕ ਤੋਂ ਬਚਿਆ ਹੈ। ਦੁਖਾਂਤਕ ਪੱਖ ਇਹ ਵੀ ਹੈ ਕਿ ਕਈ ਪਿੰਡਾਂ ਦੀ ਪਛਾਣ ਇਸ ਕਰਕੇ ਬਣੀ ਹੋਈ ਹੈ ਕਿ ਉਸ ਪਿੰਡ ਵਿੱਚ ਨਸ਼ਾ ਸਰੇਆਮ ਵਿਕਦਾ ਹੈ। ਕਈ ਪਿੰਡ ਨਸ਼ੱਈਆਂ ਵਜੋਂ ਅਤੇ ਕਈ ਪਿੰਡ ਇਸ ਕਰਕੇ ਵੀ ਮਸ਼ਹੂਰ ਹਨ ਕਿ ਉਸ ਪਿੰਡ ਵਿੱਚ ਪਿਛਲੇ 5-6 ਵਰ੍ਹਿਆਂ ਤੋਂ ਕੋਈ ਨੌਜਵਾਨ ਸਿਹਰਾ ਬੰਨ੍ਹ ਕੇ ਨਹੀਂ ਢੁੱਕਿਆ ਅਤੇ ਕਈ ਪਿੰਡ ਵਿਧਵਾਵਾਂ ਦੇ ਪਿੰਡਾਂ ਵਜੋਂ ਵੀ ਜਾਣੇ ਜਾਂਦੇ ਹਨ।
ਪੰਜਾਬ ਵਿੱਚ ਹੁਣ ਤਕ 15 ਵਿਧਾਨ ਸਭਾ ਅਤੇ 17 ਲੋਕ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਹਨ। ਸਿਆਸਤਦਾਨਾਂ ਨੇ ਵਾਅਦਿਆਂ, ਲਾਰਿਆਂ ਅਤੇ ਤਰ੍ਹਾਂ ਤਰਾਂ ਦੇ ਸਰ ਸ਼ਬਜ ਵਿਖਾ ਕੇ ਲੋਕਾਂ ਨੂੰ ਰੱਜ ਕੇ ਲੁੱਟਿਆ ਹੈ। ਸਿਆਸੀ ਲੋਕ ਮੁਫ਼ਤ ਆਟਾ-ਦਾਲ, ਗੈਸ ਸਿਲੰਡਰ, ਭਾਂਡੇ, ਸੂਟ, ਸਿਲਾਈ ਮਸ਼ੀਨਾਂ ਅਤੇ ਨਸ਼ੇ ਵੰਡ ਕੇ ਰਾਜ ਸਤਾ ਦੀ ਪੌੜੀ ’ਤੇ ਚੜ੍ਹਦੇ ਰਹੇ ਹਨ। ਇਸ ਸਮੇਂ ਦੇ ਦਰਮਿਆਨ ਲੋਕਾਂ ਦੇ ਘਰਾਂ ਵਿੱਚ ਸੱਥਰ ਅਤੇ ਆਗੂਆਂ ਦੇ ਘਰਾਂ ਵਿੱਚ ਗਲੀਚੇ ਵਿਛਦੇ ਰਹੇ ਹਨ। 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਸ ਸਮੇਂ ਦੀ ਰਾਜ ਸਤਾ ’ਤੇ ਕਾਬਜ਼ ਪਾਰਟੀ ਪ੍ਰਤੀ ਲੋਕਾਂ ਅੰਦਰ ਇਸ ਆਧਾਰ ’ਤੇ ਗੁੱਸਾ ਸੀ ਕਿ ਨਸ਼ਾ ਤਸਕਰੀ ਨੂੰ ਰੋਕਣ ਲਈ ਉਨ੍ਹਾਂ ਨੇ ਰਾਜ ਧਰਮ ਨਹੀਂ ਨਿਭਾਇਆ। ਪੀੜਤ ਵਿਧਵਾ ਔਰਤਾਂ ਵੱਲੋਂ ਚਿੱਟੀਆਂ ਚੁੰਨੀਆਂ ਅਤੇ ਲੋਕਾਂ ਵੱਲੋਂ ਹਰ ਰੋਜ਼ ਨਸ਼ਿਆਂ ਕਾਰਨ ਬਲਦੇ ਸਿਵਿਆਂ ਦੇ ਰੋਸ ਵਜੋਂ ਸਿਵਿਆਂ ਦਾ ਆਕਾਰ ਵੱਡਾ ਕਰਨ ਅਤੇ ਨਾਲ ਹੀ ਸਿਵੇ ਬਾਲਣ ਲਈ ਲੱਕੜਾਂ ਦੀ ਮੰਗ ਕਰਕੇ ਵਿਦਰੋਹ ਦਾ ਪ੍ਰਗਟਾਵਾ ਕੀਤਾ ਗਿਆ ਸੀ। ਬੱਸ, ਕਾਂਗਰਸ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀ ਦੁਖਦੀ ਰਗ਼ ’ਤੇ ਹਮਦਰਦੀ ਦਾ ਫੈਹਾ ਰੱਖਦਿਆਂ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਸਹੁੰ ਖਾਂਦਿਆਂ ਵਾਅਦਾ ਕੀਤਾ ਕਿ ਰਾਜ ਸਤਾ ਪ੍ਰਾਪਤ ਹੋਣ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਉਹ ਪੰਜਾਬ ਵਿੱਚ ਨਸ਼ਿਆਂ ਦਾ ਲੱਕ ਤੋੜ ਦੇਣਗੇ। ਫਰਵਰੀ 2017 ਵਿੱਚ ਕਾਂਗਰਸ ਸਰਕਾਰ ਹੋਂਦ ਵਿੱਚ ਆਈ। ਅਪਰੈਲ 2017 ਵਿੱਚ ਮੁੱਖ ਮੰਤਰੀ ਵੱਲੋਂ ਨਸ਼ੇ ਦੇ ਖਾਤਮੇ ਲਈ ਐੱਸ.ਟੀ.ਐਫ਼ ਦਾ ਗਠਨ ਕੀਤਾ ਗਿਆ ਅਤੇ ਇਸਦੇ ਮੁਖੀ ਵਜੋਂ ਛਤੀਸ਼ਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਇਮਾਨਦਾਰ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੂੰ ਲਾਇਆ ਗਿਆ। ਉਸ ਨੂੰ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਅਧਿਕਾਰ ਵਜੋਂ ਪੰਜਾਬ ਪੁਲੀਸ ਦੇ ਮੁਖੀ ਪ੍ਰਤੀ ਨਹੀਂ ਸਗੋਂ ਮੁੱਖ ਮੰਤਰੀ ਪ੍ਰਤੀ ਜਵਾਬਦੇਹ ਬਣਾਇਆ ਗਿਆ। ਉਸ ਨੂੰ ਨਸ਼ਿਆਂ ਨਾਲ ਸਬੰਧਤ ਫਾਈਲਾਂ ਸਿੱਧੀਆਂ ਹੀ ਮੁੱਖ ਮੰਤਰੀ ਨੂੰ ਭੇਜਣ ਲਈ ਕਿਹਾ ਗਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਉਸ ਦੀ ਪਸੰਦ ਦੇ ਹੋਰ ਕਈ ਪੁਲੀਸ ਅਧਿਕਾਰੀ ਵੀ ਲਾ ਦਿੱਤੇ ਗਏ। ਐੱਸ.ਟੀ.ਐਫ਼ ਦੇ ਮੁਖੀ ਨੂੰ ਦਿੱਤਾ ਇਹ ਵਿਸ਼ੇਸ਼ ਅਧਿਕਾਰ ਪੁਲੀਸ ਦੇ ਉਸ ਵੇਲੇ ਦੇ ਡੀ.ਜੀ.ਪੀ. ਨੂੰ ਪਸੰਦ ਨਹੀਂ ਆਇਆ। ਕਿਉਂਕਿ ਪੰਜਾਬ ਦੇ ਐੱਸ.ਐੱਸ.ਪੀ., ਐੱਸ.ਟੀ.ਐੱਫ਼. ਦੇ ਮੁਖੀ ਦੇ ਅਧੀਨ ਨਹੀਂ ਸਨ, ਸਗੋਂ ਡੀ.ਜੀ.ਪੀ. ਦੇ ਅਧੀਨ ਸਨ, ਇਸ ਲਈ ਜ਼ਿਲ੍ਹਾ ਪੱਧਰ ’ਤੇ ਵੀ ਵੱਖ ਵੱਖ ਜ਼ਿਲ੍ਹਿਆਂ ਦੇ ਐੱਸ.ਐੱਸ.ਪੀ ਅਤੇ ਜ਼ਿਲ੍ਹਾ ਐੱਸ.ਟੀ.ਐਫ਼ ਮੁਖੀਆਂ ਵਿਚਕਾਰ ਕੋਈ ਵਧੀਆ ਤਾਲਮੇਲ ਸਥਾਪਤ ਨਹੀਂ ਹੋ ਸਕਿਆ। ਜ਼ਿਲ੍ਹਾ ਪੱਧਰ ’ਤੇ ਆਪਸੀ ਤਾਲਮੇਲ ਤੋਂ ਬਿਨਾਂ ਚੰਗੇ ਨਤੀਜਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ। ਫਿਰ ਵੀ ਐੱਸ.ਟੀ.ਐੱਫ. ਟੀਮ ਇਸ ਖੇਤਰ ਵਿੱਚ ਸਰਗਰਮ ਰਹੀ ਅਤੇ ਉਨ੍ਹਾਂ ਨੇ ਤਿੰਨ ਮਹੀਨਿਆਂ ਵਿੱਚ ਜਿੱਥੇ ਅੰਦਾਜ਼ਨ 6 ਹਜ਼ਾਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ, ਉੱਥੇ ਹੀ 4700 ਮੁਕੱਦਮੇ ਵੀ ਦਰਜ ਕੀਤੇ ਗਏ। ਇਸ ਟਾਸਕ ਫੋਰਸ ਨੂੰ ਵੱਡੀ ਸਫਲਤਾ ਉਦੋਂ ਮਿਲੀ ਜਦੋਂ 13 ਜੂਨ 2017 ਨੂੰ ਪੁਲੀਸ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨਸ਼ਿਆਂ ਦੀ ਤਸਕਰੀ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ। ਤਲਾਸ਼ੀ ਦਰਮਿਆਨ ਉਸ ਦੀ ਕੋਠੀ ਵਿੱਚੋਂ 10.50 ਲੱਖ ਕੈਸ਼, 3500 ਪੌਂਡ, 4 ਕਿਲੋ ਹੈਰੋਇਨ ਅਤੇ 3 ਕਿਲੋ ਸਮੈਕ ਦੇ ਨਾਲ-ਨਾਲ 2 ਏ.ਕੇ. 47 ਰਾਈਫਲਾਂ ਵੀ ਬਰਾਮਦ ਕੀਤੀਆਂ ਗਈਆਂ। ਜਦੋਂ ਗ੍ਰਿਫਤਾਰ ਇੰਸਪੈਕਟਰ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਗੰਢੇ ਦੀਆਂ ਪਰਤਾਂ ਦੀ ਤਰ੍ਹਾਂ ਰਾਜ਼-ਦਰ-ਰਾਜ਼ ਖੁੱਲ੍ਹਦੇ ਗਏ ਅਤੇ ਨਸ਼ਿਆਂ ਦੀ ਸਪਲਾਈ ਲਾਈਨ ਦੇ ਨੈੱਟਵਰਕ ਵਿੱਚ ਵੱਡੇ ਮੱਗਰਮੱਛਾਂ ਦੇ ਨਾਂ ਸਾਹਮਣੇ ਆ ਗਏ। ਇਹ ਵੀ ਗੱਲ ਪ੍ਰਤਖ ਰੂਪ ਵਿੱਚ ਸਾਹਮਣੇ ਆਈ ਕਿ ਸਮਗਲਰ ਰੇਸ ਦੇ ਘੋੜਿਆਂ ਦੀ ਤਰ੍ਹਾਂ ਚੋਣਾਂ ਵਿੱਚ ਸਿਆਸਤਦਾਨਾਂ ’ਤੇ ਖਰਚ ਕਰਦੇ ਹਨ ਅਤੇ ਫਿਰ ਉਨ੍ਹਾਂ ਦੀ ਛਤਰ ਛਾਇਆ ਹੇਠ ਹੀ ਇਹ ਧੰਦਾ ਵਧਦਾ-ਫੁੱਲਦਾ ਹੈ। ਛਾਣਬੀਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਇੱਕ ਸਰਪੰਚ ਕੋਲੋਂ ਫੜੀ 78 ਕਿੱਲੋ ਹੈਰੋਇਨ ਵੱਟੇ ਖਾਤੇ ਪਾ ਦਿੱਤੀ ਗਈ ਅਤੇ ਨਾਲ ਹੀ ਅਜਿਹੇ ਹੋਰ 50 ਕੇਸ ਵੀ ਖੁਰਦ-ਬੁਰਦ ਕਰ ਦਿੱਤੇ ਗਏ। ਐੱਸ.ਟੀ.ਐੱਫ. ਦੀ ਟੀਮ ਨੇ ਜਦੋਂ ਵੱਡੇ ਤਸਕਰ ਰਾਜਾ ਕੰਧੋਲਾ ਤੋਂ ਪੁੱਛ-ਗਿੱਛ ਕੀਤੀ ਅਤੇ ਸਮਰਾਲਾ ਵਿਖੇ ਉਸ ਦੇ ਫਾਰਮ ਹਾਊਸ ’ਤੇ ਰੇਡ ਕੀਤੀ ਤਾਂ ਉੱਥੋਂ ਪੁਲਿਸ ਦੀਆਂ ਵਰਦੀਆਂ ਵੀ ਮਿਲੀਆਂ। ਨਸ਼ਿਆਂ ਦੇ ਵੱਡੇ ਕਾਰੋਬਾਰ ਦੀਆਂ ਦੂਰ ਦੂਰ ਤਕ ਫੈਲੀਆਂ ਤੰਦਾ ਵੀ ਸਾਹਮਣੇ ਆਈਆਂ। ਐੱਸ.ਟੀ.ਐਫ. ਦੇ ਮੁਖੀ ਵੱਲੋਂ ਡੂੰਘਾਈ ਨਾਲ ਕੀਤੀ ਪੜਤਾਲ ਵਿੱਚ ਪੁਲੀਸ ਦੇ ਕੁਝ ਉੱਚ ਅਧਿਕਾਰੀ, ਪੰਜਾਬ ਦੇ ਹੁਕਮਰਾਨ, ਵਿਰੋਧੀ ਰਾਜਸੀ ਪਾਰਟੀਆਂ ਦੇ ਆਗੂ ਅਤੇ ਕੇਂਦਰ ਸਰਕਾਰ ਦੇ ਕੁਝ ਅਹਿਲਕਾਰਾਂ ਦੇ ਨਾਂ ਸਾਹਮਣੇ ਆਉਣ ਨਾਲ ਖਲਬਲੀ ਜਿਹੀ ਮੱਚ ਗਈ। ਕੁਝ ਪੁਲੀਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਇਹ ਦਲੀਲ ਦਿੱਤੀ ਕਿ ਸ਼ਾਮਲ ਪੁਲੀਸ ਅਧਿਕਾਰੀਆਂ ’ਤੇ ਐਕਸ਼ਨ ਲੈਣ ਨਾਲ ਜਿੱਥੇ ਪੁਲੀਸ ਵਿਭਾਗ ਦਾ ਮਨੋਬਲ ਗਿਰੇਗਾ, ਉੱਥੇ ਹੀ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਵੀ ਖਦਸ਼ਾ ਹੈ। ਸਿਆਸੀ ਚਾਲਾਂ, ਵਿਰੋਧੀਆਂ ਦੀਆਂ ਰੁਕਾਵਟਾਂ ਅਤੇ ਪੰਜਾਬ ਪੁਲੀਸ ਦੀਆਂ ਕੁਝ ਕਾਲੀਆਂ ਭੇਡਾਂ ਦੀ ਮਿਲੀ ਭੁਗਤ ਕਾਰਨ ਜਿੱਥੇ ਇੱਕ ਵਾਰ ਐੱਸ.ਟੀ.ਐਫ਼. ਦੀ ਨਸ਼ਿਆਂ ਦਾ ਲੱਕ ਤੋੜਨ ਦੀ ਕਾਰਵਾਈ ’ਤੇ ਵਿਰਾਮ ਚਿੰਨ੍ਹ ਲੱਗ ਗਿਆ, ਉੱਥੇ ਹੀ ਨਸ਼ੇ ਦੇ ਵੱਡੇ ਮੱਗਰਮੱਛਾਂ ਨੇ ਆਪਣੇ ਇਸ ਅਨੈਤਿਕ ਕਾਰੋਬਾਰ ਨੂੰ ਜਾਰੀ ਰੱਖਿਆ। ਸਮਾਜ ਵਿਰੋਧੀ ਨਸ਼ੇ ਦੇ ਸੁਦਾਗਰਾਂ, ਪੁਲੀਸ ਦੇ ਕੁਝ ਦਾਗੀ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਦਬਾਅ ਕਾਰਨ ਮੁੱਖ ਮੰਤਰੀ ਨੇ ਐੱਸ.ਟੀ.ਐਫ਼. ਦੇ ਮੁਖੀ ਹਰਪ੍ਰੀਤ ਸਿੱਧੂ ਨੂੰ ਜੂਨ 2018 ਵਿੱਚ ਇਸ ਅਹੁਦੇ ਤੋਂ ਲਾਂਭੇ ਕਰਕੇ ਉਨ੍ਹਾਂ ਨੂੰ ਮੁੱਖ ਮੰਤਰੀ ਨੇ ਆਪਣੇ ਦਫਤਰ ਵਿੱਚ ਐਡੀਸ਼ਨਲ ਪ੍ਰਿੰਸੀਪਲ ਸਕੱਤਰ ਦੇ ਅਹੁਦੇ ’ਤੇ ਲਾ ਕੇ ਨਸ਼ੇ ਦੇ ਸੁਦਾਗਰਾਂ ਨੂੰ ਉਨ੍ਹਾਂ ’ਤੇ ਲਟਕਦੀ ਤਲਵਾਰ ਤੋਂ ਮੁਕਤ ਕਰ ਦਿੱਤਾ। ਇੰਜ ਨਸ਼ਿਆਂ ਦਾ ਲੱਕ ਟੁੱਟਣ ਦੀ ਥਾਂ ਨਸ਼ਿਆਂ ਦੇ ਲੱਕ ਨੂੰ ਹੋਰ ਮਜ਼ਬੂਤ ਕਰਨ ਵਾਲਾ ਇਹ ਕਦਮ ਪੰਜਾਬੀਆਂ ਲਈ ‘ਕਾਲੇ ਦਿਨ’ ਵਜੋਂ ਯਾਦ ਰਹੇਗਾ।
ਪੈਸੇ ਅਤੇ ਸਤਾ ਦੇ ਗੱਠਜੋੜ ਨੇ ਨਸ਼ਿਆਂ ਰਾਹੀਂ ਆਹਾਂ, ਹਉਕਿਆਂ, ਅੱਥਰੂਆਂ, ਕੀਰਨਿਆਂ ਅਤੇ ਬੇਵਸੀ ਦੀ ਜੋ ਹਾਲਤ ਪੰਜਾਬ ਵਿੱਚ ਪੈਦਾ ਕੀਤੀ ਹੈ, ਉਹ ਅਕਹਿ ਅਤੇ ਅਸਹਿ ਹੈ। ਨਸ਼ਿਆਂ ਕਾਰਨ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ, ਨਸ਼ੇ ਦੀ ਤੋਟ ਨਾਲ ਮਰਨ ਵਾਲੀ ਜਵਾਨੀ, ਝਾੜੀਆਂ ਜਾਂ ਰੂੜੀਆਂ ’ਤੇ ਨੌਜਵਾਨਾਂ ਦੀਆਂ ਰੁਲਦੀਆਂ ਲਾਸ਼ਾਂ ਭਲਾ ਕਿਹੜੇ ‘ਵਿਕਾਸ’ ਦੀ ਤਸਵੀਰ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਮੌਤ ਦਾ ਫਰਮਾਨ ਵੰਡਣ ਵਾਲੇ ਵੱਡੇ ਤਸਕਰ ਪੁਲੀਸ ਦੀ ਪਕੜ ਤੋਂ ਬਾਹਰ ਹਨ ਅਤੇ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ:
ਦੇਖੋਗੇ ਤੋਂ ਹਰ ਸ਼ਹਿਰ ਮੇਂ ਮਿਲ ਜਾਏਂਗੀ ਲਾਸ਼ੇਂ,
ਢੂੰਡੋਗੇ ਤੋਂ ਕਹੀਂ ਕਾਤਲ ਨਹੀਂ ਮਿਲਤਾ।
ਕੁਝ ਸਮਾਂ ਪਹਿਲਾਂ ਅਟਾਰੀ ਵਿੱਚ 532 ਕਿਲੋਗ੍ਰਾਮ ਹੈਰੋਇਨ ਦੀ ਖੇਪ ਫੜੀ ਗਈ। ਇਸ ਸਬੰਧ ਵਿੱਚ ਦੋਂਹ ਥਾਣਿਆਂ ਦੇ ਐੱਸ.ਐੱਚ.ਓ. ਗ੍ਰਿਫਤਾਰ ਕੀਤੇ ਗਏ। ਇੱਕ ਥਾਣੇਦਾਰ ਨੇ ਤਾਂ ਪੁਲੀਸ ਹਿਰਾਸਤ ਵਿੱਚ ਹੀ ਖੁਦਕੁਸ਼ੀ ਕਰ ਲਈ ਅਤੇ ਦੂਜੇ ਮੁਲਜ਼ਮ ਦੀ ਜੇਲ ਵਿੱਚ ਮੌਤ ਹੋ ਗਈ। ਪੁਲੀਸ ਦੀ ਤਸਕਰਾਂ ਨਾਲ ਮਿਲੀ-ਭੁਗਤ ਅਤੇ ਉਨ੍ਹਾਂ ਦੇ ਜੋਟੀਦਾਰਾਂ ਦੀ ਨਿਸ਼ਾਨਦੇਹੀ ’ਤੇ ਤਾਂ ਭਾਵੇਂ ਪ੍ਰਸ਼ਨ ਚਿੰਨ੍ਹ ਲੱਗ ਗਿਆ ਪਰ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਜਦੋਂ ਬਾਗ ਦੇ ਰਖਵਾਲੇ ਹੀ ਬੇਈਮਾਨ ਹੋ ਜਾਣ, ਬਾਗ ਨੇ ਤਾਂ ਉਜੜਨਾ ਹੀ ਹੈ। ਐਦਾਂ ਹੀ 20-11-2019 ਨੂੰ ਐੱਸ.ਟੀ.ਐਫ਼. ਦੀ ਟੀਮ ਨੇ ਇੱਕ ਹੈੱਡ ਕੰਸਟੇਬਲ ਨੂੰ 51 ਗ੍ਰਾਮ ਹੈਰੋਇਨ ਅਤੇ 5 ਖਾਲੀ ਸਰਿੰਜਾਂ ਨਾਲ ਫੜਿਆ। ਸਿਆਸੀ ਸਰਪ੍ਰਸਤੀ ਹੇਠ ਸ਼ੰਭੂ ਬਾਰਡਰ ਦੇ ਨੇੜੇ, ਖੰਨਾ ਦੇ ਲਾਗੇ ਅਤੇ ਪਿੰਡ ਬਾਦਲ ਵਿੱਚ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਲੱਖਾਂ ਲੀਟਰ ਸ਼ਰਾਬ ਫੜੀ ਜਾਣੀ ਅਤੇ ਫਿਰ ਕੇਸ ਅਣ ਪਛਾਤੇ ਵਿਅਕਤੀਆਂ ’ਤੇ ਪਾ ਦੇਣਾ ਲੋਕਤੰਤਰ ਦਾ ਘਾਣ ਹੀ ਹੈ। ਦੂਜੇ ਪਾਸੇ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਨਜਾਇਜ਼ ਜ਼ਹਿਰੀਲੀ ਸ਼ਰਾਬ ਨਾਲ 137 ਲੋਕਾਂ ਦੀ ਮੌਤ ਨਾਲ ਮਚੀ ਹਾਹਾਕਾਰ ਨੂੰ ਵੀ ਸਿਆਸੀ ਲਾਰਿਆਂ, ਵਾਅਦਿਆਂ ਅਤੇ ਮਾਇਆ-ਜਾਲ ਰਾਹੀਂ ਠੱਲ੍ਹ ਪਾਈ ਗਈ। ਰਾਣੋ ਪਿੰਡ ਦੇ ਸਰਪੰਚ ਦੀ ਨਸ਼ਿਆਂ ਰਾਹੀਂ ਕੀਤੀ ਅੰਨ੍ਹੀ ਕਮਾਈ ਨਾਲ ਉਸ ਦੇ ਵੱਡੇ ਕੱਦ ਵਾਲੇ ਸਿਆਸੀ ਲੋਕਾਂ ਅਤੇ ਅਧਿਕਾਰੀਆਂ ਨਾਲ ਯਾਰੀ ਚਰਚਾ ਦਾ ਵਿਸ਼ਾ ਰਹੀ ਹੈ। ਅੰਮ੍ਰਿਤਸਰ ਵਿੱਚ ਨਕਲੀ ਚਿੱਟਾ ਤਿਆਰ ਕਰਨ ਵਾਲੀ ਫੜੀ ਮਿਨੀ ਫੈਕਟਰੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਵਿਦਵਾਨ ਵਾਲਟੇਅਰ ਦੇ ਬੋਲ ਹਨ, “ਇਮਾਨਦਾਰ ਲੋਕਾਂ ਦੀ ਬੁਜ਼ਦਿਲੀ ਬਦਮਾਸ਼ਾਂ ਦੀ ਜਿੱਤ ਯਕੀਨੀ ਬਣਾ ਦਿੰਦੀ ਹੈ।” ਨਸ਼ਿਆਂ ਦਾ ਲੱਕ ਸਿਆਸੀ ਵਾਅਦਿਆਂ ਅਤੇ ਲਾਅਰਿਆਂ ਨਾਲ ਨਹੀਂ ਟੁੱਟਣਾ, ਲੱਕ ਟੁੱਟੇਗਾ ਲੋਕਾਂ ਦੇ ਏਕੇ ਨਾਲ। ਬੁੱਧੀਜੀਵੀ ਵਰਗ, ਲੇਖਕ, ਅਧਿਆਪਕ, ਪੱਤਰਕਾਰ, ਸਮਾਜ ਸੇਵਕ, ਪੰਚ-ਸਰਪੰਚ ਅਤੇ ਉਨ੍ਹਾਂ ਭਲੇ ਨੇਤਾਵਾਂ ਦੀ ਰਹਿਨੁਮਾਈ ਨਾਲ ਜਿਹੜੇ ਭਵਿੱਖ ਦੇ ਵਾਰਸਾਂ ਪ੍ਰਤੀ ਸੁਹਿਰਦ ਹੋਣਗੇ। ਇਸ ਵੇਲੇ ਫਸਲਾਂ ਅਤੇ ਨਸਲਾਂ ਦੋਨਾਂ ’ਤੇ ਹੀ ਖਤਰੇ ਦੇ ਬੱਦਲ ਮੰਡਰਾ ਰਹੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2980)
(ਸਰੋਕਾਰ ਨਾਲ ਸੰਪਰਕ ਲਈ: