“ਉਹ ਲੋਕ ਹਾਲਾਂ ਪਿੰਡ ਨਹੀਂ ਪਹੁੰਚੇ ਹੁੰਦੇ ਪਰ ਪੁਲਿਸ ਵਾਲਿਆਂ ਰਾਹੀਂ ਸਾਰੀ ਸੂਚਨਾ ਪਿੰਡ ਦੇ ਤਸਕਰਾਂ ਤਕ ਪਹੁੰਚ ...”
(23 ਜੂਨ 2024)
ਇਸ ਸਮੇਂ ਪਾਠਕ: 1190.
ਗੱਲ ਸਤੰਬਰ 2020 ਦੀ ਹੈ। ਉਨ੍ਹਾਂ ਦਿਨਾਂ ਵਿੱਚ ਮੈਂ ਸੰਗਰੂਰ ਦੇ ਨਸ਼ਾ ਛੜਾਊ ਕੇਂਦਰ ਦੇ ਨਿਰਦੇਸ਼ਕ ਵਜੋਂ ਕੰਮ ਕਰ ਰਿਹਾ ਸੀ। ਨਸ਼ਈ ਮਰੀਜ਼ਾਂ ਨੂੰ ਜ਼ਿੰਦਗੀ ਦੇ ਖਲਨਾਇਕ ਨਹੀਂ ਸਗੋਂ ਪੀੜਤ ਸਮਝਦਿਆਂ ਉਹਨਾਂ ਨੂੰ ਦੁਆ ਅਤੇ ਦਵਾਈ ਦੇ ਸੁਮੇਲ ਨਾਲ ਮੁੱਖ ਧਾਰਾ ਵਿੱਚ ਲਿਆਉਣ ਦੇ ਹਰ ਸੰਭਵ ਯਤਨ ਕੀਤੇ ਜਾਂਦੇ ਸਨ। ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜਨ ਕਾਰਨ ਸਾਰਥਕ ਨਤੀਜੇ ਸਾਹਮਣੇ ਵੀ ਆ ਰਹੇ ਸਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ-ਨਾਲ ਗੁਆਂਢੀ ਪ੍ਰਾਂਤਾਂ ਦੇ ਨਸ਼ਈ ਮਰੀਜ਼ਾਂ ਨੇ ਵੀ ਨਸ਼ਾ ਮੁਕਤ ਹੋਣ ਲਈ ਇਸ ਨਸ਼ਾ ਛੁੜਾਓ ਕੇਂਦਰ ਦੀ ਢੋਈ ਲਈ ਹੋਈ ਸੀ। ਸ਼ਾਮ ਨੂੰ ਹਰ ਰੋਜ਼ ਯੋਗਾ, ਮੈਡੀਟੇਸ਼ਨ ਅਤੇ ਕੌਂਸਲਿੰਗ ਦੀ ਜ਼ਿੰਮੇਵਾਰੀ ਮੈਂ ਸਾਂਭੀ ਹੋਈ ਸੀ। ਇੰਜ ਹੀ ਇੱਕ ਦਿਨ ਸ਼ਾਮ ਨੂੰ ਮੈਂ ਨਸ਼ਾ ਮੁਕਤ ਹੋ ਰਹੇ 20 ਕੁ ਨੌਜਵਾਨਾਂ ਨਾਲ ਕੌਂਸਲਿੰਗ ਕਰ ਰਿਹਾ ਸੀ ਕਿ ਮੈਨੂੰ ਡੀ.ਸੀ ਸਾਹਿਬ ਦਾ ਸੁਨੇਹਾ ਮਿਲਿਆ ਕਿ ਇਸ ਕੇਂਦਰ ਨੂੰ ਵੇਖਣ ਅਤੇ ਨਸ਼ਈ ਮਰੀਜ਼ ਨਾਲ ਗੱਲਬਾਤ ਕਰਨ ਲਈ ਪੰਜਾਬ ਦੇ ਹੋਮ ਸੈਕਟਰੀ ਸਾਹਿਬ 15-20 ਮਿੰਟਾਂ ਤਕ ਨਸ਼ਾ ਛੁੜਾਊ ਕੇਂਦਰ ਵਿੱਚ ਪਹੁੰਚ ਰਹੇ ਨੇ। ਸੁਨੇਹਾ ਮਿਲਣ ਤੋਂ ਕੁਝ ਸਮੇਂ ਬਾਅਦ ਹੀ ਹੋਮ ਸੈਕਟਰੀ ਸਾਹਿਬ ਆਪਣੇ ਲਾਮ-ਲਸ਼ਕਰ ਨਾਲ ਪਹੁੰਚ ਗਏ। ਪਹਿਲਾਂ ਉਹ ਵਾਰਡ ਵਿੱਚ ਆਏ। ਨਸ਼ਈ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਨਸ਼ਈ ਮਰੀਜ਼ਾਂ ਨੇ ਹਨੇਰੇ ਤੋਂ ਚਾਨਣ ਤਕ ਦਾ ਕਾਫੀ ਸਫਰ ਤੈਅ ਕਰ ਲਿਆ ਸੀ ਅਤੇ ਉਹਨਾਂ ਦੇ ਚਿਹਰਿਆਂ ਤੇ ਜ਼ਿੰਦਗੀ ਜਿਊਣ ਦਾ ਚਾਅ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਮੈਨੂੰ ਆਦੇਸ਼ ਮਿਲਿਆ ਕਿ ਸਾਰੇ ਮਰੀਜ਼ਾਂ ਨੂੰ ਤੁਸੀਂ ਆਪਣੇ ਦਫਤਰ ਵਿੱਚ ਬਿਠਾ ਲਵੋ, ਇਹਨਾਂ ਨਾਲ ਮੀਟਿੰਗ ਕਰਨੀ ਹੈ। ਸਾਰੇ ਨਸ਼ਈ ਮਰੀਜ਼ਾਂ ਨੂੰ ਦਫਤਰ ਵਿੱਚ ਕੁਰਸੀਆਂ ਤੇ ਬਿਠਾ ਦਿੱਤਾ ਗਿਆ। ਸਾਹਮਣੇ ਕੁਰਸੀ ਤੇ ਹੋਮ ਸੈਕਟਰੀ ਸਾਹਿਬ। ਇੱਕ ਪਾਸੇ ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ ਅਤੇ ਮੈਂ ਬੈਠ ਗਏ। ਬਾਕੀ ਅਧਿਕਾਰੀਆਂ ਨੂੰ ਨਾਲ ਲਗਦੇ ਕਮਰੇ ਵਿੱਚ ਬੈਠਣ ਲਈ ਕਿਹਾ ਗਿਆ। ਹੋਮ ਸੈਕਟਰੀ ਸਾਹਿਬ ਨੇ ਪਹਿਲਾਂ ਇਕੱਲੇ-ਇਕੱਲੇ ਨਸ਼ਈ ਮਰੀਜ਼ ਨੂੰ ਆਪਣੇ ਬਾਰੇ ਦੱਸਣ ਲਈ ਕਿਹਾ। ਇਸ ਉਪਰੰਤ ਉਹ ਬਿਨਾਂ ਕਿਸੇ ਭੂਮਿਕਾ ਤੋਂ ਸਿੱਧੇ ਹੀ ਅਸਲ ਮੁੱਦੇ ’ਤੇ ਆ ਗਏ। ਉਹਨਾਂ ਨੂੰ ਸੰਬੋਧਨ ਕਰਦਿਆਂ ਹੋਮ ਸੈਕਟਰੀ ਨੇ ਕਿਹਾ, “ਪੰਜਾਬ ਨਸ਼ੇ ਕਾਰਨ ਖਤਰਨਾਕ ਮੋੜ ’ਤੇ ਪਹੁੰਚ ਗਿਆ ਹੈ। ਤੁਸੀਂ ਮੈਨੂੰ ਦੱਸੋ ਕਿ ਇਸਦੀ ਰੋਕਥਾਮ ਕਿੰਜ ਕੀਤੀ ਜਾ ਸਕਦੀ ਹੈ?” ਉਹਨਾਂ ਵਿੱਚੋਂ ਕਈ ਪੜ੍ਹੇ-ਲਿਖੇ ਅਤੇ ਨਸ਼ਿਆਂ ਦੀ ਗਰਾਊਂਡ ਪੱਧਰ ’ਤੇ ਸਪਲਾਈ ਅਤੇ ਸਰਪ੍ਰਸਤੀ ਤੋਂ ਚੰਗੀ ਤਰ੍ਹਾਂ ਜਾਣੂ ਸਨ। ਉਹਨਾਂ ਵਿੱਚੋਂ ਇੱਕ ਨੌਜਵਾਨ ਖੜ੍ਹਾ ਹੋਇਆ ਅਤੇ ਬੇਖੌਫ ਹੋ ਕੇ ਕਹਿਣ ਲੱਗਿਆ, “ਜੇ ਜੀ ਤੁਸੀਂ ਨਸ਼ਾ ਖਤਮ ਕਰਨਾ ਹੈ ਤਾਂ ਪਹਿਲਾਂ ਪੁਲਿਸ ਨੂੰ ਕੰਟਰੋਲ ਕਰੋ। ਇਹ ਗੋਰਖ ਧੰਦਾ ਇਨ੍ਹਾਂ ਰਾਹੀਂ ਹੀ ਚੱਲਦਾ ਹੈ।”
ਇਹ ਸੁਣਦਿਆਂ ਹੀ ਹੋਮ ਸੈਕਟਰੀ ਨੇ ਫਿਰ ਪੁੱਛਿਆ, “ਥੋਡੇ ਮੁਤਾਬਕ ਇਸ ਕੰਮ ਵਿੱਚ ਪੁਲਿਸ ਕੀ ਕਰਦੀ ਹੈ?”
ਇਸ ਗੱਲ ਦਾ ਜਵਾਬ ਦੇਣ ਲਈ ਇੱਕ ਹੋਰ ਨੌਜਵਾਨ ਖੜ੍ਹਾ ਹੋਇਆ, “ਵੇਖੋ ਜੀ, ਮੈਂ ਇੱਕ ਪਿੰਡ ਦਾ ਰਹਿਣ ਵਾਲਾ ਹਾਂ। ਪਿੰਡਾਂ ਵਿੱਚ ਨਸ਼ਾ ਸ਼ਰੇਆਮ ਰਿਉੜੀਆਂ ਦੀ ਤਰ੍ਹਾਂ ਵਿਕ ਰਿਹਾ ਹੈ। ਪਿੰਡ ਦੇ ਲੋਕ ਅੱਕੇ ਪਏ ਨੇ। ਉਹ ਇਕੱਠੇ ਹੋ ਕੇ ਥਾਣੇ ਵਿੱਚ ਜਾ ਕੇ ਨਸ਼ਾ ਵੇਚਣ ਵਾਲਿਆਂ ਦੀ ਸ਼ਿਕਾਇਤ ਕਰਦੇ ਨੇ। ਥਾਣੇਦਾਰ ਉਹਨਾਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਭੇਜ ਦਿੰਦਾ ਹੈ, ਤੇ ਨਾਲ ਹੀ ਸ਼ਿਕਾਇਤ ਕਰਨ ਵਾਲਿਆਂ ਦੇ ਨਾਂ ਅਤੇ ਮੋਬਾਇਲ ਨੰਬਰ ਵੀ ਇੱਕ ਕਾਗਜ਼ ’ਤੇ ਲਿਖ ਲੈਂਦਾ ਹੈ। ਉਹ ਲੋਕ ਹਾਲਾਂ ਪਿੰਡ ਨਹੀਂ ਪਹੁੰਚੇ ਹੁੰਦੇ ਪਰ ਪੁਲਿਸ ਵਾਲਿਆਂ ਰਾਹੀਂ ਸਾਰੀ ਸੂਚਨਾ ਪਿੰਡ ਦੇ ਤਸਕਰਾਂ ਤਕ ਪਹੁੰਚ ਜਾਂਦੀ ਹੈ। ਹੁਣ ਤਾਂ ਜੀ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਜਿਹਾ ਉੱਠ ਗਿਆ।” ਉਸ ਨੌਜਵਾਨ ਦੀ ਕਹੀ ਗੱਲ ਦੀ ਪ੍ਰੋੜ੍ਹਤਾ ਦੂਜੇ ਨਸ਼ਈ ਨੌਜਵਾਨ ਨੇ ਵੀ ਕੀਤੀ।
ਹੋਮ ਸੈਕਟਰੀ ਨੇ ਚੰਡੀਗੜ੍ਹ ਜਾ ਕੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਉਸ ਤੋਂ ਅਗਲੇ ਦਿਨ ਮੁੱਖ ਮੰਤਰੀ ਨੇ ਪੰਜਾਬ ਦੇ ਡੀ.ਸੀ. ਅਤੇ ਪੁਲਿਸ ਮੁਖੀਆਂ ਦੀ ਹੰਗਾਮੀ ਮੀਟਿੰਗ ਸੱਦੀ। ਨਸ਼ੇ ਦਾ ਲੱਕ ਤੋੜਨ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਅਤੇ ਨਾਲ ਹੀ ਇਹ ਵੀ ਕਿਹਾ ਕਿ ਜਿੱਥੇ ਵੀ ਨਸ਼ੇ ਦੀ ਸਪਲਾਈ ਲਾਈਨ ਦਾ ਪਤਾ ਲੱਗੇਗਾ, ਉਸ ਇਲਾਕੇ ਦਾ ਥਾਣੇਦਾਰ ਜ਼ਿੰਮੇਵਾਰ ਹੋਵੇਗਾ।
ਮੁੱਖ ਮੰਤਰੀ ਦੀ ਸਖ਼ਤੀ ਦਾ ਅਸਰ ਦੋ ਤਿੰਨ ਮਹੀਨੇ ਰਿਹਾ। ਥਾਂ-ਥਾਂ ਨਾਕੇ ਵੀ ਲੱਗੇ। ਤਸਕਰਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ। ਜਾਇਜ਼-ਨਜਾਇਜ਼ ਕੇਸਾਂ ਨਾਲ ਰੋਜ਼ਨਾਮਚਾ ਵੀ ਭਰਿਆ ਗਿਆ। ਫੜੇ ਗਏ ਮੁਜਰਮਾਂ ਵਿੱਚ ਨਸ਼ਾ ਕਰਨ ਵਾਲੇ ਜ਼ਿਆਦਾ ਅਤੇ ਪਰਚੂਨ ਵਿੱਚ ਨਸ਼ਾ ਵੇਚਣ ਵਾਲੇ ਥੋੜ੍ਹੇ ਸਨ। ਪਰ ਨਸ਼ੇ ਦੇ ਵੱਡੇ ਸੁਦਾਗਰ ਪੁਲਿਸ ਦੀ ਪਕੜ ਤੋਂ ਦੂਰ ਰਹੇ। ਦਰਅਸਲ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ, ਚੌਕੀਦਾਰ ਦੀ ਅੱਖ ਚੋਰਾਂ ਨਾਲ ਮਿਲ ਜਾਵੇ, ਮਾਲੀ ਮਹਿਕਾਂ ਦੀ ਪੱਤ ਰੋਲਣ ਵਾਲਿਆਂ ਨਾਲ ਖੜ੍ਹ ਜਾਵੇ, ਫਿਰ ਭਲਾ ਦੇਸ਼, ਪ੍ਰਾਂਤ ਅਤੇ ਕੌਮ ਦੀ ਖੁਸ਼ਹਾਲੀ ਦੇ ਸੁਪਨਿਆਂ ਨੂੰ ਖੰਡਰਾਤ ਵਿੱਚ ਬਦਲਣ ਤੋਂ ਕੌਣ ਰੋਕ ਸਕਦਾ ਹੈ? ਨਸ਼ਿਆਂ ਕਾਰਨ ਮੰਦਹਾਲੀ ਦਾ ਜੀਵਨ ਬਤੀਤ ਕਰ ਰਹੇ ਬੇਵੱਸ ਮਾਪੇ ਕਦੇ ਖੁਦ ਨਾਲ ਲੜਾਈ, ਕਦੇ ਖੁਦਾ ਨਾਲ ਲੜਾਈ ਅਤੇ ਕਦੇ ਖੁਦਦਾਰਾਂ ਨਾਲ ਲੜਾਈ ਲੜਦਿਆਂ ਆਪਣੇ ਆਪ ਨੂੰ ਨਾ ਜਿਉਂਦਿਆਂ ਵਿੱਚ ਸਮਝਦੇ ਹਨ ਅਤੇ ਨਾ ਹੀ ਮਰਿਆਂ ਵਿੱਚ। ਕੈਪਟਨ ਸਰਕਾਰ ਬਦਲ ਗਈ ਹੈ ਪਰ ਨਸ਼ੇ ਦੇ ਤਸਕਰਾਂ, ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਅਤੇ ਕੁਝ ਸਿਆਸਤਦਾਨਾਂ ਦੇ ਆਪਸੀ ਗੱਠਜੋੜ ਨੂੰ ਅਲੱਗ ਕਰਨ ਵਿੱਚ ਸਫਲ ਨਹੀਂ ਹੋ ਸਕੀ।
2022 ਵਿੱਚ ਮਾਨ ਸਰਕਾਰ ਹੋਂਦ ਵਿੱਚ ਆ ਗਈ। ਤਿੰਨ ਮਹੀਨਿਆਂ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਸਿਸਕ ਰਿਹਾ ਹੈ। ਦੁਖਾਂਤਕ ਪਹਿਲੂ ਇਹ ਵੀ ਹੈ ਕਿ ਨਸ਼ਿਆਂ ਦੀ ਮਹਾਂਮਾਰੀ ਦਾ ਸੇਕ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਤਕ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਦੇ ਲੋਕਾਂ ਦੇ ਘਰਾਂ ਤਕ ਪੁੱਜ ਗਿਆ ਹੈ। ਅੰਦਾਜ਼ਨ 40 ਲੱਖ ਪਰਿਵਾਰਾਂ ਵਿੱਚੋਂ ਕੋਈ ਵਿਰਲਾ ਪਰਿਵਾਰ ਹੀ ਹੋਵੇਗਾ, ਜੋ ਇਸ ਮਾਰੂ ਕਹਿਰ ਦੇ ਸੰਤਾਪ ਤੋਂ ਬਚਿਆ ਹੋਵੇ। ਅੰਦਾਜ਼ਨ 13 ਕਰੋੜ ਦੀ ਰੋਜ਼ਾਨਾ ਸ਼ਰਾਬ, 13.70 ਕਰੋੜ ਦਾ ਚਿੱਟਾ ਅਤੇ 62.50 ਕਰੋੜ ਪਰਵਾਸ ਦੇ ਲੇਖੇ ਲੱਗ ਰਿਹਾ ਹੈ। ਇਹੋ ਜਿਹੇ ਸੋਗੀ ਮਾਹੌਲ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਦਾ ਆਪਣੀ ਜਨਮ ਭੂਮੀ, ਮਾਪਿਆਂ ਅਤੇ ਪ੍ਰਾਂਤ ਨੂੰ ਸਟਡੀ ਵੀਜ਼ੇ ਦੇ ਓਹਲੇ ਵਿੱਚ ਅਲਵਿਦਾ ਕਹਿਣ ਨਾਲ ਪ੍ਰਾਂਤ ਦੀ ਬੌਧਿਕਤਾ, ਹੁਨਰ, ਮਨੁੱਖੀ ਸ਼ਕਤੀ ਅਤੇ ਆਰਥਿਕਤਾ ਬਹੁ ਪਰਤੀ ਸੰਕਟ ਵਿੱਚੋਂ ਗੁਜ਼ਰ ਰਹੀ ਹੈ।
ਇਸ ਵੇਲੇ ਪੰਜਾਬ ਬਹੁਪੱਖੀ ਅਤੇ ਬਹੁਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਜਿੱਥੇ ਚਿੱਟੇ ਦੇ ਅੱਤਵਾਦ ਨੇ ਸਿਵਿਆਂ ਦੀ ਭੀੜ ਵਿੱਚ ਢੇਰ ਵਾਧਾ ਕੀਤਾ ਹੈ, ਉੱਥੇ ਹੀ ਰੋਜ਼ਾਨਾ ਔਸਤਨ 2 ਕਤਲ (ਖੁਦਕੁਸ਼ੀਆਂ ਵੱਖਰੀਆਂ) ਦੋ ਕਾਤਲਾਨਾਂ ਹਮਲੇ, 11 ਚੋਰੀ ਦੀਆਂ ਵਾਰਦਾਤਾਂ, ਸਟਰੀਟ ਕਰਾਈਮ, ਫਿਰੌਤੀਆਂ ਅਤੇ ਕਤਲ ਦਾ ਰੁਝਾਨ, 2 ਦਿਨਾਂ ਵਿੱਚ 5 ਔਰਤਾਂ ਦਾ ਬਲਾਤਕਾਰ, ਦੋ ਦਿਨਾਂ ਵਿੱਚ 7 ਵਿਅਕਤੀਆਂ ਦੀ ਝਪਟਮਾਰੀ ਦਾ ਸ਼ਿਕਾਰ ਹੋਣਾ, ਅੰਦਾਜ਼ਨ 19 ਮਾਪਿਆਂ ਵੱਲੋਂ ਆਪਣੇ ਪੁੱਤਰਾਂ ਨੂੰ ਬੇਦਖਲ ਕਰਨਾ, 16 ਦੁਰਘਟਨਾਵਾਂ ਅਤੇ ਹਰ ਰੋਜ਼ 15-16 ਤਲਾਕਾਂ ਦੇ ਕੇਸ ਦਰਜ ਹੋਣ ਦੇ ਨਾਲ ਨਾਲ ਨਸ਼ਿਆਂ ਦੀ ਮਹਾਂਮਾਰੀ ਕਾਰਨ 16 ਔਰਤਾਂ ਵਿਧਵਾ ਹੋ ਕੇ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਸਮਾਜ ਬਿਮਾਰ ਹੈ ਅਤੇ ਬਿਮਾਰ ਸਮਾਜ ਦੇ ਚਿਹਰੇ ’ਤੇ ਉਦਾਸੀ ਦੀ ਧੂੜ ਜੰਮੀ ਪਈ ਹੈ। ਭਲਾ ਜੇ ਪੰਜਾਬ ਦੇ ਵਿਹੜੇ ਸੁੱਖ ਹੁੰਦੀ ਫਿਰ ਹਵਾਈ ਅੱਡਿਆਂ ’ਤੇ ਇੰਨੀ ਭੀੜ ਨਹੀਂ ਸੀ ਹੋਣੀ।
ਪੰਜਾਬ ਦੇ ਮੁੱਖ ਮੰਤਰੀ ਨੇ ਪਿਛਲੇ ਦਿਨੀਂ ਜ਼ਿਲ੍ਹਾ ਪੁਲਿਸ ਮੁਖੀਆਂ, ਪੁਲਿਸ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਕਰਕੇ ਸਖ਼ਤ ਸੁਨੇਹਾ ਦਿੱਤਾ ਹੈ ਕਿ ਨਸ਼ਾਖੋਰੀ ਅਤੇ ਰਿਸ਼ਵਤਖੋਰੀ ਦੇ ਸੰਬੰਧ ਵਿੱਚ ਜੇਕਰ ਕਿਸੇ ਵੀ ਕਰਮਚਾਰੀ/ਅਧਿਕਾਰੀ ਦੀ ਮਿਲੀ ਭੁਗਤ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਕਿੰਨਾ ਚੰਗਾ ਹੋਵੇ ਜੇ ਇਸ ਮੁਹਿੰਮ ਵਿੱਚ ਪੰਜਾਬ ਦੇ ਮਿਹਨਤਕਸ਼ ਲੋਕ, ਬੁੱਧੀਜੀਵੀ, ਦੇਸ਼ ਭਗਤ, ਲੇਖਕ, ਸਮਾਜ-ਸੇਵਕ, ਚਿੰਤਕ, ਪੱਤਰਕਾਰ ਭਾਈਚਾਰਾ, ਅਧਿਆਪਕ ਵਰਗ ਅਤੇ ਪੰਜਾਬ ਦੇ ਹੋਰ ਹਿਤੈਸ਼ੀ ਜੁੜ ਜਾਣ ਤਾਂ ਨਸ਼ਿਆਂ ਕਾਰਨ ਸਿਵਿਆਂ ਦੀ ਪ੍ਰਚੰਡ ਹੋਈ ਅੱਗ ਨੂੰ ਕਾਬੂ ਕੀਤਾ ਜਾ ਸਕਦਾ ਹੈ।
(ਲੇਖਕ ਇੱਕ ਨਾਮਵਰ ਨਸ਼ਾ ਛੁਡਾਊ ਕੇਂਦਰ ਦਾ ਅੰਦਾਜ਼ਨ 18 ਸਾਲ ਨਿਰਦੇਸ਼ਕ ਰਿਹਾ ਹੈ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5075)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)