“ਨਸ਼ਿਆਂ ਦਾ ਸੰਕਟ ਹੁਣ ਸਿਰਫ ਵਿਅਕਤੀਗਤ ਆਦਤ ਤਕ ਸੀਮਿਤ ਨਹੀਂ ਰਿਹਾ, ਸਗੋਂ ਜਨਤਕ ...”
(26 ਸਤੰਬਰ 2025)
ਪੰਜਾਬ ਦੀਆਂ ਬਰੂਹਾਂ ’ਤੇ ਇਸ ਵੇਲੇ ਆਫਤਾਂ ਦੇ ਢੇਰ ਹਨ। ਹੜ੍ਹਾਂ ਦੀ ਤਬਾਹੀ ਨੇ ਪੰਜਾਬੀਆਂ ਦੀ ਹਾਲਤ ਕੱਖੋਂ ਹੌਲੀ ਕਰ ਦਿੱਤੀ ਹੈ। ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ, ਗੁਆਂਢੀ ਪ੍ਰਾਂਤਾਂ ਦੇ ਸੁਹਿਰਦ ਲੋਕ ਅਤੇ ਹੋਰ ਬਹੁਤ ਸਾਰੇ ਪਰਉਪਕਾਰੀ ਹੜ੍ਹ ਸੰਕਟ ਵਿੱਚ ਘਿਰੇ ਪੰਜਾਬੀਆਂ ਦੀ ਮਦਦ ਲਈ ਬਹੁੜੇ ਹਨ। ਅਤੀਤ ਗਵਾਹ ਹੈ ਕਿ ਕੁਦਰਤ ਦੀ ਮਾਰ ਦਾ ਪੰਜਾਬੀਆਂ ਨੇ ਡਟ ਕੇ ਮੁਕਾਬਲਾ ਵੀ ਕੀਤਾ ਹੈ ਅਤੇ ਸੰਕਟ ਦੀ ਘੜੀ ਵਿੱਚੋਂ ਨਿਕਲ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ।
ਕੁਦਰਤ ਦੀ ਕਰੋਪੀ ਦੇ ਨਾਲ ਨਾਲ ਪੰਜਾਬੀ ਹੋਰ ਬਹੁਤ ਸਾਰੀਆਂ ਬਹੁਪੱਖੀ ਅਤੇ ਬਹੁਪਰਤੀ ਸਮੱਸਿਆਵਾਂ ਵਿੱਚ ਘਿਰੇ ਹੋਏ ਹਨ। ਕਰਜ਼ੇ ਹੇਠ ਦੱਬੀ ਕਿਰਸਾਨੀ, ਕਾਰਪੋਰੇਟ ਘਰਾਣਿਆਂ ਵੱਲੋਂ ਕਿਰਸਾਨਾਂ ਦੀਆਂ ਜ਼ਮੀਨਾਂ ’ਤੇ ਬਾਜ਼ ਅੱਖ ਅਤੇ ਉਹਨਾਂ ਨੂੰ ਸਿਆਸੀ ਸਰਪ੍ਰਸਤੀ, ਬੇਕਾਰ ਡਿਗਰੀ ਵੰਡਦੇ ਅਖੌਤੀ ਵਿੱਦਿਅਕ ਅਦਾਰੇ, ਰੇਤ ਮਾਫੀਆ, ਡਰੱਗ ਮਾਫੀਆ, ਕੇਬਲ ਮਾਫੀਆ, ਰੁਜ਼ਗਾਰ ਮਾਫੀਆ, ਮਾਈਨਿੰਗ ਮਾਫੀਆ ਦੇ ਨਾਲ ਨਾਲ ਘਰ ਘਰ ਮੌਤ ਦਾ ਫਰਮਾਨ ਵੰਡਣ ਵਾਲੇ ਨਸ਼ੇ ਦੇ ਵਿਉਪਾਰੀਆਂ ਨੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਨਸ਼ਿਆਂ ਕਾਰਨ ਫਸਲਾਂ ’ਤੇ ਹੀ ਨਹੀਂ ਸਗੋਂ ਨਸਲਾਂ ’ਤੇ ਵੀ ਖਤਰੇ ਦੇ ਬੱਦਲ ਮੰਡਲਾ ਰਹੇ ਹਨ। ਦੁਖਾਂਤਕ ਪਹਿਲੂ ਇਹ ਵੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਆਰਥਿਕ, ਸਰੀਰਕ, ਮਾਨਸਿਕ ਅਤੇ ਬੌਧਿਕ ਤੌਰ ’ਤੇ ਖੋਖਲੇ ਕਰਨ ਵਾਲੇ ਸਮਾਜ ਦੋਖੀ ਪੰਜਾਬ ਵਿੱਚ ਰਹਿ ਕੇ ਹੀ ਨਸ਼ਿਆਂ ਰਾਹੀਂ ਜਵਾਨੀ ਦਾ ਘਾਣ ਕਰਕੇ ਸਿਵਿਆਂ ਦੀ ਭੀੜ ਵਿੱਚ ਨਿਰੰਤਰ ਵਾਧਾ ਕਰ ਰਹੇ ਹਨ। ਪਿਛਲੇ ਦਿਨੀਂ ਐੱਨ.ਸੀ.ਬੀ. (ਨਾਰਕੌਟਿਕਸ ਕੰਟਰੋਲ ਬਿਉਰੋ) ਦੀ ਰਿਪੋਰਟ ਸਾਨੂੰ ਸਭ ਨੂੰ ਝੰਜੋੜਨ ਵਾਲੀ ਹੈ। ਰਿਪੋਰਟ ਅਨੁਸਾਰ ਅਬਾਦੀ ਪੱਖ ਤੋਂ ਭਾਰਤ ਦੀ ਕੁੱਲ ਅਬਾਦੀ ਦਾ 2.3 ਪ੍ਰਤੀਸ਼ਤ ਅਬਾਦੀ ਪੰਜਾਬ ਦੀ ਹੈ, ਪਰ ਨਸ਼ੇ ਕਾਰਨ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ 21% ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕੁਝ ਸਮਾਂ ਪਹਿਲਾਂ ਪ੍ਰਗਟਾਵਾ ਕੀਤਾ ਸੀ ਕਿ ਅੰਦਾਜ਼ਨ 9.70 ਲੱਖ ਨਸ਼ਈ ਸਿਹਤ ਵਿਭਾਗ ਵੱਲੋਂ ਖੋਲ੍ਹੇ ਓਟ ਸੈਂਟਰਾਂ ਰਾਹੀਂ ਇਲਾਜ ਕਰਵਾ ਰਹੇ ਹਨ। ਮਾਰਚ 2025 ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਐਲਾਨ ਉਪਰੰਤ ਪੁਲਿਸ ਵਿਭਾਗ ਵੱਲੋਂ ਇਸ ਮੁਹਿੰਮ ਤਹਿਤ ਤਸਕਰਾਂ ਦੀ ਗ੍ਰਿਫਤਾਰੀ ਅਤੇ ਨਸ਼ਿਆਂ ਦੀ ਰੋਕਥਾਮ ਦੇ ਨਾਲ ਨਾਲ ਨਸ਼ਈਆਂ ਦਾ ਇਲਾਜ ਕਰਵਾਉਣ ਲਈ ਯਤਨ ਕੀਤੇ ਗਏ। ਇਸ ਵੇਲੇ ਸਰਕਾਰੀ ਹਸਪਤਾਲਾਂ ਦੇ ਓਟ ਸੈਂਟਰਾਂ ਰਾਹੀਂ ਜੋ ਨਸ਼ਈ ਮਰੀਜ਼ ਇਲਾਜ ਕਰਵਾ ਰਹੇ ਹਨ, ਉਹਨਾਂ ਦੀ ਗਿਣਤੀ ਅੰਦਾਜ਼ਨ 10.65 ਲੱਖ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ 706 ਓਟ ਕਲੀਨਿਕਾਂ ਤੋਂ ਬਿਨਾਂ 177 ਪ੍ਰਾਈਵੇਟ ਨਸ਼ਾ ਛਡਾਉ ਕੇਂਦਰ ਵੀ ਇਸ ਮੰਤਵ ਲਈ ਖੁੱਲ੍ਹੇ ਹੋਏ ਹਨ। ਵਰਨਣਯੋਗ ਹੈ ਕਿ 177 ਪ੍ਰਾਈਵੇਟ ਨਸ਼ਾ ਛਡਾਉ ਕੇਂਦਰਾਂ ਵਿੱਚ 117 ਨਸ਼ਾ ਛਡਾਉ ਕੇਂਦਰ 10 ਵਿਅਕਤੀਆਂ ਨੇ ਨਿੱਜੀ ਤੌਰ ’ਤੇ ਖੋਲ੍ਹੇ ਹੋਏ ਹਨ। ਸਰਕਾਰੀ 706 ਓਟ ਕਲੀਨਿਕਾਂ ਵਿੱਚ ਨਸ਼ਾ ਛਡਾਉਣ ਵਾਲੀ ਗੋਲੀ, ਜੋ ਜੀਭ ’ਤੇ ਰੱਖਣ ਵਾਲੀ ਗੋਲੀ ਦੇ ਤੌਰ ’ਤੇ ਜਾਣੀ ਜਾਂਦੀ ਹੈ, ਮੁਫ਼ਤ ਦਿੱਤੀ ਜਾਂਦੀ ਹੈ, ਜਦੋਂ ਕਿ ਪ੍ਰਾਈਵੇਟ ਕੇਂਦਰਾਂ ਵਿੱਚ ਇਸ ਗੋਲੀ ਦਾ ਮੁੱਲ ਨਿਰਧਾਰਤ ਕੀਤਾ ਗਿਆ ਹੈ। ਸਰਕਾਰੀ ਰਿਕਾਰਡ ਅਨੁਸਾਰ ਪਿਛਲੇ ਸੱਤ ਸਾਲਾਂ ਵਿੱਚ 9 ਲੱਖ ਤੋਂ ਜ਼ਿਆਦਾ ਨਸ਼ਈ ਮਰੀਜ਼ ਓਟ ਕਲੀਨਿਕਾਂ ਵਿੱਚ ਦਵਾਈ ਲੈਣ ਲਈ ਪਹੁੰਚੇ। ਇਨ੍ਹਾਂ ਵਿੱਚੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਸਿਰਫ 4154 ਹੈ, ਜਦੋਂ ਕਿ ਇਸ ਗੋਲੀ ਨਾਲ ਪ੍ਰਾਈਵੇਟ ਸੈਂਟਰਾਂ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 244 ਹੈ। ਬੁਪਰੀਨੌਰਫਿਨ ਨਾਂ ਦੀ ਇਹ ਗੋਲੀ ਉੱਤੇ ਹਰ ਸਾਲ ਸਿਹਤ ਵਿਭਾਗ ਦਾ 102 ਕਰੋੜ ਰੁਪਏ ਖਰਚ ਆਉਂਦਾ ਹੈ। ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਈ ਮਰੀਜ਼ ਦੀ ਤੋੜ ਨੂੰ ਅਸਥਾਈ ਤੌਰ ’ਤੇ ਘੱਟ ਕਰਨ ਲਈ ਤਾਂ ਇਹ ਗੋਲੀ ਠੀਕ ਹੈ, ਪਰ ਇਸ ਗੋਲੀ ਦੀ ਵਰਤੋਂ ਨਾਲ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਆਟੇ ਵਿੱਚ ਲੂਣ ਵਾਂਗ ਹੈ। ਪਿਛਲੇ ਸਾਢੇ ਪੰਜ ਸਾਲਾਂ ਵਿੱਚ ਨਸ਼ਾ ਛਡਾਉ ਕੇਂਦਰਾਂ ਵਿੱਚ 127 ਕਰੋੜ ਗੋਲੀਆਂ ਦੀ ਖਪਤ ਹੋਈ, ਜਿਸ ਉੱਪਰ 5 ਕਰੋੜ 61 ਲੱਖ ਰੁਪਏ ਖਰਚ ਹੋਏ। ਨਸ਼ਾ ਮੁਕਤ ਕਰਨ ਲਈ ਨਿਯੁਕਤ ਮਨੋਵਿਗਿਆਨਿਕ ਡਾਕਟਰਾਂ ਅਤੇ ਦੂਜੇ ਮੈਡੀਕਲ ਸਟਾਫ ਦੀਆਂ ਤਨਖਾਹਾਂ ਅਤੇ ਹੋਰ ਫੁਟਕਲ ਖਰਚੇ ਇਸ ਤੋਂ ਵੱਖ ਹਨ।
ਜ਼ਿਲ੍ਹਾ ਪੱਧਰ ’ਤੇ ਬਣੇ ਨਸ਼ਾ ਛਡਾਉ ਕੇਂਦਰਾਂ ਵਿੱਚ ਨਸ਼ਈਆਂ ਦਾ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਪ੍ਰਾਪਤ ਕਰਨ ਲਈ ਸਵੇਰ ਤੋਂ ਹੀ ਮੇਲਾ ਲੱਗ ਜਾਂਦਾ ਹੈ। ਸਿਧਾਂਤਕ ਤੌਰ ’ਤੇ ਪਹਿਲਾਂ ਨਸ਼ਈ ਮਰੀਜ਼ਾਂ ਦੀ ਕੌਂਸਲਿੰਗ ਕਰਕੇ ਉਸ ਨੂੰ ਮੁੱਖਧਾਰਾ ਵਿੱਚ ਲਿਆਉਣ ਦੀ ਪ੍ਰੇਰਨਾ ਦੇਣੀ, ਦਵਾਈ ਦੀ ਮਾਤਰਾ ਹੌਲੀ ਹੌਲੀ ਘੱਟ ਕਰਨੀ ਅਤੇ ਨਾਲ ਹੀ ਪਰਿਵਾਰਕ ਮੈਂਬਰਾਂ ਦੀ ਕੌਂਸਲਿੰਗ ਅਤਿਅੰਤ ਜ਼ਰੂਰੀ ਹੈ। ਪਰ ਐਨੇ ਇਕੱਠ ਵਿੱਚ ਇਕੱਲੇ ਇਕੱਲੇ ਦੀ ਕਾਊਂਸਲਿੰਗ ਕਰਨੀ ਸੰਭਵ ਨਹੀਂ। ਬੱਸ, ਮਰੀਜ਼ ਦੀ ਰਜਿਸਟਰੇਸ਼ਨ ਕਰਨ ਉਪਰੰਤ ਉਸ ਨੂੰ ਨੇੜੇ ਦੇ ਓਟ ਸੈਂਟਰ ਵਿੱਚ ਜੀਭ ’ਤੇ ਰੱਖਣ ਵਾਲੀ ਗੋਲੀ ਲੈਣ ਲਈ ਭੇਜ ਦਿੱਤਾ ਜਾਂਦਾ ਹੈ। ਜ਼ਿਲ੍ਹਾ ਪੱਧਰ ’ਤੇ ਰਜਿਸਟਰੇਸ਼ਨ ਉਪਰੰਤ ਉਸ ਨੂੰ ਓਟ ਸੈਂਟਰਾਂ ਰਾਹੀਂ 14 ਦਿਨਾਂ ਲਈ ਇਹ ਗੋਲੀਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ।
ਇਨ੍ਹਾਂ ਜੀਭ ’ਤੇ ਰੱਖਣ ਵਾਲੀਆਂ ਗੋਲੀਆਂ ਦੇ ਕਈ ਨਕਾਰਾਤਮਿਕ ਪਹਿਲੂ ਵੀ ਸਾਹਮਣੇ ਆਏ ਹਨ। 2019 ਵਿੱਚ ਡਰੱਗ ਫਲਾਈਇੰਗ ਸਕੁਐੱਡ ਦੀ ਮੁਖੀ ਨੇਹਾ ਸ਼ੋਰੀ ਨੇ ਪੰਜਾਬ ਦੇ ਵੱਖ-ਵੱਖ ਨਸ਼ਾ ਛਡਾਉ ਕੇਂਦਰਾਂ ਵਿੱਚ ਪੰਜ ਕਰੋੜ ਗੋਲੀਆਂ ਦਾ ਘਪਲਾ ਫੜਿਆ ਸੀ। ਨੇਹਾ ਸ਼ੋਰੀ ਨੂੰ ਘਪਲਾ ਫੜਨ ਤੋਂ ਇੱਕ ਮਹੀਨੇ ਬਾਅਦ ਹੀ ਉਸਦੇ ਦਫਤਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਘਪਲੇ ਵਾਲੀ ਫਾਇਲ, ਫਾਈਲਾਂ ਦੇ ਢੇਰ ਵਿੱਚ ਦੱਬੀ ਗਈ।
ਇੱਕ ਵਿਅਕਤੀ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨਸ਼ਾ ਖਤਮ ਕਰਨ ਦੇ ਨਾਅਰੇ ਨਾਲ ਇਨ੍ਹਾਂ ਜੀਭ ’ਤੇ ਰੱਖਣ ਵਾਲੀਆਂ ਗੋਲੀਆਂ ਨੂੰ ਬਲੈਕ ਵਿੱਚ ਵੇਚ ਕੇ ਮੋਟੀ ਕਮਾਈ ਕੀਤੀ ਗਈ। ਡਰੱਗ ਇੰਸਪੈਕਟਰ ਦੀ ਮਿਲੀ ਭੁਗਤ ਨਾਲ ਨਸ਼ਈ ਮਰੀਜ਼ਾਂ ਦੀ ਗਲਤ ਰਜਿਸਟਰੇਸ਼ਨ ਕਰਕੇ ਇਨ੍ਹਾਂ ਗੋਲੀਆਂ ਨੂੰ ਥੋਕ ਵਿੱਚ ਵੇਚਿਆ ਗਿਆ। ਵਿਜੀਲੈਂਸ ਦੀ ਪੜਤਾਲ ਉਪਰੰਤ 22 ਸੈਂਟਰ ਸੀਲ ਕਰ ਦਿੱਤੇ ਹਨ। ਉਸਦੀ ਵਿਅਕਤੀ ਦੀ ਇਸ ਕਾਲੇ ਧੰਦੇ ਦੀ ਕਮਾਈ ਨਾਲ ਇਕੱਠੇ ਕੀਤੇ 21 ਕਰੋੜ ਵੀ ਈ.ਡੀ. ਵੱਲੋਂ ਜ਼ਬਤ ਕਰ ਲਏ ਗਏ ਹਨ ਅਤੇ ਸੈਂਟਰਾਂ ਦਾ ਮਾਲਕ ਜੇਲ੍ਹ ਵਿੱਚ ਹੈ। ਓਟ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਇਹ ਗੋਲੀਆਂ ਕਈ ਮੈਡੀਕਲ ਸਟੋਰਾਂ ’ਤੇ ਰੇਡ ਕਰਨ ਉਪਰੰਤ ਬਰਾਮਦ ਕੀਤੀਆਂ ਗਈਆਂ। ਇੱਥੇ ਹੀ ਬੱਸ ਨਹੀਂ, ਕਈ ਵਿਅਕਤੀ ਨਸ਼ਈ ਮਰੀਜ਼ ਬਣ ਕੇ ਗੋਲੀਆਂ ਦੇ ਪੱਤੇ ਪ੍ਰਾਪਤ ਕਰਨ ਉਪਰੰਤ ਬਲੈਕ ਵਿੱਚ ਵੇਚਦੇ ਵੀ ਫੜੇ ਗਏ ਹਨ। ਪੰਜਾਬ ਦੇ ਕਈ ਓਟ ਸੈਂਟਰਾਂ ਵਿੱਚ ਇਨ੍ਹਾਂ ਜੀਭ ’ਤੇ ਰੱਖਣ ਵਾਲੀਆਂ ਗੋਲੀਆਂ ਦੇ ਕਾਲੇ ਧੰਦੇ ਸਾਹਮਣੇ ਆਏ ਹਨ।
ਇਨ੍ਹਾਂ ਗੋਲੀਆਂ ਦੇ ਨਸ਼ਈ ਮਰੀਜ਼ਾਂ ’ਤੇ ਪੈ ਰਹੇ ਪ੍ਰਭਾਵਾਂ ਸਬੰਧੀ ਜਦੋਂ ਇੱਕ ਮਨੋਵਿਗਿਆਨਿਕ ਡਾਕਟਰ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਇਸ ਗੋਲੀ ਦੀ ਵਰਤੋਂ ਨਾਲ ਸਿਰ ਦਰਦ, ਉਲਟੀ, ਘਬਰਾਹਟ, ਕਬਜ਼, ਲਿਵਰ ’ਤੇ ਮਾਰੂ ਅਸਰ, ਸਾਹ ਦੀ ਦਿੱਕਤ ਵੀ ਆਉਂਦੀ ਹੈ ਅਤੇ ਕਈ ਨਸ਼ਈ ਮਰੀਜ਼ਾਂ ਨੇ ਇਨ੍ਹਾਂ ਗੋਲੀਆਂ ਦੀ ਵਰਤੋਂ ਉਪਰੰਤ ਨਾਮਰਦੀ ਦਾ ਪ੍ਰਗਟਾਵਾ ਵੀ ਕੀਤਾ ਹੈ। ਇਨ੍ਹਾਂ ਗੋਲੀਆਂ ਦੀ ਵਰਤੋਂ ਨਾਲ ਨਸ਼ਈ ਮਰੀਜ਼ ਮੰਜੇ ਨਾਲ ਸਾਂਝ ਪਾ ਲੈਂਦਾ ਹੈ। ਇੱਕ ਸਰਵੇਖਣ ਅਨੁਸਾਰ 15-35 ਉਮਰ ਗੁੱਟ ਦੇ ਅੰਦਾਜ਼ਨ 23 ਲੱਖ ਨਸ਼ਈ ਪੰਜਾਬ ਵਿੱਚ ਵੱਖ-ਵੱਖ ਤਰ੍ਹਾਂ ਦਾ ਨਸ਼ਾ ਕਰ ਰਹੇ ਹਨ। 9.75 ਲੱਖ ਮਰੀਜ਼ ਤਾਂ ਇਨ੍ਹਾਂ ਜੀਭ ਉੱਤੇ ਰੱਖਣ ਵਾਲੀਆਂ ਗੋਲੀਆਂ ਨਾਲ ਆਪਣੀ ਤੋੜ ਨੂੰ ਅਸਥਾਈ ਤੌਰ ’ਤੇ ਘਟਾ ਰਹੇ ਹਨ। ਪਰ ਇਹ ਨਸ਼ਾ ਛੱਡਣ ਦਾ ਪੱਕਾ ਇਲਾਜ ਨਹੀਂ ਹੈ। ਸਰਕਾਰੀ ਨਸ਼ਾ ਛਡਾਉ ਕੇਂਦਰਾਂ ਵਿੱਚ ਕਈ ਵਾਰ ਟੈਕਨੀਕਲ ਕਾਰਨਾਂ ਕਰਕੇ ਇਹ ਗੋਲੀਆਂ ਦੀ ਸਪਲਾਈ ਇੱਕ ਦੋ ਘੰਟੇ ਲਈ ਰੁਕਣ ਸਮੇਂ ਨਸ਼ਈ ਮਰੀਜ਼ ਤੋੜ ਨਾਲ ਤੜਫਦੇ ਵੇਖੇ ਗਏ ਹਨ। ਉਹਨਾਂ ਨੂੰ ਤੜਫਦਿਆਂ ਦੇਖ ਕੇ ਹੀ ਕਿਸੇ ਨੇ ਹਾਅ ਦਾ ਨਾਅਰਾ ਮਾਰਿਆ ਸੀ:
ਨਸ਼ਿਆਂ ਵਾਲੀ ਦੇ ਕੇ ਗੋਲ਼ੀ,
ਦੇਖੋ ਕਿੰਜ ਜਵਾਨੀ ਰੋਲ਼ੀ।
ਅੰਦਾਜ਼ਨ 13 ਲੱਖ ਹੋਰ ਨਸ਼ਈ ਮਰੀਜ਼ ਨਸ਼ਾ ਪ੍ਰਾਪਤ ਕਰਨ ਲਈ ਜਿੱਥੇ ਮਾਪਿਆਂ ਦੇ ਗੱਲ ਗੂਠਾ ਦਿੰਦੇ ਹਨ, ਉੱਥੇ ਹੀ ਲੁੱਟ-ਖੋਹ, ਝਪਟਮਾਰੀ ਅਤੇ ਹੋਰ ਕਈ ਤਰ੍ਹਾਂ ਦੇ ਸੰਗੀਨ ਜੁਰਮ ਵੀ ਕਰਦੇ ਹਨ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਇਹ ਗੰਭੀਰ ਟਿੱਪਣੀ ਸਾਡੇ ਸਾਰਿਆਂ ਲਈ ਇੱਕ ਚਿਤਾਵਣੀ ਹੈ, “ਨਸ਼ਿਆਂ ਦਾ ਸੰਕਟ ਹੁਣ ਸਿਰਫ ਵਿਅਕਤੀਗਤ ਆਦਤ ਤਕ ਸੀਮਿਤ ਨਹੀਂ ਰਿਹਾ, ਸਗੋਂ ਜਨਤਕ ਪ੍ਰਬੰਧ, ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ ਲਈ ਖ਼ਤਰਾ ਵੀ ਬਣ ਗਿਆ ਹੈ।”
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (