“ਬਹੁਤ ਸਾਰੇ ਆਗੂ ਪੈਸੇ ਅਤੇ ਬਾਹੂਬਲ ਦੇ ਜ਼ੋਰ ਨਾਲ ਸਤਾ ਦੀ ਪੌੜੀ ਚੜ੍ਹੇ ਹਨ। ਦੇਸ਼-ਭਗਤੀ ਜਾਂ ...”
(20 ਅਗਸਤ 2021)
ਅੱਜ-ਕੱਲ ਸਿਆਸੀ ਆਗੂਆਂ ਦੀਆਂ ਗਤੀਵਿਧੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਆਜ਼ਾਦੀ ਪ੍ਰਾਪਤ ਕਰਨ ਲਈ ਸੂਰਵੀਰਾਂ ਨੇ ਕੁਰਬਾਨੀਆਂ ਦਿੱਤੀਆਂ, ਘਰੋਂ ਬੇਘਰ ਹੋਏ, ਅੰਗਰੇਜ਼ੀ ਸਰਕਾਰ ਦੇ ਤਸੀਹੇ ਝੱਲੇ, ਪਰ ਉਹ ਉਨ੍ਹਾਂ ਦੇ ਜ਼ੁਲਮ ਅੱਗੇ ਝੁਕੇ ਨਹੀਂ। ਉਹ ਅੰਗਰੇਜ਼ੀ ਸਾਮਰਾਜ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਆਖ਼ਰੀ ਸਾਹ ਤੱਕ ਅਡੋਲ ਲੜਦੇ ਰਹੇ। ਦਰਅਸਲ ਉਨ੍ਹਾਂ ਵਿਸ਼ਾਲ ਜ਼ਿਗਰੇ ਵਾਲੇ ਯੋਧਿਆਂ ਦੀ ਸਥਿਤੀ ਇਸ ਤਰ੍ਹਾਂ ਦੀ ਸੀ:
ਸਰ ਕਾਟ ਕੇ ਨੇਜ਼ੇ ਪੇ ਉਠਾਏ ਰੱਖਾ।
ਸਿਰਫ ਯੇ ਜ਼ਿੱਦ ਥੀ ਕੇ ਸਰ ਅਪਨਾ ਭੀ ਊਂਚਾ ਹੋਗਾ।
ਉਨ੍ਹਾਂ ਮਹਾਨ ਸੂਰਵੀਰਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ਵਾਸੀ ਅਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਨ। ਲੋਕ ਉਸ ਵੇਲੇ ਫੁੱਲੇ ਨਹੀਂ ਸਨ ਸਮਾਉਂਦੇ ਕਿ ਹੁਣ ਦੇਸ਼ ਦੀ ਬਾਗਡੋਰ ਸਾਡੇ ਚੁਣੇ ਹੋਏ ਨੁਮਾਂਇੰਦਿਆਂ ਦੇ ਹਿੱਸੇ ਆ ਗਈ ਹੈ ਅਤੇ ਦੇਸ਼ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂਹੇਗਾ। ਪਬਲਿਕ ਇਹ ਸਮਝਦੀ ਸੀ ਕਿ ਜਿਨ੍ਹਾਂ ਨੂੰ ਅਸੀਂ ਚੁਣਕੇ ਰਾਜ ਭਾਗ ਚਲਾਉਣ ਲਈ ਭੇਜਾਂਗੇ, ਉਹ ਵੱਡੇ ਨਹੀਂ, ਵੱਡੇ ਤਾਂ ਅਸੀਂ ਰਹਾਂਗੇ ਕਿਉਂਕਿ ਰਾਜਸਤਾ ਦੀਆਂ ਚਾਬੀਆਂ ਲੋਕਾਂ ਕੋਲ ਰਹਿਣਗੀਆਂ। ਪਰ ਲੋਕ ਇਸ ਭਰਮਜਾਲ ਵਿੱਚ ਪਿਛਲੇ 74 ਵਰ੍ਹਿਆਂ ਤੋਂ ਫਸੇ ਹੋਏ ਹਨ। ਹੁਣ ਤੱਕ ਲੋਕ ਸਭਾ ਦੀਆਂ 17 ਅਤੇ ਵਿਧਾਨ ਸਭਾ ਦੀਆਂ 15 ਚੋਣਾਂ ਹੋ ਚੁੱਕੀਆਂ ਹਨ। 4 ਸਾਲ 10 ਮਹੀਨੇ ਵੋਟਰਾਂ ਦੀ ਕੋਈ ਸੁੱਧ-ਬੁੱਧ ਨਹੀਂ ਲਈ ਜਾਂਦੀ। ਨੇਤਾ ਸੰਸਦ ਜਾਂ ਵਿਧਾਨ ਸਭਾ ਵਿੱਚ ਪ੍ਰਾਪਤ ਸੁਖ-ਸਹੁਲਤਾਂ ਦਾ ਆਨੰਦ ਮਾਣਦੇ ਹਨ। ਜਿੰਨੀ ਵਾਰ ਐੱਮ.ਐੱਲ.ਏ., ਐੱਮ.ਪੀ. ਬਣੇ, ਉੰਨੀ ਵਾਰ ਦੀ ਪੈਨਸ਼ਨ, ਫਰੀ ਬੰਗਲਾ, ਫਰੀ ਕਾਰ, ਫਰੀ ਬਿਜਲੀ-ਪਾਣੀ, ਫਰੀ ਹਵਾਈ ਜਹਾਜ਼ ਯਾਤਰਾ, ਫਰੀ ਟੈਲੀਫੋਨ ਸਹੂਲਤਾਂ, ਫਰੀ ਸ਼ਾਹੀ ਖਾਣਾ, ਬਹੁਤ ਮਹੱਤਵਪੂਰਨ ਵਿਅਕਤੀ ਵਜੋਂ ਫਰੀ ਸਕਿਉਰਿਟੀ ਦੇ ਨਾਲ-ਨਾਲ ਉਨ੍ਹਾਂ ਦੀ ਛੋਟੀ-ਮੋਟੀ ਬਿਮਾਰੀ ਵੀ ਵੀ.ਆਈ.ਪੀ. ਬਿਮਾਰੀ ਬਣ ਜਾਂਦੀ ਹੈ ਅਤੇ ਉਹਦਾ ਇਲਾਜ ਵਿਦੇਸ਼ਾਂ ਵਿੱਚ ਸਰਕਾਰੀ ਖ਼ਜ਼ਾਨੇ ਵਿੱਚੋਂ ਕਰਵਾਇਆ ਜਾਂਦਾ ਹੈ। ਲੱਖਾਂ-ਕਰੋੜਾਂ ਦੇ ਬਿੱਲ ਘਰਾੜੇ ਰੋਕਣ, ਪਿੱਠ ’ਚ ਦਰਦ, ਜ਼ਿਆਦਾ ਛਿੱਕਾਂ ਆਉਣੀਆਂ, ਦੰਦ ਲਵਾਉਣੇ ਆਦਿ ’ਤੇ ਹੀ ਖਰਚ ਕਰਕੇ ਉਨ੍ਹਾਂ ਦੀਆਂ ਕੀਮਤੀ ‘ਜ਼ਿੰਦਗੀਆਂ’ ’ਤੇ ਮੰਡਰਾਉਂਦੇ ‘ਖਤਰੇ’ ਉੱਪਰ ਹੀ ਖਰਚ ਹੁੰਦੇ ਹਨ। ਪੁਲੀਸ ਦੀ ਗਿਣਤੀ ਅਨੁਸਾਰ 666 ਭਾਰਤੀਆਂ ਪਿੱਛੇ ਇੱਕ ਪੁਲੀਸ ਕਰਮਚਾਰੀ ਆਉਂਦਾ ਹੈ, ਪਰ ਇਨ੍ਹਾਂ ਮਹੱਤਵਪੂਰਨ ਵਿਅਕਤੀਆਂ ਦੀ ਰੱਖਿਆ ਲਈ ਪ੍ਰਤੀ ਐੱਮ.ਐੱਲ.ਏ., ਐੱਮ.ਪੀ. ਅੰਦਾਜ਼ਨ 10 ਪੁਲੀਸ ਕਰਮਚਾਰੀ ਇਨ੍ਹਾਂ ਦੇ ਅੱਗੇ-ਪਿੱਛੇ ਘੁੰਮਦੇ ਰਹਿੰਦੇ ਹਨ। ਇਹ ਚੁਣੇ ਹੋਏ ਨੁਮਾਇੰਦੇ ਲੋਕਾਂ ਦੀਆਂ ਤਕਲੀਫਾਂ ਜਾਂ ਦੁੱਖ-ਸੁਖ ਸੁਨਣ ਵਿੱਚ ਯਕੀਨ ਨਹੀਂ ਕਰਦੇ, ਸੰਸਦ ਜਾਂ ਵਿਧਾਨ ਸਭਾ ਵਿੱਚ ਬਾਹਾਂ ਉਲਾਰ-ਉਲਾਰ ਕੇ ਰੌਲਾ ਪਾ ਕੇ ਆਪਣੀ ਹਾਜ਼ਰੀ ਲਵਾਉਣ ਨਾਲ ਇਹ ਵਿਖਾ ਦਿੰਦੇ ਹਨ ਕਿ ਅਸੀਂ ਅਸਲੀ ਸ਼ਬਦਾਂ ਵਿੱਚ ਤੁਹਾਡੇ ਹਮਦਰਦ ਹਾਂ। ਸੰਸਦ ਵਿੱਚ ਇਨ੍ਹਾਂ ਦੇ ਰੌਲੇ-ਰੱਪੇ ’ਤੇ 2.50 ਲੱਖ ਪ੍ਰਤੀ ਮਿੰਟ ਖਰਚ ਆਉਂਦਾ ਹੈ। ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ’ਤੇ ਜੇਕਰ ਨਜ਼ਰ ਮਾਰੀਏ ਤਾਂ ਇਨ੍ਹਾਂ ਦੀਆਂ ਉਸਾਰੀਆਂ ਆਲੀਸ਼ਾਨ ਕੋਠੀਆਂ ਦੇ ਨਾਲ-ਨਾਲ ਕੁਝ ਹੀ ਸਮੇਂ ਅੰਦਰ ਆਮਦਨੀ ਵਿੱਚ ਵਾਧਾ 100 ਫੀਸਦੀ ਤੋਂ ਉੱਪਰ ਟੱਪ ਜਾਂਦਾ ਹੈ। ਕਰੋੜਪਤੀ ਤੋਂ ਅਰਬਪਤੀ ਬਣਨ ਦੇ ਚੱਕਰ ਵਿੱਚ ਨੈਤਿਕ, ਸਮਾਜਿਕ ਸਰੋਕਾਰ, ਧਰਮ ਦਰਸ਼ਨ, ਸਭਿਆਚਾਰ, ਸਭ ਕੁਝ ਦਾਅ ’ਤੇ ਲਾਉਣ ਦੇ ਨਾਲ-ਨਾਲ ਵੋਟਰਾਂ ਨੂੰ ਵਾਅਦਿਆਂ ਅਤੇ ਲਾਅਰਿਆਂ ਨਾਲ ਪਰਚਾ ਦਿੱਤਾ ਜਾਂਦਾ ਹੈ। ਜਾਂ ਫਿਰ ਚੋਣਾਂ ਸਮੇਂ ਭਾਂਡੇ, ਸਿਲਾਈ ਮਸ਼ੀਨਾਂ, ਹਜ਼ਾਰ - ਦੋ ਹਜ਼ਾਰ ਨਗਦ ਰਾਸ਼ੀ, ਆਟਾ-ਦਾਲ, ਧਾਰਮਿਕ ਯਾਤਰਾ ਦਾ ਚੋਗਾ ਅਤੇ ਨਸ਼ੇ ਆਦਿ ਵੰਡ ਕੇ ਵੋਟ ਬੈਂਕ ਪੱਕਾ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਆਗੂਆਂ ਦਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਦੇਸ਼ ਦੇ 22 ਫੀਸਦੀ ਲੋਕ ਗਰੀਬ ਅਤੇ 30 ਫੀਸਦੀ ਲੋਕ ਗਰੀਬੀ ਰੇਖਾ ਤੋਂ ਵੀ ਹੇਠਾਂ ਜੀਵਨ ਬਸਰ ਕਰ ਰਹੇ ਹਨ। ਦੇਸ਼ ਦੇ 14 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਕਰੋੜਾਂ ਲੋਕ ਬੇਰੁਜ਼ਗਾਰ ਹਨ ਅਤੇ ਕੌਮੀ ਭੁੱਖ-ਮਰੀ ਦੀ ਸੂਚੀ ਵਿੱਚ ਭਾਰਤ 102ਵੇਂ ਸਥਾਨ ’ਤੇ ਹੈ।
ਭਾਰਤੀ ਲੋਕਤੰਤਰ ਦਾ ਦੁਖਾਂਤ ਹੈ ਕਿ 43 ਫੀਸਦੀ ਐੱਮ.ਪੀ., ਐੱਮ.ਐੱਲ.ਏ. ਦਾਗ਼ੀ ਹਨ ਅਤੇ ਉਹ ਦਾਗ਼ੀ ਰਾਜਨੀਤਿਕ ਆਗੂ ਦੇਸ਼ ਦੀ ਵਾਗਡੋਰ ਸੰਭਾਲ ਰਹੇ ਹਨ। ਭਾਰਤੀ ਸੰਸਦ ਦੇ 543 ਸੰਸਦ ਮੈਂਬਰ ਅਤੇ ਪੰਜਾਬ ਦੇ 117 ਐੱਮ.ਐੱਲ.ਏ. ’ਤੇ ਨਜ਼ਰ ਮਾਰਨ ਨਾਲ ਸਾਹਮਣੇ ਆਉਂਦਾ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਆਗੂ ਪੈਸੇ ਅਤੇ ਬਾਹੂਬਲ ਦੇ ਜ਼ੋਰ ਨਾਲ ਸਤਾ ਦੀ ਪੌੜੀ ਚੜ੍ਹੇ ਹਨ। ਦੇਸ਼-ਭਗਤੀ ਜਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਇਨ੍ਹਾਂ ਦਾ ਦੂਰ ਦਾ ਰਿਸ਼ਤਾ ਵੀ ਨਹੀਂ ਹੈ ਅਤੇ ਨਾ ਹੀ ਪੰਜਾਬ ਦਾ ਦਿਮਾਗ, ਹੁਨਰ ਅਤੇ ਪੂੰਜੀ ਸਾਂਭਣ ਵਿੱਚ ਇਨ੍ਹਾਂ ਦੀ ਕੋਈ ਦਿਲਚਸਪੀ ਹੈ। ਸਿਆਸੀ ਲੋਕਾਂ ਨੇ ਵੱਡੇ ਵਰਗ ਤੋਂ ਰੁਜ਼ਗਾਰ, ਪੜ੍ਹਾਈ, ਚੰਗੀ ਸਿਹਤ, ਬਰਾਬਰੀ ਦਾ ਅਧਿਕਾਰ ਅਤੇ ਜਮਹੂਰੀਅਤ ਵਿੱਚ ਫੈਸਲਾਕੁੰਨ ਤਾਕਤ ਵਿੱਚ ਹਿੱਸੇਦਾਰੀ, ਸਭ ਕੁਝ ਖੋਹ ਲਿਆ ਹੈ।
ਸਾਡੇ ਸਾਹਮਣੇ 1971 ਵਿੱਚ ਭਾਰਤੀ ਸੰਸਦ ਦੀਆਂ ਪੌੜੀਆਂ ਚੜ੍ਹਿਆ ਉਹ ਦੇਸ਼ਭਗਤ ਸਾਹਮਣੇ ਆਉਂਦਾ ਹੈ ਜਿਸਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਸੁਤੰਤਰਤਾ ਸੰਗਰਾਮ ਦੇ ਹਿੱਸੇ ਲਾ ਦਿੱਤਾ। ਘਰ-ਬਾਰ ਕੁਰਕ ਹੋਇਆ, ਰੂਪੋਸ਼ ਵੀ ਰਿਹਾ ਪਰ ਜ਼ਬਰ-ਜ਼ੁਲਮ ਅੱਗੇ ਝੁਕਿਆ ਨਹੀਂ। ਕਾਮਰੇਡ ਤੇਜਾ ਸਿੰਘ ਸੁਤੰਤਰ ਸੰਗਰੂਰ ਸੰਸਦੀ ਸੀਟ ਤੋਂ ਸੀ.ਪੀ.ਆਈ. ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਿਆ। ਉਹਦੇ ਮੁਕਾਬਲੇ ਵਿੱਚ ਪੰਜਾਬ ਦੀ ਰਾਜ ਸਤਾ ’ਤੇ ਉਸ ਵੇਲੇ ਕਾਬਜ਼ ਪਾਰਟੀ ਦਾ ਉਮੀਦਵਾਰ ਸੀ। ਰਾਜ ਸਤਾ ’ਤੇ ਕਾਬਜ਼ ਪਾਰਟੀ ਨੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਬਾਹੂਬਲ ਅਤੇ ਪੈਸਾ ਪਾਣੀ ਵਾਂਗ ਬਹਾ ਦਿੱਤਾ। ਕਾਮਰੇਡ ਸੁਤੰਤਰ ਲੋਕਾਂ ਸਾਹਮਣੇ ਆਪਣੀਆਂ ਦੇਸ਼ ਪ੍ਰਤੀ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਦੇਸ਼ ਦਾ ਮੂੰਹ-ਮੱਥਾ ਸਵਾਰਨ ਲਈ ਸਿਰ ਤੋੜ ਯਤਨਾਂ ਦਾ ਜ਼ਿਕਰ ਕਰਦਾ ਰਿਹਾ। ਫਸਵੀਂ ਟੱਕਰ ਵਿੱਚ ਸੁਤੰਤਰ 210 ਵੋਟਾਂ ਨਾਲ ਆਪਣੇ ਵਿਰੋਧੀ ਤੋਂ ਅੱਗੇ ਸੀ। ਉਸ ਵੇਲੇ ਦੇ ਡਿਪਟੀ ਕਮਿਸ਼ਨਰ ਤੇ ਮੁੱਖ ਮੰਤਰੀ ਵੱਲੋਂ ਦਬਾਅ ਪਾਇਆ ਗਿਆ ਕਿ ਸੁਤੰਤਰ ਦੀ ਜਗ੍ਹਾ ਹਾਰ ਰਹੇ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ ਜਾਵੇ। ਜਦੋਂ ਇਸ ਗੱਲ ਦੀ ਭਿਣਕ ਤੇਜਾ ਸਿੰਘ ਸੁਤੰਤਰ ਨੂੰ ਪਈ ਤਾਂ ਉਨ੍ਹੇ ਸ਼ੇਰ ਵਰਗੀ ਦਹਾੜ ਨਾਲ ਗਰਜ਼ ਕੇ ਕਿਹਾ, “ਮੈਂ ਅੰਗਰੇਜ਼ਾਂ ਤੋਂ ਦੇਸ਼ ਦਾ ਹੱਕ ਲੈਣ ਲਈ ਆਪਾ ਵਾਰਿਆ ਹੈ, ਭਲਾ ਹੁਣ ਮੈਂ ਆਪਣਾ ਹੱਕ ਕਿਸੇ ਹੋਰ ਨੂੰ ਕਿੱਦਾਂ ਖੋਹਣ ਦੇ ਦਿਆਂਗਾ? ਖ਼ਬਰਦਾਰ ...” ਅਤੇ ਅਗਲੇ ਪਲ ਡੀ.ਸੀ. ਵੱਲੋਂ ਤੇਜਾ ਸਿੰਘ ਸੁਤੰਤਰ ਨੂੰ ਐੱਮ.ਪੀ. ਵਜੋਂ ਜੇਤੂ ਉਮੀਦਵਾਰ ਐਲਾਨਿਆ ਗਿਆ।
ਐੱਮ.ਪੀ. ਬਣ ਕੇ ਉਹ ਲੋਕਾਂ ਵਿੱਚ ਉਨ੍ਹਾਂ ਦਾ ਅਸਲੀ ਹਮਦਰਦ ਬਣ ਕੇ ਭਾਈਵਾਲ ਹੁੰਦਾ ਰਿਹਾ। ਦਫ਼ਤਰਾਂ ਵਿੱਚ ਲੋਕਾਂ ਦੇ ਮਸਲੇ ਨਜਿੱਠਣ ਲਈ ਉਹ ਨਿੱਜੀ ਤੌਰ ’ਤੇ ਜਾ ਕੇ ਪੈਰਵੀ ਕਰਦਾ ਸੀ। ਅੱਜ ਦੇ ਆਗੂਆਂ ਵਾਂਗ ਹਉਮੈ ਦੀ ਗਰਦ ਉਹਨੇ ਆਪਣੇ ਉੱਪਰ ਪੈਣ ਨਹੀਂ ਦਿੱਤੀ ਅਤੇ ਨਾ ਹੀ ਮੁਲਾਜ਼ਮਾਂ ਅਤੇ ਅਫ਼ਸਰਾਂ ਨੂੰ “ਆਪਣਾ ਬੋਰੀਆ ਬਿਸਤਰਾ ਚੁੱਕ ਲੈ” ਦੀਆਂ ਧਮਕੀਆਂ ਹੀ ਦਿੱਤੀਆਂ। ਕੁਰਪਸ਼ਨ, ਬਦਨੀਤੀ, ਸਿਆਸੀ ਚਾਲਾਂ ਜਾਂ ਮਾਫ਼ੀਆ ਗਰੁੱਪ ਨੂੰ ਉਹਨੇ ਨੇੜੇ ਨਹੀਂ ਫੜਕਣ ਦਿੱਤਾ। ਆਪਣੀ ਪਸੰਦ ਦਾ ਥਾਣੇਦਾਰ, ਤਹਿਸੀਲਦਾਰ ਜਾਂ ਹੋਰ ਅਧਿਕਾਰੀ ਲਾਉਣ ਵੱਲ ਵੀ ਉਹਨੇ ਧਿਆਨ ਨਹੀਂ ਦਿੱਤਾ। ਬੱਸ, ਉਹਦਾ ਇੱਕੋ-ਇੱਕ ਮਕਸਦ ਲੋਕ ਸੇਵਾ ਹੀ ਰਿਹਾ।
2 ਅਪ੍ਰੈਲ 1973 ਨੂੰ ਐੱਮ.ਪੀ. ਤੇਜਾ ਸਿੰਘ ਸੁਤੰਤਰ ਨੇ ਸੰਸਦ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਸਬੰਧੀ ਬਹਿਸ ਵਿੱਚ ਹਿੱਸਾ ਲਿਆ। ਕਿਸਾਨਾਂ ਅਤੇ ਕਿਰਤੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਉਹਨਾਂ ਦੀ ਹਰ ਸੰਭਵ ਮਦਦ ਕਰਨ ਵਾਸਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੇ ਮੁਹਤਾਜ ਹੋਣ ਨਾਲ ਦੇਸ਼ ਤਰੱਕੀ ਨਹੀਂ ਕਰੇਗਾ। ਕਿਸਾਨ ਅਤੇ ਮਜ਼ਦੂਰ ਵਰਗ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਆਪਣੀ ਗੱਲ ਕਹਿ ਕੇ ਉਹ ਬੈਠ ਗਿਆ। ਕੁਝ ਪਲਾਂ ਬਾਅਦ ਉਹਨੂੰ ਦਿਲ ਦਾ ਦੋਰਾ ਪਿਆ ਅਤੇ ਉਹ ਇੱਕ ਪਾਸੇ ਨੂੰ ਲੁੜ੍ਹਕ ਗਿਆ। ਮੈਡੀਕਲ ਚੈਕਅੱਪ ਤੋਂ ਬਾਅਦ ਸਾਹਮਣੇ ਆਇਆ ਕਿ ਹੱਕ ਅਤੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਸੁਤੰਤਰ ਸਵਰਗਵਾਸ ਹੋ ਗਿਆ। ਸੁਤੰਤਰ ਆਪਣੇ ਮੋਡੇ ਵਿੱਚ ਹਮੇਸ਼ਾ ਇੱਕ ਝੋਲਾ ਪਾ ਕੇ ਰੱਖਦਾ ਸੀ। ਨਾਲ ਵਾਲੇ ਸਾਥੀਆਂ ਨੇ ਜਦੋਂ ਉਹਦਾ ਝੋਲਾ ਫਰੋਲਿਆ ਤਾਂ ਉਹਦੇ ਵਿੱਚ ਲੋਕਾਂ ਦੀਆਂ ਅਰਜ਼ੀਆਂ, ਸ਼ੂਗਰ ਦੀ ਦਵਾਈ ਅਤੇ ਪੋਣੇ ਵਿੱਚ ਲਪੇਟੀਆਂ ਦੋ ਰੋਟੀਆਂ ਅਤੇ ਅੰਬ ਦਾ ਅਚਾਰ ਸੀ। ਸੰਸਦ ਵਿੱਚ ਬਣੀ ਕੰਟੀਨ ਦੇ ਸ਼ਾਹੀ ਖਾਣੇ ਦੀ ਥਾਂ ਕਿਰਤੀ-ਕਿਸਾਨਾਂ ਵਰਗੀ ਰੋਟੀ ਖਾ ਕੇ ਹੀ ਉਹਨੂੰ ਸਕੂਨ ਮਿਲਦਾ ਸੀ।
ਸੰਸਦ ਦੀ ਡਿਓੜ੍ਹੀ ਅਜਿਹੇ ਕਰਮ ਜੋਗੀਆਂ, ਦੇਸ਼ਭਗਤਾਂ ਅਤੇ ਹੱਕ ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਸੰਸਦ ਮੈਂਬਰਾਂ ਦੀ ਆਮਦ ਨੂੰ ਤਰਸ ਰਹੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2963)
(ਸਰੋਕਾਰ ਨਾਲ ਸੰਪਰਕ ਲਈ: