“ਦਰਵਾਜਿਆਂ ਤੋਂ ਸੱਖਣੇ ਘਰ ਵਿੱਚ ਜਦੋਂ ਦਾਖ਼ਲ ਹੋਏ ਤਾਂ ਪਿੰਡ ਦੇ ਇੱਕ ਵਿਅਕਤੀ ਨੇ ...”
(17 ਸਤੰਬਰ 2020)
ਨਸ਼ਈ ਨੂੰ ਸਾਡਾ ਸਮਾਜ ਅਤੇ ਪ੍ਰਸ਼ਾਸਨ ਆਮ ਤੌਰ ’ਤੇ ਘਿਰਨਾ ਦੀ ਨਜ਼ਰ ਨਾਲ ਵੇਖਦਾ ਹੈ ਅਤੇ ਇਹ ਧਾਰਨਾ ਵੀ ਬਣੀ ਹੋਈ ਹੈ ਕਿ ਨਸ਼ਾ ਕਰਨ ਵਾਲੇ ਨੂੰ ਡਾਂਗਾ-ਸੋਟੀਆਂ ਨਾਲ ਸੋਧ ਕੇ ਠੀਕ ਕੀਤਾ ਜਾ ਸਕਦਾ ਹੈ ਅਤੇ ਜਾਂ ਫਿਰ ਜੇਲ ਦੀ ਕੋਠੜੀ ਵਿੱਚ ਡੱਕ ਕੇ ਉਸ ਨੂੰ ਨਸ਼ਾ ਨਾ ਕਰਨ ਤੋਂ ਤੋਬਾ ਕਰਵਾਈ ਜਾ ਸਕਦੀ ਹੈ। ਦੂਜੇ ਸ਼ਬਦਾਂ ਵਿੱਚ ਨਸ਼ਈ ਨੂੰ ਸਮਾਜ ਵਿੱਚ ਖਲਨਾਇਕ ਦੇ ਤੌਰ ’ਤੇ ਲਿਆ ਜਾਂਦਾ ਹੈ। ਚਾਰੇ ਪਾਸਿਆਂ ਤੋਂ ਝਿੜਕਾਂ, ਫਿੱਟ ਲਾਹਨਤਾਂ ਅਤੇ ਮੰਦੇ ਬੋਲ ਹੀ ਉਹਦੇ ਹਿੱਸੇ ਆਉਂਦੇ ਹਨ। ਪਰ ਡੂੰਘਾਈ ਨਾਲ ਜੇਕਰ ਸੋਚੀਏ ਤਾਂ ਕੀ ਨਸ਼ਈ ਥਾਣੇ ਤੋਂ ਛਿੱਤਰ ਖਾ ਕੇ, ਜੇਲ ਵਿੱਚ ਕੁਝ ਸਮਾਂ ਕੱਟ ਕੇ ਜਾਂ ਸਮਾਜ ਵੱਲੋਂ ਦੁਰਕਾਰਨ ਉਪਰੰਤ ਉਹ ਮੁੱਖ ਧਾਰਾ ਵਿੱਚ ਆ ਜਾਂਦਾ ਹੈ? ਕੀ ਉਹ ਬਾਅਦ ਵਿੱਚ ਚੰਗਾ ਪਤੀ, ਚੰਗਾ ਪੁੱਤ, ਚੰਗਾ ਬਾਪ ਅਤੇ ਚੰਗਾ ਨਾਗਰਿਕ ਬਣਨ ਦੀ ਕੋਸ਼ਿਸ਼ ਕਰਦਾ ਹੈ? ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅਜਿਹੇ ਵਰਤਾਰੇ ਨਾਲ ਉਹ ਹੋਰ ਵੀ ਵਿਗੜਿਆ ਹੈ ਅਤੇ ਉਹਦੀ ਸੋਚ ‘ਰੰਡੀ ਉੱਤੋਂ ਦੀ ਤਾਂ ਕੋਈ ਗਾਲ ਨਹੀਂ’ ਵਾਲੀ ਬਣ ਜਾਂਦੀ ਹੈ ਅਤੇ ਉਹ ਬਾਗੀ ਹੋ ਕੇ ਸੋਚਦਾ ਹੈ, ‘ਹੁਣ ਮੇਰੇ ਥਾਣੇ ਵਿੱਚ ਛਿੱਤਰ ਵੀ ਮਰਵਾ’ਤੇ, ਜੇਲ ਦੀ ਹਵਾ ਵੀ ਖਾ ਆਇਆ, ਹੋਰ ਮੇਰਾ ਇਹ ਕੀ ਵਿਗਾੜ ਲੈਣਗੇ?’ ਇਸ ਸੋਚ ਦਾ ਧਾਰਨੀ ਬਣਕੇ ਉਹ ਮਾਪਿਆਂ ਅਤੇ ਸਮਾਜ ਤੋਂ ਬਾਗੀ ਹੋ ਜਾਂਦਾ ਹੈ। ਜੇਲ ਵਿੱਚ ਪਾਈਆਂ ਯਾਰੀਆਂ ਦੇ ਸਿਰ ’ਤੇ ਉਹ ਜੁਰਮ ਦੀ ਦੁਨੀਆਂ ਵਿੱਚ ਸ਼ਾਮਲ ਹੋ ਕੇ ਸਿਰਫ ਨਸ਼ੇ ਦੀ ਮਾਤਰਾ ਹੀ ਨਹੀਂ ਵਧਾਉਂਦਾ ਸਗੋਂ ਤਸਕਰਾਂ ਦੀ ਢਾਣੀ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਸਮਗਲਰ ਕਹਾਕੇ ਮਾਣ ਮਹਿਸੂਸ ਕਰਦਾ ਹੈ।
ਦਰਅਸਲ ਨਸ਼ਈ ਵਿਅਕਤੀ ਜ਼ਿੰਦਗੀ ਦਾ ਖਲਨਾਇਕ ਨਹੀਂ, ਪੀੜਤ ਹੈ। ਜੇਕਰ ਉਹਨੂੰ ਇੱਕ ਪੀੜਤ ਵਿਅਕਤੀ ਸਮਝਦਿਆਂ ਉਹਦੇ ਨਸ਼ੇ ਦੀ ਦਲਦਲ ਵਿੱਚ ਧਸਣ ਦੇ ਕਾਰਨ ਲੱਭੇ ਜਾਣ ਅਤੇ ਉਸ ਨੂੰ ਦਵਾਈ ਦੇ ਨਾਲ ਨਾਲ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜਿਆ ਜਾਵੇ ਤਾਂ ਉਹ ਮੁੱਖ ਧਾਰਾ ਵਿੱਚ ਆ ਕੇ ਚੰਗਾ ਨਾਗਰਿਕ ਵੀ ਬਣ ਸਕਦਾ ਹੈ। ਦਰਅਸਲ ਨੌਜਵਾਨਾਂ ਦਾ ਪ੍ਰਵਾਹ ਹੜ੍ਹਾਂ ਦੇ ਪਾਣੀ ਵਰਗਾ ਹੁੰਦਾ ਹੈ। ਹੜ੍ਹਾਂ ਦੇ ਪਾਣੀ ਦੇ ਪ੍ਰਵਾਹ ਨੂੰ ਜੇਕਰ ਰੋਕਿਆ ਨਾ ਜਾਵੇ ਤਾਂ ਉਹ ਖੇਤਾਂ ਅਤੇ ਘਰਾਂ ਦੀ ਬਰਬਾਦੀ ਕਰੇਗਾ, ਪਰ ਜੇਕਰ ਵਿਉਂਤਬੰਦੀ ਨਾਲ ਹੜ੍ਹਾਂ ਦਾ ਪਾਣੀ ਨਾਲਿਆਂ, ਰਜਬਾਹਿਆਂ ਅਤੇ ਨਦੀਆਂ ਵਿੱਚ ਸੁੱਟਿਆ ਜਾਵੇ ਤਾਂ ਪਾਣੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ।
ਸੰਗਰੂਰ ਦੇ ਲਾਗਲੇ ਪਿੰਡ ਦੇ ਇੱਕ ਨਸ਼ਈ ਨੌਜਵਾਨ ਨਾਲ ਮੇਰਾ ਵਾਹ ਪਿਆ। ਜਿਮੀਂਦਾਰ ਪਰਿਵਾਰ ਨਾਲ ਸਬੰਧਤ ਉਸ ਨੌਜਵਾਨ ਨੇ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਜ਼ਮੀਨ ਦੇ ਦੋ ਕਿੱਲਿਆਂ ਵਿੱਚੋਂ ਇੱਕ ਕਿੱਲਾ ਨਸ਼ਿਆਂ ਦੇ ਲੇਖੇ ਲਾ ਦਿੱਤਾ। ਘਰ ਦਾ ਸਾਰਾ ਸਮਾਨ ਵੀ ਕੌਡੀਆਂ ਦੇ ਭਾਅ ਵੇਚ ਦਿੱਤਾ। ਬਾਪ ਦੀ ਜਿਮੀਂਦਾਰੀ ਰੁਲ ਗਈ ਅਤੇ ਉਹ ਮਜ਼ਦੂਰੀ ਕਰਨ ਲੱਗ ਪਿਆ। ਮਾਂ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਚੁੱਲ੍ਹਾ ਬਾਲਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਰਹੀ। ਨਸ਼ੇ ਦੀ ਤੋੜ ਵਿੱਚ ਜਦੋਂ ਨਸ਼ਾ ਪ੍ਰਾਪਤੀ ਦਾ ਕੋਈ ਜੁਗਾੜ ਨਾ ਬਣਿਆ ਤਾਂ ਉਹਦੀ ਨਜ਼ਰ ਘਰ ਦੇ ਫਰਿੱਜ ’ਤੇ ਪਈ। ਫਰਿੱਜ ਨੂੰ ਰੋੜ੍ਹਕੇ ਜਦੋਂ ਉਹ ਵੇਚਣ ਲਈ ਲੈ ਕੇ ਜਾਣ ਲੱਗਿਆ ਤਾਂ ਮਾਂ ਨੇ ਉਸ ਨੂੰ ਰੋਕਿਆ। ਨਸ਼ੇ ਦੀ ਤੋਟ ਵੇਲੇ ਨਸ਼ਈ ਵਿਅਕਤੀ ਕਿਸੇ ਦੀ ਟੋਕਾ ਟਾਕੀ ਪਸੰਦ ਨਹੀਂ ਕਰਦਾ ਅਤੇ ਉਹ ਹਿੰਸਕ ਹੋ ਜਾਂਦਾ ਹੈ। ਹਿੰਸਕ ਸਥਿਤੀ ਵਿੱਚ ਹੀ ਉਸਨੇ ਮਾਂ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ ਅਤੇ ਉਹ ਖੂਨ ਦੇ ਅੱਥਰੂ ਕੇਰਦੀ ਹੋਈ ਆਪਣੀ ਜਾਨ ਬਚਾਉਣ ਲਈ ਉੱਥੋਂ ਵੀਹ ਕਿਲੋਮੀਟਰ ਦੂਰ ਆਪਣੀ ਭੈਣ ਕੋਲ ਚਲੀ ਗਈ। ਪਰ ਨਸ਼ਈ ਨੂੰ ਕੋਈ ਪਰਵਾਹ ਨਹੀਂ ਸੀ। ਉਹ ਜਦੋਂ ਫਰਿੱਜ ਵੇਚਣ ਲਈ ਕਬਾੜੀਏ ਕੋਲ ਗਿਆ ਤਾਂ ਉਹਦਾ ਜਵਾਬ ਸੀ, “ਅਸੀਂ ਤਾਂ ਕਬਾੜ ਦਾ ਮਾਲ ਖਰੀਦਦੇ ਹਾਂ। ਇਹ ਤਾਂ ਨਵਾਂ ਫਰਿੱਜ ਹੈ। ਇਹ ਨਹੀਂ ਅਸੀਂ ਲੈਂਦੇ।” ਦਰਅਸਲ ਕਬਾੜੀਏ ਨੂੰ ਇਹ ਵੀ ਡਰ ਸੀ ਕਿ ਕਿਤੇ ਇਹ ਅਮਲੀ ਫਰਿੱਜ ਚੋਰੀ ਕਰਕੇ ਨਾ ਲਿਆਇਆ ਹੋਵੇ। ਐਵੇਂ ਲੈਣੇ ਦੇ ਦੇਣੇ ਪੈ ਜਾਣ। ਨਸ਼ਈ ਉਸ ਫਰਿੱਜ ਨੂੰ ਫਿਰ ਘਰ ਰੋੜ ਕੇ ਲਿਆਇਆ। ਉਸ ਨੂੰ ਚੰਗੀ ਤਰ੍ਹਾਂ ਭੰਨ ਕੇ ਚਿੱਬਾ ਕਰਨ ਉਪਰੰਤ ਫਿਰ ਕਬਾੜੀਏ ਕੋਲ ਲੈ ਗਿਆ ਅਤੇ ਉਸਨੇ ਪੰਦਰਾਂ ਹਜ਼ਾਰ ਦਾ ਫਰਿੱਜ ਚਾਰ ਸੌ ਰੁਪਏ ਵਿੱਚ ਖਰੀਦ ਲਿਆ। ਨਸ਼ਈ ਉਸ ਚਾਰ ਸੌ ਰੁਪਏ ਦਾ ਨਸ਼ਾ ਖਰੀਦ ਕੇ ਢੋਲੇ ਦੀਆਂ ਗਾਉਂਦਾ ਹੋਇਆ ਘਰ ਪਰਤ ਆਇਆ। ਉਸ ਪਿੰਡ ਦਾ ਹੀ ਵਿਅਕਤੀ ਨਸ਼ਾ ਛੁਡਾਊ ਕੇਂਦਰ ਵਿਖੇ ਸੇਵਾ ਕਰਦਾ ਹੈ, ਉਸ ਰਾਹੀਂ ਮੈਂਨੂੰ ਸਾਰੀ ਸਥਿਤੀ ਦਾ ਪਤਾ ਲੱਗਿਆ।
ਫਿਰ ਇੱਕ ਦਿਨ ਅਸੀਂ ਉਸ ਨਸ਼ਈ ਦੇ ਘਰ ਜਾਣ ਦਾ ਹੀ ਨਿਰਣਾ ਕਰ ਲਿਆ। ਆਪਣੇ ਨਾਲ ਦੋ ਸਾਥੀਆਂ ਨੂੰ ਵੀ ਲੈ ਗਿਆ। ਦਰਵਾਜਿਆਂ ਤੋਂ ਸੱਖਣੇ ਘਰ ਵਿੱਚ ਜਦੋਂ ਦਾਖ਼ਲ ਹੋਏ ਤਾਂ ਪਿੰਡ ਦੇ ਇੱਕ ਵਿਅਕਤੀ ਨੇ ਘਰ ਦੀਆਂ ਉੱਖੜੀਆਂ ਇੱਟਾਂ, ਗਰਿੱਲਾਂ, ਖੁਰਲੀ ਦੇ ਸੰਗਲ, ਘਰ ਵਿੱਚ ਲੱਗੀ ਮੋਟਰ ਦੇ ਗਾਇਬ ਹੋਣ ਦੀ ਗਾਥਾ ਸੰਖੇਪ ਵਿੱਚ ਦੱਸ ਦਿੱਤੀ। ਜਦੋਂ ਅਗਾਂਹ ਕਦਮ ਪੁੱਟੇ ਤਾਂ ਮੁੰਡਾ ਮੰਜੇ ’ਤੇ ਪਿਆ ਮਿਲ ਗਿਆ। ਸਾਡੀਆਂ ਆਵਾਜ਼ਾਂ ਸੁਣਕੇ ਉਹ ਉੱਠ ਖੜੋਤਾ। ਬਾਕੀ ਸਾਥੀਆਂ ਨੂੰ ਪਹਿਲਾਂ ਹੀ ਸਮਝਾ ਦਿੱਤਾ ਸੀ ਕਿ ਉਸ ਨਾਲ ਸਹਿਜ ਭਾਅ ਗੱਲਾਂ ਕਰਨੀਆਂ ਨੇ, ਗੁੱਸੇ ਦੇ ਰੂਪ ਵਿੱਚ ਪੇਸ਼ ਨਹੀਂ ਆਉਣਾ। ਆਲੇ-ਦੁਆਲੇ ਨਿਗ੍ਹਾ ਮਾਰੀ ਤਾਂ ਇੱਕ ਟੁੱਟੀ ਜਿਹੀ ਮੰਜੀ ਨਜ਼ਰ ਆਈ। ਮੁੰਡੇ ਨੇ ਉਹ ਮੰਜੀ ਡਾਹ ਦਿੱਤੀ। ਹੋਰ ਕੁਝ ਬੈਠਣ ਲਈ ਨਹੀਂ ਸੀ। ਮੁੰਡਾ ਅੰਦਰੋਂ ਆਪਣੇ ਵਾਲੀ ਮੰਜੀ ਲੈ ਆਇਆ ਅਤੇ ਸਾਡੇ ਸਾਹਮਣੇ ਬੈਠ ਗਿਆ। ਨਾਂ, ਉਮਰ, ਵਿੱਦਿਅਕ ਯੋਗਤਾ ਉਹ ਠਰ੍ਹੰਮੇ ਨਾਲ ਦੱਸਦਾ ਰਿਹਾ। ਫਿਰ ਉਹਨੇ ਮੇਰੇ ਵੱਲ ਮੂੰਹ ਕਰਕੇ ਕਿਹਾ, “ਸਰ, ਪਾਣੀ ਲੈ ਕੇ ਆਵਾਂ?” ਉਹਦੇ ਬੋਲਣ ਦੇ ਢੰਗ ਤੋਂ ਇੰਨਾ ਕੁ ਅੰਦਾਜ਼ਾ ਲਾ ਲਿਆ ਕਿ ਮੁੰਡੇ ਨੂੰ ਸਹੀ ਰਾਹ ’ਤੇ ਲਿਆਉਣ ਲਈ ਕੀਤੀ ਕੋਸ਼ਿਸ਼ ਰੰਗ ਲਿਆ ਸਕਦੀ ਹੈ। ਉਹਦੇ ਪਾਣੀ ਲਿਆਉਣ ਵਾਲੀ ਗੱਲ ਤੇ ਮੇਰਾ ਜਵਾਬ ਸੀ, “ਹਾਂ, ਲਿਆ ਪਾਣੀ, ਪੀ ਲਵਾਂਗੇ।” ਮੇਰੇ ਜਵਾਬ ਦੇ ਪ੍ਰਤੀਕਰਮ ਵਜੋਂ ਉਹ ਰਸੋਈ ਵਿੱਚ ਗਿਆ ਅਤੇ ਫਿਰ ਉਦਾਸ ਹੋ ਕੇ ਪਰਤ ਆਇਆ। ਆਉਂਦਿਆਂ ਹੀ ਬੇਵਸੀ ਜਿਹੀ ਹਾਲਤ ਵਿੱਚ ਬੋਲਿਆ, “ਘਰ ਪਾਣੀ ਪਿਆਉਣ ਲਈ ਕੋਈ ਭਾਂਡਾ ਨਹੀਂ ਹੈ ਜੀ।”
“ਕੋਈ ਗੱਲ ਨਹੀਂ।” ਕਹਿੰਦਿਆਂ ਅਸੀਂ ਗੰਭੀਰ ਹੋ ਗਏ। ਇੱਕ ਪ੍ਰਸ਼ਨ ਵਾਰ-ਵਾਰ ਜ਼ਿਹਨ ਵਿੱਚ ਘੁੰਮ ਰਿਹਾ ਸੀ, “ਅੰਨ ਦਾਤੇ ਦਾ ਘਰ ਹੈ ਅਤੇ ਰਸੋਈ ਭਾਂਡਿਆਂ ਤੋਂ ਸੱਖਣੀ ਹੈ। ਖੁਦਕੁਸ਼ੀਆਂ ਦੀ ਫਸਲ ਅਜਿਹੇ ਹਾਲਤਾਂ ਵਿੱਚ ਹੀ ਉੱਗਦੀ ਹੈ। ਖੈਰ, ਉਹਦੇ ਨਾਲ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਵਾਪਸ ਆ ਗਏ। ਮੇਰੇ ਵਾਂਗ ਮੇਰੇ ਸਾਥੀਆਂ ਦੇ ਚਿਹਰਿਆਂ ਤੇ ਘਰ ਦੀ ਹਾਲਤ ਵੇਖਕੇ ਘੋਰ ਉਦਾਸੀ ਛਾਈ ਹੋਈ ਸੀ।
ਮੇਰੇ ਸਾਥੀਆਂ ਨੇ ਦੋ ਦਿਨ ਲਗਾਤਾਰ ਉਸ ਮੁੰਡੇ ਨਾਲ ਸੰਪਰਕ ਰੱਖਿਆ। ਉਸ ਨੂੰ ਨਸ਼ਾ ਰਹਿਤ ਹੋਣ ਦੀ ਪ੍ਰੇਰਨਾ ਦਿੱਤੀ ਅਤੇ ਆਖ਼ਰ ਉਹਨੂੰ ਇਲਾਜ ਲਈ ਰਜ਼ਾਮੰਦ ਕਰਨ ਉਪਰੰਤ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰ ਲਿਆ। ਹਫ਼ਤੇ ਕੁ ਦੀ ਮਿਹਨਤ ਉਪਰੰਤ ਸਾਰਥਕ ਨਤੀਜੇ ਵੀ ਸਾਹਮਣੇ ਆਉਣ ਲੱਗ ਪਏ। ਦਸ ਜਮਾਤਾਂ ਪਾਸ ਹੋਣ ਕਰਕੇ ਉਹ ਕਿਤਾਬਾਂ ਵੀ ਚੰਗੀ ਤਰ੍ਹਾਂ ਪੜ੍ਹ ਲੈਂਦਾ ਸੀ। ਸੇਧ ਮਈ ਪੁਸਤਕਾਂ ਵੀ ਉਹਨੂੰ ਸਮੇਂ ਸਮੇਂ ਸਿਰ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਰਹੀਆਂ। ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣ ਦੇ ਨਾਲ ਨਾਲ ਉਹਨੂੰ ਅਤੇ ਦਾਖ਼ਲ ਹੋਰ ਮਰੀਜ਼ਾਂ ਨੂੰ ਨਸ਼ਿਆਂ ਦੇ ਸਰੀਰਕ, ਆਰਥਿਕ, ਮਾਨਸਿਕ ਅਤੇ ਬੌਧਿਕ ਨੁਕਸਾਨਾਂ ਤੋਂ ਜਦੋਂ ਜਾਣੂ ਕਰਵਾਉਂਦੇ ਸਾਂ ਤਾਂ ਕਈ ਵਾਰ ਉਹਦੀਆਂ ਅੱਖਾਂ ਵਿੱਚ ਤੈਰਦੇ ਹੰਝੂ ਉਹਦੇ ਅਤੀਤ ਦੀ ਜ਼ਿੰਦਗੀ ਤੇ ਪਛਤਾਵੇ ਦੀ ਸ਼ਾਹਦੀ ਭਰਦੇ ਸਨ। ਡੇਢ ਕੁ ਮਹੀਨੇ ਦੇ ਇਲਾਜ ਉਪਰੰਤ ਉਹਦੀ ਜ਼ਿੰਦਗੀ ਨਿਰਛਲ ਪਾਣੀ ਵਰਗੀ ਸੀ।
ਜਦੋਂ ਉਹਨੂੰ ਘਰ ਭੇਜਣ ਦੀ ਗੱਲ ਛਿੜਦੀ ਤਾਂ ਉਹ ਗੰਭੀਰ ਅਤੇ ਉਦਾਸ ਹੋ ਜਾਂਦਾ। ਜਦੋਂ ਉਹਤੋਂ ਕਾਰਨ ਜਾਣਨਾ ਚਾਹਿਆ ਤਾਂ ਉਹਨੇ ਗੱਚ ਭਰ ਕੇ ਕਿਹਾ, “ਸਰ, ਮੈਂਨੂੰ ਤੁਹਾਡੇ ਰਾਹੀਂ ਨਵਾਂ ਜਨਮ ਮਿਲਿਆ ਹੈ। ਪਰ ਮੈਂ ਹੁਣ ਉਸ ਮਾਹੌਲ ਵਿੱਚ ਜਾਣਾ ਨਹੀਂ ਚਾਹੁੰਦਾ। ਅੱਗੇ ਵੀ ਮੈਂਨੂੰ ਬੁਰੀ ਸੰਗਤ ਨੇ ਹੀ ਡੋਬਿਆ ਸੀ। ਕਿਤੇ ਫਿਰ ...।” ਮੁੰਡੇ ਨੇ ਤਰਲੇ ਨਾਲ ਜਵਾਬ ਦਿੱਤਾ।
ਉਸ ਮੁੰਡੇ ਦੇ ਮਾਂ-ਬਾਪ ਨੂੰ ਬੁਲਾ ਕੇ ਉਹਨਾਂ ਨਾਲ ਸਲਾਹ ਕੀਤੀ। ਉਹਨਾਂ ਦਾ ਵੀ ਇਹੀ ਜਵਾਬ ਸੀ, “ਅਸੀਂ ਤਾਂ ਆਪਣਾ ਪੁੱਤ ਸੋਨੂੰ ਸੌਂਪਤਾ ਜੀ। ਹਾੜਾ ਜੀ! ਇਹਨੂੰ ਆਪਣੀ ਨਿਗ੍ਹਾ ਵਿੱਚ ਹੀ ਰੱਖ ਲਉ। ਅਸੀਂ ਇਹਨੂੰ ਇੱਥੇ ਹੀ ਮਿਲ ਜਾਇਆ ਕਰਾਂਗੇ।” ਸਟਾਫ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਉਸ ਨੂੰ ਬਿਰਧ ਆਸ਼ਰਮ ਵਿੱਚ ਆਸ਼ਰਿਤ ਬਜ਼ੁਰਗਾਂ ਦੀ ਸੇਵਾ ਲਈ ਰੱਖ ਲਿਆ। ਬਿਰਧ ਆਸ਼ਰਮ ਦਾ ਪ੍ਰਧਾਨ ਹੋਣ ਕਾਰਨ ਉੱਥੇ ਰੱਖਣ ਵਿੱਚ ਕੋਈ ਦਿੱਕਤ ਵੀ ਨਹੀਂ ਆਈ। ਦੋ ਸਾਲਾਂ ਤੋਂ ਉਹ ਉੱਥੇ ਬਿਰਧਾਂ ਦੀ ਦੇਖ-ਭਾਲ ਕਰ ਰਿਹਾ ਹੈ। ਕਦੇ ਕਦਾਈਂ ਮੇਰੇ ਕੋਲ ਮਿਲਣ ਵੀ ਆ ਜਾਂਦਾ ਹੈ। ਉਹਦੀ ਮਹੀਨੇ ਦੀ ਬੱਝਵੀਂ ਤਨਖਾਹ ਉਹਦੀ ਮਾਂ ਨੂੰ ਦੇ ਦਿੱਤੀ ਜਾਂਦੀ ਹੈ।
ਸੰਗਰੂਰ ਦੀ ਅਗਾਂਹ ਵਧੂ ਸ਼ਖ਼ਸੀਅਤ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਹਰ ਸਾਲ ਉਸ ਨੌਜਵਾਨ ਨੂੰ 2100 ਰੁਪਏ ਦਾ ਕੈਸ਼ ਐਵਾਰਡ ਦੇਣ ਦਾ ਐਲਾਨ ਕੀਤਾ ਹੋਇਆ ਹੈ, ਜਿਹੜਾ ਨਸ਼ਾ ਮੁਕਤ ਹੋਣ ਉਪਰੰਤ ਹੋਰਾਂ ਲਈ ਪ੍ਰੇਰਨਾ ਬਣਿਆ ਹੋਵੇ। ਇਸ ਵਰ੍ਹੇ ਦਾ ਇਹ ਇਨਾਮ ਕਮਲ ਨਾਂ ਦੇ ਉਸ ਨੌਜਵਾਨ ਨੂੰ ਦੇਣ ਦਾ ਐਲਾਨ ਕੀਤਾ ਗਿਆ।
ਹਫਤਾ ਕੁ ਪਹਿਲਾਂ ਜਦੋਂ ਕਮਲ ਨੂੰ ਇਹ ਕੈਸ਼ ਐਵਾਰਡ ਦਿੱਤਾ ਗਿਆ ਤਾਂ ਐਵਾਰਡ ਲੈਣ ਉਪਰੰਤ ਉਹ ਝੁਕ ਕੇ ਮੇਰੇ ਪੈਰ ਛੁਹਣ ਲੱਗਿਆ ਤਾਂ ਮੈਂ ਉਹਦੇ ਦੋਨੋਂ ਹੱਥ ਘੁੱਟ ਕੇ ਫੜ ਲਏ। ਉਹਦੇ ਨੈਣਾਂ ਵਿੱਚ ਛਲਕਦੇ ਖੁਸ਼ੀ ਦੇ ਅੱਥਰੂ ਬਹੁਤ ਕੁਝ ਕਹਿ ਰਹੇ ਸਨ ਅਤੇ ਮੈਂ ਉਸ ਖਲਨਾਇਕ ਨੂੰ ਨਾਇਕ ਦੇ ਰੂਪ ਵਿੱਚ ਵੇਖ ਕੇ ਜੇਤੂ ਨਜ਼ਰਾਂ ਨਾਲ ਮੁਸਕਰਾ ਰਿਹਾ ਸਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2341)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)