“ਸਕੂਨ ਵਾਲੀ ਗੱਲ ਹੈ ਕਿ ਲੋਕ ਹੁਣ ਕਾਫ਼ੀ ਹੱਦ ਤਕ ਇਹ ਸਮਝ ਚੁੱਕੇ ਹਨ ਕਿ ਜਦੋਂ ਪੰਜਾਬ ਨੂੰ ਲੁੱਟਣ ਵਾਲੀਆਂ ...”
(25 ਫਰਵਰੀ 2022)
ਇਸ ਸਮੇਂ ਮਹਿਮਾਨ: 142.
ਸ਼ਾਮ ਨੂੰ ਜਿਹੜਾ ਆਗੂ ਆਪਣੀ ਮਾਂ ਪਾਰਟੀ ਦੀ ਪ੍ਰਸ਼ੰਸਾ ਕਰਦਾ ਨਹੀਂ ਥੱਕਦਾ, ਉਹਦੇ ਰੱਜ ਕੇ ਸੋਹਲੇ ਗਾਉਂਦਿਆਂ ਪਾਰਟੀ ਵੱਲੋਂ ਦੇਸ਼ ਦੇ ਕੀਤੇ ‘ਵਿਕਾਸ’ ਦਾ ਵੱਧ-ਚੜ੍ਹ ਕੇ ਜ਼ਿਕਰ ਕਰਦਾ ਹੈ ਪਰ ਸਵੇਰ ਹੁੰਦਿਆਂ ਹੀ ਉਹ ਆਪਣੀ ਮਾਂ ਪਾਰਟੀ ਨੂੰ ਅਵਾ-ਤਵਾ ਬੋਲਦਿਆਂ ਦੂਜੀ ਪਾਰਟੀ ਵਿੱਚ ਚਲਾ ਗਿਆ ਹੈ ਅਤੇ ਨਵੀਂ ਪਾਰਟੀ ਨੂੰ ਅਸਲੀ ਸ਼ਬਦਾਂ ਵਿੱਚ ਲੋਕਤੰਤਰ ਦੀ, ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ ਵਾਲੀ ਅਤੇ ਕਿਰਤੀ ਵਰਗ ਦੇ ਹਿਤਾਂ ਤੇ ਡਟ ਕੇ ਪਹਿਰਾ ਦੇਣ ਵਾਲੀ ਪਾਰਟੀ ਕਹਿੰਦਿਆਂ ਆਪਣੀ ਦੇਸ਼ ਭਗਤੀ ਦਾ ਪ੍ਰਮਾਣ ਦੇਣ ਲੱਗ ਪਿਆ। ਦਰਅਸਲ ਅਜਿਹੇ ‘ਦੇਸ਼ ਭਗਤਾਂ’ ਨੇ ਹੀ ਭਾਰਤੀ ਲੋਕਤੰਤਰ ਨੂੰ ਰੋਲਣ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦਾ ਬੁਰੀ ਤਰ੍ਹਾਂ ਘਾਣ ਕੀਤਾ ਹੈ। ਅਜਿਹੇ ਆਗੂਆਂ ਨੂੰ ‘ਨੇਤਾ ਜੀ’ ਕਹਿ ਕੇ ਸੰਬੋਧਨ ਕਰਨਾ ਇੰਜ ਹੈ ਜਿਵੇਂ ਗਿੱਦੜ ਨੂੰ ਜੰਗਲ ਦਾ ਰਾਜਾ ਕਿਹਾ ਜਾਵੇ। ਸਿਆਸੀ ਲੋਕਾਂ ਨੇ ਰਾਜਧਰਮ, ਨੈਤਿਕਤਾ, ਰਿਸ਼ਤੇ, ਵਫ਼ਾ, ਸ਼ਰਾਫ਼ਤ, ਜ਼ੁਬਾਨ ਦੀ ਪਾਕੀਜ਼ਗ਼ੀ, ਸਭ ਕੁਝ ਨੂੰ ਛਿੱਕੇ ਟੰਗ ਕੇ ਸਿਰਫ਼ ਤੇ ਸਿਰਫ਼ ਸੱਤਾ, ਪੈਸਾ ਅਤੇ ਬਾਹੂਬਲ ਨੂੰ ਹੀ ਤਰਜੀਹ ਦਿੱਤੀ।
ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ, ਭਾਜਪਾ ਦੀ ਅਗਵਾਈ ਵਾਲੇ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ (ਸੰਯੁਕਤ) ਦਾ ਗੱਠਜੋੜ, ਕਿਸਾਨ ਅੰਦੋਲਨ ਦੀ ਜੁਝਾਰੂ ਇੱਕ ਧਿਰ ਸੰਯੁਕਤ ਸਮਾਜ ਮੋਰਚਾ ਅਤੇ ਲੋਕ ਇਨਸਾਫ ਪਾਰਟੀ ਚੋਣ ਮੈਦਾਨ ਵਿੱਚ ਸਨ। 20 ਫਰਵਰੀ 2022 ਦੇ ਚੋਣਾਂ ਵਾਲੇ ਦਿਨ ਤੋਂ ਕੁਝ ਦਿਨ ਪਹਿਲਾਂ ਉਹ ਆਗੂਆਂ ਨੇ, ਜਿਨ੍ਹਾਂ ਨੂੰ ਤੌਖਲਾ ਸੀ ਕਿ ਮਾਂ ਪਾਰਟੀ ਦੇ ਟਿਕਟ ਤੋਂ ਉਹ ਵਾਂਝੇ ਰਹਿਣਗੇ, ਜਾਂ ਜਿਸ ਪਾਰਟੀ ਨਾਲ ਉਹ ਸਬੰਧਤ ਹਨ, ਉਸ ਦੀ ਸਰਕਾਰ ਬਣਨ ਦੀ ਸਥਿਤੀ ਨਹੀਂ ਅਤੇ ਉਹ ਮਲਾਈ ਵਾਲੇ ਅਹੁਦੇ ਤੋਂ ਵਾਂਝੇ ਰਹਿਣਗੇ, ਜਾਂ ਫਿਰ ਈ.ਡੀ. ਦੇ ਛਾਪਿਆਂ ਦੇ ਡਰ ਤੋਂ ਉਨ੍ਹਾਂ ਨੇ ਕੇਂਦਰ ਸਰਕਾਰ ਵਿੱਚ ਸੱਤਾ ਵਾਲੀ ਪਾਰਟੀ ਦਾ ਪੱਲਾ ਫੜਨਾ ਯੋਗ ਸਮਝਿਆ। ਇੰਜ ਵੱਡੀ ਪੱਧਰ ’ਤੇ ਪਾਰਟੀ ਬਦਲਣ ਦੀ ਛੜੱਪੇਬਾਜ਼ੀ ਚੱਲਦੀ ਰਹੀ। ਭਾਜਪਾ ਦੇ ਡਬਲ ਇੰਜਨ ਵਾਲੀ ਸਰਕਾਰ ਦੇ ਪਾਏ ਰੌਲੇ ਦਾ ਵੀ ਕਈ ਦਲ ਬਦਲੂਆਂ ’ਤੇ ਅਸਰ ਪਿਆ। ਕਾਂਗਰਸ ਪਾਰਟੀ ਵਿੱਚ ਬਹੁਤ ਸਾਰੇ ਦਾਗੀ ਆਗੂਆਂ ਨੂੰ ਵੀ ਇਸ ਡਰੋਂ ਟਿਕਟ ਦਿੱਤੀ ਗਈ ਕਿ ਉਹ ਕਿਤੇ ਬਾਗ਼ੀ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਵਿੱਚ ਨਾ ਚਲੇ ਜਾਣ। ਪੰਜ ਦਰਜਨ ਤੋਂ ਜ਼ਿਆਦਾ ਰਾਜਸੀ ਆਗੂ ਹਵਾ ਦਾ ਰੁਖ ਵੇਖਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਟਿਕਟ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ। ਟਿਕਟ ਪ੍ਰਾਪਤ ਕਰਨ ਲਈ ਕਰੋੜਾਂ ਰੁਪਏ ‘ਪਾਰਟੀ ਫੰਡ’ ਵਜੋਂ ਦੇਣ ਦੇ ਕਿੱਸੇ ਵੀ ਸੁਣੇ ਗਏ। ਚੋਣਾਂ ਦੇ ਇਸ ਰਾਮ-ਰੌਲੇ ਅਤੇ ਹਫ਼ੜਾ-ਤਫ਼ੜੀ ਵਿੱਚ ਸਿਆਸੀ ਆਗੂਆਂ ਦੀ ਸਥਿਤੀ ਇਸ ਤਰ੍ਹਾਂ ਦੀ ਬਣੀ ਰਹੀ:
ਕੁਛ ਐਸੇ ਬਦ ਹਵਾਸ ਹੂਏ ਆਂਧੀਓ ਸੇ ਲੋਗ,
ਜੋ ਪੇੜ ਖੋਖਲੇ ਥੇ ਉਨਹੀਂ ਸੇ ਲਿਪਟ ਗਏ।
ਹੁਣ ਜਦੋਂ 20 ਫਰਵਰੀ 2022 ਨੂੰ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਤੋਂ ਬਾਅਦ “ਲੀਡਰ ਗਏ ਪਹਾੜੀਆਂ ’ਤੇ ਅਤੇ ਵੋਟਰ ਗਏ ਦਿਹਾੜੀਆਂ ’ਤੇ” ਤਾਂ ਸਾਡੇ ਸਾਹਮਣੇ ਕਈ ਗੰਭੀਰ ਪ੍ਰਸ਼ਨ ਉੱਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ’ਤੇ ਚੇਤੰਨ ਅਤੇ ਸੂਝਵਾਨ ਵਿਅਕਤੀ ਵਿਚਾਰ ਚਰਚਾ ਕਰਦੇ ਸੁਣੇ ਗਏ ਹਨ। ਲੋਕ ਇਸ ਪੱਖ ਤੋਂ ਗੰਭੀਰ ਹੋ ਕੇ ਸੋਚ ਰਹੇ ਹਨ ਕਿ ਪੰਜਾਬ ਦੇ ਕੁੱਲ 2.14 ਕਰੋੜ ਵੋਟਰਾਂ ਵਿੱਚੋਂ 1.54 ਕਰੋੜ ਵੋਟਰਾਂ ਨੇ ਹੀ ਆਪਣੀ ਵੋਟ ਪਾਉਣ ਦੇ ਹੱਕ ਦੀ ਵਰਤੋਂ ਕੀਤੀ। ਅੰਦਾਜ਼ਨ 71 ਫੀਸਦੀ ਵੋਟਰ ਪੋਲਿੰਗ ਬੂਥਾਂ ਤਕ ਪਹੁੰਚੇ ਪਰ 29 ਫੀਸਦੀ ਵੋਟਰਾਂ ਨੇ ਸਰਕਾਰ ਬਣਾਉਣ ਦੀ ਭਾਗੀਦਾਰੀ ਤੋਂ ਕਿਨਾਰਾਕਸ਼ੀ ਕਰਨ ਨੂੰ ਤਰਜੀਹ ਦਿੱਤੀ। ਇਨ੍ਹਾਂ ਵਿੱਚੋਂ ਕੁਝ ਵਿਦੇਸ਼ਾਂ ਵਿੱਚ ਗਏ ਵੋਟਰ ਵੀ ਹੋ ਸਕਦੇ ਹਨ। ਪਰ ਫਿਰ ਵੀ ਵੱਡੇ ਵਰਗ ਦੀ ਲੋਕਤੰਤਰ ਦੇ ਵੋਟ ਕੁੰਭ ਤੋਂ ਬੇਰੁਖ਼ੀ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਭਾਰਤੀ ਸੰਵਿਧਾਨ ਵਿੱਚ ਔਰਤ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਗਿਆ ਹੈ ਪਰ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਚੋਣ ਲੜਨ ਵਾਲੇ 1304 ਉਮੀਦਵਾਰਾਂ ਵਿੱਚੋਂ ਸਿਰਫ਼ 98 ਔਰਤਾਂ ਦਾ ਹੀ ਚੋਣ ਲੜਨਾ ਜਮਹੂਰੀਅਤ ਦੀ ਮਜ਼ਬੂਤੀ ਲਈ ਸ਼ੁੱਭ ਸੰਕੇਤ ਨਹੀਂ ਹੈ। ਜਦੋਂ ਕਿ 81.33 ਲੱਖ ਮਰਦਾਂ ਦੇ ਮੁਕਾਬਲੇ 73.55 ਲੱਖ ਔਰਤਾਂ ਦੀ ਵੋਟ ਪਾਉਣ ਵਿੱਚ ਹਿੱਸੇਦਾਰੀ ਸ਼ੁਭ ਸੰਕੇਤ ਮੰਨਿਆ ਗਿਆ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਚੋਣ ਲੜਨ ਵਾਲੇ 1304 ਉਮੀਦਵਾਰਾਂ ਵਿੱਚੋਂ 315 ਉਮੀਦਵਾਰ ਦਾਗ਼ੀ ਹਨ, ਜਿਹੜੇ ਵੱਖ ਵੱਖ ਫੌਜਦਾਰੀ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ। 15 ਉਮੀਦਵਾਰਾਂ ’ਤੇ ਔਰਤਾਂ ਵੱਲੋਂ ਅਪਰਾਧਿਕ ਮਾਮਲੇ ਦਰਜ ਕਰਵਾਏ ਗਏ ਹਨ। 2 ਉਮੀਦਵਾਰਾਂ ਉੱਤੇ ਜਬਰ ਜਨਾਹ ਦੇ ਕੇਸ, 4 ਉਮੀਦਵਾਰਾਂ ਉੱਤੇ ਕਤਲ ਦੇ ਕੇਸ ਅਤੇ 33 ਉਮੀਦਵਾਰਾਂ ਉੱਤੇ ਇਰਾਦਾ ਕਤਲ ਦੇ ਕੇਸ ਦਰਜ ਹਨ। ਅਜਿਹੇ ਉਮੀਦਵਾਰ ਵੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤਣ ਲਈ ਯਤਨਸ਼ੀਲ ਰਹੇ ਹਨ।
ਵੱਖ ਵੱਖ ਸਿਆਸੀ ਪਾਰਟੀਆਂ ਨੇ ਚੋਣ ਮੈਨੀਫੈਸਟੋ ਰਾਹੀਂ ਜਾਂ ਆਪਣੇ ਭਾਸ਼ਣਾਂ ਵਿੱਚ ਦਿੱਤੀਆਂ ਗਰੰਟੀਆਂ ਰਾਹੀਂ ਲੋਕ ਲੁਭਾਊ ਵਾਅਦੇ ਅਤੇ ਲਾਰਿਆਂ ਦੀ ਵਰਖਾ ਤਾਂ ਕੀਤੀ ਹੈ ਪਰ ਪੰਜਾਬੀਆਂ ਦੇ ਅਸਲ ਮੁੱਦੇ ਜਿਨ੍ਹਾਂ ਵਿੱਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ੇ, ਕਿਰਸਾਨੀ ਸੰਕਟ, ਗਰੀਬੀ, ਨੌਜਵਾਨਾਂ ਦੇ ਵੱਡੇ ਵਰਗ ਵੱਲੋਂ ਬਹੁ ਪੱਖੀ ਅਤੇ ਬਹੁ ਪਰਤੀ ਸੰਕਟ ਤੋਂ ਤੰਗ ਆ ਕੇ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ, ਉਦਯੋਗਿਕ ਸੰਕਟ, ਸਿੱਖਿਆ ਵਿੱਚ ਨਿਘਾਰ, ਸਿਹਤ ਸੇਵਾਵਾਂ ਦੀ ਮੰਦਹਾਲੀ ਜਿਹੇ ਗੰਭੀਰ ਮੁੱਦਿਆਂ ਨੂੰ ਛੁਹਿਆ ਤਕ ਨਹੀਂ। ਹਾਂ, ਵਿਦੇਸ਼ ਜਾਣ ਲਈ ਬਿਨਾਂ ਬਿਆਜ ਤੋਂ ਕਰਜ਼ਾ, ਆਈਲੈਟਸ ਕਰਨ ਲਈ ਮੁਫ਼ਤ ਕੋਚਿੰਗ, ਬਿਜਲੀ ਦਰਾਂ ਦੇ ਰੇਟਾਂ ਵਿੱਚ ਕਟੌਤੀ, ਔਰਤਾਂ ਲਈ ਮਹੀਨਾਵਾਰ ਪੈਨਸ਼ਨ, ਵਿਦਿਆਰਥਣਾਂ ਲਈ ਵਜੀਫਾ, ਸਿਲੰਡਰ, ਸਕੂਟਰ ਆਦਿ ਲਾਲੀਪੋਪ ਦੇ ਕੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਵੱਖ ਵੱਖ ਪਾਰਟੀਆਂ ਨੇ ਕੋਈ ਕਸਰ ਨਹੀਂ ਛੱਡੀ। ਜਾਂ ਫਿਰ ਇੱਕ ਦੂਜੇ ਉੱਤੇ ਘਟੀਆ ਪੱਧਰ ਦੀ ਦੂਸ਼ਣਬਾਜ਼ੀ, ਸੱਭਿਅਤਾਹੀਣ ਸ਼ਬਦਾਂ ਦੀ ਵਾਛੜ ਦੇ ਨਾਲ ਨਾਲ ਪੰਜਾਬ ਦੇ ‘ਵਾਰਿਸ’ ਬਣਨ ਦੇ ਦਾਅਵੇ ਹਰ ਪਾਰਟੀ ਨੇ ਹੀ ਕੀਤੇ। ਪਰ ਲੋਕ ਸਿਆਸੀ ਪਾਰਟੀਆਂ ਦੇ ਅਜਿਹੇ ਦਾਅਵੇ ਪਿਛਲੇ 75 ਸਾਲਾਂ ਤੋਂ ਸੁਣ ਸੁਣ ਕੇ ਅੱਕ ਗਏ ਹਨ ਅਤੇ ਮਰਹੂਮ ਸ਼ਾਇਰ ਪਾਸ਼ ਦੇ ਇਹ ਬੋਲ ਉਨ੍ਹਾਂ ਦੇ ਅੰਗ ਸੰਗ ਹਨ:
“ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ।
ਜੋ ਸਭ ਕੁਝ ਵੇਖਦਿਆਂ ਵੀ ਠੰਢੀ ਯਖ ਹੁੰਦੀ ਹੈ।”
ਸਮੇਂ ਨੇ ਕਰਵਟ ਲਈ ਹੈ। ਲੋਕ ਚੇਤੰਨ ਅਤੇ ਸੂਝਵਾਨ ਹੋ ਗਏ ਹਨ। ਵੋਟਾਂ ਮੰਗਣ ਆਏ ਉਮੀਦਵਾਰਾਂ ਤੋਂ ਲੋਕਾਂ ਨੇ ਭਰਵੇਂ ਇਕੱਠ ਵਿੱਚ ਇਸ ਤਰ੍ਹਾਂ ਦੇ ਭਖਦੇ ਸਵਾਲ ਪੁੱਛੇ ਹਨ :
ਪਿਛਲੇ ਅੰਦਾਜ਼ਨ 75 ਸਾਲਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਸੱਥਰ ਅਤੇ ਲੀਡਰਾਂ ਦੇ ਘਰਾਂ ਵਿੱਚ ਗਲੀਚੇ ਕਿੰਜ ਵਿੱਛ ਗਏ?
ਰਾਜ ਸਤਾ ਦਾ ਆਨੰਦ ਮਾਣਦਿਆਂ ਅਥਾਹ ਜ਼ਮੀਨਾਂ, ਸਨਅਤਾਂ ਵਿੱਚ ਹਿੱਸੇਦਾਰੀ, ਪਟਰੋਲ ਪੰਪ ਅਤੇ ਬੱਸਾਂ ਦਾ ਕਾਰੋਬਾਰ ਅਮਰ ਵੇਲ ਦੀ ਤਰ੍ਹਾਂ ਕਿੰਜ ਵਧਿਆ ਫੁੱਲਿਆ?
ਕਿਰਸਾਨੀ ਸੰਕਟ ਅਤੇ ਕਿਰਤੀ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀ ਕੀਤਾ ਗਿਆ?
ਧਰਤੀ ਹੇਂਠਲਾ ਡੂੰਘਾ ਹੋ ਰਿਹਾ ਪਾਣੀ, ਦਰਿਆਵਾਂ ਵਿੱਚ ਸੁੱਟੀ ਜਾ ਰਹੀ ਜ਼ਹਿਰ ਅਤੇ ਜ਼ਹਿਰੀਲੀ ਹੋ ਰਹੀ ਖੁਰਾਕ ਕਾਰਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਲਈ ਕੀ ਪ੍ਰਬੰਧ ਕੀਤੇ ਗਏ?
ਵਿਆਹ ਵਾਲੀਆਂ ਕੁੜੀਆਂ ਲਈ ਐਲਾਨ ਕੀਤੀ ਗਈ 51 ਹਜ਼ਾਰ ਦੀ ਸ਼ਗਨ ਸਕੀਮ ਕਿਹੜੇ ਖੂਹ ਖਾਤੇ ਪਾ ਦਿੱਤੀ ਗਈ?
2017 ਦੀਆਂ ਚੋਣਾਂ ਸਮੇਂ ਨਸ਼ੇ ਦਾ ਖਾਤਮਾ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਘਰ-ਘਰ ਰੁਜ਼ਗਾਰ, ਕਿਰਸਾਨਾਂ ਦੇ ਕਰਜ਼ੇ ਦੀ ਮੁਕੰਮਲ ਅਦਾਇਗੀ ਲਈ ਕੀ ਕੀਤਾ?
ਰੁਜ਼ਗਾਰ ਮੰਗਣ ਵਾਲੇ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਪੁਲਿਸ ਕੋਲੋਂ ਛੱਲੀਆਂ ਵਾਂਗ ਕਿਉਂ ਕੁਟਵਾਇਆ ਗਿਆ ਅਤੇ ਵਿਆਹੀਆਂ ਵਰ੍ਹੀਆਂ ਕੁੜੀਆਂ ਨੂੰ ਕਰੂਏ ਦੇ ਵਰਤ ਟੈਂਕੀਆਂ ਉੱਤੇ ਕਿਉਂ ਖੋਲ੍ਹਣੇ ਪਏ?
ਰੇਤ ਮਾਫ਼ੀਆ, ਲੈਂਡ ਮਾਫ਼ੀਆ, ਸ਼ਰਾਬ ਮਾਫ਼ੀਆ ਅਤੇ ਵਿਦਿਆਰਥੀਆਂ ਦੇ ਵਜੀਫਾ ਘੋਟਾਲੇ ਦੇ ਦੋਸ਼ੀਆਂ ਨੂੰ ਕੀ ਸਜ਼ਾ ਦਿੱਤੀ ਗਈ?
ਬੇਅਦਬੀ ਕਾਂਡ ਦੇ ਦੋਸ਼ੀ ਹੁਣ ਤਕ ਕਿਉਂ ਨਹੀਂ ਫੜੇ ਗਏ?
ਪੰਜਾਬ ਤਿੰਨ ਲੱਖ ਕਰੋੜ ਦਾ ਕਰਜ਼ਈ ਹੈ ਅਤੇ ਸਾਲਾਨਾ ਬਿਆਜ ਹੀ 15 ਹਜ਼ਾਰ ਕਰੋੜ ਦੇਣਾ ਪੈਂਦਾ ਹੈ। ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਕੀ ਯੋਜਨਾ ਹੈ?
ਕਿਰਤ ਦਾ ਸੰਕਲਪ ਖੋਹ ਕੇ ਪੰਜਾਬੀਆਂ ਨੂੰ ਭਿਖਾਰੀ ਕਿਉਂ ਬਣਾਇਆ ਜਾ ਰਿਹਾ ਹੈ?
ਸਕੂਨ ਵਾਲੀ ਗੱਲ ਹੈ ਕਿ ਲੋਕ ਹੁਣ ਕਾਫ਼ੀ ਹੱਦ ਤਕ ਇਹ ਸਮਝ ਚੁੱਕੇ ਹਨ ਕਿ ਜਦੋਂ ਪੰਜਾਬ ਨੂੰ ਲੁੱਟਣ ਵਾਲੀਆਂ ਸਿਆਸੀ ਪਾਰਟੀਆਂ ਇੱਕ ਜੁੱਟ ਨੇ ਤਾਂ ਫਿਰ ਹਰ ਵੇਲੇ ਲੁੱਟੇ ਜਾਣ ਵਾਲੇ ਲੋਕਾਂ ਦਾ ਇੱਕ ਮੁੱਠ ਹੋਣਾ ਵੀ ਜ਼ਰੂਰੀ ਹੈ। ਇਸ ਪ੍ਰਤੀਕਰਮ ਵਜੋਂ ਹੀ ਲੀਡਰਾਂ ਤੋਂ ਚੋਣਾਂ ਸਮੇਂ ਅਜਿਹੇ ਚੁੱਭਵੇਂ ਅਤੇ ਗੰਭੀਰ ਪ੍ਰਸ਼ਨਾਂ ਨੇ ਕੌਮ ਦੇ ਇਨ੍ਹਾਂ ਰਹਿਨੁਮਾਵਾਂ ਨੂੰ ਇੱਕ ਝਟਕਾ ਦਿੱਤਾ ਹੈ ਅਤੇ ਅਹਿਸਾਸ ਕਰਵਾ ਦਿੱਤਾ ਹੈ ਕਿ ਉਹ ਸਮਾਜ ਤੋਂ ਉੱਪਰ ਨਹੀਂ ਹਨ, ਸਗੋਂ ਕੀਤੇ ਕੰਮਾਂ ਲਈ ਸਮਾਜ ਪ੍ਰਤੀ ਜਵਾਬਦੇਹ ਹਨ। ਭਵਿੱਖ ਵਿੱਚ ਲੋਕਾਂ ਦੀ ਕਚਹਿਰੀ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਜ਼ਮੀਰ ਜਿਉਂਦੀ ਰੱਖਣੀ ਹੋਵੇਗੀ। ਰਾਜ ਸਤਾ ਉੱਤੇ ਕਾਬਜ਼ ਲੋਕਾਂ ਨੂੰ ਇਹ ਸ਼ਬਦ ਹਮੇਸ਼ਾ ਚੇਤੇ ਰੱਖਣੇ ਪੈਣਗੇ:
“ਯੇਹ ਦਬਦਬਾ, ਯੇਹ ਹਕੂਮਤ, ਯੇਹ ਨਸ਼ਾ ਏ ਦੌਲਤ,
ਕਿਰਾਏਦਾਰ ਹੈਂ, ਘਰ ਬਦਲਤੇ ਰਹਿਤੇ ਹੈਂ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3388)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)