“ਵੱਡੀ ਧੀ ਨੇ ਆਪਣੀ ਛੋਟੀ ਭੈਣ ਦਾ ਹੱਥ ਘੁੱਟ ਕੇ ਫੜਦਿਆਂ ਕਿਹਾ, “ਮੈਂ ਤੈਥੋਂ ਵੱਡੀ ਹਾਂ, ਬਾਬਲ ਨੂੰ ...”
(6 ਮਾਰਚ 2024)
ਇਸ ਸਮੇਂ ਪਾਠਕ: 355.
ਨਿਰੰਜਣ ਸਿੰਘ ਦੇ ਦੋ ਧੀਆਂ ਸਨ, ਦੋਨੋਂ ਹੀ ਉਹਦੇ ਸਾਹੀਂ ਜਿਉਂਦੀਆਂ ਸਨ। ਉਸਦੀ ਪਤਨੀ ਪ੍ਰੀਤਮ ਕੌਰ ਭਾਵੇਂ ਕਦੇ ਕਦੇ ਘਰ ਪੁੱਤਰ ਨਾ ਹੋਣ ਕਾਰਨ ਝੋਰਾ ਕਰਦੀ, ਰੱਬ ਅੱਗੇ ਪੁੱਤਰ ਦੀ ਦਾਤ ਲਈ ਅਰਦਾਸਾਂ ਵੀ ਕਰਦੀ ਪਰ ਨਿਰੰਜਣ ਸਿੰਘ ਆਪਣੀ ਪਤਨੀ ਦੀ ਚਿੰਤਾ ਨੂੰ ਹਾਸੇ ਵਿੱਚ ਟਾਲਦਿਆਂ ਕਹਿੰਦਾ, “ਪ੍ਰੀਤਮ ਕੌਰੇ, ਸਾਡੇ ਲਈ ਤਾਂ ਧੀਆਂ ਹੀ ਪੁੱਤਰਾਂ ਤੋਂ ਘੱਟ ਨਹੀਂ, ਤੂੰ ਵੇਖਦੀ ਨਹੀਂ ਪੁੱਤਾਂ ਵਾਲਿਆਂ ਦੇ ਹਾਲ? ਮਾਂ-ਬਾਪ ਦੇ ਗਲ਼ ਗੂਠਾ ਦੇਣ ਤਕ ਜਾਂਦੇ ਨੇ। ਕਿਸੇ ਭਾਗਾਂ ਵਾਲਿਆਂ ਦਾ ਪੁੱਤ ਹੀ ਸੁਲੱਗ ਨਿਕਲਦੈ। ਰੋਜ਼ ਸੁਣਦੇ ਹਾਂ ਪੁੱਤਾਂ ਵਾਲਿਆਂ ਦੇ ਦੁੱਖ। ਹੁਣ ਤਾਂ ਸਰਵਣ ਪੁੱਤਾਂ ਦੀਆਂ ਬਹਿੰਗੀਆਂ ਵੀ ਉਦਾਸ ਨੇ। ਅੱਜ ਕੱਲ੍ਹ ਦੇ ਮੁੰਡੇ-ਖੁੰਡੇ ਮਾਂ-ਬਾਪ ਦੇ ਪੈਰੀਂ ਹੱਥ ਨਹੀਂ ਲਾਉਂਦੇ, ਸਗੋਂ ਗਰਦਨਾਂ ਨੂੰ ਹੱਥ ਪਾਉਂਦੇ ਨੇ। ਬਿਰਧ ਆਸ਼ਰਮ ਔਲਾਦਾਂ ਦੀ ਬੇਰੁਖੀ, ਨਿਰਾਦਰ ਅਤੇ ਤੰਗ ਪ੍ਰੇਸ਼ਾਨ ਹੋਏ ਬਜ਼ੁਰਗਾਂ ਨੂੰ ਸਾਂਭਣ ਲਈ ਹੀ ਤਾਂ ਥਾਂ-ਥਾਂ ਖੁੱਲ੍ਹ ਰਹੇ ਨੇ।”
“ਨਹੀਂ ਜੀ, ਦਰਅਸਲ ਔਰਤ ਉੰਨੀ ਦੇਰ ਆਪਣੇ ਆਪ ਨੂੰ ਸੰਪੂਰਨ ਨਹੀਂ ਸਮਝਦੀ ਜਦੋਂ ਤਕ ਉਹਦੀ ਕੁੱਖੋਂ ਪੁੱਤਰ ਨਾ ਜੰਮੇ। ਧੀਆਂ ਤਾਂ ਬੇਗਾਨਾ ਧੰਨ ਨੇ। ਦਿਨਾਂ ਵਿੱਚ ਮੁਟਿਆਰ ਹੋ ਕੇ ਬਿਗਾਨੇ ਘਰ ਜਾ ਵਸਦੀਆਂ ਨੇ, ਐਵੇਂ ਤਾਂ ਨਹੀਂ ਧੀਆਂ ਨੂੰ ਬਿਗਾਨਾ ਧਨ ਕਿਹਾ ਜਾਂਦਾ?” ਪ੍ਰੀਤਮ ਕੌਰ ਨੇ ਵਿਹੜੇ ਵਿੱਚ ਖੇਡਦੀਆਂ ਧੀਆਂ ਵੱਲ ਵਿਹੰਦਿਆਂ ਹਉਕਾ ਭਰਕੇ ਗੱਲ ਨੂੰ ਅਗਾਂਹ ਤੋਰਿਆ, “ਨਾਲੇ ਜੀ, ਧੀਆਂ ਪਾਲਣੀਆਂ ਔਖੀਆਂ ਨਹੀਂ, ਸੰਭਾਲਣੀਆਂ ਔਖੀਆਂ ਨੇ …।”
ਨਿਰੰਜਣ ਸਿੰਘ ਨੇ ਪ੍ਰੀਤਮ ਕੌਰ ਦੀ ਗੱਲ ਕਟਦਿਆਂ ਕਿਹਾ, “ਹੁਣ ਜ਼ਮਾਨਾ ਬਦਲ ਗਿਆ ਹੈ, ਮਾਪੇ ਮੁੰਡਿਆਂ ਦੀ ਤਰ੍ਹਾਂ ਧੀਆਂ ਦੀ ਲੋਹੜੀ ਮੰਨਾਉਂਦੇ ਨੇ। ਧੀਆਂ ਤਾਂ ਲੱਛਮੀ ਦਾ ਰੂਪ ਹੁੰਦੀਆਂ ਨੇ। ਧੀਆਂ ਮਾਪਿਆਂ ਦੀ ਜਿੰਨੀ ਸੇਵਾ ਕਰਦੀਆਂ ਨੇ, ਪੁੱਤ ਤਾਂ ਉਹਦੇ ਪਾ-ਪਾਸਕ ਵੀ ਨਹੀਂ।”
“ਫਿਰ ਵੀ ਜੀ, ਧੀਆਂ ਵਾਲੇ ਘਰ ਤਾਂ ਹਰ ਵੇਲੇ ਡਰ ਦਾ ਪ੍ਰਛਾਵਾਂ ਰਹਿੰਦੈ, ਦਰਿੰਦਿਆਂ ਦੀਆਂ ਭੈੜੀਆਂ ਨਜ਼ਰਾਂ ਤੋਂ ਬਚਾਕੇ ਰੱਖਣਾ ਬੜਾ ਮੁਸ਼ਕਲ ਹੈ। ਭਾਵੇਂ ਹਾਲਾਂ ਨਿਆਣੀਆਂ ਨੇ ਪਰ ਮੈਂ ਤਾਂ ਇਨ੍ਹਾਂ ਦਾ ਭੋਰਾ ਵਿਸਾਹ ਨਹੀਂ ਖਾਂਦੀ। ਇਨ੍ਹਾਂ ਨੂੰ ਇਕੱਲੀਆਂ ਘਰ ਛੱਡ ਕੇ ਕਿਤੇ ਜਾਣ ਨੂੰ ਵੀ ਰੂਹ ਨਹੀਂ ਕਰਦੀ।”
ਨਿਰੰਜਣ ਸਿੰਘ ਨੇ ਧੀਆਂ ਦਾ ਡਟ ਕੇ ਪੱਖ ਲੈਂਦਿਆਂ ਫਿਰ ਗੱਲਾਂ ਦੀ ਲੜੀ ਨੂੰ ਅਗਾਂਹ ਤੋਰਿਆ, “ਬਾਹਰੋਂ ਕੰਮ ਤੋਂ ਥੱਕਿਆ ਹਾਰਿਆ ਜਦੋਂ ਮੈਂ ਘਰ ਪਰਤਦਾਂ ਤਾਂ ਸੱਚ ਮੰਨੀ, ਜਦੋਂ ਇਹ ਦੋਨੋਂ ਭੱਜ ਕੇ ਮੈਨੂੰ ਲਿਪਟ ਜਾਂਦੀਆਂ ਨੇ, ਮੇਰਾ ਸਾਰਾ ਥਕੇਵਾਂ ਲਹਿ ਜਾਦੈਂ। ਇਉਂ ਲਗਦਾ ਹੈ ਜਿਵੇਂ ਦੁਨੀਆਂ ਦੀ ਸਾਰੀ ਦੌਲਤ ਮੇਰੀ ਝੋਲੀ ਵਿੱਚ ਪੈ ਗਈ ਹੋਵੇ। ਹਾਲਾਂ ਇਨ੍ਹਾਂ ਦੀ ਉਮਰ ਹੀ ਕੀ ਹੈ? ਛੋਟੀ ਰੇਸ਼ਮਾ ਛੇ ਸਾਲ ਦੀ ਅਤੇ ਪ੍ਰੀਤਮਾ ਅੱਠ ਸਾਲ ਦੀ। ਦੋਨੋਂ ਧੀਆਂ ਬੜੀਆਂ ਸੁਲੱਗ ਨੇ। ਕੱਲ੍ਹ ਮੈਂ ਸਕੂਲ ਗਿਆ ਸੀ। ਮਾਸਟਰ ਜੀ ਦੋਨਾਂ ਦੀਆਂ ਤਾਰੀਫਾਂ ਕਰਦੇ ਨਹੀਂ ਸੀ ਥੱਕਦੇ। ਸੱਚੀਂ ਬੜਾ ਮਨ ਖੁਸ਼ ਹੋਇਆ।”
“ਫਿਰ ਵੀ ਜੀ, ਜੇ ਰੱਬ ਧੀਆਂ ਦੀ ਪਿੱਠ ਢਕਣ ਲਈ ਪੁੱਤ ਦੇ ਦੇਵੇ …।” ਮਾਂ ਵਾਰ ਵਾਰ ਪੁੱਤਰ ਪ੍ਰਾਪਤੀ ਲਈ ਤਰਲਾ ਲੈ ਰਹੀ ਸੀ।
“ਲੈ ਫਿਰ ਸੁਣ, ਜਦੋਂ ਆਪਣੇ ਦੂਜੀ ਕੁੜੀ ਹੋਈ ਸੀ ਨਾ, ਮੈਂ ਮਾਯੂਸ ਜਿਹਾ ਹਸਪਤਾਲ ਦੇ ਬਾਹਰ ਖੜ੍ਹਾ ਸੀ। ਤੇਰੇ ਉਦਾਸ ਚਿਹਰੇ ਦਾ ਅਸਰ ਮੇਰੇ ’ਤੇ ਵੀ ਹੋ ਗਿਆ ਸੀ। ਮੈਨੂੰ ਨਿਢਾਲ ਜਿਹਾ ਵੇਖਕੇ ਪਰਲੇ ਵਿਹੜੇ ਦਾ ਉਜਾਗਰ ਮੇਰੇ ਕੋਲ ਆ ਗਿਆ। ਮੇਰੀ ਉਦਾਸੀ ਦਾ ਸਬੱਬ ਪੁੱਛਣ ’ਤੇ ਉਹਨੇ ਮੇਰੇ ਮੋਢੇ ’ਤੇ ਹੱਥ ਰੱਖਕੇ ਕਿਹਾ, “ਮੇਰਾ ਪਲਿਆ ਪਲਾਇਆ 16 ਸਾਲਾਂ ਦਾ ਮੁੰਡਾ ਮੈਂ ਤੇਰੀ ਝੋਲੀ ਪਾਉਣ ਨੂੰ ਤਿਆਰ ਹਾਂ। ਨਾਲ ਪੰਜਾਹ ਹਜ਼ਾਰ ਰੁਪਇਆ ਵੀ ਦੇ ਦੂੰ। ਸਾਲੇ ਨੇ ਸਾਡੀ ਤਾਂ ਜੂਨ ਔਖੀ ਕਰ ਰੱਖੀ ਐ। ਨਿੱਤ ਕੋਈ ਨਾ ਕੋਈ ਉਧਮੂਲ ਖੜ੍ਹਾ ਰੱਖਦੈ। ਰੋਜ਼ ਦੋ ਤਿੰਨ ਉਲਾਂਭੇ ਆ ਜਾਂਦੇ ਨੇ। ਮੇਰੇ ਅਤੇ ਤੇਰੀ ਭਰਜਾਈ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ। ਹੁਣ ਤੋਂ ਹੀ ਨਸ਼ਿਆਂ ਵੱਲ ਵੀ ਮੂੰਹ ਮਾਰਨ ਲੱਗ ਗਿਆ। ਪੋਟਾ ਪੋਟਾ ਦੁਖੀ ਆਂ ਅਸੀਂ ...। ਅਜਿਹੀ ਔਲਾਦ ਨਾਲੋਂ ਤਾਂ ਊਂਈ ਚੰਗਾ। ਇਹੋ ਜਿਹੀ ਔਲਾਦ ਕੀ ਰਗੜ ਕੇ ਫੋੜੇ ਤੇ ਲਾਉਣੀ ਐ?” ਇਹ ਕਹਿੰਦਿਆਂ ਉਹ ਪਰਨੇ ਦੇ ਨਾਲ ਆਪਣੇ ਅੱਥਰੂ ਪੂੰਝਣ ਲੱਗ ਪਿਆ। ਮੇਰੇ ਦੋਨੋਂ ਹੱਥ ਦਿਲਾਸੇ ਲਈ ਉਹਦੇ ਮੋਢੇ ’ਤੇ ਚਲੇ ਗਏ।”
ਫਿਰ ਨਿਰੰਜਣ ਸਿੰਘ ਨੇ ਗਲਾ ਸਾਫ ਕਰਦਿਆਂ ਗੱਲ ਨੂੰ ਅਗਾਂਹ ਤੋਰਿਆ, “ਅੱਜ ਕੱਲ੍ਹ ਇਕੱਲੇ ਇਕੱਲੇ ਪੁੱਤ ਨੇ, ਚਾਰ ਖੁੱਡਾਂ ਵੇਚਕੇ ਉਨ੍ਹਾਂ ਨੇ ਵਿਦੇਸ਼ਾਂ ਨੂੰ ਜਾਣ ਦਾ ਰਾਹ ਫੜਿਆ ਹੋਇਆ ਹੈ। ਪਿੱਛੇ ਰਹਿ ਜਾਂਦੇ ਨੇ ਇਕੱਲੇ ਮਾਂ-ਬਾਪ। ਕਈ ਵਾਰੀਂ ਤਾਂ ਉਹ ਮਾਂ-ਬਾਪ ਦੇ ਗੁਜ਼ਰ ਜਾਣ ’ਤੇ ਮੋਢਾ ਦੇਣ ਲਈ ਵੀ ਨਹੀਂ ਆਉਂਦੇ, ਕਹਿ ਦਿੰਦੇ ਨੇ ਜੌਬ ਤੋਂ ਛੁੱਟੀ ਨਹੀਂ ਮਿਲਦੀ। ਫਿਰ ਕਿਸੇ ਰਿਸ਼ਤੇਦਾਰ ਨੂੰ ਸੁਨੇਹਾ ਦਿੰਦੇ ਨੇ। ਭੋਗ ਪਾ ਦਿਉ, ਖਰਚਾ ਮੈਂ ਭੇਜ ਦਿਆਂਗਾ।” ਇਹ ਕਹਿੰਦਿਆਂ ਨਿਰੰਜਣ ਸਿੰਘ ਉਦਾਸ ਹੋ ਗਿਆ। ਉਦਾਸੀ ਦਾ ਬੁੱਲਾ ਉਹਦੀ ਪਤਨੀ ਵੱਲ ਵੀ ਚਲਾ ਗਿਆ ਸੀ। ਦੋਨੋਂ ਧੀਆਂ ਹਾਲਾਂ ਸਕੂਲੋਂ ਨਹੀਂ ਸੀ ਪਰਤੀਆਂ। ਉਸਨੇ ਮਿਥ ਲਿਆ ਸੀ ਕਿ ਆਪਣੀ ਪਤਨੀ ਦੇ ਮਨ ਅੰਦਰ ਪੁੱਤਰ ਪ੍ਰਾਪਤੀ ਦੇ ਝੋਰੇ ਨੂੰ ਉਹ ਅੱਜ ਦੂਰ ਕਰਕੇ ਹੀ ਰਹੇਗਾ। ਉਸਨੇ ਗੰਭੀਰ ਹੋ ਕੇ ਪਤਨੀ ਵੱਲ ਵਿਹੰਦਿਆਂ ਕਿਹਾ, “ਹਾਲਾਂ ਕੁਝ ਦਿਨ ਪਹਿਲਾਂ ਹੀ ਇਕਲੌਤਾ ਪੁੱਤ ਆਪਣੀ ਮਾਂ ਦੀਆਂ ਹੱਡੀਆਂ ਪਸਲੀਆਂ ਤੋੜਕੇ ਉਸ ਨੂੰ ਗਠੜੀ ਵਿੱਚ ਬੰਨ੍ਹ ਕੇ ਨਹਿਰ ਵਿੱਚ ਸੁੱਟਣ ਜਾ ਰਿਹਾ ਸੀ, ਪੰਚਾਇਤ ਮੈਂਬਰ ਨੂੰ ਪਤਾ ਲੱਗ ਗਿਆ। ਉਸਨੇ ਥਾਣੇ ਇਤਲਾਹ ਦਿੱਤੀ। ਪੁਲਿਸ ਨੇ ਉਸ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ। ਬਜ਼ੁਰਗ ਮਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ, ਉਹ ਜ਼ਿੰਦਗੀ ਮੌਤ ਦੀ ਜੰਗ ਲੜ ਰਹੀ ਐ।”
“ਡੁੱਬ ਜਾਣੇ ਨੇ ਜਨਮਦਾਤੀ ਨਾਲ ਅਜਿਹਾ ਜ਼ੁਲਮ ਕਿਉਂ ਕੀਤਾ?”
“ਇਸ ਲਈ ਕਿ ਉਹ ਉਸ ਨੂੰ ਨਸ਼ੇ ਕਰਨ ਤੋਂ ਵਰਜਦੀ ਸੀ ਅਤੇ ਪੁੱਤ ਰੋਜ਼ ਦੀ ਟੋਕਾਟਾਕੀ ਤੋਂ ਤੰਗ ਆ ਗਿਆ ਸੀ।”
‘ਵਾਹਗੁਰੂ ਵਾਹਗੁਰੂ’ ਕਹਿੰਦਿਆਂ ਪ੍ਰੀਤਮ ਕੌਰ ਨੇ ਉੱਪਰ ਵੱਲ ਹੱਥ ਜੋੜ ਦਿੱਤੇ।
“ਹੁਣ ਤਾਂ ਜ਼ਮਾਨੇ ਨੂੰ ਉਂਈ ਅੱਗ ਲੱਗੀ ਪਈ ਐ। ਬਾਪ ਦਵਾਈ ਲਈ ਡੁਚਕਦੈ। ਪੁੱਤ ਨੂੰ ਤਰਲੇ ਨਾਲ ਦਵਾਈ ਲਿਆਉਣ ਲਈ ਕਹਿੰਦੈ। ਪਰ ਭਲਾ ਉਹਦੇ ਕੋਲ ਵਿਹਲ ਕਿੱਥੇ। ਹਾਂ, ਪਿੱਛੋਂ ਬੁੜ੍ਹੇ ਦੇ ਭੋਗ ’ਤੇ ਆਪਣੀ ਬੱਲ੍ਹੇ ਬੱਲ੍ਹੇ ਕਰਵਾਉਣ ਲਈ ਹਜ਼ਾਰਾਂ ਰੁਪਏ ਖਰਚ ਕਰ ਦੇਵੇਗਾ। ਸ਼ਰਧਾਂਜਲੀਆਂ ਸਮੇਂ ਬੁਲਾਰੇ ਗੁਜ਼ਰਨ ਵਾਲੇ ਬਜ਼ੁਰਗ ਦਾ ਮਾੜਾ ਮੋਟਾ ਅਫਸੋਸ ਕਰਕੇ ਪੁੱਤ ਦਾ ਗੁਣਗਾਣ ਕਰਦਿਆਂ ਉਸ ਨੂੰ ਸਰਵਣ ਪੁੱਤ ਕਹਿਣ ਵਿੱਚ ਕੋਈ ਕਸਰ ਨਹੀਂ ਛੱਡਦੇ।”
ਕੁਝ ਪਲਾਂ ਦੀ ਖਾਮੋਸ਼ੀ ਤੋਂ ਬਾਅਦ ਨਿਰੰਜਣ ਸਿੰਘ ਨੇ ਪਤਨੀ ਨੂੰ ਮੁਖਾਤਿਬ ਹੁੰਦਿਆਂ ਰਾਮ ਕਹਾਣੀ ਨੂੰ ਅਗਾਂਹ ਤੋਰਦਿਆਂ ਕਿਹਾ, “ਰਾਇਮੰਡ ਕੱਪੜੇ ਦਾ ਵੱਡਾ ਵਿਉਪਾਰੀ, ਜਿਸਨੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਆਪਣਾ ਹਵਾਈ ਜਹਾਜ਼ ਰੱਖਿਆ ਹੋਇਆ ਸੀ, ਇਸ ਵੇਲੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਉਸਦੇ ਪੁੱਤ ਨੇ ਸਾਰੀ ਜਾਇਦਾਦ ’ਤੇ ਕਬਜ਼ਾ ਕਰਕੇ ਬਾਪ ਨੂੰ ਘਰੋਂ ਕੱਢ ਦਿੱਤਾ ਹੈ। ਇਸ ਤਰ੍ਹਾਂ ਹੀ ਹਾਈ ਕੋਰਟ ਦੇ ਰਿਟਾਇਰਡ ਚੀਫ ਜਸਟਿਸ ਨੇ ਆਪਣੇ ਇਕਲੌਤੇ ਪੁੱਤ ਦੀਆਂ ਕਮੀਨੀਆਂ ਹਰਕਤਾਂ ਤੋਂ ਦੁਖੀ ਹੋ ਕੇ ਹਾਈਕੋਰਟ ਵਿੱਚ ਆਪਣੀ ਅਤੇ ਪਤਨੀ ਦੀ ਰੱਖਿਆ ਲਈ ਅਪੀਲ ਕੀਤੀ ਸੀ। ਇਹੋ ਜਿਹੇ ਵਿਅਕਤੀ ਤਾਂ ਦੁਹਾਈ ਪਾ ਕੇ ਕਹਿੰਦੇ ਨੇ ਕਿ ਅਸੀਂ ਅਜਿਹੀ ਔਲਾਦ ਨਾਲੋਂ ਔਂਤ ਹੀ ਚੰਗੇ ਸੀ।”
ਹੁਣ ਪ੍ਰਤਮ ਕੌਰ ਚੁੱਪ ਕਰ ਗਈ। ਉਸਨੇ ਇਹ ਦ੍ਰਿੜ੍ਹ ਸੰਕਲਪ ਕਰ ਲਿਆ ਕਿ ਉਹ ਮੁੜਕੇ ਪੁੱਤਰ ਪ੍ਰਾਪਤੀ ਵਾਲਾ ਜ਼ਿਕਰ ਨਹੀਂ ਕਰੇਗੀ।
ਦੋਨੋਂ ਲੜਕੀਆਂ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਮੋਹਰੀ ਭੂਮਿਕਾ ਨਿਭਾਉਂਦੀਆਂ ਸਨ। ਪੌੜੀ ਦਰ ਪੌੜੀ ਚੜ੍ਹਦਿਆਂ ਉਨ੍ਹਾਂ ਦੋਨਾਂ ਨੇ ਅੱਗੜ-ਪਿੱਛੜ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ।
ਧੀਆਂ ਦੀ ਇੱਛਾ ਅਨੁਸਾਰ ਉਨ੍ਹਾਂ ਨੂੰ ਉਚੇਰੀ ਪੜ੍ਹਾਈ ਲਈ ਕਾਲਜ ਦਾਖਲ ਕਰਵਾ ਦਿੱਤਾ ਗਿਆ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਾਰਨ ਦੋਨੋਂ ਭੈਣਾਂ ਬੀ.ਐੱਡ ਕਰਨ ਉਪਰੰਤ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਲੱਗ ਗਈਆਂ। ਘਰ ਦੀਆਂ ਜ਼ਿੰਮੇਵਾਰੀਆਂ, ਮਾਪਿਆਂ ਦੀ ਸੰਭਾਲ ਅਤੇ ਪਰਿਵਾਰ ਦੀ ਇੱਜ਼ਤ ਨੂੰ ਬਚਾਈ ਰੱਖਣ ਵਿੱਚ ਵੀ ਉਹ ਕੋਈ ਕਸਰ ਨਹੀਂ ਸੀ ਛੱਡਦੀਆਂ। ਹੁਣ ਤਾਂ ਮਾਂ ਵੀ ਕਹਿਣ ਲੱਗ ਪਈ ਸੀ ਕਿ ਸਾਡੀਆਂ ਧੀਆਂ ਤਾਂ ਪੁੱਤਾਂ ਨਾਲੋਂ ਵੀ ਦੋ ਕਦਮ ਅੱਗੇ ਨੇ। ਯੋਗ ਸਮਾਂ ਆਉਣ ’ਤੇ ਦੋਨਾਂ ਧੀਆਂ ਦੇ ਚੰਗੇ ਵਰ੍ਹ ਲੱਭ ਕੇ ਵਿਆਹ ਵੀ ਕਰ ਦਿੱਤਾ। ਡੋਲੀ ਚੜ੍ਹਨ ਵੇਲੇ ਭੁੱਬੀਂ ਰੋਂਦੀਆਂ ਧੀਆਂ ਨੇ ਮਾਂ-ਬਾਪ ਦੇ ਗਲ ਲੱਗਦਿਆਂ ਗੱਚ ਭਰ ਕੇ ਕਿਹਾ, “ਕਦੇ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਨਾ ਕਰਨਾ, ਤੁਹਾਡੇ ਲੱਗਿਆ ਕੰਡਾ ਵੀ ਸਾਨੂੰ ਪੀੜ ਦੇਵੇਗਾ। ਤੁਹਾਡੀ ਦਿੱਤੀ ਸਿੱਖਿਆ ’ਤੇ ਪੂਰੀ ਤਰ੍ਹਾਂ ਅਮਲ ਕਰਨਾ ਸਾਡਾ ਫਰਜ਼ ਹੈ। ਜਦੋਂ ਵੀ ਲੋੜ ਪਈ, ਤੁਹਾਡੇ ਅੱਧੇ ਬੋਲ ’ਤੇ ਭੱਜੀਆਂ ਆਵਾਂਗੀਆਂ।”
ਦੋਨੋਂ ਭੈਣਾਂ ਆਪਣੇ ਆਪਣੇ ਸਹੁਰੇ ਘਰ ਰੰਗੀ ਵਸਦੀਆਂ ਸਨ। ਇੱਕ ਦਿਨ ਦੋਨਾਂ ਧੀਆਂ ਨੂੰ ਉਨ੍ਹਾਂ ਦੀ ਮਾਂ ਦਾ ਸੁਨੇਹਾ ਮਿਲਿਆ, “ਥੋਡਾ ਡੈਡੀ ਖਾਸਾ ਢਿੱਲੈ, ਖਾਧਾ ਪੀਤਾ ਹਜ਼ਮ ਵੀ ਨਹੀਂ ਹੁੰਦਾ। ਚੱਜ ਨਾਲ ਰੋਟੀ ਵੀ ਨਹੀਂ ਖਾਂਦੈ।”
ਦੋਨੋਂ ਧੀਆਂ ਸੁਣਕੇ ਭੱਜੀਆਂ ਆਈਆਂ। ਡਾਕਟਰਾਂ ਤੋਂ ਚੈੱਕਅਪ ਕਰਵਾਇਆ। ਦੱਸੇ ਟੈੱਸਟ ਕਰਵਾਏ। ਉਦੋਂ ਉਹ ਅੰਤਾਂ ਦੀਆਂ ਮਾਯੂਸ ਹੋ ਗਈਆਂ ਜਦੋਂ ਡਾਕਟਰ ਨੇ ਦੱਸਿਆ ਕਿ ਉਸਦੀਆਂ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਨੇ। ਇੱਕ ਕਿਡਨੀ ਬਦਲਣ ਲਈ ਕਿਸੇ ਹੋਰ ਦੀ ਕਿਡਨੀ ਲਾਉਣੀ ਪਵੇਗੀ। ਭਾਰੀ ਖਰਚ ਸੰਬੰਧੀ ਵੀ ਦੱਸ ਦਿੱਤਾ। ਦੋਨੋਂ ਭੈਣਾਂ ਆਪਣੇ ਬਾਬਲ ਦੀ ਜ਼ਿੰਦਗੀ ਦੇ ਖਤਰੇ ਨੂੰ ਭਾਂਪਦਿਆਂ ਇੱਕ ਵਾਰ ਤਾਂ ਸੁੰਨ ਹੋ ਗਈਆਂ। ਅੱਥਰੂਆਂ ਭਿੱਜੀ ਅਵਾਜ਼ ਵਿੱਚ ਧੀਆਂ ਨੇ ਆਪਣੇ ਪਤੀਆਂ ਅਤੇ ਸਹੁਰੇ ਪਰਿਵਾਰਾਂ ਨੂੰ ਦੱਸਿਆ। ਦੋਨਾਂ ਦੇ ਪਤੀ ਵੀ ਹਸਪਤਾਲ ਪੁੱਜ ਗਏ। ਦੋਨਾਂ ਨੇ ਆਪਣੇ ਆਪਣੇ ਪਤੀਆਂ ਨੂੰ ਖੂਨ ਦੇ ਅੱਥਰੂ ਕੇਰਦਿਆਂ ਕਿਹਾ, “ਸਾਡਾ ਬਾਬਲ ਸਾਡਾ ਜੀਵਨ ਹੈ। ਸਾਡੇ ਲਈ ਆਪਣੀ ਜ਼ਿੰਦਗੀ ਵਾਰ ਕੇ ਵੀ ਇਨ੍ਹਾਂ ਨੂੰ ਬਚਾਉਣਾ ਸ਼ੁਭ ਕਰਮ ਹੋਵੇਗਾ। ਅਸੀਂ ਇਨ੍ਹਾਂ ਬਿਨਾਂ …।”
ਦੋਨਾਂ ਦੇ ਪਤੀਆਂ ਨੇ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਕਿਹਾ, “ਇਸ ਦੁੱਖ ਦੀ ਘੜੀ ਵਿੱਚ ਅਸੀਂ ਤੁਹਾਡੇ ਨਾਲ ਚਟਾਨ ਵਾਂਗ ਖੜ੍ਹੇ ਹਾਂ।”
ਫਿਰ ਧੀਆਂ ਨੇ ਤੁਰੰਤ ਫੈਸਲਾ ਲੈਂਦਿਆਂ ਕਿਹਾ, “ਸਾਡੇ ਵਿੱਚੋਂ ਇੱਕ ਆਪਣੀ ਕਿਡਨੀ ਦਾਨ ਕਰੇਗੀ ਅਤੇ ਦੂਜੀ ਇਲਾਜ ਦਾ ਸਾਰਾ ਖਰਚਾ ਆਪਣੇ ਸਿਰ ਲਵੇਗੀ।”
ਵੱਡੀ ਧੀ ਨੇ ਆਪਣੀ ਛੋਟੀ ਭੈਣ ਦਾ ਹੱਥ ਘੁੱਟ ਕੇ ਫੜਦਿਆਂ ਕਿਹਾ, “ਮੈਂ ਤੈਥੋਂ ਵੱਡੀ ਹਾਂ, ਬਾਬਲ ਨੂੰ ਕਿਡਨੀ ਦਾਨ ਦੇਣੀ ਮੇਰਾ ਫਰਜ਼ ਹੈ।”
ਇਸ ਫੈਸਲੇ ਉੱਤੇ ਸਹੁਰੇ ਪਰਿਵਾਰ ਅਤੇ ਪਤੀਆਂ ਦੀ ਮੋਹਰ ਲੱਗ ਗਈ। ਮਾਂ ਨੂੰ ਪਤਾ ਲੱਗਣ ’ਤੇ ਉਸਨੇ ਡਾਢੇ ਹੀ ਮੋਹ ਨਾਲ ਆਪਣੀਆਂ ਧੀਆਂ ਵੱਲ ਵੇਖਿਆ।
ਇਲਾਜ ਸ਼ੁਰੂ ਹੋ ਗਿਆ। ਦੋਨਾਂ ਦੇ ਲੋੜੀਂਦੇ ਸਾਰੇ ਟੈੱਸਟ ਕੀਤੇ ਗਏ। ਸਾਰੇ ਟੈਸਟਾਂ ਤੋਂ ਬਾਅਦ ਲੜਕੀ ਕਿਡਨੀ ਦੇਣ ਦੇ ਯੋਗ ਪਾਈ ਗਈ। ਨਿਸ਼ਚਿਤ ਦਿਨ ਅਪ੍ਰੇਸ਼ਨ ਹੋਇਆ। ਅਪ੍ਰੇਸ਼ਨ ਥੀਏਟਰ ਤੋਂ ਬਾਹਰ ਮਾਂ, ਧੀ, ਜਵਾਈ ਅਤੇ ਹੋਰ ਰਿਸ਼ਤੇਦਾਰ ਕਾਲਜੇ ਤੇ ਹੱਥ ਧਰਕੇ ਅਪ੍ਰੇਸ਼ਨ ਕਾਮਯਾਬ ਹੋਣ ਦੀ ਦੁਆ ਕਰ ਰਹੇ ਸਨ। ਕਈ ਘੰਟਿਆਂ ਦੇ ਅਪ੍ਰੇਸ਼ਨ ਤੋਂ ਬਾਅਦ ਡਾਕਟਰਾਂ ਵੱਲੋਂ ‘ਅਪ੍ਰੇਸ਼ਨ ਕਾਮਯਾਬ’ ਦਾ ਸੁਨੇਹਾ ਮਿਲਣ ’ਤੇ ਸਾਰਿਆਂ ਦੇ ਚਿਹਰਿਆਂ ਉੱਤੇ ਮੁਸਕਰਾਹਟ ਅਠਖੇਲੀਆਂ ਕਰ ਰਹੀ ਸੀ।
ਤਿੰਨ ਕੁ ਮਹੀਨੇ ਉਹ ਹਸਪਤਾਲ ਵਿੱਚ ਰਹੇ। ਫਿਰ ਇੱਕ ਦਿਨ ਮਾਂ ਨੇ ਘਰ ਦੇ ਮੈਂਬਰਾਂ ਕੋਲ ਪ੍ਰਗਟਾਵਾ ਕੀਤਾ ਕਿ ਨਾਲ ਵਾਲੇ ਕਮਰੇ ਵਿੱਚ ਚੰਗੇ ਖਾਂਦੇ ਪੀਂਦੇ ਘਰ ਦਾ 60 ਕੁ ਵਰ੍ਹਿਆਂ ਦਾ ਵਿਅਕਤੀ ਦੋਨੋਂ ਕਿਡਨੀਆਂ ਖਰਾਬ ਹੋਣ ਕਾਰਨ ਦਾਖਲ ਹੈ। ਦੋਂਹ ਪੁੱਤਾਂ ਦਾ ਬਾਪ ਹੈ ਉਹ। ਉਨ੍ਹਾਂ ਵਿੱਚੋਂ ਇੱਕ ਵਿਆਹਿਆ ਹੋਇਆ ਹੈ। ਡਾਕਟਰ ਨੇ ਦੋਨਾਂ ਪੁੱਤਾਂ ਨੂੰ ਆਪਣੇ ਬਾਪ ਲਈ ਕਿਡਨੀ ਦਾ ਪ੍ਰਬੰਧ ਕਰਨ ਲਈ ਕਿਹਾ। ਦੋਨੋਂ ਭਰਾ ਜਦੋਂ ਆਪਸ ਵਿੱਚ ਇਸ ਸੰਬੰਧੀ ਸਲਾਹ ਮਸ਼ਵਰਾ ਕਰਨ ਲੱਗੇ ਤਾਂ ਵੱਡੇ ਦੀ ਘਰ ਵਾਲੀ ਨੇ ਕੁਰਖ਼ਤ ਜਿਹੀ ਭਾਸ਼ਾ ਵਿੱਚ ਆਪਣੇ ਦਿਉਰ ਨੂੰ ਕਿਹਾ, “ਮੇਰਾ ਘਰ ਵਾਲਾ ਤਾਂ ਕਿਡਨੀ ਕਢਵਾਉਂਦਾ ਨਹੀਂ, ਜੇ ਅਪ੍ਰੇਸ਼ਨ ਸਮੇਂ ਇਹਨੂੰ ਕੁਝ ਹੋ ਗਿਆ ਤਾਂ ਮੈਂ ਸਾਰੀ ਉਮਰ ਰੰਡੇਪਾ ਕਿਵੇਂ ਕੱਟੂੰ? ਛੋਟਿਆ, ਤੂੰ ਹਾਲੇ ਕੁਆਰਾ ਹੈਂ। ਇਹ ਕੰਮ ਤੂੰ ਕਰ। - ਅੱਗਿਉਂ ਛੋਟਾ ਬਿਫ਼ਰ ਕੇ ਬੋਲਿਆ - ਸਾਰਾ ਪੈਸਾ ਟਕਾ ਤਾਂ ਤੁਸੀਂ ਸਾਂਭਦੇ ਰਹੇ ਹੋਂ, ਹੁਣ ਲੋੜ ਵੇਲੇ ਮੋਕ ਮਾਰਨ ਲੱਗ ਗਏ। ਜੇ ਕਿਡਨੀ ਦੇਣ ਨਾਲ ਵੱਡੇ ਨੂੰ ਕੁਝ ਹੋ ਸਕਦਾ ਹੈ, ਤਾਂ ਮੈਨੂੰ ਕਿਉਂ ਨਹੀਂ? ਜੇ ਅਪ੍ਰੇਸ਼ਨ ਠੀਕ ਵੀ ਹੋ ਗਿਆ ਫਿਰ ਇੱਕ ਕਿਡਨੀ ਕਰਕੇ ਮੈਨੂੰ ਤਾਂ ਸਾਕ ਵੀ ਨਹੀਂ ਹੋਣਾ। ਮੇਰਾ ਕੋਰਾ ਜਵਾਬ ਐ। - ਇੰਜ ਦੋਨਾਂ ਨੇ ਹੀ ਕਿਡਨੀ ਦੇਣ ਤੋਂ ਜਵਾਬ ਦੇ ਦਿੱਤਾ ਅਤੇ ਉਨ੍ਹਾਂ ਦਾ ਬਾਪ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।”
ਫਿਰ ਜਿਸ ਦਿਨ ਧੀਆਂ ਦੇ ਬਾਬਲ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਹਸਪਤਾਲ ਵਿੱਚੋਂ ਛੁੱਟੀ ਮਿਲੀ, ਉਸੇ ਦਿਨ ਦੋਨਾਂ ਪੁੱਤਾਂ ਦਾ ਬਾਪ ਪੁੱਤਾਂ ਦੀ ਖੁਦਗਰਜ਼ੀ, ਅਕ੍ਰਿਤਘਣਤਾ ਅਤੇ ਪਾਣੀਉਂ ਪਤਲੇ ਰਿਸ਼ਤੇ ਦੀ ਮਾਰ ਦਾ ਸ਼ਿਕਾਰ ਹੋ ਕੇ ਦਮ ਤੋੜ ਗਿਆ।
ਹਸਪਤਾਲ ਦੇ ਇੱਕ ਗੇਟ ਰਾਹੀਂ ਧੀਆਂ ਆਪਣੇ ਤੰਦਰੁਸਤ ਹੋਏ ਬਾਬਲ ਨੂੰ ‘ਜ਼ਿੰਦਗੀ ਜ਼ਿੰਦਾਬਾਦ’ ਕਹਿੰਦਿਆਂ ਘਰ ਲੈ ਕੇ ਜਾ ਰਹੀਆਂ ਸਨ। ਸੁਹਾਗਣ ਮਾਂ ਡਾਢੇ ਹੀ ਮੋਹ ਨਾਲ ਆਪਣੀਆਂ ਪੁੱਤਾਂ ਨਾਲੋਂ ਪਿਆਰੀਆਂ ਧੀਆਂ ਵੱਲ ਵੇਖ ਰਹੀ ਸੀ। ਦੂਜੇ ਗੇਟ ਰਾਹੀਂ ਦੋਂਹ ਪੁੱਤਾਂ ਦੇ ਬਾਪ ਦੀ ਅਰਥੀ ਦੇ ਨਾਲ ਰਿਸ਼ਤਿਆਂ ਦਾ ਜਨਾਜ਼ਾ ਵੀ ਨਿਕਲ ਰਿਹਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4780)
(ਸਰੋਕਾਰ ਨਾਲ ਸੰਪਰਕ ਲਈ: (