MohanSharma8ਪਿਛਲੇ ਦਿਨੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੰਧੇਰ ਕਲਾਂ ਵਿੱਚ ਇੱਕ ਬਾਪ ਦਾ ਇਕਲੌਤਾ ਪੁੱਤ ਗੁਆਂਢ ਵਿੱਚ ਵਿਆਹ ...
(30 ਨਵੰਬਰ 2023)
ਇਸ ਸਮੇਂ ਪਾਠਕ: 185.


ਪੰਜਾਬ ਦੇ ਮਰਹੂਮ ਵਿਦਵਾਨ ਲੇਖਕ ਜਸਵੰਤ ਸਿੰਘ ਕੰਵਲ ਨੇ ਪ੍ਰਾਂਤ ਦੀ ਦੁਖਦੀ ਰਗ਼ ’ਤੇ ਹੱਥ ਧਰਦਿਆਂ ਲਿਖਿਆ ਸੀ
, “ਪੰਜਾਬ ਨੂੰ ਗੋਡਿਆਂ ਭਾਰ ਨੇਜ਼ਿਆਂ ਜਾਂ ਤਲਵਾਰਾਂ ਨੇ ਨਹੀਂ ਕੀਤਾ, ਸਗੋਂ ਢਾਈ ਤਿੰਨ ਇੰਚ ਦੀਆਂ ਸਰਿੰਜਾਂ ਅਤੇ ਸ਼ਰਾਬ ਦੀਆਂ ਬੋਤਲਾਂ ਨੇ ਕੀਤਾ ਹੈ।” ਸੱਚਮੁੱਚ ਸ਼ਰਾਬ ਦੇ ਵਗਦੇ ਦਰਿਆ ਕਾਰਨ ਜਿੱਥੇ ਜਵਾਨੀ ਦਿਸ਼ਾਹੀਣ, ਮਨੋਰਥਹੀਣ ਅਤੇ ਮੰਤਵਹੀਣ ਹੋਈ ਗਈ ਹੈ, ਉੱਥੇ ਹੀ ਪ੍ਰਾਂਤ ਦੇ ਪਛੜੇਪਣ, ਵਿਕਾਸ ਦੀ ਖੜੋਤ ਅਤੇ ਸਿਰਜਣਾਤਮਕ ਸ਼ਕਤੀ ਦੀਆਂ ਪੁਲਾਂਘਾ ਨੂੰ ਜੂੜ ਪੈਣ ਕਾਰਨ ਘਰਾਂ ਦੀ ਬਰਕਤ ਗੁੰਮ ਹੋਣ ਦੇ ਨਾਲ ਨਾਲ ਠੰਢੇ ਚੁੱਲ੍ਹਿਆਂ ਉੱਤੇ ਘਾਹ ਉੱਗਿਆ ਆਇਆ ਹੈ। ਬਜ਼ੁਰਗ ਮਾਂ-ਬਾਪ, ਪਤਨੀਆਂ ਅਤੇ ਵਿਲਕਦੇ ਬੱਚੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। ਇੱਥੇ ਹੀ ਬੱਸ ਨਹੀਂ, 60% ਦੁਰਘਟਨਾਵਾਂ, 90% ਤੇਜ਼ਧਾਰ ਹਥਿਆਰਾਂ ਨਾਲ ਹਮਲੇ, 69% ਬਲਾਤਕਾਰ, 80% ਦੁਸ਼ਮਣੀ ਕੱਢਣ ਵਾਲੇ ਹਮਲੇ ਵੀ ਸ਼ਰਾਬੀ ਹਾਲਤ ਵਿੱਚ ਹੀ ਕੀਤੇ ਜਾਂਦੇ ਹਨ। ਅਜਿਹੀਆਂ ਵਾਰਦਾਤਾਂ ਕਾਰਨ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਹੈ, ਉੱਥੇ ਹੀ ਜੁਰਮਾਂ ਦੇ ਰੇਖਾਚਿੱਤਰ ਵਿੱਚ ਵਾਧਾ ਹੋਣ ਕਾਰਨ ਵੱਖ ਵੱਖ ਜੁਰਮਾਂ ਨਾਲ ਥਾਣੇ ਦਾ ਰੋਜ਼ਨਾਮਚਾ ਵੀ ਭਰਿਆ ਜਾ ਰਿਹਾ ਹੈ। ਇੰਜ ਪੰਜਾਬ ਇਸ ਵੇਲੇ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸ਼ਰਾਬ ਦੇ ਪ੍ਰਕੋਪ ਕਾਰਨ ਹਰ ਪਿੰਡ ਵਿੱਚ ਅੰਦਾਜ਼ਨ 16 ਵਿਧਵਾਵਾਂ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਹਰ ਰੋਜ਼ ਅੰਦਾਜ਼ਨ 18 ਤਲਾਕ ਦੇ ਮੁਕੱਦਮੇ ਅਦਾਲਤਾਂ ਵਿੱਚ ਦਰਜ਼ ਹੋ ਰਹੇ ਹਨ। ਪੀੜਤ ਔਰਤਾਂ ਨਸ਼ਈ ਪਤੀ ਦੀਆਂ ਹਰਕਤਾਂ ਤੋਂ ਪੋਟਾ ਪੋਟਾ ਦੁਖੀ ਹੋ ਕੇ ਅਲੱਗ ਰਹਿਣ ਦਾ ਫੈਸਲਾ ਬੇਵਸੀ ਦੀ ਹਾਲਤ ਵਿੱਚ ਕਰ ਰਹੀਆਂ ਹਨ।

ਪਿਛਲੇ ਦਿਨੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੰਧੇਰ ਕਲਾਂ ਵਿੱਚ ਇੱਕ ਬਾਪ ਦਾ ਇਕਲੌਤਾ ਪੁੱਤ ਗੁਆਂਢ ਵਿੱਚ ਵਿਆਹ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਚਲਾ ਗਿਆ। ਦੇਰ ਰਾਤ ਤਕ ਜਦੋਂ ਉਹ ਨਾ ਪਰਤਿਆ ਤਾਂ ਬਾਪ ਨੇ ਉਸ ਨੂੰ ਘਰ ਆਉਣ ਲਈ ਕਈ ਟੈਲੀਫੋਨ ਕੀਤੇ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਜਦੋਂ ਪੁੱਤ ਘਰ ਪੁੱਜਿਆ ਤਾਂ ਲੋਹਾ-ਲਾਖਾ ਹੋ ਕੇ ਮਾਂ-ਬਾਪ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਥੋੜ੍ਹੀ ਮੋਟੀ ਕਹੀ ਸੁਣੀ ਤੋਂ ਬਾਅਦ ਲੋਹੇ ਦੀ ਰਾਡ ਨਾਲ ਮਾਂ-ਬਾਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਿਤੇ ਮਾਂ ਦਾ ਕਤਲ, ਕਿਤੇ ਪਤਨੀ ਦਾ ਕਤਲ, ਕਿਤੇ ਮਾਸੂਮ ਬੱਚਿਆਂ ਦੇ ਕਤਲ ਉਪਰੰਤ ਸ਼ਰਾਬੀ ਵੱਲੋਂ ਆਪਣੀ ਜੀਵਨ-ਲੀਲਾ ਵੀ ਸਮਾਪਤ ਕਰ ਲੈਣੀ, ਅਜਿਹੇ ਦਰਦਨਾਕ ਕਿੱਸੇ ਹਰ ਰੋਜ਼ ਸੁਣਨ ਨੂੰ ਮਿਲਦੇ ਹਨ। ਦਰਅਸਲ ਨਸ਼ਈ ਸਰੀਰਕ, ਮਾਨਸਿਕ ਅਤੇ ਬੌਧਿਕ ਕੰਗਾਲੀ ਭੋਗਦਿਆਂ ਚੰਗਾ ਪੁੱਤ, ਚੰਗਾ ਪਤੀ, ਚੰਗਾ ਬਾਪ ਅਤੇ ਚੰਗਾ ਨਾਗਰਿਕ ਬਣਨ ਦੇ ਯੋਗ ਨਹੀਂ ਹੁੰਦਾ।

ਪਿਛਲੇ ਡੇਢ ਦਹਾਕੇ ਵਿੱਚ ਬੀਅਰ ਦੀ ਖਪਤ ਵਿੱਚ 209%, ਅੰਗਰੇਜ਼ੀ ਸ਼ਰਾਬ ਵਿੱਚ 131% ਅਤੇ ਦੇਸੀ ਸ਼ਰਾਬ ਦੀ ਖਪਤ ਵਿੱਚ 127%ਦਾ ਵਾਧਾ ਹੋਣਾ ਗੰਭੀਰ ਚਿੰਤਾਜਨਕ ਵਿਸ਼ਾ ਹੈ। ਪੰਜਾਬ ਦੀਆਂ 16 ਸ਼ਰਬਾ ਦੀਆਂ ਫੈਕਟਰੀਆਂ ਰਾਹੀਂ ਰੋਜ਼ਾਨਾ ਤੇਈ ਲੱਖ ਨੱਬੇ ਹਜ਼ਾਰ ਲੀਟਰ ਸ਼ਰਾਬ ਦਾ ਉਤਪਾਦਨ ਹੋ ਰਿਹਾ ਹੈ। ਪੰਜਾਬ ਦੇ 12673 ਪਿੰਡਾਂ ਵਿੱਚ ਕੋਈ ਵੀ ਅਜਿਹਾ ਪਿੰਡ ਨਹੀਂ ਜਿੱਥੇ ਸ਼ਰਾਬ ਨੇ ਭਾਣਾ ਨਾ ਵਰਤਾਇਆ ਹੋਵੇ। ਇੱਕ ਸਰਵੇਖਣ ਅਨੁਸਾਰ ਚਾਰ ਹਜ਼ਾਰ ਦੀ ਅਬਾਦੀ ਵਾਲੇ ਪਿੰਡ ਵਿੱਚ ਹਰ ਰੋਜ਼ ਪਿੰਡ ਦੇ ਲੋਕ ਅੰਦਾਜ਼ਨ 30 ਹਜ਼ਾਰ ਦੀ ਸ਼ਰਾਬ ਡਕਾਰ ਜਾਂਦੇ ਹਨ। ਮਹੀਨੇ ਦਾ 9 ਲੱਖ ਅਤੇ ਸਾਲ ਦਾ ਇੱਕ ਕਰੋੜ ਤੋਂ ਜ਼ਿਆਦਾ ਇੱਕ ਪਿੰਡ ਦੇ ਲੋਕਾਂ ਦਾ ਸ਼ਰਾਬ ਦੇ ਲੇਖੇ ਲੱਗ ਜਾਂਦਾ ਹੈ। ਹਰ ਰੋਜ਼ ਅੰਦਾਜ਼ਨ 5.20 ਲੱਖ ਸ਼ਰਾਬ ਦੇ ਢੱਕਣ ਖੁੱਲ੍ਹਦੇ ਹਨ। ਪੰਜਾਬ ਸਰਕਾਰ ਵੱਲੋਂ 41 ਕਰੋੜ ਤੋਂ ਵੀ ਜ਼ਿਆਦਾ ਸ਼ਰਾਬ ਦੀਆਂ ਬੋਤਲਾਂ ਪੰਜਾਬੀਆਂ ਨੂੰ ਪਰੋਸ ਕੇ 9754 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਮਿਥਿਆ ਗਿਆ ਹੈ। ਦੂਸਰੇ ਸ਼ਬਦਾਂ ਵਿੱਚ ਪੰਜਾਬੀਆਂ ਨੂੰ ਖੁੰਘਲ਼ ਕਰਕੇ, ਉਨ੍ਹਾਂ ਨੂੰ ਕਮਲੇ ਬੌਲੇ ਕਰਕੇ ਇਕੱਠੇ ਕੀਤੇ ਪੈਸਿਆਂ ਨਾਲ ਪੰਜਾਬ ਦਾ ਸਰਬਪੱਖੀ ਵਿਕਾਸ਼ ਕਰਨ ਦੀ ਯੋਜਨਾ ਹੈ। ਮਾਣਤਾ ਪ੍ਰਾਪਤ ਸ਼ਰਾਬ ਦੇ ਠੇਕਿਆਂ ਤੋਂ 41 ਕਰੋੜ ਤੋਂ ਜ਼ਿਆਦਾ ਸ਼ਰਾਬ ਦੀਆਂ ਜਿਹੜੀਆਂ ਬੋਤਲਾਂ ਪੰਜਾਬੀਆਂ ਨੂੰ ਪਰੋਸੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਜੇਕਰ 12 ਹਜ਼ਾਰ ਲੀਟਰ ਦੀ ਕਪੈਸਿਟੀ ਵਾਲੇ ਟੈਂਕਰਾਂ ਵਿੱਚ ਪਾਇਆ ਜਾਵੇ ਤਾਂ 15291 ਟੈਂਕਰਾਂ ਵਿੱਚ ਇਹ ਸ਼ਰਾਬ ਭਰੀ ਜਾਵੇਗੀ ਅਤੇ ਜੇਕਰ ਇਨ੍ਹਾਂ ਟੈਂਕਰਾਂ ਨੂੰ ਇੱਕ ਕਤਾਰ ਵਿੱਚ ਖੜ੍ਹਾ ਕੀਤਾ ਜਾਵੇ ਤਾਂ 152 ਕਿਲੋਮੀਟਰ ਲੰਬੀ ਲਾਈਨ ਲੱਗ ਜਾਵੇਗੀਜੇਕਰ ਇਨ੍ਹਾਂ ਟੈਕਰਾਂ ਵਿਚਲੀ ਸ਼ਰਾਬ ਡੋਲ੍ਹ ਦਿੱਤੀ ਜਾਵੇ ਤਾਂ ਪੰਜਾਬ ਵਿੱਚ ਚਾਰੇ ਪਾਸੇ ਸ਼ਰਾਬ ਦਾ ਛੇਵਾਂ ਦਰਿਆ ਵਗਦਾ ਨਜ਼ਰ ਆਵੇਗਾ। ਸਥਿਤੀ ਸੱਚਮੁੱਚ ਇਸ ਤਰ੍ਹਾਂ ਦੀ ਬਣੀ ਹੋਈ ਹੈ:

ਪਿੰਡਾਂ ਵਿੱਚ ਰਹੇ ਨਾ ਏਕੇ।
ਥਾਂ-ਥਾਂ ਗਲੀ ਗਲੀ ਵਿੱਚ ਠੇਕੇ।
ਬੰਦਾ ਜਿਹੜੇ ਪਾਸੇ ਵੇਖੇ
,
ਰੰਗ ਗੁਲਾਬੀ ਹੁੰਦਾ ਹੈ।
ਹੁਣ ਤਾਂ ਆਥਣ ਵੇਲੇ
,
ਸਾਰਾ ਪਿੰਡ ਸ਼ਰਾਬੀ ਹੁੰਦਾ ਹੈ।

ਸ਼ਰਾਬ ਕਾਰਨ ਪੰਜਾਬੀਆਂ ਦੀ ਹੋ ਰਹੀ ਬਰਬਾਦੀ ਨੂੰ ਮੁੱਖ ਰੱਖਦਿਆਂ ਸੰਗਰੂਰ ਦੀਆਂ ਤਿੰਨ ਸਮਾਜਿਕ ਜਥੇਬੰਦੀਆਂ, ਸਾਇੰਟੀਫਿਕ ਅਵੇਅਰਨੈਸ ਐਂਡ ਸੋਸ਼ਲ ਵੈੱਲਫੇਅਰ ਫੋਰਮ, ਬਿਰਧ ਆਸ਼ਰਮ ਸੰਗਰੂਰ ਅਤੇ ਬਿਰਧ ਆਸ਼ਰਮ ਬਡਰੁੱਖਾਂ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40ਏ ਦਾ ਸਹਾਰਾ ਲਿਆ। ਇਸ ਧਾਰਾ ਅਧੀਨ ਜੇਕਰ ਪਿੰਡ ਦੀ ਪੰਚਾਇਤ 2/3 ਬਹੁਮਤ ਨਾਲ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾ ਖੋਲ੍ਹਣ ਦਾ ਮਤਾ ਪਾ ਦੇਵੇ ਤਾਂ ਉਸ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੁਲ੍ਹੇਗਾ। ਇਨ੍ਹਾਂ ਉੱਦਮੀ ਸੰਸਥਾਵਾਂ ਨੇ ਪੰਜਾਬ ਦੀਆਂ ਪੰਚਾਇਤਾਂ ਨੂੰ ਜਾਗਰੂਕ ਕਰਕੇ 422 ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਵਿੱਚ ਇੱਕ ਵਾਰ ਤਾਂ ਸਫਲਤਾ ਪ੍ਰਾਪਤ ਕੀਤੀ, ਪਰ ਬਾਹੂਬਲ, ਸਰਕਾਰੀ ਤੰਤਰ ਵੱਲੋਂ ਇਸ ਮੁਹਿੰਮ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਅਤੇ ਸ਼ਰਾਬ ਦੇ ਠੇਕੇ ਜਿਨ੍ਹਾਂ ਪਿੰਡਾਂ ਵਿੱਚ ਬੰਦ ਹੋਏ, ਉਨ੍ਹਾਂ ਪਿੰਡਾਂ ਵਿੱਚ ਨਜਾਇਜ਼ ਸ਼ਰਾਬ ਦੀ ਸਪਲਾਈ ਵਧ ਜਾਣ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ। ਇੰਜ ਹੀ ਅਰਾਈਵ ਸੇਫ ਸੰਸਥਾ ਨੈਸ਼ਨਲ ਅਤੇ ਸਟੇਟ ਹਾਈਵੇ ਉੱਤੇ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਸਬੰਧੀ ਪਾਬੰਦੀ ਲਗਵਾਉਣ ਵਿੱਚ ਕਾਮਯਾਬ ਹੋਈ। ਹਾਈਕੋਰਟ ਵੱਲੋਂ ਪਾਬੰਦੀ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕਈ ਥਾਵਾਂ ਉੱਤੇ ਕਾਨੂੰਨ ਵਿੱਚ ਚੋਰ ਮੋਰੀ ਰੱਖਦਿਆਂ ਸਟੇਟ ਹਾਈਵੇ ਉੱਤੇ ਸ਼ਰਾਬ ਦੇ ਅਹਾਤੇ ਅੱਗੇ ਕਰ ਦਿੱਤੇ ਅਤੇ ਸ਼ਰਾਬ ਦੇ ਠੇਕੇ ਅਹਾਤੇ ਦੇ ਪਿਛਲੇ ਪਾਸੇ ਖੁੱਲ੍ਹੇ ਰੱਖਣ ਦਾ ਸਿਲਸਿਲਾ ਜਾਰੀ ਰੱਖੀਆਂ। ਸੰਸਥਾ ਨੇ ਇਸ ਸਬੰਧ ਵਿੱਚ ਜਦੋਂ ਦੂਜੀ ਵਾਰ ਹਾਈਕੋਰਟ ਦਾ ਸਹਾਰਾ ਲਿਆ ਤਾਂ ਪੰਜਾਬ ਸਰਕਾਰ ਵੱਲੋਂ ਦਲੀਲ ਦਿੱਤੀ ਗਈ ਕਿ ਸ਼ਰਾਬ ਦੇ ਠੇਕਿਆਂ ਤੋਂ ਪ੍ਰਾਪਤ ਮਾਲੀਏ ਰਾਹੀਂ ਪ੍ਰਾਂਤ ਦਾ ਵਿਕਾਸ ਕੀਤਾ ਜਾਂਦਾ ਹੈ। ਹਾਈਕੋਰਟ ਵੱਲੋਂ ਉਸ ਸਮੇਂ ਇਨ੍ਹਾਂ ਸ਼ਬਦਾਂ ਰਾਹੀਂ ਸਰਕਾਰ ਦੀ ਦਲੀਲ ’ਤੇ ਸਖ਼ਤ ਟਿੱਪਣੀ ਕੀਤੀ ਗਈ ਸੀ, “ਜੇਕਰ ਸਰਕਾਰ ਨੂੰ ਮਾਲੀਏ ਦਾ ਐਨਾ ਹੀ ਫਿਕਰ ਹੈ, ਫਿਰ ਤਾਂ ਸਕੱਤਰੇਤ ਵਿੱਚ ਵੀ ਠੇਕਾ ਖੋਲ੍ਹ ਲਵੋ।”

ਸ਼ਰਾਬ ਦੀ ਦੋ ਨੰਬਰ ਦੀ ਕਮਾਈ ਰਾਹੀਂ ਰਾਜਸੀ ਆਗੂਆਂ, ਸਰਮਾਏਦਾਰੀ ਨਿਵਾਸ ਅਤੇ ਬਾਹੂਬਲਾਂ ਨੇ ਖੂਬ ਹੱਥ ਰੰਗੇ ਹਨ। ਮਈ 2020 ਵਿੱਚ ਸ਼ੰਭੂ ਬਾਰਡਰ ਦੇ ਨੇੜਿਉਂ ਫੜੀ ਨਜਾਇਜ਼ ਫੈਕਟਰੀ ਵਿੱਚੋਂ 2680 ਸ਼ਰਾਬ ਦੀਆਂ ਪੇਟੀਆਂ ਦੀ ਬਰਾਮਦਗੀ, ਖੰਨਾ ਲਾਗਿਉਂ ਫੜੀਆਂ 2200 ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਅਤੇ ਅਜਿਹੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਤਰਨਤਾਰਨ ਇਲਾਕੇ ਵਿੱਚ 125 ਹੋਈਆਂ ਮੌਤਾਂ ਨੇ ਭਾਵੇਂ ਇੱਕ ਵਾਰ ਪੰਜਾਬ ਵਿੱਚ ਤਰਥੱਲੀ ਮਚਾ ਦਿੱਤੀ ਸੀ। ਲੋਕਾਂ ਵੱਲੋਂ ਸੱਥਰ ਵਿਛਾਉਣ ਵਾਲਿਆਂ ਉੱਤੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਸਿਆਸੀ ਲਾਰਿਆਂ ਅਤੇ ਵਾਅਦਿਆਂ ਨਾਲ ਦਬਾ ਦਿੱਤੀ ਗਈ। ਹਾਲਾਂਕਿ 9.3.21 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਹਿਰੀਲੀ ਸ਼ਰਾਬ ਵੇਚਣ ਦੇ ਮਾਮਲੇ ਵਿੱਚ ਮੁਜਰਿਮਾਂ ਵੱਲੋਂ ਮੰਗੀ ਜ਼ਮਾਨਤ ਨੂੰ ਖਾਰਿਜ ਕਰਦਿਆਂ ਕਿਹਾ ਸੀ ਕਿ ਅਜਿਹੇ ਲੋਕਾਂ ਨੂੰ ਰਿਹਾਅ ਕਰਨ ਨਾਲ ਸਮਾਜ ਵਿੱਚ ਅਨਾਥਾਂ ਅਤੇ ਵਿਧਵਾਵਾਂ ਦੀ ਗਿਣਤੀ ਹੋਰ ਵਧੇਗੀ।

ਇਸ ਵੇਲੇ ਗੁਜਰਾਤ, ਮਣੀਪੁਰ, ਮਿਜ਼ੋਰਮ, ਬਿਹਾਰ, ਨਾਗਾਲੈਂਡ, ਕੇਂਦਰ ਸ਼ਾਸਤ ਪ੍ਰਦੇਸ਼, ਲਕਸ਼ਦੀਪ ਵਿੱਚ ਪੂਰਨ ਸ਼ਰਾਬਬੰਦੀ ਹੈ, ਪਰ ਦੂਜੇ ਪਾਸੇ ਪੰਜਾਬ ਵਿੱਚ ਸ਼ਰਾਬ ਦੀ ਖਪਤ ਦੇਸ਼ ਦੀ ਔਸਤ ਤੋਂ ਡੇਢ ਗੁਣਾਂ ਵੱਧ ਹੈ ਅਤੇ ਇਸਦੇ ਮਾਰੂ ਅਤੇ ਖਤਰਨਾਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਸ਼ਰਾਬ ਕਾਰਨ ਸਾਡੀ ਬੌਧਿਕ ਜ਼ਮੀਨ ਬੰਜਰ ਹੋ ਰਹੀ ਹੈ। ਹੁਣ ਵੱਧ ਤੋਂ ਵੱਧ ਸ਼ਰਾਬ ਦੇ ਠੇਕੇ ਖੋਲ੍ਹਣ ਉਪਰੰਤ ਨਸ਼ਾ ਛੁਡਾਊ ਕੇਂਦਰਾਂ ਦਾ ਉਦਘਾਟਨ ਕਰਨਾ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4513)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author