“ਕਾਹਦੇ ਹਾਲ ਨੇ ਜੀ, ਬੁਰੇ ਹਾਲ, ਬੌਂਕੇ ਦਿਹਾੜੇ। ਮੈਂ ਨਸ਼ੇ ਨੂੰ ਛੱਡਣਾ ਚਾਹੁੰਨਾ, ਪਰ ਨਸ਼ਾ ...”
(12 ਅਕਤੂਬਰ 2025)
ਅੱਜ ਦੀ ਖਬਰ:
ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿੱਚ ਡਾਕ ਚੋਰੀ ਕਰਨ ਵਾਲੇ 8 ਚੋਰ ਫੜੇ ਗਏ
ਇਨ੍ਹਾਂ ਚੋਰਾਂ ਦੀ ਉਮਰ 21 ਅਤੇ 29 ਸਾਲ ਦੇ ਵਿਚਕਾਰ ਹੈ। ਇਨ੍ਹਾਂ ਦੇ ਘਰਾਂ ਵਿੱਚੋਂ ਲੋਕਾਂ ਦੇ ਡਾਕ ਬਕਸਿਆਂ ਵਿੱਚੋਂ ਚੋਰੀ ਕੀਤੀਆਂ ਚਾਰ ਲੱਖ ਡਾਲਰ ਦੀਆਂ 465 ਚੀਜ਼ਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਕਰੈਡਿਟ ਕਾਰਡ, ਗਿਫਟ ਕਾਰਡ, ਚੈੱਕ, ਸ਼ਨਾਖਤੀ ਕਾਰਡ ਸ਼ਾਮਲ ਹਨ। ਜਿਨ੍ਹਾਂ ਉੱਤੇ ਚੋਰੀ ਕਰਨ ਦੇ ਦੋਸ਼ ਲੱਗੇ ਹਨ, ਉਨ੍ਹਾਂ ਦੇ ਨਾਮ ਹਨ:
ਸੁੰਮਨਪ੍ਰੀਤ ਸਿੰਘ।
ਗੁਰਦੀਪ ਚੱਠਾ।
ਜਸ਼ਨਦੀਪ ਜਟਾਣਾ।
ਹਰਮਨ ਸਿੰਘ।
ਜਸ਼ਨਪ੍ਰੀਤ ਸਿੰਘ
ਮਨਰੂਪ ਸਿੰਘ।
ਰਾਜਬੀਰ ਸਿੰਘ।
ਉਪਿੰਦਰਜੀਤ ਸਿੰਘ।
* * *
“ਅਸੀਂ ਤਾਂ ਮੱਥਾ ਟੇਕਣ ਚੱਲੇ ਆਂ ...”
ਉਹ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧਸ ਗਿਆ ਸੀ। ਨਸ਼ੇ ਦੀ ਪੂਰਤੀ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤਦਾ ਸੀ ਉਹ। ਪਹਿਲਾਂ ਘਰੋਂ ਚੋਰੀਆਂ ਅਤੇ ਫਿਰ ਜਿੱਥੇ ਵੀ ਦਾਅ ਲੱਗਦਾ, ਉਹ ਚੋਰੀ ਕਰਕੇ ਨਸ਼ੇ ਦਾ ਝੱਸ ਪੂਰਾ ਕਰਦਾ ਸੀ। ਉਸ ਨੂੰ ਨਸ਼ਾ ਮੁਕਤ ਕਰਨ ਲਈ ਘਰਦਿਆਂ ਨੇ ਪੂਰੀ ਵਾਹ ਲਾਈ, ਕਈ ਡਾਕਟਰਾਂ ਤੋਂ ਦਵਾਈ ਵੀ ਲਈ, ਪਰ ਨਸ਼ੇ ਨੇ ਉਸ ਦੀ ਮਾਨਸਿਕ ਸਥਿਤੀ ਇਸ ਤਰ੍ਹਾਂ ਦੀ ਕਰ ਦਿੱਤੀ ਸੀ ਕਿ ਉਸ ਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਉਹ ਨਸ਼ਾ ਨਹੀਂ ਛੱਡ ਸਕਦਾ। ਦਿਨ-ਬ-ਦਿਨ ਹੱਡੀਆਂ ਦੀ ਮੁੱਠ ਬਣੇ ਇਕਲੌਤੇ ਪੁੱਤ ਨੂੰ ਵੇਖ ਕੇ ਮਾਪੇ ਝੁਰਦੇ ਰਹਿੰਦੇ। ਕਈ ਵਾਰ ਤਾਂ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮਾਪੇ ਬਾਹਰ ਸੜਕ ’ਤੇ ਡਿੱਗੇ ਪਏ ਨੂੰ ਚੁੱਕ ਕੇ ਲਿਆਉਂਦੇ ਸਨ। ਘਰ ਦੀ ਹਾਲਤ ਕੱਖੋਂ ਹੌਲੀ ਹੋ ਗਈ ਸੀ। ਬਾਪ ਦਾ ਨਿਕਲਿਆ ਕੁੱਬ ਉਸ ਦੀ ਡਾਵਾਂ ਡੋਲ ਸਥਿਤੀ ਦਾ ਪ੍ਰਗਟਾਵਾ ਸੀ। ਚਿੰਤਾ ਵਿੱਚ ਮਾਂ ਦੇ ਚਿਹਰੇ ਦੀਆਂ ਝੁਰੜੀਆਂ ਵਿੱਚ ਵੀ ਵਾਧਾ ਹੋ ਗਿਆ ਸੀ। ਜਦੋਂ ਘਰ ਦਾ ਬੂਹਾ ਖੜਕਦਾ ਤਾਂ ਉਹਨਾਂ ਨੂੰ ਕੰਬਣੀ ਜਿਹੀ ਛਿੜ ਜਾਂਦੀ। “ਜਾਂ ਤਾਂ ਮੁੰਡੇ ਦਾ ਕੋਈ ਕੁਲਹਿਣਾ ਸੁਨੇਹਾ ਲੈ ਕੇ ਆਇਆ ਹੋਣਾ ਜਾਂ ਫਿਰ ਕੋਈ ਮੁੰਡੇ ਦੀ ਕਰਤੂਤ ਕਾਰਨ ਉਲਾਂਭਾ ਲੈ ਕੇ ਆਇਆ ਹੋਣੈ।” ਇੰਜ ਬੂਹੇ ਦੀ ਦਸਤਕ ਵੀ ਬਜ਼ੁਰਗ ਮਾਂ ਬਾਪ ਨੂੰ ਡੰਗ ਜਿਹਾ ਮਾਰਦੀ ਲੱਗਦੀ।
ਫਿਰ ਇੱਕ ਦਿਨ ਉਹਨਾਂ ਨੂੰ ਇੱਕ ਸਿਆਣੇ ਮਨੋਵਿਗਿਆਨੀ ਡਾਕਟਰ ਦੀ ਦੱਸ ਪਈ। ਦੱਸਣ ਵਾਲੇ ਨੇ ਉਹਨਾਂ ਨੂੰ ਹੌਸਲਾ ਦਿੰਦਿਆਂ ਕਿਹਾ, “ਕੇਰਾਂ ਤੁਸੀਂ ਉਹਦੇ ਕੋਲ ਲੈ ਕੇ ਜਾਵੋ, ਮੁੰਡੇ ਨੇ ਅੱਧਾ ਠੀਕ ਤਾਂ ਉਹਦੇ ਸਮਝਾਉਣ ਨਾਲ ਹੀ ਹੋ ਜਾਣੈ, ਦਵਾਈ ਦਾ ਵੀ ਕੋਈ ਪੈਸਾ ਨਹੀਂ ਲੈਂਦਾ। ਮੇਰੇ ਕਹੇ ਤੋਂ ਕੇਰਾਂ ਤੁਸੀਂ ਉਹਦੇ ਲੜ ਲੱਗੋ। ਮੁੰਡਾ ਸਹੀ ਰਾਹ ’ਤੇ ਆ ਜਾਊਗਾ।" ਕਹਿਣ ਵਾਲੇ ਨੇ ਉਨ੍ਹਾਂ ਦੀ ਡਾਕਟਰ ਨਾਲ ਗੱਲਬਾਤ ਵੀ ਕਰਵਾ ਦਿੱਤੀ, ਮੁੰਡੇ ਦੀ ਨਸ਼ਿਆਂ ਸਬੰਧੀ ਸਥਿਤੀ ਅਤੇ ਘਰ ਦੀ ਡਾਵਾਂਡੋਲ ਹਾਲਤ ਸਬੰਧੀ ਡਾਕਟਰ ਨੂੰ ਵੀ ਦੱਸ ਦਿੱਤਾ। ਡਾਕਟਰ ਨੇ ਧੀਰਜ ਨਾਲ ਗੱਲ ਸੁਣਨ ਤੋਂ ਬਾਅਦ ਉਹਨਾਂ ਨੂੰ ਅਗਲੇ ਦਿਨ ਆਉਣ ਲਈ ਕਹਿ ਦਿੱਤਾ।
ਨਿਸ਼ਚਤ ਸਮੇਂ ’ਤੇ ਉਹ ਨਸ਼ੇੜੀ ਮੁੰਡੇ ਨੂੰ ਨਾਲ ਲੈ ਕੇ ਡਾਕਟਰ ਕੋਲ ਪੁੱਜ ਗਏ। ਡਾਕਟਰ ਨੇ ਪਹਿਲਾਂ ਮਾਪਿਆਂ ਤੋਂ ਮੁੰਡੇ ਦੀ ਸਾਰੀ ਸਥਿਤੀ ਸਬੰਧੀ ਪੁੱਛਿਆ ਅਤੇ ਫਿਰ ਉਹਨਾਂ ਨੂੰ ਹੌਸਲਾ ਦਿੰਦਿਆਂ ਕਿਹਾ, “ਵੇਖੋ, ਨਸ਼ਾ ਛਡਵਾਉਣ ਲਈ ਆਪਾਂ ਤਿੰਨ ਧਿਰਾਂ ਹਾਂ। ਇੱਕ ਤੁਸੀਂ, ਇੱਕ ਮੈਂ ਅਤੇ ਇੱਕ ਤੁਹਾਡਾ ਨਸ਼ੱਈ ਪੁੱਤ। ਜਦੋਂ ਤਿੰਨਾਂ ਦਾ ਆਪਸ ਵਿੱਚ ਵਧੀਆ ਤਾਲਮੇਲ ਹੋ ਗਿਆ ਤਾਂ ਮੁੰਡਾ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਜਾਵੇਗਾ।”
ਫਿਰ ਡਾਕਟਰ ਨੇ ਮਾਪਿਆਂ ਨੂੰ ਦੂਜੇ ਕਮਰੇ ਵਿੱਚ ਬਿਠਾ ਕੇ ਨਸ਼ਈ ਮਰੀਜ਼ ਨੂੰ ਆਪਣੇ ਕੋਲ ਬੁਲਾ ਲਿਆ। ਬੜੇ ਪਿਆਰ ਨਾਲ ਉਸਦੇ ਮੋਢੇ ’ਤੇ ਹੱਥ ਰੱਖ ਕੇ ਉਸ ਦਾ ਹਾਲ ਚਾਲ ਪੁੱਛਿਆ। ਮੁੰਡੇ ਨੇ ਭਰੇ ਮਨ ਨਾਲ ਦੱਸਿਆ, “ਕਾਹਦੇ ਹਾਲ ਨੇ ਜੀ, ਬੁਰੇ ਹਾਲ, ਬੌਂਕੇ ਦਿਹਾੜੇ। ਮੈਂ ਨਸ਼ੇ ਨੂੰ ਛੱਡਣਾ ਚਾਹੁੰਨਾ, ਪਰ ਨਸ਼ਾ ਮੈਨੂੰ ਨਹੀਂ ਛੱਡਦਾ। ਸੰਗੀ ਸਾਥੀ ਵੀ ਇਹੋ ਜਿਹੇ ਹੀ ਨੇ। ਉਹ ਨਹੀਂ ਚਾਹੁੰਦੇ ਕਿ ਮੈਂ ਉਹਨਾਂ ਦੀ ਢਾਣੀ ਦਾ ਸਾਥ ਛੱਡਾਂ। ਨਸ਼ਾ ਵੀ ਸਾਡੇ ਪਿੰਡ ਰਿਉੜੀਆਂ ਦੀ ਤਰ੍ਹਾਂ ਵਿਕਦੈ। ਪੈਸੇ ਲੈ ਕੇ ਘਰੇ ਹੀ ਚਿੱਟੇ ਦੀਆਂ ਪੁੜੀਆਂ ਫੜਾ ਦਿੰਦੇ ਨੇ।”
ਨਸ਼ੱਈ ਮੁੰਡੇ ਦੀ ਪਹਿਲੀ ਗੱਲ ਤੋਂ ਹੀ ਡਾਕਟਰ ਨੇ ਉਸ ਦੀ ਮਾਨਸਿਕ ਸਥਿਤੀ ਨੂੰ ਭਾਂਪ ਲਿਆ। ਫਿਰ ਪਿਆਰ ਨਾਲ ਉਸਦਾ ਘੁੱਟ ਕੇ ਹੱਥ ਫੜਦਿਆਂ ਕਿਹਾ, “ਇੰਜ ਦੱਸ ਕਾਕਾ, ਕੀ ਤੂੰ ਆਪਣੇ ਮਾਂ ਬਾਪ ਦਾ ਚੰਗਾ ਪੁੱਤ ਬਣ ਸਕਿਆ ਹੈਂ”
ਮੁੰਡੇ ਨੇ ਨਿਰਾਸ਼ਤਾ ਵਿੱਚ ਸਿਰ ਹਿਲਾ ਦਿੱਤਾ। ਡਾਕਟਰ ਨੇ ਉਸ ਨੂੰ ਫਿਰ ਹਲੂਣ ਕੇ ਪੁੱਛਿਆ, “ਕੀ ਤੁਹਾਡੇ ਰਿਸ਼ਤੇਦਾਰ ਤੈਨੂੰ ਚੰਗਾ ਸਮਝਦੇ ਨੇ?”
ਮੁੰਡੇ ਨੇ ਫਿਰ ਉਦਾਸ ਲਹਿਜੇ ਵਿੱਚ ਕਿਹਾ, “ਕਾਹਨੂੰ ਜੀ, ਮੇਰੇ ਕਰਕੇ ਤਾਂ ਸਾਡੇ ਰਿਸ਼ਤੇਦਾਰ ਵੀ ਆਉਣੋ ਹਟ ਗਏ। ਕੋਈ ਰਿਸ਼ਤੇਦਾਰ ਮੈਨੂੰ ਮੂੰਹ ਨਹੀਂ ਲਾਉਂਦਾ।”
ਡਾਕਟਰ ਨੇ ਉਸਦੀ ਦੁਖਦੀ ਰਾਗ ਨੂੰ ਛੇੜਦਿਆਂ ਕਿਹਾ, “ਕਿਸੇ ਮਹਾਂਪੁਰਸ਼ ਦੇ ਬੋਲ ਨੇ ਕਿ ਛੋਟਾ ਹੁੰਦਿਆਂ ਤੂੰ ਆਪਣੇ ਮਾਂ ਬਾਪ ਦਾ ਬਿਸਤਰਾ ਗਿੱਲਾ ਕਰਦਾ ਸੀ, ਹੁਣ ਤੂੰ ਵੱਡਾ ਹੋ ਗਿਆ ਹੈ, ਕੋਈ ਅਜਿਹਾ ਕਰਮ ਨਾ ਕਰ, ਜਿਸ ਨਾਲ ਮਾਂ ਬਾਪ ਦੀਆਂ ਅੱਖਾਂ ਗਿੱਲੀਆਂ ਹੋ ਜਾਣ। ਸੱਚ ਦੱਸੀਂ, ਤੂੰ ਆਪਣੇ ਮਾਂ ਬਾਪ ਨੂੰ ਕਿੰਨਾ ਕੁ ਰੁਵਾਇਆ ਐ?”
ਮੁੰਡੇ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਹਿ ਤੁਰ। ਉਸਨੇ ਡੁਸਕਦੀ ਆਵਾਜ਼ ਵਿੱਚ ਕਿਹਾ, "ਮੈਂ ਬਹੁਤ ਦੁੱਖ ਦਿੱਤੇ ਨੇ ਜੀ ਉਹਨਾਂ ਨੂੰ। ਕਈ ਵਾਰ ਨਸ਼ੇ ਲਈ ਪੈਸੇ ਨਾ ਦੇਣ ’ਤੇ ਮੈਂ ਉਹਨਾਂ ’ਤੇ ਹੱਥ ਵੀ ਚੁੱਕਿਐ।”
ਨਸ਼ੇੜੀ ਮੁੰਡੇ ਦੀਆਂ ਅੱਖਾਂ ਵਿੱਚ ਵਹਿੰਦੇ ਅੱਥਰੂ ਅਤੇ ਪਛਤਾਵੇ ਦੇ ਬੋਲਾਂ ਨੂੰ ਡਾਕਟਰ ਨੇ ਨਸ਼ਾ ਛੱਡਣ ਲਈ ਇੱਕ ਆਸ਼ਾਵਾਦੀ ਚਿੰਨ੍ਹ ਮੰਨਿਆ। ਫਿਰ ਮੁੰਡੇ ਨੇ ਤਰਲਾ ਜਿਹਾ ਕਰਦਿਆਂ ਨਿਮਰਤਾ ਨਾਲ ਕਿਹਾ, “ਮੈਂ ਜੀ ਇਸ ਖਲਜਗਣ 'ਚੋਂ ਨਿਕਲਣਾ ਚਾਹੁੰਦਾ ਹਾਂ, ਤੁਸੀਂ ਬਚਾ ਲਓ ਮੈਨੂੰ।”
ਮੁੰਡੇ ਨੂੰ ਨਾਲ ਵਾਲੇ ਕਮਰੇ ਵਿੱਚ ਭੇਜ ਕੇ ਮਾਂ ਬਾਪ ਨੂੰ ਲਾਗੇ ਬਿਠਾ ਕੇ ਪੁੱਛਿਆ, “ਤੁਹਾਡਾ ਇਹ ਲੜਕਾ ਕਿਸੇ ਹੋਰ ਰਿਸ਼ਤੇਦਾਰ ਦਾ ਡਰ ਮੰਨਦਾ?” ਮਾਂ ਨੇ ਗੰਭੀਰ ਹੋ ਕੇ ਕਿਹਾ, “ਇਹ ਜੀ ਆਪਣੇ ਮਾਮੇ ਤੋਂ ਡਰਦੈ। ਉਹਦੇ ਮੋਹਰੇ ਨਹੀਂ ਕੁਸਕਦਾ।”
“ਬੱਸ, ਤੁਸੀਂ ਇੰਜ ਕਰੋ, ਇੱਕ ਹਫਤੇ ਲਈ ਮੁੰਡੇ ਦੇ ਮਾਮੇ ਨੂੰ ਆਪਣੇ ਕੋਲ ਬੁਲਾ ਲਵੋ। ਇਹਨੂੰ ਬਾਹਰ ਨਹੀਂ ਜਾਣ ਦੇਣਾ। ਜੇ ਕੋਈ ਨਸ਼ੇੜੀ ਤੁਹਾਡੇ ਘਰ ਆਵੇ ਤਾਂ ਉਹਨੂੰ ਘੂਰ ਕੇ ਮੋੜ ਦੇਣਾ। ਹਫਤੇ ਦੀ ਮੁੰਡੇ ਨੂੰ ਦਵਾਈ ਦੇ ਰਿਹਾਂ। ਮੁੰਡੇ ਦੀ ਹਾਲਤ ਸਬੰਧੀ ਮੈਨੂੰ ਦੱਸਦੇ ਰਹਿਣਾ। ਮੈਂ ਆਪ ਵੀ ਤੁਹਾਡੇ ਨਾਲ ਤਾਲਮੇਲ ਰੱਖਾਂਗਾ।”
ਫਿਰ ਡਾਕਟਰ ਨੇ ਮੁੰਡੇ ਨੂੰ ਬੁਲਾ ਕੇ ਉਸ ਕੋਲੋਂ ਮੋਬਾਈਲ ਲੈਂਦਿਆਂ ਨੇ ਕਿਹਾ, “ਤੇਰੀ ਇਹ ਇਮਾਨਤ ਮੇਰੇ ਕੋਲ ਪਈ ਹੈ। ਅਗਲੇ ਹਫਤੇ ਜਦੋਂ ਦਵਾਈ ਲੈਣ ਆਇਆ ਤਾਂ ਦੇ ਦੇਵਾਂਗਾ।” ਮੁੰਡੇ ਨੇ ਮੋਬਾਈਲ ਫੜਾਉਂਦਿਆਂ ਕੋਈ ਹੀਲ -ਹੁੱਜਤ ਨਾ ਕੀਤੀ।
ਦਵਾਈ ਲੈਣ ਉਪਰੰਤ ਬਜ਼ੁਰਗ ਨੇ ਫੀਸ ਦੇਣ ਲਈ ਜਦੋਂ ਜੇਬ ਵਿੱਚੋਂ ਪੈਸੇ ਕੱਢੇ ਤਾਂ ਡਾਕਟਰ ਨੇ ਹੱਥ ਜੋੜਦਿਆਂ ਕਿਹਾ, “ਬੱਸ ਕਰੋ, ਮੈਂ ਕੋਈ ਫੀਸ ਨਹੀਂ ਲੈਣੀ। ਤੁਹਾਨੂੰ ਤਾਂ ਪਹਿਲਾਂ ਹੀ ਮੁੰਡੇ ਨੇ ਖੁੰਘਲ਼ ਕਰ ਦਿੱਤਾ ਹੈ। ਬੱਸ, ਹਫਤੇ ਬਾਅਦ ਆਉਣ ਤੋਂ ਘੌਲ ਨਹੀਂ ਕਰਨੀ।”
ਅਸੀਸਾਂ ਦਾ ਮੀਂਹ ਵਰ੍ਹਾਉਂਦੇ ਬਜ਼ੁਰਗ ਮਾਂ ਬਾਪ ਪਰਤ ਗਏ। ਚੌਥੇ ਕੁ ਦਿਨ ਬਜ਼ੁਰਗ ਬਾਪ ਦਾ ਟੈਲੀਫੋਨ ਆਇਆ। ਉਹਨੇ ਉਤਸ਼ਾਹ ਭਰੇ ਬੋਲਾਂ ਨਾਲ ਕਿਹਾ, “ਮੁੰਡੇ ਦਾ ਮਾਮਾ ਆ ਗਿਆ ਜੀ ਸਾਡੇ ਕੋਲ। ਉਹ ਪਰਛਾਵੇਂ ਵਾਂਗ ਆਪਣੇ ਭਾਣਜੇ ਦੇ ਨਾਲ ਰਹਿੰਦੈ। ਦੋਂਹ ਤਿੰਨਾਂ ਨਸ਼ੇੜੀ ਮੁੰਡਿਆਂ ਨੇ ਜਦੋਂ ਬੂਹਾ ਖੜਕਾਇਆ ਤਾਂ ਉਸਦੇ ਮਾਮੇ ਨੇ ਉਹਨਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਮੁੜ ਕੇ ਇੱਧਰ ਨਹੀਂ ਆਉਣਾ। ਨਹੀਂ ਫਿਰ ...। ਉਹ ਨਸ਼ੜੀ ਮੁੰਡੇ ਮੁੜ ਕੇ ਨਹੀਂ ਆਏ। ਦਵਾਈ ਨਾਲ ਕੁਝ ਸੂਤ ਐ। ਤੋੜ ਲੱਗੀ ਸੀ ਉਹਨੂੰ, ਉਹਦੇ ਮਾਮੇ ਅਤੇ ਮਾਂ ਨੇ ਉਹਦੀ ਮਾਲਿਸ਼ ਕਰ ਦਿੱਤੀ ਸੀ। ਤਿੰਨ ਕੁ ਦਿਨ ਦੀ ਦਵਾਈ ਰਹਿ ਗਈ, ਅਸੀਂ ਫਿਰ ਆਵਾਂਗੇ ਜੀ।”
ਹਫਤੇ ਬਾਅਦ ਨਸ਼ਾ ਮੁਕਤ ਹੋ ਰਿਹਾ ਨੌਜਵਾਨ, ਉਸਦਾ ਬਾਪੂ ਅਤੇ ਮਾਮਾ ਜਦੋਂ ਡਾਕਟਰ ਕੋਲ ਆਉਣ ਲਈ ਬੱਸ ਦੀ ਉਡੀਕ ਕਰ ਰਹੇ ਸਨ ਤਾਂ ਪਿੰਡ ਦੇ ਇੱਕ ਵਿਅਕਤੀ ਨੇ ਉਨਾਂ ਕੋਲੋ ਸਰਸਰੀ ਪੁੱਛ ਲਿਆ, “ਕਿੱਧਰ ਦੀ ਤਿਆਰੀ ਹੈ?”
ਇਸ ਤੋਂ ਪਹਿਲਾਂ ਕਿ ਬਜ਼ੁਰਗ ਕੁਝ ਕਹਿੰਦਾ, ਮੁੰਡੇ ਨੇ ਉਤਸ਼ਾਹ ਅਤੇ ਸਤਿਕਾਰ ਨਾਲ ਕਿਹਾ, "ਅਸੀਂ ਤਾਂ ਮੱਥਾ ਟੇਕਣ ਚੱਲੇ ਆਂ ਇੱਕ ਭਲੇ ਪੁਰਸ਼ ਨੂੰ ...।"
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (