“ਆਲੇ ਦੁਆਲੇ ਦੇ ਪਿੰਡਾਂ ਵਿੱਚ ਲੱਭਣ ’ਤੇ ਉਹ ਨਸ਼ੇੜੀ ਇੱਕ ਪਿੰਡ ਦੀ ਇੱਕ ਗਲੀ ਵਿੱਚੋਂ ...”
(30 ਅਕਤੂਬਰ 2025)
ਬਿਨਾਂ ਸ਼ੱਕ ਨਸ਼ਿਆਂ ਦੀ ਪੂਰਤੀ ਲਈ ਨਸ਼ਈ ਹਰ ਹੀਲਾ ਵਰਤਦਾ ਹੈ। ਚੋਰੀਆਂ, ਠੱਗੀਆਂ, ਮਾਪਿਆਂ ਦੇ ਗਲ ਗੂਠਾ ਦੇ ਕੇ ਜਬਰੀ ਉਗਰਾਹੀ ਕਰਨੀ, ਪੈਸੇ ਨਾ ਮਿਲਣ ਕਾਰਨ ਮਾਂ ਬਾਪ ਦਾ ਕਤਲ ਕਰ ਦੇਣ ਜਿਹੀਆਂ ਘਿਨਾਉਣੀਆਂ ਹਰਕਤਾਂ ਨੇ ਸਮਾਜ ਨੂੰ ਕਲੰਕਤ ਕਰ ਦਿੱਤਾ ਹੈ। ਇੱਕ ਪਾਸੇ ਸਰਕਾਰ ਵੱਲੋਂ 7-8 ਤਸਕਰ ਰੋਜ਼ ਫੜਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਨਸ਼ਿਆਂ ਕਾਰਨ ਸਿਵਿਆਂ ਦੀ ਭੀੜ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਪੰਜਾਬ ਦੀ ਅਬਾਦੀ ਦੇਸ਼ ਦੀ ਕੁੱਲ ਅਬਾਦੀ ਦਾ 2.3% ਹੈ, ਪਰ ਨਾਰਕੌਟਿਕਸ ਕੰਟਰੋਲ ਬਿਊਰੋ ਦੀ ਰਿਪੋਰਟ ਅਨੁਸਾਰ ਨਸ਼ੇ ਕਾਰਨ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਦੇਸ਼ ਦੀਆਂ ਕੁੱਲ ਮੌਤਾਂ ਦਾ 21% ਇਕੱਲੇ ਪੰਜਾਬ ਵਿੱਚ ਹੀ ਹੈ। ਨਸ਼ਿਆਂ ਦੀ ਕਰੋਪੀ ਕਾਰਨ ਪੰਜਾਬ ਦੇ ਕਈ ਪਿੰਡ ਵਿਧਵਾਵਾਂ ਦੇ ਪਿੰਡ, ਕਈ ਨਸ਼ਈਆਂ ਦੇ ਪਿੰਡ, ਕਈ ਪਿੰਡ ਜਿੱਥੇ ਚਿੱਟਾ ਆਮ ਵਿਕਦਾ ਹੈ। ਕਈ ਅਜਿਹੇ ਪਿੰਡਾਂ ਦੀ ਵੱਖਰੀ ਪਛਾਣ ਬਣ ਗਈ ਹੈ ਜਿੱਥੇ ਨਸ਼ਿਆਂ ਦੀ ਮਾਰੂ ਹਨੇਰੀ ਦੇ ਅਸਰ ਕਾਰਨ ਪਿਛਲੇ ਚਾਰ ਪੰਜ ਵਰ੍ਹਿਆਂ ਤੋਂ ਕੋਈ ਨੌਜਵਾਨ ਸਿਹਰਾ ਬੰਨ੍ਹ ਕੇ ਨਹੀਂ ਢੁੱਕਿਆ। ਨਸ਼ਿਆਂ ਕਾਰਨ ਵਗਦੀ ਸੋਗੀ ਹਵਾ ਦੇ ਸੰਤਾਪ ਕਾਰਨ ਘਰਾਂ ਦੇ ਚੁੱਲ੍ਹੇ ਠੰਢੇ ਅਤੇ ਬਰਕਤ ਗੁੰਮ ਹੋ ਗਈ ਹੈ। ਪੰਜਾਬ ਦੇ ਇੱਕ ਪਿੰਡ ਵਿੱਚ ਬੜੀ ਸੋਗਮਈ ਆਵਾਜ਼ ਵਿੱਚ ਗੁਰਦੁਆਰਾ ਸਾਹਿਬ ਤੋਂ ਭਾਈ ਜੀ ਨੇ ਸਪੀਕਰ ਤੇ ਇਹ ਸੁਨੇਹਾ ਦਿੱਤਾ ਸੀ, “ਸਾਧ ਸੰਗਤ ਜੀ, ਮੈਂ ਆਲੇ ਦੁਆਲੇ ਦੇ ਪਿੰਡ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਪਿੰਡ ਦੇ ਬਹੁਤ ਸਾਰੇ ਮੁੰਡੇ ਨਸ਼ੇ ਦੀ ਮਾਰ ਵਿੱਚ ਆ ਗਏ ਹਨ। ਇਹਦੇ ਨਾਲ ਹੀ ਕਈ ਕਸੂਤੀਆਂ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਗਏ ਹਨ। ਅਸੀਂ ਉਹਨਾਂ ਦੇ ਇਲਾਜ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਥੋਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਹਾਲੇ ਸਾਡੇ ਪਿੰਡ ਕੋਈ ਕੁੜੀ ਦਾ ਰਿਸ਼ਤਾ ਕਰਨ ਨਾ ਆਵੇ।” ਸੱਚਮੁੱਚ ਇਸ ਵੇਲੇ ਸੱਥਾਂ ਸੁੰਨੀਆਂ ਅਤੇ ਲੋਕਾਂ ਦੇ ਵਿਹੜਿਆਂ ਵਿੱਚ ਸੰਨਾਟਾ ਪਸਰਿਆ ਹੋਇਆ ਹੈ।
ਇਸ ਤੋਂ ਵੀ ਵੱਡਾ ਅਤੇ ਮਾਰੂ ਦੁਖਾਂਤ ਉਦੋਂ ਸਾਹਮਣੇ ਆਇਆ ਜਦੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖਡਾਲੂ ਦੇ ਰਹਿਣ ਵਾਲੇ ਪਤੀ ਪਤਨੀ ਨੇ ਨਸ਼ਿਆਂ ਦਾ ਝਸ ਪੂਰਾ ਕਰਨ ਲਈ ਆਪਣਾ ਛੇ ਮਹੀਨਿਆਂ ਦਾ ਇਕਲੌਤਾ ਪੁੱਤ ਬੁਢਲਾਡਾ ਦੇ ਕਬਾੜੀਏ ਨੂੰ 1.80 ਲੱਖ ਵਿੱਚ ਵੇਚ ਦਿੱਤਾ। ਭਲਾ ਇਸ ਤੋਂ ਵੱਡਾ ਮਾਰੂ ਦੁਖਾਂਤ ਕੀ ਹੋਵੇਗਾ ਕਿ ਆਪਣੇ ਜਿਗਰ ਦੇ ਟੁਕੜੇ ਨੂੰ ਬਿਗਾਨੇ ਹੱਥਾਂ ਵਿੱਚ ਸੌਂਪਣ ਲਈ ਮਾਂ ਭਾਈਵਾਲ ਬਣੀ। ਇੱਕ ਪਾਸੇ ਚਿੱਟਾ ਅਤੇ ਦੂਜੇ ਪਾਸੇ ਜਿਗਰ ਦਾ ਟੁਕੜਾ। ਚਿੱਟਾ ਜਿਗਰ ਦੇ ਟੁਕੜੇ ਉੱਤੇ ਵੀ ਭਾਰੂ ਹੋ ਗਿਆ। ਪਤੀ ਪਤਨੀ ਦੋਨੋਂ ਰਲ ਕੇ ਚਿੱਟੇ ਦੇ ਟੀਕੇ ਲਾਉਂਦੇ ਰਹੇ। ਇੱਕ ਮਹੀਨਾ ਪੁਲਿਸ, ਰਿਸ਼ਤੇਦਾਰ ਅਤੇ ਸਮਾਜ ਅਵੇਸਲਾ ਰਿਹਾ। ਇਸ ਉਪਰੰਤ ਆਪਣਾ ਬੱਚਾ ਵੇਚਣ ਵਾਲੀ ਦੀ ਭੈਣ ਨੂੰ ਜਦੋਂ ਪਤਾ ਲੱਗਿਆ ਤਾਂ ਉਸਨੇ ਨੇੜੇ ਦੇ ਥਾਣੇ ਵਿੱਚ ਜਾ ਕੇ ਅਰਜ਼ੀ ਦਿੰਦਿਆਂ ਆਪਣਾ ਭਾਣਜਾ ਕਬਾੜੀਏ ਤੋਂ ਵਾਪਸ ਲੈਣ ਦੀ ਬੇਨਤੀ ਕੀਤੀ। ਇਸ ਉਪਰੰਤ ਪੁਲਿਸ ਹਰਕਤ ਵਿੱਚ ਆ ਗਈ। ਪੁਲਿਸ ਵੱਲੋਂ ਪਤੀ-ਪਤਨੀ, ਖਰੀਦਣ ਵਾਲੇ ਕਬਾੜੀਏ ਅਤੇ ਉਸਦੀ ਪਤਨੀ ’ਤੇ ਮੁਕੱਦਮਾ ਦਰਜ ਕਰਕੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਛੇ ਮਹੀਨਿਆਂ ਦੇ ਬੱਚੇ ਨੂੰ ਜ਼ਿਲ੍ਹਾ ਬਾਲ ਭਲਾਈ ਅਫਸਰ ਰਾਹੀਂ ਅਨੰਤ ਆਸ਼ਰਮ ਨਥਾਣਾ ਵਿਖੇ ਸੰਭਾਲ ਲਈ ਸੌਂਪ ਦਿੱਤਾ ਹੈ। ਕਬਾੜੀਏ ਦੀ ਪਤਨੀ ਹਾਲਾਂ ਫਰਾਰ ਹੈ।
ਇੱਥੇ ਵਰਣਨਯੋਗ ਹੈ ਕਿ ਗੁਰਗੀਨ ਨਾਂ ਦੀ ਲੜਕੀ ਅਤੇ ਸੰਦੀਪ ਨਾਂ ਦੇ ਲੜਕੇ ਨੇ ਅੰਦਾਜ਼ਨ ਤਿੰਨ ਕੁ ਸਾਲ ਪਹਿਲਾਂ ਇੰਸਟਾਗਰਾਮ ਰਾਹੀਂ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਕਰਵਾਉਣ ਤੋਂ ਪਹਿਲਾਂ ਲੜਕੀ ਨੇ ਪਹਿਲਵਾਨੀ ਦੇ ਖੇਤਰ ਵਿੱਚ ਪੰਜਾਬ ਪੱਧਰ ਤਕ ਮੱਲਾਂ ਮਾਰੀਆਂ ਸਨ। ਇੰਸਟਾਗਰਾਮ ਦੀ ਝੂਠੀ ਚਮਕ-ਦਮਕ, ਮੁੰਡੇ ਦੀ ਫੋਕੀ ਟੌਅਰ, ਦਿਖਾਵਾ ਅਤੇ ਹਵਾਈ ਕਿਲਿਆਂ ਦੇ ਝਸ ਵਿੱਚ ਕੁੜੀ ਫਸ ਗਈ। ਘਰਦਿਆਂ ਤੋਂ ਬਾਗੀ ਹੋ ਕੇ ਉਸਨੇ ਘਰੋਂ ਭੱਜ ਕੇ ਉਸ ਨਾਲ ਸ਼ਾਦੀ ਕਰਵਾ ਲਈ। ਵਿਆਹ ਤੋਂ ਛੇ ਮਹੀਨਿਆਂ ਬਾਅਦ ਗੁਰਲੀਨ ਨੂੰ ਸੰਦੀਪ ਦੇ ਨਸ਼ਈ ਹੋਣ ਸਬੰਧੀ ਪਤਾ ਲੱਗਿਆ। ਟੋਕਾ ਟਾਕੀ ਤੋਂ ਬਚਣ ਲਈ ਸੰਦੀਪ ਨੇ ਗੁਰਗੀਨ ਨੂੰ ਵੀ ਚਿੱਟੇ ਦੀ ਲਤ ਲਾ ਦਿੱਤੀ। ਇੰਜ ਗੁਰਗੀਨ ਵਰਗੀ ਚੰਗੀ ਖਿਡਾਰਨ ਅਰਸ਼ ਤੋਂ ਫਰਸ਼ ’ਤੇ ਆ ਗਈ। ਮੁੰਡਾ ਕੋਈ ਕੰਮ ਨਹੀਂ ਸੀ ਕਰਦਾ। ਮੋਟਰ ਸਾਈਕਲ, ਘਰ ਦਾ ਹੋਰ ਸਮਾਨ ਚਿੱਟੇ ਦੀ ਭੇਟ ਚੜ੍ਹ ਗਿਆ। ਜਦੋਂ ਹੋਰ ਕੁਝ ਨਾ ਬਚਿਆ ਤਾਂ ਇਕਲੌਤੇ ਪੁੱਤ ਦਾ ਹੀ ਸੌਦਾ ਕਰ ਲਿਆ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਨਸ਼ਈ ਲਈ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਅਤੇ ਉਹ ਨਸ਼ੇ ਦੀ ਪੂਰਤੀ ਲਈ ਘਟੀਆ ਤੋਂ ਘਟੀਆ ਹਰਕਤ ਕਰ ਸਕਦਾ ਹੈ। ਅਜਿਹੇ ਵਰਤਾਰੇ ਤੋਂ ਨੌਜਵਾਨ ਲੜਕੀਆਂ ਨੂੰ ਇਹ ਪ੍ਰੇਰਨਾ ਵੀ ਲੈਣੀ ਚਾਹੀਦੀ ਹੈ ਜੀਵਨ ਸਾਥੀ ਇੰਸਟਾਗਰਾਮ, ਫੇਸਬੁੱਕ, ਟਿਕਟੌਕ, ਸਨੈਪਚੈਟ ਆਦਿ ਪਲੇਟਫਾਰਮ ਰਾਹੀਂ ਲੱਭਣ ਤੋਂ ਸੰਕੋਚ ਕਰਨ ਦੇ ਨਾਲ ਨਾਲ ਮਾਪਿਆਂ ਦੀ ਸਹਿਮਤੀ ਅਤੇ ਹੋਣ ਵਾਲੇ ਜੀਵਨ ਸਾਥੀ ਸਬੰਧੀ ਚੰਗੀ ਤਰ੍ਹਾਂ ਛਾਣਬੀਣ ਕਰਨ। ਜਜ਼ਬਾਤੀ ਫੈਸਲੇ ਬਹੁਤ ਵਾਰ ਜ਼ਿੰਦਗੀ ਨੂੰ ਗ੍ਰਹਿਣ ਲਾ ਦਿੰਦੇ ਹਨ। ਨਸ਼ਿਆਂ ਦੀ ਮਾਰੂ ਹਨੇਰੀ ਵਿੱਚ ਤਾਂ ਹੁਣ ਸਿਰਫ ਜਨਮ ਕੁੰਡਲੀਆਂ ਨਹੀਂ, ਸਗੋਂ ਮੈਡੀਕਲ ਕੁੰਡਲੀਆਂ ਮਿਲਾਉਣ ਦੀ ਵੀ ਲੋੜ ਹੈ।
ਇਸ ਤੋਂ ਵੱਖਰਾ ਕੇਸ ਪਟਿਆਲਾ ਵਿੱਚ ਸਾਹਮਣੇ ਆਇਆ ਹੈ। ਪਤੀ ਪਤਨੀ ਦੋਨੋਂ ਹੀ ਚਿੱਟੇ ਦੀ ਲਪੇਟ ਵਿੱਚ ਆ ਗਏ। ਘਰ ਦਾ ਸਮਾਨ ਵੇਚਣ ਉਪਰੰਤ ਉਹਨਾਂ ਨੇ ਰਲ਼ ਕੇ ਚੋਰੀ ਕਰਨ ਦਾ ਧੰਦਾ ਅਪਣਾ ਲਿਆ। ਇੱਕ ਵਾਰ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ। ਜੇਲ੍ਹ ਕੱਟਣ ਉਪਰੰਤ ਜ਼ਮਾਨਤ ’ਤੇ ਬਾਹਰ ਆ ਗਏ। ਜੇਲ੍ਹ ਵਿੱਚ ਰਹਿੰਦਿਆਂ ਵੀ ਚਿੱਟੇ ਦੀ ਆਦਤ ਨਹੀਂ ਛੁੱਟੀ। ਚੋਰੀਆਂ, ਠੱਗੀਆਂ ਅਤੇ ਅਜਿਹੇ ਹੀ ਹੋਰ ਹੱਥਕੰਡਿਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਹੁਣ ਦੁਬਾਰਾ ਇਹ ਜੋੜਾ ਫੜਿਆ ਗਿਆ ਅਤੇ ਇਨ੍ਹਾਂ ਕੋਲੋਂ ਚੋਰੀ ਦੇ ਕਈ ਸਕੂਟਰ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਇੰਜ ਨਸ਼ਿਆਂ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰਨ ਦੇ ਨਾਲ ਨਾਲ ਮਾਪਿਆਂ ਦੀ ਜ਼ਿੰਦਗੀ ਧੁਆਂਖਣ ਵਿੱਚ ਨਸ਼ਈ ਕੋਈ ਕਸਰ ਨਹੀਂ ਛੱਡਦੇ।
ਇੱਕ ਨਾਮਵਰ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਕਰਦਿਆਂ ਇੱਕ ਨਸ਼ਈ ਨੌਜਵਾਨ ਨੂੰ ਪਰਿਵਾਰ ਦੇ 10-15 ਮੈਂਬਰ ਇਲਾਜ ਲਈ ਲੈ ਕੇ ਆਏ। ਨੌਜਵਾਨ ਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਸੀ। ਨੌਜਵਾਨ ਦੇ ਮਾਂ-ਬਾਪ, ਭਰਾ ਅਤੇ ਸਾਲੇ ਵੀ ਆਏ ਸਨ। ਨੌਜਵਾਨ ਨੂੰ ਨਸ਼ੇ ਕਾਰਨ ਕੋਈ ਸੁੱਧ ਬੁੱਧ ਨਹੀਂ ਸੀ। ਮਾਪਿਆਂ ਨੇ ਭਰੇ ਮਨ ਨਾਲ ਦੱਸਿਆ ਕਿ ਇਸਦੇ ਨਸ਼ਿਆਂ ਤੋਂ ਦੁਖੀ ਹੋ ਕੇ ਇਸ ਨੂੰ ਅੱਡ ਕਰ ਦਿੱਤਾ ਸੀ। ਪਹਿਲਾਂ ਦੁਕਾਨ ਕਰਦਿਆਂ ਚੰਗੀ ਕਮਾਈ ਕਰ ਲੈਂਦਾ ਸੀ, ਪਰ ਫਿਰ ਬੁਰੀ ਸੰਗਤ ਦੀ ਲਪੇਟ ਵਿੱਚ ਆ ਕੇ ਨਸ਼ੇ ਕਰਨ ਲੱਗ ਪਿਆ। ਅੱਜ ਸਵੇਰੇ ਇਸਨੇ ਨਸ਼ਾ ਖਰੀਦਣ ਲਈ ਆਪਣੀ ਪਤਨੀ ਤੋਂ ਪੈਸੇ ਮੰਗੇ। ਉਸ ਵੱਲੋਂ ਨਾਂਹ ਵਿੱਚ ਜਵਾਬ ਦੇਣ ’ਤੇ ਇਹ ਉਸਦੀ ਗੋਦੀ ਚੁੱਕਿਆ ਚਾਰ ਸਾਲ ਦਾ ਮੁੰਡਾ ਉਸ ਕੋਲੋਂ ਖੋਹ ਕੇ ਲੈ ਗਿਆ ਅਤੇ ਜਾਂਦਾ ਹੋਇਆ ਕਹਿ ਗਿਆ ਕਿ ਆਪਣਾ ਮੁੰਡਾ ਵੇਚ ਕੇ ਨਸ਼ਾ ਲਵਾਂਗਾ। ਇਸਦੀ ਪਤਨੀ ਦੇ ਰੌਲਾ ਪਾਉਣ ’ਤੇ ਅਸੀਂ ਸਾਰੇ ਇਕੱਠੇ ਹੋ ਗਏ। ਸ਼ਹਿਰ ਵਿੱਚ ਜਿੱਥੇ ਜਿੱਥੇ ਨਸ਼ਾ ਵਿਕਦਾ ਹੈ, ਉਹਨਾਂ ਕੋਲ ਗਏ। ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਆਇਆ ਜ਼ਰੂਰ ਸੀ ਚਿੱਟਾ ਲੈਣ ਲਈ, ਆਪਣਾ ਪੁੱਤ ਗਹਿਣੇ ਰੱਖਣ ਦੀ ਗੱਲ ਕਰਦਾ ਸੀ ਪਰ ਅਸੀਂ ਨਹੀਂ ਮੰਨੇ। ਇੱਥੋਂ ਪਤਾ ਨਹੀਂ ਕਿੱਥੇ ਚਲਾ ਗਿਆ।
ਆਲੇ ਦੁਆਲੇ ਦੇ ਪਿੰਡਾਂ ਵਿੱਚ ਲੱਭਣ ’ਤੇ ਉਹ ਨਸ਼ੇੜੀ ਇੱਕ ਪਿੰਡ ਦੀ ਇੱਕ ਗਲੀ ਵਿੱਚੋਂ ਮਿਲ ਗਿਆ। ਮੁੰਡਾ ਉਸਨੇ ਗੋਦੀ ਚੁੱਕਿਆ ਹੋਇਆ ਸੀ। ਥੋੜ੍ਹੀ ਮੋਟੀ ਸੁਰਤ ਵਿੱਚ ਸੀ। ਕੋਸ਼ਿਸ਼ ਕਰਨ ’ਤੇ ਵੀ ਨਸ਼ੇ ਬਦਲੇ ਪੁੱਤ ਦਾ ਸੌਦਾ ਕਰਨ ਵਿੱਚ ਉਹ ਸਫਲ ਨਹੀਂ ਸੀ ਹੋ ਸਕਿਆ। ਕੇਸ ਦੀ ਗੰਭੀਰਤਾ ਨੂੰ ਦੇਖਦਿਆਂ ਅਸੀਂ ਨੌਜਵਾਨ ਨੂੰ ਤੁਰੰਤ ਦਾਖਲ ਕਰ ਲਿਆ। ਡੇਢ ਕੁ ਮਹੀਨੇ ਬਾਅਦ ਜਦੋਂ ਉਹ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਗਿਆ ਤਾਂ ਉਸ ਨੂੰ ਉਸਦੇ ਕੀਤੇ ‘ਕਾਰਨਾਮੇ’ ਸਬੰਧੀ ਪੁੱਛਿਆ। ਉਸਦਾ ਜਵਾਬ ਸੀ, “ਸਰ, ਨਸ਼ਾ ਛੱਡ ਕੇ ਮੈਨੂੰ ਨਵਾਂ ਜੀਵਨ ਮਿਲਿਆ। ਉਹ ਨਰਕ ਭਰੀ ਜ਼ਿੰਦਗੀ ਮੇਰੇ ਲਈ ਇੱਕ ਭਿਆਨਕ ਸੁਪਨਾ ਸੀ।”
ਨਸ਼ਾ ਮੁਕਤ ਹੋਣ ਉਪਰੰਤ ਉਸ ਨੌਜਵਾਨ ਨੂੰ ਜਦੋਂ ਉਸਦੀ ਪਤਨੀ ਅਤੇ ਬੱਚੇ ਨਾਲ ਮਿਲਾਇਆ ਤਾਂ ਉਹ ਕਿੰਨੀ ਦੇਰ ਬੱਚੇ ਨੂੰ ਬੁੱਕਲ ਵਿੱਚ ਲੈ ਕੇ ਭੁੱਬੀਂ ਰੋਂਦਾ ਰਿਹਾ। ਪਤਨੀ ਦੇ ਪੈਰਾਂ ਵਿੱਚ ਡਿਗ ਕੇ ਮੁਆਫੀ ਮੰਗਦਿਆਂ ਉਹ ਕਹਿਣ ਲੱਗਿਆ, “ਭਵਿੱਖ ਵਿੱਚ ਤੈਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ।” ਆਪਣੇ ਨਿੱਜੀ ਅਨੁਭਵ ਅਤੇ ਤਜਰਬੇ ਦੇ ਆਧਾਰ ’ਤੇ ਮੈਂ ਲਿਖ ਰਿਹਾ ਹਾਂ ਕਿ ਨਸ਼ਈ ਨੂੰ ਤਸੀਹੇ, ਕੁੱਟਮਾਰ, ਫਿੱਟ ਲਾਹਨਤਾਂ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਸਹਾਈ ਨਹੀਂ ਹੋ ਸਕਦੀਆਂ, ਸਗੋਂ ਨਸ਼ਈ ਦੇ ਇਲਾਜ ਲਈ ਉਸਦੇ ਨਸ਼ੇ ਵਿੱਚ ਧਸਣ ਦੇ ਮੂਲ ਕਾਰਨਾਂ ਨੂੰ ਲੱਭ ਕੇ ਦਵਾਈ ਦੇ ਨਾਲ ਨਾਲ ਸਹੀ ਕੌਂਸਲਿੰਗ ਬਹੁਤ ਜ਼ਰੂਰੀ ਹੈ। ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜ ਕੇ ਨਸ਼ਈ ਨੂੰ ਮੁੱਖਧਾਰਾ ਵਿੱਚ ਲਿਆਂਦਾ ਜਾ ਸਕਦਾ ਹੈ।
ਪੰਜਾਬ ਵਿੱਚ ਨਸ਼ੇ ਦੇ ਖਾਤਮੇ ਲਈ ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ, ਅਧਿਆਪਕ ਅਤੇ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ ਫਿਰ ਹੀ ਪੰਜਾਬ ਵਿੱਚ ਵਗਦੀ ਸੋਗੀ ਹਵਾ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (