“ਜੇ ਲੱਭ ਜਾਵੇ ਤਾਂ ਮੇਰੇ ਬਿੱਕਰ ਨੂੰ ਲੈਂਦੇ ਆਉਣਾ ...”
(18 ਨਵੰਬਰ 2020)
(1) ਜ਼ਬਰ ਵਿਰੁੱਧ ਕਦਮ
ਸੱਸ ਦੇ ਬੋਲ ਕੁਬੋਲ ਅਤੇ ਪਤੀ ਦੀ ਬੇਰੁਖ਼ੀ ਤੋਂ ਉਹ ਅੰਤਾਂ ਦੀ ਦੁਖੀ ਸੀ। ਚੁੱਲ੍ਹੇ ਚੌਂਕੇ ਤੋਂ ਲੈ ਕੇ ਬਾਕੀ ਘਰ ਦੇ ਸਾਰੇ ਉਤਲੇ ਕੰਮ ਕਰਨ ਦੀ ਜ਼ਿੰਮੇਵਾਰੀ ਉਹਦੀ ਹੀ ਸੀ। ਉਹ ਸਾਰਾ ਦਿਨ ਊਰੀ ਵਾਂਗ ਘੁੰਮਦੀ ਰਹਿੰਦੀ, ਪਰ ਸੱਸ ਦੇ ਮੱਥੇ ਦੀਆਂ ਤਿਉੜੀਆਂ ਵਿੱਚੋਂ ਹਰ ਵੇਲੇ ਸੇਕ ਨਿਕਲਦਾ ਰਹਿੰਦਾ। ਜਦੋਂ ਉਹਦਾ ਪਤੀ ਘਰ ਆਉਂਦਾ ਤਾਂ ਸੱਸ ਉਹਨੂੰ ਅਜਿਹੀਆਂ ਪੁੱਠੀਆਂ ਲੂਤੀਆਂ ਲਾਉਂਦੀ ਕਿ ਉਹ ਵੀ ਸਿੱਧੇ ਮੂੰਹ ਗੱਲ ਨਾ ਕਰਦਾ। ਹਾਂ, ਬਜ਼ੁਰਗ ਸਹੁਰੇ ਦੀ ਉਸ ਪ੍ਰਤੀ ਹਮਦਰਦੀ ਜ਼ਰੂਰ ਸੀ। ਪਰ ਉਹਦੀ ਘਰ ਵਿੱਚ ਪੁੱਛ ਪ੍ਰਤੀਤ ਨਹੀਂ ਸੀ। ਕਈ ਵਾਰ ਤਾਂ ਸੱਸ ਦੇ ਕੁਰਖਤ ਬੋਲ ਉਹਦੇ ਹਿੱਸੇ ਵੀ ਆ ਜਾਂਦੇ।
ਅਜਿਹੀ ਸਥਿਤੀ ਵਿੱਚ ਉਹਦਾ ਬੜਾ ਦਿਲ ਕਰਦਾ ਕਿ ਉਹ ਪੇਕੀਂ ਜਾ ਕੇ ਆਪਣੇ ਭਰਾ-ਭਰਜਾਈ ਕੋਲ ਜਾ ਕੇ ਆਪਣਾ ਮਨ ਹਲਕਾ ਕਰ ਲਵੇ। ਮਾਂ-ਬਾਪ 4-5 ਸਾਲ ਪਹਿਲਾਂ ਥੋੜ੍ਹੇ ਥੋੜ੍ਹੇ ਫਰਕ ਨਾਲ ਦੁਨੀਆਂ ਵਿੱਚੋਂ ਕੂਚ ਕਰ ਗਏ ਸਨ। ਜਦੋਂ ਉਹਦਾ ਮਨ ਨੱਕੋ-ਨੱਕ ਭਰ ਗਿਆ ਤਾਂ ਉਹਨੇ ਤਿੰਨ ਸਾਲਾਂ ਦੀ ਇਕਲੌਤੀ ਧੀ ਨੂੰ ਘਰ ਛੱਡ ਕੇ ਦੂਜੇ ਸ਼ਹਿਰ ਰਹਿੰਦੇ ਆਪਣੇ ਮਾਂ ਜਾਏ ਵੀਰ ਕੋਲ ਜਾਣ ਲਈ ਬੱਸ ਫੜ ਲਈ। ਪੇਕਿਆਂ ਵਾਲੇ ਸ਼ਹਿਰ ਪੁੱਜ ਕੇ ਉਹਨੇ ਬੱਸ ਸਟੈਂਡ ਤੋਂ ਆਪਣੇ ਵੀਰ ਨੂੰ ਇਹ ਕਹਿਣ ਲਈ ਟੈਲੀਫੋਨ ਕੀਤਾ ਕਿ ਉਹ ਉਸ ਨੂੰ ਬੱਸ ਸਟੈਂਡ ਤੋਂ ਆ ਕੇ ਲੈ ਜਾਵੇ। ਟੈਲੀਫੋਨ ਉਹਦੀ ਭਰਜਾਈ ਨੇ ਚੁੱਕਿਆ। ਆਵਾਜ਼ ਸੁਣਦਿਆਂ ਹੀ ਉਹਨੇ ਬੇਰੁਖੀ ਨਾਲ ਕਿਹਾ, “ਤੇਰਾ ਵੀਰ ਤਾਂ ਬਾਹਰ ਟੂਰ ’ਤੇ ਗਿਆ ਹੋਇਆ ਹੈ। ਕਈ ਦਿਨ ਲੱਗ ਜਾਣਗੇ ਉਹਨਾਂ ਨੂੰ ਅਤੇ ਮੈਂ ਬਿਮਾਰ ਮਾਂ ਦਾ ਪਤਾ ਕਰਨ ਲਈ ਪੇਕੀਂ ਜਾ ਰਹੀ ਹਾਂ। ਘਰ ਤਾਂ ਕਈ ਦਿਨ ਬੰਦ ਰਹੂਗਾ।”
ਉਸ ਨੇ ਭਰੇ ਮਨ ਨਾਲ ਟੈਲੀਫੋਨ ਰੱਖ ਦਿੱਤਾ। ਉਹਦੀਆਂ ਅੱਖਾਂ ਵਿੱਚੋਂ ਛਮ-ਛਮ ਹੰਝੂ ਵਗ ਰਹੇ ਸਨ। ਹਨੇਰਾ ਜਿਹਾ ਉਹਦੀਆਂ ਅੱਖਾਂ ਸਾਹਵੇਂ ਆ ਗਿਆ - “ਪੇਕੇਆਂ ਅਤੇ ਸਹੁਰਿਆਂ ਤੋਂ ਦੁਤਕਾਰੀ ਭਲਾ ਹੁਣ ਉਹ ਕਿੱਥੇ ਜਾਵੇ?” ਨਿਰਾਸ਼ਤਾ ਦਾ ਬੁੱਤ ਬਣੀ ਉਹ ਇਨ੍ਹਾਂ ਸੋਚਾਂ ਵਿੱਚ ਘਿਰੀ ਹੋਈ ਸੀ। ਫਿਰ ਉਹਨੇ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਰੇਲਵੇ ਲਾਈਨ ਵੱਲ ਮੂੰਹ ਕਰ ਲਿਆ। ਰਾਹ ਵਿੱਚ ਜਾਂਦਿਆਂ ਉਹਦੀ ਸੋਚ ਨੇ ਕਰਵਟ ਲਈ, “ਮੈਂ ਉਹਨਾਂ ਕਰਕੇ ਮਰ ਰਹੀ ਹਾਂ, ਜਿਨ੍ਹਾਂ ਨੂੰ ਮੇਰੀ ਕਦਰ ਨਹੀਂ! ਇੰਜ ਮਰਨਾ ਤਾਂ ਬੁਜਦਿਲੀ ਐ! ਮੈਂ ਜ਼ਬਰ ਵਿਰੁੱਧ ਡੱਟ ਕੇ ਲੜਾਂਗੀ। ਪੇਕਿਆਂ ਦੀ ਜਾਇਦਾਦ ਵਿੱਚੋਂ ਆਪਣਾ ਬਣਦਾ ਹੱਕ ਲੈ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਾਂਗੀ। ਪਤੀ ਅਤੇ ਸੱਸ ਦੇ ਕੋਝੇ ਵਰਤਾਉ ਦਾ ਢੁੱਕਵਾਂ ਜਵਾਬ ਦੇਵਾਂਗੀ। ਆਪਣੀ ਤਿੰਨ ਸਾਲ ਦੀ ਧੀ ਦਾ ਬਚਪਨ ਰੋਲਣ ਦਾ ਭਲਾ ਮੈਂਨੂੰ ਕੀ ਅਧਿਕਾਰ ਹੈ?”
ਹੁਣ ਉਹ ਦ੍ਰਿੜਤਾ ਨਾਲ ਕਦਮ ਪੁੱਟਦੀ ਹੋਈ ਬੱਸ ਸਟੈਂਡ ਵੱਲ ਜਾ ਰਹੀ ਸੀ ਤਾਂ ਜੋ ਬੱਸ ਫੜ ਕੇ ਛੇਤੀ ਸਹੁਰੇ ਘਰ ਜਾ ਸਕੇ।
***
(2) ਸੰਸਦ ਦੀ ਕਾਂਵਾਂ ਰੌਲੀ
ਪਾਗਲਖਾਨੇ ਵਿੱਚ ਦੋ ਪਾਗਲ ਇੱਕ-ਦੂਜੇ ਨਾਲ ਉਲਝ ਕੇ ਉੱਚੀ-ਉੱਚੀ ਉੱਲ-ਜਲੂਲ ਬੋਲ ਰਹੇ ਸਨ। ਬਾਹਰੋਂ ਆਏ ਇੱਕ ਵਿਅਕਤੀ ਨੇ ਉਨ੍ਹਾਂ ਦੋਨਾਂ ਨੂੰ ਚੁੱਪ ਕਰਵਾਉਣ ਲਈ ਉੱਥੋਂ ਦੇ ਇੰਚਾਰਜ ਨੂੰ ਕਿਹਾ ਤਾਂ ਉਸ ਨੇ ਮੁਸਕਰਾ ਕੇ ਜਵਾਬ ਦਿੱਤਾ, “ਇਹ ਆਪਣੇ ਆਪ ਨੂੰ ਐੱਮ.ਪੀ. ਸਮਝ ਕੇ ਸੰਸਦ ਵਿੱਚ ਬਹਿਸ ਕਰ ਰਹੇ ਹਨ ਅਤੇ ਜਦੋਂ ਇਨ੍ਹਾਂ ਨੂੰ ਚੁੱਪ ਕਰਵਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਇਹ ਚੁੱਪ ਕਰਵਾਉਣ ਵਾਲੇ ਦੇ ਗਲ ਪੈ ਜਾਂਦੇ ਹਨ ਅਤੇ ਉੱਚੀ ਆਵਾਜ਼ ਵਿੱਚ ਕਹਿੰਦੇ ਹਨ, “ਅਸੀਂ ਤਾਂ ਸਪੀਕਰ ਦੇ ਕਹੇ ਤੋਂ ਵੀ ਚੁੱਪ ਨਹੀਂ ਹੁੰਦੇ, ਤੁਸੀਂ ਕੌਣ ਹੁੰਦੇ ਹੋ ਸਾਨੂੰ ਚੁੱਪ ਕਰਵਾਉਣ ਵਾਲੇ?”
“ਇਹ ਤਾਂ ਫਿਰ ਵੀ ਹੰਭ ਕੇ ਚੁੱਪ ਹੋ ਜਾਣਗੇ ਪਰ ਸੰਸਦ ਦੀ ਕੁਝ ਘੰਟਿਆਂ ਦੀ ਕਾਂਵਾਂ ਰੌਲੀ ਤਾਂ ਦੇਸ਼ ਦੇ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਵਿੱਚ ਪੈ ਜਾਂਦੀ ਹੈ।” ਵਿਅਕਤੀ ਗੰਭੀਰ ਹੋ ਕੇ ਕਹਿ ਰਿਹਾ ਸੀ।
***
(3) ਸਮਾਨ ਦੀ ਲਿਸਟ
ਉਹ ਸ਼ਹਿਰ ਰਹਿੰਦੇ ਆਪਣੇ ਇਕਲੌਤੇ ਪੁੱਤ ਨੂੰ ਮਿਲਣ ਆਈ ਸੀ। ਪਿੰਡੋਂ ਆਉਂਦਿਆਂ ਉਹ ਖੋਏ ਦੀਆਂ ਪਿੰਨੀਆਂ, ਰੀਝ ਨਾਲ ਚੁੱਲ੍ਹੇ ’ਤੇ ਰਿੰਨ੍ਹਿਆ ਸਰ੍ਹੋਂ ਦਾ ਸਾਗ, ਹੱਥੀਂ ਪਾਇਆਂ ਅੰਬ ਦਾ ਅਚਾਰ, ਨਮਕੀਨ ਅਤੇ ਗੁੜ ਦੀਆਂ ਮੱਠੀਆਂ ਦੇ ਨਾਲ ਨਾਲ ਹੋਰ ਕਿੰਨਾ ਹੀ ਨਿਕ-ਸੁਕ ਦੋ ਝੋਲਿਆਂ ਵਿੱਚ ਭਰ ਕੇ ਲਿਆਈ ਸੀ। ਨੂੰਹ ਦੋਨੋਂ ਝੋਲਿਆਂ ਵਿੱਚੋਂ ਸਮਾਨ ਕੱਢਦਿਆਂ ਹੌਲੀ ਜਿਹੇ ਬੁੜਬੁੜਾਈ ਸੀ, “ਹੂੰਅ! ਲੈ ਆਈ ਗਵਾਰਾਂ ਦਾ ਖਾਜਾ। ਇਨ੍ਹਾਂ ਚੀਜਾਂ ਨੂੰ ਇੱਥੇ ਕੌਣ ਸਿਆਣਦੈ?” ਪਰ ਪੁੱਤ ਨੇ ਮਾਂ ਦਾ ਲਿਆਂਦਾ ਸਮਾਨ ਰੀਝ ਨਾਲ ਵੇਖਿਆ। ਸਮਾਨ ਵਿਹੰਦਿਆਂ ਹੀ ਉਹਨੂੰ ਬਚਪਨ ਦੇ ਦਿਨ ਚੇਤੇ ਆ ਗਏ ਸਨ।
ਪੰਜ-ਛੇ ਦਿਨ ਬੀਤ ਗਏ। ਨੂੰਹ-ਪੁੱਤ ਸਵੇਰੇ ਘਰੋਂ ਨਿਕਲ ਕੇ ਸ਼ਾਮ ਨੂੰ ਪਰਤਦੇ ਸਨ। ਛੁੱਟੀ ਵਾਲੇ ਦਿਨ ਪੁੱਤ ਆਇਆਂ ਗਿਆਂ ਦੀ ਆਉ ਭਗਤ ਵਿੱਚ ਲੱਗਿਆ ਰਹਿੰਦਾ। ਮਾਂ ਕੋਲ ਚੱਜ ਨਾਲ ਬੋਲਣ ਦੀ ਉਨ੍ਹਾਂ ਨੂੰ ਵਿਹਲ ਹੀ ਨਹੀਂ ਸੀ। ਪੰਜ-ਛੇ ਜਮਾਤਾਂ ਪੜ੍ਹੀ ਪੇਂਡੂ ਮਾਂ ਬੱਸ ਸਾਰਾ ਦਿਨ ਜਾਂ ਤਾਂ ਅਖਬਾਰਾਂ ਦੀਆਂ ਖਬਰਾਂ ਵਿੱਚ ਉਲਝੀ ਰਹਿੰਦੀ ਅਤੇ ਜਾ ਫਿਰ ਨੂੰਹ-ਪੁੱਤ ਦੇ ਨਿਰਮੋਹੇ ਹੋਣ ਸਬੰਧੀ ਆਪਣੇ ਆਪ ਨੂੰ ਮੁਖ਼ਾਤਿਬ ਹੋ ਕੇ ਸ਼ਿਕਵੇ ਕਰਦੀ ਰਹਿੰਦੀ।
ਛੁੱਟੀ ਵਾਲੇ ਦਿਨ ਨੂੰਹ-ਪੁੱਤ ਬਜ਼ਾਰ ਜਾ ਰਹੇ ਸਨ। ਮਾਂ ਨੂੰ ਪੁੱਤ ਨੇ ਬਜ਼ਾਰੋਂ ਕੋਈ ਲੋੜ ਦੀ ਚੀਜ਼ ਮੰਗਵਾਉਣ ਸਬੰਧੀ ਪੁੱਛਿਆ। ਮਾਂ ਦੇ ਨਾਂਹ ਵਿੱਚ ਜਵਾਬ ਦੇਣ ਉਪਰੰਤ ਪੁੱਤ ਦੀ ਵਾਰ-ਵਾਰ ਜ਼ਿੱਦ ਕਾਰਨ ਮਾਂ ਨੇ ਮੋਟੇ ਮੋਟੇ ਅੱਖਰਾਂ ਵਿੱਚ ਆਪਣਾ ਸਮਾਨ ਲਿਆਉਣ ਲਈ ਲਿਖ ਕੇ ਦੇ ਦਿੱਤਾ। ਬਜ਼ਾਰ ਜਾ ਕੇ ਉਸਨੇ ਮਾਂ ਦੀ ਸਮਾਨ ਵਾਲੀ ਲਿਸਟ ਖੋਲ੍ਹ ਕੇ ਪੜ੍ਹੀ। ਲਿਖਿਆ ਸੀ, “ਮੈਂਨੂੰ ਤਾਂ ਆਪਣਾ ਬਿੱਕਰ ਚਾਹੀਦਾ ਹੈ। ਉਹਨੂੰ ਮਿਲਣ ਆਈ ਸੀ। ਪਰ ਮੇਰਾ ਬਿੱਕਰ ਕਿਤੇ ਗੁੰਮ ਹੋ ਗਿਆ। ਉਹਨੂੰ ਚੱਜ ਨਾਲ ਮਿਲਣ ਦਾ ਜੀਅ ਕਰਦਾ ਹੈ। ਜੇ ਲੱਭ ਜਾਵੇ ਤਾਂ ਮੇਰੇ ਬਿੱਕਰ ਨੂੰ ਲੈਂਦੇ ਆਉਣਾ।”
“ਮੇਰੀ ਬੇਬੇ!” ਕਹਿੰਦਿਆਂ ਉਹਦੀ ਭੁੱਬ ਨਿਕਲ ਗਈ। ਅੱਥਰੂਆਂ ਨਾਲ ਭਿੱਜੀ ਮਾਂ ਦੀ ਸਮਾਨ ਵਾਲੀ ਲਿਸਟ ਕੰਬਦੇ ਹੱਥਾਂ ਨਾਲ ਉਸਨੇ ਪਤਨੀ ਨੂੰ ਦੇ ਦਿੱਤੀ।
***
(4) ਖਿੜੇ ਹੋਏ ਫੁੱਲ
ਆਪਣੇ ਖਾਵੰਦ ਨਾਲ ਰੁੱਸ ਕੇ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਪੇਕੇ ਘਰ ਬੈਠੀ ਸੀ। ਮਾਂ-ਬਾਪ ਕੋਲ ਆ ਕੇ ਉਸ ਨੇ ਆਪਣੇ ਪਤੀ, ਨਣਦਾਂ ਅਤੇ ਸੱਸ-ਸਹੁਰੇ ਪ੍ਰਤੀ ਸਾਰਾ ਗੁੱਬ-ਗੁਬਾਰ ਕੱਢ ਦਿੱਤਾ।
“ਕੋਈ ਨਹੀਂ, ਕਰਾਂਗੇ ਉਹਨਾਂ ਨਾਲ ਗੱਲ। ਤੂੰ ਉੰਨਾ ਚਿਰ ਇੱਥੇ ਰਹਿ। ਤੂੰ ਸੁੱਟੀ ਹੋਈ ਥੋੜੈਂ। ਚਾਹੇ ਡੱਕਾ ਦੂਹਰਾ ਨਾ ਕਰ। ਅਰਾਮ ਨਾਲ ਰਹਿ ਇੱਥੇ।” ਮਾਂ ਨੇ ਬੁੱਕਲ ਵਿੱਚ ਲੈ ਕੇ ਉਸ ਨੂੰ ਦਿਲਾਸਾ ਦਿੱਤਾ। ਉਂਜ ਮਾਂ-ਬਾਪ ਨੇ ਅੰਦਾਜ਼ਾ ਲਾ ਲਿਆ ਸੀ ਕਿ ਧੀ ਮਨਜੀਤ ਦਾ ਗੁੱਸਾ ਦੁੱਧ ਦੇ ਉਬਾਲੇ ਵਰਗਾ ਹੈ। ਸਮੇਂ ਨਾਲ ਆਪੇ ਸੂਤ ਹੋ ਜਾਵੇਗਾ। ਇਸ ਕਰਕੇ ਉਨ੍ਹਾਂ ਨੇ ਕੁੜੀ ਦੇ ਸਹੁਰਿਆਂ ਪ੍ਰਤੀ ਕੋਈ ਅੱਗ ਨਹੀਂ ਉੱਗਲੀ।
ਫਿਰ ਇੱਕ ਦਿਨ ਉਹਨੂੰ ਡਾਕ ਰਾਹੀਂ ਖ਼ਤ ਪ੍ਰਾਪਤ ਹੋਇਆ। ਉਸ ਨੇ ਐਡਰੈਸ ਤੋਂ ਹੀ ਆਪਣੇ ਪਤੀ ਦੀ ਲਿਖਤ ਪਹਿਚਾਣ ਲਈ। ਧੜਕਦੇ ਦਿਲ ਨਾਲ ਉਸ ਨੇ ਖ਼ਤ ਖੋਲ੍ਹਿਆ। ਲਿਖਿਆ ਸੀ, “ਤੈਨੂੰ ਇੱਥੇ ਆਇਆਂ ਤਿੰਨ ਮਹੀਨਿਆਂ ਤੋਂ ਦੋ ਦਿਨ ਉੱਪਰ ਹੋ ਗਏ ਨੇ। ਤੇਰੇ ਜਾਣ ਬਾਅਦ ਮੈਂ ਮਹਿਸੂਸ ਕੀਤਾ ਹੈ ਕਿ ਤੇਰੀ ਹੋਂਦ ਮਨਫੀ ਕਰਕੇ ਮੇਰੇ ਕੋਲ ਕੁਝ ਨਹੀਂ ਬਚਦਾ। ਠੀਕ ਹੈ ਕਿ ਰੋਸੇ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਪਰ ਰੋਸੇ ਇੰਜ ਵਿਛੜਣ ਲਈ ਨਹੀਂ ਹੁੰਦੇ। ਇਹ ਤਾਂ ਮਨ ਦਾ ਸਥਾਈ ਵੇਗ ਹੁੰਦਾ ਹੈ - ਹਵਾ ਦੇ ਬੁੱਲੇ ਦੀ ਤਰ੍ਹਾਂ। ਭਲਾ ਇੰਜ ਕਦੇ ਆਪਣਿਆਂ ਤੋਂ ਵੀ ਬੇਮੁਖ ਹੋਈਦੈ? ਤੂੰ ਦੱਸ ਕਿਸ ਦਿਨ ‘ਆਪਣੇ ਘਰ’ ਆਉਣਾ ਹੈ? ਤੇਰੀ ਆਮਦ ਵਾਲੇ ਦਿਨਾਂ ਨੂੰ ਮੈਂ ਪੋਟਿਆਂ ’ਤੇ ਗਿਣਨ ਲੱਗ ਜਾਵਾਂ ਅਤੇ ਹੱਥਾਂ ਦੇ ਪੋਟੇ ਵੀ ਮੈਂਨੂੰ ਚੰਗੇ-ਚੰਗੇ ਲੱਗਣ। ਹਾਂ, ਜੇ ਤੂੰ ਮੈਂਨੂੰ ਆਪਣੇ ਕੋਲ ਬੁਲਾਏਂਗੀ, ਮੈਂ ਤੈਨੂੰ ਲੈਣ ਆ ਜਾਵਾਂਗਾ। ਭਲਾ ਤੇਰੇ ਬੋਲ ਭੁੰਜੇ ਸੁੱਟ ਸਕਦਾ ਹਾਂ?”
ਖ਼ਤ ਪੜ੍ਹ ਕੇ ਉਹਦੇ ਨੈਣਾਂ ਵਿੱਚ ਆਪ ਮੁਹਾਰੇ ਅੱਥਰੂ ਉੱਮਡ ਆਏ। ਉਸ ਨੇ ਭਰੇ ਮਨ ਅਤੇ ਛਲਕਦੇ ਨੈਣਾਂ ਨਾਲ ਖ਼ਤ ਲਿਖਿਆ, “ਮੇਰੇ ਰਾਜਨ! ਤੇਰੀ ਹੋਂਦ ਮੇਰੀ ਜ਼ਿੰਦਗੀ ਦਾ ਖੂਬਸੂਰਤ ਹਾਸਲ ਹੈ। ਤੈਨੂੰ ਛੱਡ ਕੇ ਮੈਂ ਦਿਲੋਂ ਹਰ ਰੋਜ਼ ਪਛਤਾ ਰਹੀ ਹਾਂ। ਤੇਰੇ ਮੋਢੇ ’ਤੇ ਸਿਰ ਰੱਖ ਕੇ ਹੱਸਣ ਨੂੰ ਵੀ ਜੀਅ ਕਰਦਾ ਹੈ ਅਤੇ ਰੋਣ ਨੂੰ ਵੀ। ਬੱਸ ਤੂੰ ਛੇਤੀ ਆ ਜਾ। ਮੇਰਾ ਸਾਰਾ ਸਰੀਰ ਨਜ਼ਰ ਬਣ ਕੇ ਹੁਣ ਤੋਂ ਹੀ ਉਨ੍ਹਾਂ ਰਾਹਾਂ ਵੱਲ ਵੇਖ ਰਿਹਾ ਹੈ, ਜਿੱਥੋਂ ਦੀ ਤੂੰ ਆਉਣਾ ਹੈ। ਮੇਰੀ ਉਡੀਕ ਦੀਆਂ ਘੜੀਆਂ ਲੰਬੀਆਂ ਨਾ ਕਰੀਂ।”
ਖ਼ਤ ਲਿਖ ਕੇ ਉਹਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਹਵਾ ਵਿੱਚ ਉੱਡ ਰਹੀ ਹੋਵੇ। ਖ਼ਤ ਪੋਸਟ ਕਰਨ ਲਈ ਉਹ ਚੁਬਾਰੇ ਤੋਂ ਹੇਠਾਂ ਆ ਗਈ। ਉਹਦੀ ਮਾਂ ਰਸੋਈ ਵਿੱਚ ਰੋਟੀ ਬਣਾ ਰਹੀ ਸੀ। ਲਾਅਨ ਵਿੱਚ ਖਿੜੇ ਫੁੱਲ ਉਹਨੂੰ ਚੰਗੇ-ਚੰਗੇ ਲੱਗੇ। ਉਹ ਆਪ ਮੁਹਾਰੇ ਬੋਲ ਪਈ, “ਵੇਖ ਮੰਮੀ, ਆਪਣੇ ਲਾਅਨ ਵਿੱਚ ਕਿੰਨ੍ਹੇ ਸੋਹਣੇ ਫੁੱਲ ਖਿੜੇ ਨੇ।”
ਮੰਮੀ ਨੇ ਰਸੋਈ ਵਿੱਚੋਂ ਹੀ ਜਵਾਬ ਦਿੱਤਾ, “ਮਨਜੀਤ, ਫੁੱਲ ਤਾਂ ਕਿੰਨੇ ਦਿਨਾਂ ਦੇ ਖਿੜੇ ਹੋਏ ਨੇ। ਅੱਗੇ ਤੂੰ ਧਿਆਨ ਨਾਲ ਵੇਖਿਆ ਹੀ ਨਹੀਂ।”
ਉਹ ਕੁਝ ਨਹੀਂ ਬੋਲੀ। ਬੱਸ ਇੱਕ ਟੱਕ ਫੁੱਲਾਂ ਵੱਲ ਵਿਹੰਦੀ ਰਹੀ।
***
(5) ਆਰਾਮ
ਅੱਗੇ ਉਹ ਸਵੇਰੇ ਜਾ ਕੇ ਰਾਤ ਨੂੰ ਮੂੰਹ ਹਨੇਰੇ ਕੰਮ ਤੋਂ ਪਰਤਦਾ ਸੀ। ਜਦੋਂ ਪਤਨੀ ਉਹਨੂੰ ਪੁੱਛਦੀ, “ਅੱਜ ਫਿਰ ਐਨੀ ਦੇਰ ਕਰ ਦਿੱਤੀ?” ਤਾਂ ਉਹਦਾ ਰਟਿਆ ਰਟਾਇਆ ਜਵਾਬ ਹੁੰਦਾ, “ਤੈਨੂੰ ਪਤਾ ਤਾਂ ਹੈ, ਦਫਤਰ ਜਾ ਕੇ ਤਾਂ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਮਿਲਦੀ। ਬੱਸ, ਫਾਇਲਾਂ ਵਿੱਚ ਉਲਝ ਜਾਈਦਾ। ਸਾਰਾ ਦਿਨ ਮਾਰੀ ਜਾਈਦਾ ਫਾਇਲਾਂ ਨਾਲ ਮੱਥਾ।”
ਹੁਣ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਸਰਕਾਰ ਨੇ ਕਰਫਿਉ ਲਾ ਦਿੱਤਾ ਸੀ। ਸਿਰ ਖੁਰਕਣ ਦੀ ਵਿਹਲ ਨਾ ਹੋਣ ਵਾਲੇ ਕੋਲ ਹੁਣ ਆਪਣਾ ਸਾਰਾ ਪਿੰਡਾਂ ਖੁਰਕਣ ਦੀ ਵਿਹਲ ਸੀ। ਕਦੇ ਟੀ.ਵੀ. ਦੀਆਂ ਖ਼ਬਰਾਂ, ਕਦੇ ਮੋਬਾਇਲ ’ਤੇ ਚੈਟਿੰਗ, ਕਦੇ ਪਤਨੀ ਨਾਲ ਕੋਰੋਨਾ ਵਾਇਰਸ ਕਾਰਨ ਸਹਿਮ ਭਰੀਆਂ ਗੱਲਾਂ, ਕਦੇ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਜਾ ਕੇ ਇੱਧਰ-ਉੱਧਰ ਦੇਖ ਲੈਣਾ ਅਤੇ ਜਾਂ ਫਿਰ ਮੰਜੇ ’ਤੇ ਲੇਟ ਕੇ ਛੱਤ ਵੱਲ ਵੇਖੀ ਜਾਣਾ, ਬੱਸ, ਇਹ ਰੁਟੀਨ ਬਣ ਗਿਆ ਸੀ ਦਿਨ ਦਾ।
ਰੋਟੀ ਵਗੈਰਾ ਖਾਣ ਤੋਂ ਬਾਅਦ ਰਾਤ ਨੂੰ ਘੜੀ ਵੱਲ ਵਿਹੰਦਿਆਂ ਉਸ ਨੇ ਪਤਨੀ ਅਤੇ ਬੱਚਿਆਂ ਨੂੰ ਮੁਖ਼ਾਤਿਬ ਹੋ ਕੇ ਕਿਹਾ, “ਰਾਤ ਦੇ ਦਸ ਵੱਜ ਗਏ, ਆਰਾਮ ਕਰ ਲਉ ਹੁਣ। ਫਿਰ ਤੜਕੇ ਉੱਠ ਕੇ ਵੀ ਆਰਾਮ ਕਰਨਾ ਹੈ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2421)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)