“ਤੁਸੀਂ ਉਹਨਾਂ ਦਾ ਫੈਸਲਾ ਆਪ ਹੀ ਕਿਉਂ ਕਰਵਾ ਦਿੱਤਾ? ਸਾਡੇ ਕੋਲ ਕਿਉਂ ਨਹੀਂ ਭੇਜਿਆ? ...”
(17 ਸਤੰਬਰ 2021)
ਰਜਵਾੜਾਸ਼ਾਹੀ ਨਿਜ਼ਾਮ ਅਤੇ ਜਾਗੀਰਦਾਰੀ ਸਿਸਟਮ ਵਿੱਚ ਕਿਰਤੀ ਕਾਮੇ, ਗਰਜ਼ਾਂ ਨਾਲ ਬੱਝੇ ਲੋਕ ਅਤੇ ਅੜੇ-ਥੁੜੇ ਸਮੇਂ ਲੋੜ ਪੂਰੀ ਕਰਨ ਦੀ ਆਸ ਨਾਲ ਦਿਨ ਕਟੀ ਕਰਨ ਵਾਲੇ ਲੋਕ ਕੋਠੀ ਵਾਲਿਆਂ ਨੂੰ ਮਾਈ-ਬਾਪ ਜਾਂ ਅੰਨਦਾਤਾ ਕਹਿ ਕੇ ਝੁਕ-ਝੁਕ ਕੇ ਸਲਾਮਾਂ ਕਰਦੇ ਰਹੇ ਹਨ। ਕੰਮੀਆਂ ਦੇ ਵਿਹੜੇ ਦੀਆਂ ਔਰਤਾਂ, ਨੂੰਹਾਂ ਅਤੇ ਧੀਆਂ ਦੇ ਗੋਹੇ-ਕੁੜੇ ਨਾਲ ਲਿੱਬੜੇ ਹੱਥਾਂ ਦੇ ਨਹੁੰ ਵੀ ਗੋਹੇ ਰੰਗੇ ਹੀ ਰਹੇ ਹਨ। ਆਜ਼ਾਦੀ ਤੋਂ ਬਾਅਦ ਥੋੜ੍ਹੇ ਜਿਹੇ ਹੋਏ ਪਰਿਵਰਤਨ ਵਿੱਚ ਇਹ ਵਰਤਾਰਾ ਉਸ ਇਲਾਕੇ ਦੇ ਐੱਮ.ਐੱਲ.ਏ. ਅਤੇ ਐੱਮ.ਪੀ. ਦੇ ਘਰਾਂ ਵਿੱਚ ਵੀ ਜਾ ਵੜਿਆ ਹੈ। ਵਰਤਮਾਨ ਸਥਿਤੀ ਵਿੱਚ ਰਾਜਸੀ ਲੋਕਾਂ ਦੀਆਂ ਕੋਠੀਆਂ ਵਿੱਚ ਤਿੰਨ ਤਰ੍ਹਾਂ ਦੇ ‘ਦਰਬਾਰ’ ਹੁਣ ਵੀ ਲੱਗ ਰਹੇ ਨੇ। ਇੱਕ ਦਰਬਾਰ ਵਿੱਚ ਐੱਮ.ਐੱਲ.ਏ. ਜਾਂ ਐੱਮ.ਪੀ. ਦੇ ਆਲੇ-ਦੁਆਲੇ ਵੱਖ-ਵੱਖ ਦਫਤਰਾਂ ਨਾਲ ਸਬੰਧਤ ਕੰਮ ਕਰਵਾਉਣ ਵਾਲੇ ਫਰਿਆਦੀ, ਕਿਸੇ ਝਗੜੇ ਦੇ ਨਿਪਟਾਰੇ ਲਈ ਪਿੰਡਾਂ ਵਿੱਚੋਂ ਆਈਆਂ ਦੋਨੋਂ ਧਿਰਾਂ ਜਾਂ ਫਿਰ ਪੁਲਿਸ ਕੇਸ ਦਾ ਸ਼ਿਕਾਰ ਹੋਏ ਪੀੜਤ ਵਿਅਕਤੀ ਹੁੰਦੇ ਹਨ। ਦੂਜੇ ਦਰਬਾਰ ਵਿੱਚ ਸੰਸਦ ਜਾਂ ਵਿਧਾਇਕ ਦੇ ‘ਕਾਕੇ’ ਦਾ ‘ਦਰਬਾਰ’ ਲਾਇਆ ਹੁੰਦਾ ਹੈ ਜਿਸ ਵਿੱਚ ਇਲਾਕੇ ਦੇ ਮੁੰਡੇ-ਖੁੰਡੇ ਆਪਣੀਆਂ ‘ਸਮੱਸਿਆਵਾਂ’ ‘ਕਾਕਾ ਜੀ’ ਨਾਲ ਸਾਂਝੀਆਂ ਕਰਦੇ ਹਨ ਅਤੇ ਉਸ ਨੂੰ ‘ਕਾਕਾ ਜੀ’, ‘ਛੋਟੇ ਨੇਤਾ ਜੀ’, ‘ਸਾਹਿਬਜਾਦਾ’, ‘ਰਾਜਕੁਮਾਰ’, ‘ਜਰਨੈਲ ਸਾਹਿਬ’ ਆਦਿ ਸੰਬੋਧਨਾਂ ਨਾਲ ਬੁਲਾ ਕੇ ਉਹਦੇ ’ਤੇ ਹਉਮੈਂ ਦਾ ਮੁਲੱਮਾ ਚੜ੍ਹਾਉਂਦੇ ਹਨ।
ਤੀਜਾ ਦਰਬਾਰ ਕੋਠੀ ਦੀ ਮਾਲਕਣ ਦਾ ਵੀ ਸਮੇਂ-ਸਮੇਂ ਸਿਰ ਲਗਦਾ ਰਹਿੰਦਾ ਹੈ ਜਿਸ ਵਿੱਚ ਔਰਤਾਂ ਸਰਦਾਰਨੀ ਜਾਂ ਬੀਬੀ ਜੀ ਨੂੰ ਜਿੱਥੇ ਆਲੇ-ਦੁਆਲੇ ਦੀਆਂ ਕਣਸੋਆਂ ਤੋਂ ਜਾਣੂ ਕਰਵਾਉਂਦੀਆਂ ਹਨ, ਉੱਥੇ ਹੀ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਫਰਿਆਦ ਕਰਨ ਦੇ ਨਾਲ-ਨਾਲ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਰਥਿਕ ਸਹਾਇਤਾ ਵਾਸਤੇ ਤਰਲੇ ਵੀ ਕਰਦੀਆਂ ਹਨ।
ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਵਿਧਾਇਕਾਂ ਅਤੇ ਸਾਂਸਦਾਂ ਦੇ ਕਾਕਿਆਂ ਨੇ ਸਿਆਸਤ ਵਿੱਚ ਦਖਲਅੰਦਾਜ਼ੀ ਦੇ ਨਾਲ-ਨਾਲ ਜਿੱਥੇ ਪ੍ਰਸ਼ਾਸਨਿਕ ਕੰਮਾਂ ਵਿੱਚ ਆਪਣੀ ਦਖ਼ਲਅੰਦਾਜ਼ੀ ਕਾਫੀ ਵਧਾ ਦਿੱਤੀ ਹੈ, ਉੱਥੇ ਹੀ ਸਿਆਸੀ ਭੰਨ-ਤੋੜ, ਵੋਟ ਬੈਂਕ ਨੂੰ ਪੱਕਾ ਕਰਨ ਲਈ ਹਰ ਹੀਲਾ-ਵਸੀਲਾ ਅਤੇ ਆਪਣੇ ਡੈਡੀ ਦੇ ਵੱਖ-ਵੱਖ ‘ਬਿਜਨਸਾਂ’ ਨੂੰ ਸੰਭਾਲਨ ਦੇ ਨਾਲ ਨਾਲ ਅਸਾਮੀਆਂ ਨਾਲ ਲੈਣ-ਦੇਣ ਦੀ ਜ਼ਿੰਮੇਵਾਰੀ ਵੀ ਆਪਣੇ ਮੋਢਿਆਂ ’ਤੇ ਸਾਂਭੀ ਹੋਈ ਹੈ। ਇਹ ਜ਼ਿੰਮੇਵਾਰੀ ਉਹ ਵਧੀਆ ਢੰਗ ਨਾਲ ਨਿਭਾ ਵੀ ਰਹੇ ਹਨ। ਇੱਕ ਨੇਤਾ ਤੋਂ ਕਿਸੇ ਜਾਣ-ਪਹਿਚਾਣ ਵਾਲੇ ਨੇ ਪੁੱਛ ਲਿਆ, “ਅੱਜ-ਕੱਲ੍ਹ ਕਾਕਾ ਕੀ ਕਰਦਾ ਹੈ?” ਨੇਤਾ ਨੇ ਮੁੱਛਾਂ ਨੂੰ ਤਾਉ ਦਿੰਦਿਆਂ ਮਾਣ ਨਾਲ ਦੱਸਿਆ, “ਆਪਣਾ ਬਿਜਨਸ ਇਸੇ ਨੇ ਹੀ ਸੰਭਾਲਿਆ ਹੋਇਆ ਹੈ। ਬੜੀ ਜ਼ਿੰਮੇਵਾਰੀ ਨਾਲ ਕੰਮ ਕਰ ਰਿਹਾ ਹੈ।” ਭਾਵੇਂ ਜਾਣ-ਪਹਿਚਾਣ ਵਾਲੇ ਨੇ ‘ਕਿਹੜਾ ਬਿਜਨਸ’ ਤਾਂ ਨਹੀਂ ਪੁੱਛਿਆ, ਪਰ ਉਹ ਸਮਝ ਗਿਆ ਕਿ ਰੇਤਾ-ਬਜਰੀ, ਡਰੱਗ, ਟਰਾਂਸਪੋਰਟ ਅਤੇ ਲੈਂਡ ਮਾਫੀਏ ਦੇ ਮੁਖੀਂ ਵਜੋਂ ‘ਨਿਸ਼ਕਾਮ ਸੇਵਾ’ ਕਰਨ ਦੇ ਨਾਲ-ਨਾਲ ਪਾਰਟੀ ਫੰਡ ਦਾ ਹੋਕਾ ਦੇ ਕੇ ਪੈਸਾ ਵੀ ਦੋਨਾਂ ਹੱਥਾਂ ਨਾਲ ਬਟੋਰ ਰਿਹਾ ਹੈ।
ਕਾਕਾ ਜੀ ਦਾ ਕਾਫਲਾ 2-3 ਗੱਡੀਆਂ ਵਿੱਚ ਜਦੋਂ ਕੋਠੀ ਤੋਂ ਚੱਲਦਾ ਹੈ ਤਾਂ ਉਸ ਦੇ ਨਾਲ ਮੁੰਡਿਆਂ-ਖੁੰਡਿਆਂ ਦਾ ਕਾਫਲਾ ਵੀ ਹੁੰਦਾ ਹੈ। ਬਿਜਨਸ ਵਿੱਚ ਰੁਕਾਵਟ ਬਣਨ ਵਾਲੇ, ਕਿਸੇ ਵੀ ਤਰ੍ਹਾਂ ਦੀ ਵਿਰੋਧਤਾ ਕਰਨ ਵਾਲੇ ਜਾਂ ਫਿਰ ਕੋਈ ਹੋਰ ਆਪਣੇ ਆਪ ਨੂੰ ਖੱਬੀ ਖਾਨ ਕਹਿਣ ਵਾਲੇ ਦਾ ਕੰਡਾ ਕੱਢਣ ਦੀਆਂ ਵਿਉਂਤਾਂ ਨੂੰ ਅਮਲੀ ਜਾਮਾ ਦੇਣ ਦੀਆਂ ਸਕੀਮਾਂ ਜਾਂ ਤਾਂ ਗੱਡੀ ਵਿੱਚ ਜਾਂ ਫਿਰ ਕੋਠੀ ਵਿੱਚ ਜਾਮ ਨਾਲ ਜਾਮ ਟਕਰਾ ਕੇ ਘੜੀਆਂ ਜਾਂਦੀਆਂ ਹਨ। ਕਾਕੇ ਦੀ ਸ਼ਹਿ ’ਤੇ ਨਾਲ ਰਹਿੰਦੇ ਦੂਜੇ ਬਿਗੜੈਲ ਮੁੰਡਿਆਂ ਸਾਹਮਣੇ ਕੁਸਕਣ ਵਾਲੇ ਨੂੰ ਸੋਧਣ ਦਾ ਕੰਮ ਬੜੀ ਦਲੇਰੀ ਨਾਲ ਕਰ ਦਿੱਤਾ ਜਾਂਦਾ ਹੈ। ਕੋਈ ਵਾਰਦਾਤ ਹੋਣ ਤੋਂ ਬਾਅਦ ਜਦੋਂ ਸ਼ੱਕ ਦੀ ਸੂਈ ਕੋਠੀ ਵੱਲ ਨੂੰ ਮੁੜਦੀ ਹੈ ਤਾਂ ਫਿਰ ਕੇਸ ਅਣਪਛਾਤਿਆਂ ’ਤੇ ਪਾ ਕੇ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਬੁੱਤਾ ਸਾਰ ਦਿੱਤਾ ਜਾਂਦਾ ਹੈ।
ਪੁਲੀਸ ‘ਕਾਕੇ’ ਜਾਂ ਫਿਰ ਉਸ ਦੇ ਦੋਸਤਾਂ ਨੂੰ ਹੱਥ ਪਾ ਕੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਉਹ ਨੇਤਾ ਦੀ ਕਰੋਪੀ ਦੇ ਹਸ਼ਰ ਤੋਂ ਚੰਗੀ ਤਰ੍ਹਾਂ ਜਾਣੂ ਹੁੰਦੇ ਹਨ। ਪ੍ਰਸ਼ਾਸਨਿਕ ਕੰਮਾਂ ਵਿੱਚ ਸਿਆਸਤ ਇਸ ਹੱਦ ਤਕ ਭਾਰੂ ਹੋ ਗਈ ਹੈ ਕਿ ਹਲਕਾ ਇੰਚਾਰਜ ਦੀ ਸਹਿਮਤੀ ਤੋਂ ਬਿਨਾਂ ਥਾਣੇ ਵਿੱਚ ਮੁਣਸ਼ੀ ਤੋਂ ਲੈ ਕੇ ਬਾਕੀ ਉੱਚ ਅਧਿਕਾਰੀਆਂ ਦੀ ਨਿਯੁਕਤੀ ਨਹੀਂ ਕੀਤੀ ਜਾਂਦੀ। ਭਲਾ ਜਦ ਉਹ ਫਰਿਆਦ ਕਰਕੇ ਆਪਣੀ ਨਿਯੁਕਤੀ ਮੰਨ-ਪਸੰਦ ਸਟੇਸ਼ਨ ’ਤੇ ਕਰਵਾਉਂਦੇ ਹਨ, ਫਿਰ ਨੇਤਾ ਜਾਂ ਉਸਦੇ ਫਰਜ਼ੰਦ ਦੇ ਹੁਕਮਾਂ ਦੀ ਉਲੰਘਣਾ ਕਿੰਜ ਕਰ ਸਕਦੇ ਹਨ? ‘ਅੜੇ ਸੋ ਝੜੇ’ ਦੇ ਸਿਧਾਂਤ ਦੀ ਸਖ਼ਤੀ ਨਾਲ ਪਾਲਣਾ ਹੋਣ ਕਾਰਨ ਸਿਆਸੀ ਆਗੂਆਂ ਅੱਗੇ ਲਿਫਣ ਦੇ ਨਾਲ-ਨਾਲ ਉਨ੍ਹਾਂ ਦੇ ਜਾਇਜ਼ ਨਜਾਇਜ਼ ਕੰਮ ਕਰਨ ਵਾਲੇ ਹੀ ਟਿਕੇ ਰਹਿ ਸਕਦੇ ਹਨ।
ਇਨ੍ਹਾਂ ਸਿਆਸਤਦਾਨਾਂ ਦੇ ਕਈ ਬਿਗੜੈਲ ਕਾਕਿਆਂ ਤੋਂ ਧੀਆਂ ਭੈਣਾਂ ਵੀ ਸੁਰੱਖਿਅਤ ਨਹੀਂ। ਸਿਆਸੀ ਸ਼ਹਿ ’ਤੇ ਇੱਕ ਅਜਿਹੇ ਨੌਜਵਾਨ ਨੇ ਦਿਨ-ਦਿਹਾੜੇ ਪੰਜਾਬ ਦੇ ਇੱਕ ਜ਼ਿਲ੍ਹੇ ਵਿੱਚ ਬੰਦੂਕ ਦੀ ਨੋਕ ’ਤੇ ਜਵਾਨ ਕੁੜੀ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ। ਅਗਵਾ ਕਰਨ ਵੇਲੇ ਕੁੜੀ ਦੇ ਮਾਂ-ਬਾਪ ਦੀ ਬੁਰੀ ਤਰ੍ਹਾਂ ਕੁੱਟ-ਮਾਰ ਵੀ ਕੀਤੀ ਸੀ। ਉਸ ਸਮੇਂ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੀ। ਪਰ ਬਾਅਦ ਵਿੱਚ ਲੋਕ ਰੋਹ ਅਤੇ ਅਦਾਲਤ ਦੇ ਦਬਾਅ ਹੇਠ ਪੁਲਿਸ ਨੇ ਕੁੜੀ ਨੂੰ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕੀਤਾ ਅਤੇ ਅਦਾਲਤ ਦੇ ਹੁਕਮਾਂ ਨਾਲ ਮੁੰਡੇ ਨੂੰ ਜੇਲ ਦੀਆਂ ਸੀਖਾਂ ਅੰਦਰ ਡੱਕਿਆ। ਪਰ ਜ਼ਿਆਦਾਤਰ ਕੇਸਾਂ ਵਿੱਚ ਕੁੜੀਆਂ ਦੀਆਂ ਚੀਖਾਂ ਸਿਆਸੀ ਦਬਾਅ ਹੇਠ ਹੀ ਦਮ ਤੋੜ ਜਾਂਦੀਆਂ ਹਨ ਅਤੇ ਇਨ੍ਹਾਂ ਮਾਸੂਮ ਕੁੜੀਆਂ ਨੂੰ ਤਾਲਿਬਾਨੀ ਡਰ’ ਹੇਠ ਦਿਨ ਕਟੀ ਕਰਨੀ ਪੈ ਰਹੀ ਹੈ।
ਕਈ ਕਾਕਿਆਂ ਨੇ ਆਪਣੀ ਕਾਰ ਦੇ ਅੱਗੇ ਪਿੱਛੇ ਕਾਰ ਸੇਵਾ ਵਾਲੇ ਬਾਬਿਆਂ ਵਾਂਗ ਐੱਮ.ਐੱਲ.ਏ. ਦਾ ਪੁੱਤ ਵੀ ਲਿਖਵਾਇਆ ਹੋਇਆ ਹੈ ਤਾਂ ਜੋ ਕੋਈ ਪੁਲੀਸ ਕਰਮਚਾਰੀ ਜਾਂ ਕੋਈ ਹੋਰ ਅਧਿਕਾਰੀ ਰੋਕਣ ਦੀ ਜ਼ੁਰਅਤ ਨਾ ਕਰੇ, ਬਿਜਨਸ ਵਿੱਚ ਰੁਕਾਵਟ ਦਾ ਕਾਰਨ ਨਾ ਬਣੇ। ਕਈ ਕਾਕਿਆਂ ਦੀ ਆਪਣੇ ਬਾਪ ਦੀ ਸ਼ਹਿ ’ਤੇ ਭਰਤੀ ਸਕੈਂਡਲ, ਸੈਕਸ ਸਕੈਂਡਲ ਅਤੇ ਟਰਾਂਸਪੋਰਟ ਸਕੈਂਡਲ ਵਿੱਚ ਭਾਈਵਾਲੀ ਚਰਚਾ ਦਾ ਵਿਸ਼ਾ ਬਣਨ ਦੇ ਨਾਲ ਨਾਲ ਨੇਤਾ ਦੇ ਸਿਆਸੀ ਪਤਨ ਦਾ ਕਾਰਨ ਵੀ ਬਣੀ ਹੈ। ‘ਨੇਤਾ ਜੀ’ ਸ਼ਬਦ ਕੌਮ ਦੇ ਹੀਰੇ ਸੁਭਾਸ਼ ਚੰਦਰ ਬੋਸ ਜੀ ਲਈ ਅਦਬ ਨਾਲ ਵਰਤਿਆ ਜਾਂਦਾ ਹੈ। ਪਰ ਹੁਣ ਗਰਜਾਂ ਦੇ ਬੱਝੇ ਲੋਕਾਂ ਨੇ ਭ੍ਰਿਸ਼ਟ ਨੇਤਾਵਾਂ ਅਤੇ ਉਨ੍ਹਾਂ ਦੇ ਗੈਰ ਜ਼ਿੰਮੇਵਾਰ ਪੁੱਤਰਾਂ ਨੂੰ ‘ਨੇਤਾ ਜੀ’ ਕਹਿ ਕੇ ਇਸ ਸ਼ਬਦ ਦੀ ਤੌਹੀਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਪਿੱਛੇ ਜਿਹੇ ਗੁਜਰਾਤ ਸਟੇਟ ਵਿੱਚ ਇੱਕ ਅਗਾਂਹਵਧੂ ਨੌਜਵਾਨ ਉਸ ਇਲਾਕੇ ਦੇ ਐੱਮ.ਐੱਲ.ਏ. ਅਤੇ ਉਸ ਦੇ ਪੁੱਤਰ ਦੀਆਂ ਸਮਾਜ ਵਿਰੋਧੀ ਗਤੀ ਵਿਧੀਆਂ ਅਤੇ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਿਰੁੱਧ ਆਵਾਜ਼ ਬੁਲੰਦ ਕਰਦਾ ਰਿਹਾ। ਐੱਮ.ਐੱਲ.ਏ. ਦੇ ਪੁੱਤਰ ਦੀ ਸ਼ਿਕਾਇਤ ’ਤੇ ਡਿਪਟੀ ਕਮਿਸ਼ਨਰ ਨੇ ਪੁਲੀਸ ਐਕਟ ਦੇ ਤਹਿਤ ਉਸ ਨੌਜਵਾਨ ਵਿਰੁੱਧ ਤਾੜੀਪਾਰ (ਦੇਸ਼ ਨਿਕਾਲਾ) ਦੀ ਸਜ਼ਾ ਸੁਣਾ ਦਿੱਤੀ। ਉਸ ਨੌਜਵਾਨ ਨੇ ਗੁਜਰਾਤ ਹਾਈਕੋਰਟ ਦੀ ਸ਼ਰਨ ਲਈ ਅਤੇ ਮਾਨਯੋਗ ਹਾਈਕੋਰਟ ਨੇ ਡਿਪਟੀ ਕਮਿਸ਼ਨਰ ਦੇ ਫੈਸਲੇ ਨੂੰ ਰੱਦ ਕਰਦਿਆਂ ਡਿਪਟੀ ਕਮਿਸ਼ਨਰ ਅਤੇ ਪੁਲੀਸ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ, “ਇਹ ਰਜਵਾੜਾਸ਼ਾਹੀ ਹੁਕਮ ਲੋਕਤੰਤਰ ਦਾ ਘਾਣ ਹੈ।” ਲੋਕਤੰਤਰ ਵਿੱਚ ਸਿਆਸੀ ਆਕਿਆਂ ਅਤੇ ਉਨ੍ਹਾਂ ਦੇ ਪੁੱਤਰਾਂ ਦੀਆਂ ਆਪ ਹੁਦਰੀਆਂ ਤੋਂ ਬਚਾਉਣ ਲਈ ਅਦਾਲਤਾਂ ਛਤਰੀ ਦਾ ਕੰਮ ਕਰ ਰਹੀਆਂ ਹਨ।
ਇਸੇ ਤਰ੍ਹਾਂ ਹੀ ਕੁਝ ਸਮਾਂ ਪਹਿਲਾਂ ਪੰਜਾਬ ਦੇ ਇੱਕ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਸਿਆਸੀ ਨੇਤਾਵਾਂ ਅਤੇ ਉਨ੍ਹਾਂ ਦੇ ਪੁੱਤਰਾਂ ਦੇ ਨਜ਼ਾਇਜ ਹੁਕਮਾਂ ਨੂੰ ਨਹੀਂ ਸੀ ਮੰਨਦਾ। ਕਿਸੇ ਸਮੇਂ ਉਹ ਡਿਪਟੀ ਕਮਿਸ਼ਨਰ ਪ੍ਰਸ਼ਾਸਨਿਕ ਸੇਵਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਪਿੰਡ ਦਾ ਸਰਪੰਚ ਵੀ ਰਹਿ ਚੁੱਕਿਆ ਸੀ ਅਤੇ ਪੇਂਡੂ ਲੋਕਾਂ ਦੀਆਂ ਸਮੱਸਿਆਵਾਂ ਤੋਂ ਉਹ ਭਲੀ-ਭਾਂਤ ਜਾਣੂ ਸੀ। ਡਿਪਟੀ ਕਮਿਸ਼ਮਰ ਹੁੰਦਿਆਂ ਉਹਦੇ ਕੋਲ ਇੱਕ ਪਿੰਡ ਦੀਆਂ ਦੋ ਧਿਰਾਂ ਦਰਮਿਆਨ ਝਗੜੇ ਦਾ ਕੇਸ ਨਿਪਟਾਰੇ ਲਈ ਆਇਆ। ਉਸ ਨੇ ਦੋਨਾਂ ਧਿਰਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਅਤੇ ਅੰਦਾਜ਼ਾ ਲਾ ਲਿਆ ਕਿ ਜੇਕਰ ਇਹ ਝਗੜਾ ਨਾ ਨਿਬੇੜਿਆ ਤਾਂ ਦੋਨੋਂ ਧਿਰਾਂ ਜਿੱਥੇ ਮੁਕੱਦਮੇਬਾਜ਼ੀ ਵਿੱਚ ਪੈ ਕੇ ਆਰਥਿਕ ਪੱਖ ਤੋਂ ਖੁੰਘਲ ਹੋ ਜਾਣਗੀਆਂ, ਉੱਥੇ ਹੀ ਇਸ ਝਗੜੇ ਕਾਰਨ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਉਸ ਨੇ ਦੋਨਾਂ ਧਿਰਾਂ ਨੂੰ ਸਮਝਾ-ਬੁਝਾ ਕੇ ਸਮਝੌਤਾ ਕਰਵਾ ਦਿੱਤਾ ਅਤੇ ਦੋਨਾਂ ਧਿਰਾਂ ਦੀਆਂ ਆਪਸ ਵਿੱਚ ਜੱਫੀਆਂ ਪਵਾ ਕੇ ਖੁਸ਼ੀ-ਖੁਸ਼ੀ ਦਫ਼ਤਰੋਂ ਤੋਰ ਦਿੱਤਾ। ਕੁਝ ਘੰਟਿਆਂ ਬਾਅਦ ਹੀ ਸਿਆਸੀ ਨੇਤਾ ਦੇ ਪੁੱਤਰ ਦਾ ਫੋਨ ਡਿਪਟੀ ਕਮਿਸ਼ਨਰ ਕੋਲ ਆਇਆ ਅਤੇ ਉਸ ਨੂੰ ਕਿਹਾ, “ਤੁਸੀਂ ਉਹਨਾਂ ਦਾ ਫੈਸਲਾ ਆਪ ਹੀ ਕਿਉਂ ਕਰਵਾ ਦਿੱਤਾ? ਸਾਡੇ ਕੋਲ ਕਿਉਂ ਨਹੀਂ ਭੇਜਿਆ? ਅਸੀਂ ਦੋਨਾਂ ਧਿਰਾਂ ਦਾ ਸਮਝੌਤਾ ਕਰਵਾ ਕੇ ਆਪਣੀਆਂ ਵੋਟਾਂ ਪੱਕੀਆਂ ਕਰਨੀਆਂ ਸਨ। ਇਉਂ ਤਾਂ ਤੁਸੀਂ ਸਾਡੀਆਂ ਵੋਟਾਂ ਹੀ ਖਰਾਬ ਕਰ ਰਹੇ ਹੋਂ।” ਡਿਪਟੀ ਕਮਿਸ਼ਨਰ ਨੇ ਜਵਾਬ ਦਿੱਤਾ, “ਮੈਂ ਅੱਗ ਲਾਈ ਨਹੀਂ, ਬੁਝਾਈ ਹੈ। ਇਹ ਕੰਮ ਮੈਂ ਕਰਦਾ ਰਹਾਂਗਾ।”
ਸਿਆਸੀ ਨੇਤਾ ਦੇ ਪੁੱਤ ਨੇ ਖਿਝ ਕੇ ਫੋਨ ਰੱਖ ਦਿੱਤਾ ਅਤੇ ਆਪਣੇ ਬਾਪ ਨੂੰ ਕਹਿ ਕੇ ਕੁਝ ਦਿਨਾਂ ਬਾਅਦ ਹੀ ਡਿਪਟੀ ਕਮਿਸ਼ਨਰ ਦੀ ਬਦਲੀ ਕਰਵਾ ਦਿੱਤੀ।
ਪਿਛਲੇ ਅੰਦਾਜ਼ਨ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੇ ਲੋਕਾਂ ਵਿੱਚ ਜਾਗ੍ਰਤੀ ਲਿਆਂਦੀ ਹੈ ਅਤੇ ਉਨ੍ਹਾਂ ਦੇ ਤਪੇ ਚਿਹਰੇ ਸਿਆਸੀ ਲੋਕਾਂ ਦੀ ਲੁੱਟ-ਖਸੁੱਟ ਤੋਂ ਸੁਚੇਤ ਹੋ ਕੇ ਉਨ੍ਹਾਂ ਦੇ ਦੇਸ਼, ਪ੍ਰਾਂਤ ਅਤੇ ਸਮਾਜ ਪ੍ਰਤੀ ਕੀਤੇ ਕੰਮਾਂ ਦਾ ਲੇਖਾ-ਜੋਖਾ ਮੰਗ ਰਹੇ ਹਨ। ਰਾਜਨੀਤਿਕ ਲੋਕਾਂ ਦੇ ਪੁੱਤਾਂ ਨੇ ਆਪਣੀਆਂ ਕਾਰਾਂ ਦੇ ਅੱਗੇ-ਪਿੱਛੇ ਲਿਖਵਾਏ ‘ਐੱਮ.ਐੱਲ.ਏ. ਦਾ ਪੁੱਤ’ ’ਤੇ ਪੋਚਾ ਮਰਵਾ ਦਿੱਤਾ ਹੈ। ਉਨ੍ਹਾਂ ਨੂੰ ਵੀ ਡਰ ਪੈਦਾ ਹੋ ਗਿਆ ਹੈ ਕਿ ਕਿਤੇ ਗੱਡੀ ਦੀ ਭੰਨ ਤੋੜ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਵੀ ‘ਬੰਧਕ’ ਨਾ ਬਣਾ ਲਿਆ ਜਾਵੇ। ਸ਼ਾਇਦ ਉਨ੍ਹਾਂ ਨੂੰ ਇਹ ਵੀ ਅਹਿਸਾਸ ਹੋ ਗਿਆ ਕਿ:
ਬੁਲੰਦੀਆਂ ਦੇਰ ਤਕ ਕਿਸ ਸ਼ਖਸ ਕੇ ਹਿੱਸੇ ਮੇਂ ਰਹਿਤੀ ਹੈਂ,
ਬਹੁਤ ਊਂਚੀ ਈਮਾਰਤ ਹਰ ਘੜੀ ਖਤਰੇ ਮੇਂ ਰਹਿਤੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3010)
(ਸਰੋਕਾਰ ਨਾਲ ਸੰਪਰਕ ਲਈ: