“ਮੈਂ ਮਾਈ ਦਾ ਫੋਨ ਨੰਬਰ ਮਿਲਾਇਆ ਤਾਂ ਕੰਪਿਊਟਰ ’ਤੇ ਆਵਾਜ਼ ਆਈ, “ਮੋਬਾਇਲ ਬੰਦ ਹੈ।” ਮੈਂ ...”
(26 ਜੁਲਾਈ 2025)
ਨਸ਼ਈ ਦਾ ਨਸ਼ਾ ਛੁਡਵਾਉਣ ਲਈ ਜਿੱਥੇ ਇਲਾਜ ਕਰਨ ਵਾਲੇ ਉਸਦੀ ਜ਼ਿੰਦਗੀ ਪ੍ਰਤੀ ਸੁਹਿਰਦ ਹੋਣ, ਮਾਪਿਆਂ ਦਾ ਭਰਵਾਂ ਸਹਿਯੋਗ ਮਿਲੇ ਅਤੇ ਪ੍ਰਸ਼ਾਸਨ ਵਲੋਂ ਸਮੇਂ ਸਮੇਂ ਸਿਰ ਸਮੱਸਿਆਵਾਂ ਦੇ ਹੱਲ ਲਈ ਹਾਂ ਪੱਖੀ ਹੁੰਗਾਰਾ ਮਿਲਦਾ ਰਹੇ ਤਾਂ ਸਾਰਥਿਕ ਨਤੀਜੇ ਸਾਹਮਣੇ ਆ ਸਕਦੇ ਨੇ। ਹਾਂ, ਨਸ਼ਾ ਛੱਡਣ ਵਾਲੇ ਦੀ ਇੱਛਾ ਸ਼ਕਤੀ ’ਤੇ ਵੀ ਕਾਫ਼ੀ ਨਿਰਭਰ ਕਰਦਾ ਹੈ।
ਗੱਲ ਕੁਝ ਸਾਲ ਪੁਰਾਣੀ ਹੈ। ਮੈਂ ਨਸ਼ਾ ਛੁਡਾਊ ਕੇਂਦਰ ਦੇ ਦਫ਼ਤਰ ਵਿੱਚ ਬੈਠਾ ਸੀ। ਡਿਪਟੀ ਕਮਿਸ਼ਨਰ ਸਾਹਿਬ ਦਾ ਫੋਨ ਆਇਆ ਕਿ ਇੱਕ ਪੀੜਤ ਵਿਧਵਾ ਔਰਤ ਆਪਣੇ ਨਸ਼ਈ ਪੁੱਤ ਨੂੰ ਨਾਲ ਲੈਕੇ ਪੇਸ਼ ਹੋਈ ਹੈ। ਔਰਤ ਨਸ਼ਈ ਪੁੱਤ ਤੋਂ ਪੋਟਾ ਪੋਟਾ ਦੁਖੀ ਹੈ। ਨਸ਼ਈ ਮੁੰਡਾ ਦੋ ਬੱਚਿਆਂ ਦਾ ਬਾਪ ਹੈ। ਮੁੰਡੇ ਨੇ ਵੀ ਨਸ਼ਾ ਛੱਡਣ ਦੀ ਇੱਛਾ ਪ੍ਰਗਟਾਈ ਹੈ। ਤੁਹਾਡੇ ਕੋਲ ਭੇਜ ਰਿਹਾ ਹਾਂ। ਵੇਖੋ, ਜੇ ਭਟਕਿਆ ਮੁੰਡਾ ਲੀਹ ’ਤੇ ਆ ਜਾਵੇ। ਇਸ ਉਮਰ ਵਿੱਚ ਬਜ਼ੁਰਗ ਔਰਤ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ।”
ਮੇਰੇ ‘ਠੀਕ ਐ ਸਰ’ ਕਹਿਣ ਤੇ ਬਜ਼ੁਰਗ ਔਰਤ ਅਤੇ ਮੁੰਡਾ ਮੇਰੇ ਦਫ਼ਤਰ ਆ ਗਏ। ਔਰਤ ਦੀ ਮਾਨਸਿਕ ਅਤੇ ਸ਼ਰੀਰਕ ਹਾਲਤ ਡਿਗੂੰ ਡਿਗੂੰ ਕਰਦੀ ਇਮਾਰਤ ਵਰਗੀ ਸੀ। ਮਾਈ ਨੂੰ ਮੈਂ ਆਦਰ ਨਾਲ ਕੁਰਸੀ ’ਤੇ ਬਿਠਾ ਲਿਆ। ਮਾਈ ਦੇ ਨੈਣਾਂ ਵਿੱਚੋਂ ਛਮ ਛਮ ਅੱਥਰੂ ਵਗ ਰਹੇ ਸਨ। ਉਹਦੇ ਅੱਥਰੂ ਇਕਲੌਤੇ ਨਸ਼ੱਈ ਪੁੱਤ ਵਲੋਂ ਉਹਦੀ ਝੋਲੀ ਵਿੱਚ ਪਾਈਆਂ ਪੀੜਾਂ, ਜ਼ਿੰਮੇਵਾਰੀ ਦੀ ਪੰਡ, ਲੋੜਾਂ ਅਤੇ ਥੋੜਾਂ ਦੀ ਸ਼ਿਕਾਰ ਅਤੇ ਲੋਕਾਂ ਵੱਲੋਂ ਪੁੱਤ ਦੇ ਮਿਲੇ ਉਲਾਂਭਿਆਂ ਦਾ ਬੋਝ ਝਲਕ ਰਿਹਾ ਸੀ। ਉਹਦੇ ਅੱਥਰੂਆਂ ਦੀ ਭਾਸ਼ਾ ਦਾ ਅਨੁਵਾਦ ਮੈਂ ਆਪਣੀ ਸਮਰੱਥਾ ਅਨੁਸਾਰ ਕਰ ਲਿਆ। ਕਾਗਜ਼ੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਮੈਂ ਮਾਈ ਦਾ ਮੋਬਾਇਲ ਨੰਬਰ ਫਾਈਲ ’ਤੇ ਨੋਟ ਕਰਨ ਉਪਰੰਤ ਉਸਨੂੰ ਦਿਲਾਸਾ ਦਿੰਦਿਆਂ ਕਿਹਾ, “ਅਸੀਂ ਆਪਣੀ ਵਲੋਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਤੇਰੇ ਪੁੱਤ ਨੂੰ ਨਸ਼ਾ ਛੁਡਵਾ ਕੇ ਚੰਗਾ ਪੁੱਤ, ਚੰਗਾ ਬਾਪ ਅਤੇ ਚੰਗਾ ਪਤੀ ਬਣਾਕੇ ਭੇਜੀਏ। ਬੱਸ, ਤੁਸੀਂ ਵਾਰ ਵਾਰ ਇੱਥੇ ਗੇੜਾ ਨਹੀਂ ਮਾਰਨਾ। ਹਾਂ, ਜੇਕਰ ਅਸੀਂ ਬੁਲਾਈਏ ਤਾਂ ਪੈਰ ਜੁੱਤੀ ਨਹੀਂ ਪਾਉਣੀ, ਤੁਰੰਤ ਆ ਜਾਣਾ। ਮਾਈ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਿਆਂ ਸਹਿਮਤੀ ਵਿੱਚ ਸਿਰ ਹਿਲਾਉਂਦੀ ਰਹੀ। ਜਦੋਂ ਮਾਈ ਨੂੰ ਸੰਪਰਕ ਲਈ ਦੋ ਤਿੰਨ ਹੋਰ ਫੋਨ ਨੰਬਰ ਦੇਣ ਲਈ ਕਿਹਾ ਤਾਂ ਉਹਦਾ ਜਵਾਬ ਸੀ, “ਹਾਲਾਂ ਤਾਂ ਜੀ ਇੱਕ ਨੰਬਰ ਈ ਲਿਖ ਲਵੋ। ਧੂਰੀ ਜਾਕੇ ਦੂਜਾ ਨੰਬਰ ਲਿਖਵਾ ਦਿਆਂਗੀ।”
ਮਾਈ ਮੇਰੇ ਵੱਲ ਆਸਵੰਦ ਨਜ਼ਰਾਂ ਨਾਲ ਵਿਹੰਦਿਆਂ ਹਾਲਾਂ ਨਸ਼ਾ ਛੁਡਾਊ ਕੇਂਦਰ ਦੇ ਗੇਟ ਤੋਂ ਬਾਹਰ ਹੀ ਗਈ ਸੀ, ਮੇਰੇ ਧਿਆਨ ਵਿੱਚ ਆਇਆ ਕਿ ਮਾਈ ਦਾ ਫੋਨ ਨੰਬਰ ਚੈੱਕ ਕਰ ਲਵਾਂ। ਨਸ਼ਈ ਮਰੀਜ਼ ਨੂੰ ਕੋਈ ਦਿੱਕਤ ਆ ਸਕਦੀ ਹੈ। ਜਦੋਂ ਮੈਂ ਮਾਈ ਦਾ ਫੋਨ ਨੰਬਰ ਮਿਲਾਇਆ ਤਾਂ ਕੰਪਿਊਟਰ ’ਤੇ ਆਵਾਜ਼ ਆਈ, “ਮੋਬਾਇਲ ਬੰਦ ਹੈ।” ਮੈਂ ਆਪਣਾ ਕਰਮਚਾਰੀ ਭੇਜ ਕੇ ਮਾਈ ਨੂੰ ਵਾਪਸ ਬੁਲਾਇਆ। ਉਸਦੇ ਵਾਪਸ ਆਉਣ ’ਤੇ ਜਦੋਂ ਉਸਨੂੰ ਮੋਬਾਇਲ ਬੰਦ ਹੋਣ ਸਬੰਧੀ ਪੁੱਛਿਆ ਤਾਂ ਉਸਨੇ ਗੱਚ ਭਰਕੇ ਜਵਾਬ ਦਿੱਤਾ, “ਜੀ, ਮੋਬਾਇਲ ਰੀਚਾਰਜ ਕਰਵਾਉਣ ਵਾਲਾ ਹੈ। ਘਰ ਜਾਕੇ ਕਿਸੇ ਤੋਂ ਉਧਾਰ ਪੈਸੇ ਲੈਕੇ ਚਾਲੂ ਕਰਵਾ ਲਵਾਂਗੀ।” ਇਹ ਕਹਿੰਦਿਆਂ ਮਾਈ ਦੇ ਚਿਹਰੇ ’ਤੇ ਬੇਵਸੀ ਦੇ ਚਿੰਨ੍ਹ ਉਭਰ ਆਏ। ਆਪਣੇ ਕਰਮਚਾਰੀ ਨੂੰ ਪੈਸੇ ਦੇਕੇ ਮਾਈ ਦਾ ਮੋਬਾਇਲ ਰੀਚਾਰਜ ਕਰਵਾ ਦਿੱਤਾ ਅਤੇ ਮਾਈ ਅਸੀਸਾਂ ਦਿੰਦੀ ਚਲੀ ਗਈ।
ਨਸ਼ਈ ਨੂੰ ਨਸ਼ਾ ਮੁਕਤ ਕਰਨ ਲਈ ਜਿੱਥੇ ਦੁਆ ਅਤੇ ਦਵਾਈ ਦੀ ਲੋੜ ਹੈ, ਉੱਥੇ ਹੀ ਉਸਨੂੰ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜਣਾ ਵੀ ਜ਼ਰੂਰੀ ਹੈ। ਨਸ਼ਾ ਛੁਡਾਊ ਕੇਂਦਰ ਵਿੱਚ ਇਹ ਕਿਰਿਆਵਾਂ ਨਿਯਮ-ਬੱਧ ਢੰਗ ਨਾਲ ਕਰਵਾਈਆਂ ਜਾਂਦੀਆਂ ਸਨ। ਹਰ ਰੋਜ਼ ਸ਼ਾਮ ਨੂੰ ਤਿੰਨ ਕੁ ਘੰਟੇ ਮੈਂ ਉਨ੍ਹਾਂ ਵਿੱਚ ਗੁਜ਼ਾਰਦਾ ਸੀ। ਯੋਗਾ, ਮੈਡੀਟੇਸ਼ਨ ਅਤੇ ਕੌਂਸਲਿੰਗ ਮੇਰੀ ਜ਼ਿੰਮੇਵਾਰੀ ਦਾ ਅਹਿਮ ਹਿੱਸਾ ਸਨ। ਦਾਖ਼ਲ ਮਰੀਜ਼ਾਂ ਨਾਲ ਮੈਂ ਮੋਹ, ਅਪਣੱਤ ਅਤੇ ਸਤਿਕਾਰ ਦਾ ਰਿਸ਼ਤਾ ਸਿਰਜਿਆ ਹੋਇਆ ਸੀ। ਕਈ ਵਾਰ ਜਦੋਂ ਕਿਸੇ ਨਸ਼ਈ ਨੂੰ ਮੈਂ ‘ਪੁੱਤ’ ਕਹਿਕੇ ਮੈਂ ਬੁੱਕਲ ਵਿੱਚ ਲੈਂਦਾ ਸਾਂ ਤਾਂ ਮਰੀਜ਼ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੁੰਦੀਆਂ ਸਨ ਅਤੇ ਉਹ ਮੈਨੂੰ ਆਪਣਾ ਹਮਦਰਦ ਸਮਝ ਕੇ ਬਿਨ੍ਹਾਂ ਕਿਸੇ ਲੁਕੋਅ ਤੋਂ ਨਸ਼ੇ ਦੀ ਲਪੇਟ ਵਿੱਚ ਆਉਣ ਦੇ ਕਾਰਨ ਵੀ ਦੱਸ ਦਿੰਦੇ ਅਤੇ ਨਾਲ ਹੀ ਨਸ਼ਾ ਛੱਡਣ ਲਈ ਦ੍ਰਿੜ ਇੱਛਾ ਸ਼ਕਤੀ ਦਾ ਪ੍ਰਗਟਾਵਾ ਵੀ ਕਰ ਦਿੰਦੇ। ਹਮੇਸ਼ਾ ਹੀ ਮੈਂ ਇਸ ਕਰਮ ’ਤੇ ਜੋਰ ਦਿੱਤਾ ਕਿ ਨਸ਼ਈ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨ ਅਤੇ ਇਨ੍ਹਾਂ ਨਾਲ ਪੀੜਤਾਂ ਵਾਲੇ ਵਰਤਾਉ ਰਾਹੀਂ ਇਨ੍ਹਾਂ ਦੇ ਹਿੱਸੇ ਆਈ ਪੀੜ ਦੂਰ ਕਰਕੇ ਨਸ਼ਾ ਮੁਕਤ ਕੀਤਾ ਜਾਵੇ।
ਕਰਮਜੀਤ ਨਾਂ ਦਾ ਉਹ ਨੌਜਵਾਨ ਕੌਂਸਲਿੰਗ ਸਮੇਂ ਮੇਰੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ। ਦਸ ਕੁ ਦਿਨ ਬੀਤ ਗਏ। ਭਾਵੇਂ ਉਹ ਸਹੀ ਦਿਸ਼ਾ ਵੱਲ ਜਾ ਰਿਹਾ ਸੀ, ਪਰ ਉਹ ਹਰ ਸਮੇਂ ਚਿੰਤਾ ਵਿੱਚ ਰਹਿੰਦਾ ਸੀ। ਗੁੰਮ ਸੁੰਮ ਜਿਹਾ, ਕਿਸੇ ਨਾਲ ਵਾਧੂ ਗੱਲ ਵੀ ਨਹੀਂ ਸੀ ਕਰਦਾ। ਇੱਕ ਦਿਨ ਸ਼ਾਮ ਨੂੰ ਕੌਂਸਲਿੰਗ ਉਪਰੰਤ ਉਸਨੇ ਬੜੀ ਨਿਮਰਤਾ ਨਾਲ ਕਿਹਾ, “ਸਰ, ਮੈਂ ਥੋਡੇ ਨਾਲ ਇਕੱਲਿਆਂ ਗੱਲ ਕਰਨੀ ਹੈ।”
ਮੈਂ ਆਪ ਚਾਹੁੰਦਾ ਸੀ ਕਿ ਉਹ ਆਪਣੇ ਮਨ ਦਾ ਬੋਝ ਹਲਕਾ ਕਰੇ। ਮੈਂ ਉਹਨੂੰ ਅਲੱਗ ਕਮਰੇ ਵਿੱਚ ਲੈ ਗਿਆ। ਮੰਜਿਆਂ ’ਤੇ ਆਹਮੋ ਸਾਹਮਣੇ ਬੈਠ ਗਏ। ਉਹਦੇ ਮੋਢੇ ’ਤੇ ਹੱਥ ਰਖਦਿਆਂ ਮੈਂ ਪਿਆਰ ਨਾਲ ਪੁੱਛਿਆ, “ਦੱਸ ਪੁੱਤ, ਕੀ ਤਕਲੀਫ ਐ?”
ਗੱਲ ਕਰਨ ਤੋਂ ਪਹਿਲਾਂ ਉਹਦੇ ਚਿਹਰੇ ’ਤੇ ਗੰਭੀਰਤਾ ਦੇ ਚਿੰਨ੍ਹ ਆ ਗਏ। ਫਿਰ ਉਸਨੇ ਗਲਾ ਸਾਫ਼ ਕਰਦਿਆਂ ਬਹੁਤ ਹੀ ਨਿਮਰਤਾ ਨਾਲ ਕਿਹਾ, ”ਸਰ, ਹੁਣ ਤੱਕ ਤਾਂ ਮੈਂ ਕਦੇ ਆਪਣੇ ਪਰਵਾਰ ਵਾਰੇ ਸੋਚਿਆ ਹੀ ਨਹੀਂ। ਬੱਸ, ਦਿਨ ਰਾਤ ਨਸ਼ੇ ’ਚ ਟੱਲੀ ਰਿਹਾਂ। ਮੇਰੀ ਮਾਂ ਕਈ ਘਰਾਂ ਵਿੱਚ ਕੰਮ ਕਰਕੇ ਪਰਵਾਰ ਨੂੰ ਪਾਲ ਰਹੀ ਹੈ। ਪਰ ਸਰ, ਮੈਨੂੰ ਇੱਥੇ ਆਕੇ ਹੁਣ ਸੋਝੀ ਆਈ ਐ। ਜਿਸ ਘਰ ਵਿੱਚ ਅਸੀਂ ਕਿਰਾਏ ’ਤੇ ਰਹਿੰਦੇ ਹਾਂ, ਉਸ ਘਰ ਦਾ ਆਲਾ ਦੁਆਲਾ ਠੀਕ ਨਹੀਂ ਹੈ। ਮੇਰੇ ਬੱਚਿਆਂ ਅਤੇ ਪਤਨੀ ’ਤੇ ਇਸਦਾ ਬੁਰਾ ਅਸਰ ਪੈਂਦਾ ਹੋਵੇਗਾ। ਬੱਸ, ਮੈਨੂੰ ਹਰ ਵੇਲੇ ਇਹੋ ਚਿੰਤਾ ਰਹਿੰਦੀ ਹੈ।”
ਕਰਮਜੀਤ ਦੀ ਗੱਲ ਸੁਣਕੇ ਮੈਨੂੰ ਸਕੂਨ ਮਿਲਿਆ। ਘੱਟ ਤੋਂ ਘੱਟ ਹੁਣ ਇਹ ਆਪਣੇ ਪਰਿਵਾਰ ਦੀ ਚਿੰਤਾ ਤਾਂ ਕਰਨ ਲੱਗ ਪਿਆ। ਅਗਲੇ ਦਿਨ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਿਆ। ਕਰਮਜੀਤ ਦੇ ਨਸ਼ਾ ਮੁਕਤੀ ਵੱਲ ਸਹੀ ਕਦਮ ਦੇ ਨਾਲ ਨਾਲ ਉਸਦਾ ਦੁੱਖ ਵੀ ਸਾਂਝਾ ਕੀਤਾ। ਉਨ੍ਹਾਂ ਨੇ ਮੈਨੂੰ ਹੌਂਸਲਾ ਦਿੰਦਿਆ ਕਿਹਾ, “ਕੋਈ ਨਹੀਂ, ਆਪਾਂ ਉਹਦੇ ਪਰਿਵਾਰ ਨੂੰ ਸੰਗਰੂਰ ਹੀ ਸ਼ਿਫਟ ਕਰ ਦਿੰਦੇ ਹਾਂ। ਮੈਨੂੰ ਉਹਦਾ ਧੂਰੀ ਵਾਲੇ ਘਰ ਦਾ ਥਹੁ-ਟਿਕਾਣਾ ਦੱਸ ਦੇਣਾ।”
ਦਫ਼ਤਰ ਆਕੇ ਮੈਂ ਕਰਮਜੀਤ ਦੇ ਘਰ ਦਾ ਪਤਾ ਡਿਪਟੀ ਕਮਿਸ਼ਨਰ ਸਾਹਿਬ ਨੂੰ ਦੱਸ ਦਿੱਤਾ। ਅਗਲੇ ਦਿਨ ਹੀ ਕਿਸੇ ਅਧਿਕਾਰੀ ਦੀ ਡਿਉਟੀ ਲਾਕੇ ਡਿਪਟੀ ਕਮਿਸ਼ਨਰ ਨੇ ਉਸਦੇ ਪਰਿਵਾਰ ਦੀ ਰਿਹਾਇਸ਼ ਸੰਗਰੂਰ ਵਿਖੇ ਕਰ ਦਿੱਤੀ। ਇਹ ਸੂਚਨਾ ਦੇਕੇ ਮੈਂ ਕਰਮਜੀਤ ਨੂੰ ਚਿੰਤਾ ਮੁਕਤ ਕਰ ਦਿੱਤਾ। ਹੁਣ ਉਹ ਦਿਨ-ਬਦਿਨ ਤੰਦਰੁਸਤ ਹੋਣ ਦੇ ਨਾਲ ਨਾਲ ਆਗਿਆਕਾਰ, ਅਨੁਸਾਸ਼ਨ ਪ੍ਰੇਮੀ ਹੋਣ ਦੇ ਨਾਲ ਨਾਲ ਦਾਖਲ ਨਸ਼ਈ ਮਰੀਜ਼ਾਂ ਵਿੱਚ ਘੁਲ ਮਿਲ ਗਿਆ। ਕਰਮਜੀਤ ਦੇ ਪੂਰਨ ਤੰਦਰੁਸਤ ਹੋਣ ’ਤੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਉਸਦੇ ਨਸ਼ੇ ਦੀ ਦਲਦਲ ਵਿੱਚੋਂ ਨਿਕਲਣ ਦੇ ਨਾਲ ਨਾਲ ਇੱਕ ਚੰਗਾ ਇਨਸਾਨ ਬਣਨ ਸਬੰਧੀ ਵੀ ਦੱਸਿਆ। ਡਿਪਟੀ ਕਮਿਸ਼ਨਰ ਸਾਹਿਬ ਨੇ ਮੁਸਕਰਾਹਟ ਭਰੀ ਦਾਦ ਦਿੰਦਿਆਂ ਕਿਹਾ, “ਇਸ ਮੁੰਡੇ ’ਤੇ ਇੱਕ ਮਹੀਨਾ ਬਾਜ਼ ਅੱਖ ਰੱਖਣੀ। ਜੇ ਬਿਲਕੁਲ ਠੀਕ ਰਿਹਾ ਤਾਂ ਮਹੀਨੇ ਬਾਅਦ ਮਾਂ-ਪੁੱਤ, ਦੋਨਾਂ ਨੂੰ ਮੇਰੇ ਕੋਲ ਭੇਜ ਦੇਣਾ।”
ਮੈਂ ਸਮੇਂ ਸਮੇਂ ਕਰਮਜੀਤ ਦਾ ਪਤਾ ਕਰਦਾ ਰਿਹਾ। ਉਸਦੀ ਗ੍ਰਹਿਸਥ ਰੂਪੀ ਗੱਡੀ ਹੁਣ ਲੀਹ ’ਤੇ ਆ ਗਈ ਸੀ। 10 ਜੁਲਾਈ, 2025 ਨੂੰ ਗੁਰੂ ਪੂਰਨਿਮਾ ਦੇ ਦਿਨ ਮੈਂ ਅੰਤਾਂ ਦਾ ਉਦਾਸ ਸੀ। ਉਸ ਦਿਨ ਇੱਕ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਆਪਣੇ ਪ੍ਰਿੰਸੀਪਲ ਦਾ ਸਕੂਲ ਕੈਂਪਸ ਵਿੱਚ ਹੀ ਕਤਲ ਕਰ ਦਿੱਤਾ ਸੀ। ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਤਿੜਕ ਰਹੇ ਰਿਸ਼ਤੇ ਨੇ ਮੈਨੂੰ ਅੰਤਾਂ ਦਾ ਗੰਭੀਰ ਕਰ ਦਿੱਤਾ ਸੀ। ਸੋਚਾਂ ਵਿੱਚ ਘਿਰਿਆ ਮੈਂ ਇਸ ਨਿਘਾਰ ਪ੍ਰਤੀ ਚਿੰਤਨ ਕਰ ਰਿਹਾ ਸੀ। ਬੂਹੇ ’ਤੇ ਦਸਤਕ ਹੋਈ। ਬੂਹਾ ਖੋਲ੍ਹਿਆ। ਸਾਹਮਣੇ ਕਰਮਜੀਤ ਖੜ੍ਹਾ ਸੀ। ਉਸਨੇ ਹੱਥ ਵਿੱਚ ਮਠਿਆਈ ਦਾ ਡੱਬਾ ਫੜਿਆ ਹੋਇਆ ਸੀ। ਮਠਿਆਈ ਵਾਲਾ ਡੱਬਾ ਉਸਨੇ ਮੈਨੂੰ ਆਦਰ ਨਾਲ ਫੜਾਇਆ ਅਤੇ ਫਿਰ ਮੇਰੇ ਪੈਰਾਂ ਵਿੱਚ ਝੁਕ ਗਿਆ, “ਸਰ, ਅੱਜ ਗੁਰੂ ਪੂਰਨਿਮਾ ਹੈ। ਤੁਸੀਂ ਮੇਰੀ ਜ਼ਿੰਦਗੀ ਦੇ ਗੁਰੂ ਹੋਂ। ਮੈਨੂੰ ਭਟਕੇ ਹੋਏ ਨੂੰ ਸਹੀ ਦਿਸ਼ਾ ਵਿਖਾਈ ਹੈ। ਥੋਡਾ ਬਹੁਤ ਬਹੁਤ ਧੰਨਵਾਦ।” ਇਹ ਕਹਿੰਦਿਆਂ ਕਰਮਜੀਤ ਦੇ ਸ਼ੁਕਰਾਨੇ ਵਿੱਚ ਹੱਥ ਜੁੜ ਗਏ। ਗੱਲਾਂਬਾਤਾਂ ਕਰਦਿਆਂ ਕਰਮਜੀਤ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਮਾਰੂਤੀ ਕੰਪਨੀ ਵਿੱਚ ਕੰਮ ਕਰਦੇ ਹਾਨ। ਬੱਚੇ ਚੰਗੇ ਸਕੂਲ ਵਿੱਚ ਪੜ੍ਹਦੇ ਹਨ। ਮਾਂ ਨੂੰ ਅਸੀਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਤੋਂ ਰੋਕ ਦਿੱਤਾ ਹੈ। ਕਰਮਜੀਤ ਬੋਲਿਆ, “ਸੱਚੀਂ ਸਰ, ਜ਼ਿੰਦਗੀ ਬਹੁਤ ਖੂਬਸੂਰਤ ਹੈ।”
ਕਰਮਜੀਤ ਕੁਝ ਸਮਾਂ ਮੇਰੇ ਕੋਲ ਬੈਠਾ ਰਿਹਾ ਅਤੇ ਫਿਰ ਆਗਿਆ ਲੈਕੇ ਪਰਤ ਗਿਆ।
ਕਰਮਜੀਤ ਨੂੰ ਜਾਂਦਿਆਂ ਮੈਂ ਡਾਢੇ ਹੀ ਮੋਹ ਨਾਲ ਵੇਖਦਾ ਰਿਹਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (