“ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੇਰਾ ਸਕੂਟਰ ਸੜਕ ’ਤੇ ਪਏ ਰੋੜਿਆਂ ਦੇ ਉੱਪਰ ਚੜ੍ਹ ਗਿਆ ਅਤੇ ਮੈਂ ਮੂਧੇ ਮੂੰਹ ...”
(22 ਮਈ 2023)
ਨਸ਼ਾ ਛੁਡਾਊ ਕੇਂਦਰ ਦੇ ਮੁਖੀ ਵਜੋਂ ਕੰਮ ਕਰਦਿਆਂ ਮੇਰਾ ਤਰ੍ਹਾਂ ਤਰ੍ਹਾਂ ਦੇ ਨਸ਼ਈਆਂ ਨਾਲ ਵਾਹ ਪਿਆ ਹੈ। ਨਸ਼ਈਆਂ ਦੀ ਖਾਧੀ ਸਹੁੰ, ਮਾਸੂਮ ਬੱਚੇ ਦੇ ਸਿਰ ’ਤੇ ਹੱਥ ਧਰ ਕੇ ਅੱਗੇ ਤੋਂ ਨਸ਼ਾ ਨਾ ਕਰਨ ਦਾ ਵਾਅਦਾ, ਪਤਨੀ ਅਤੇ ਮਾਂ-ਬਾਪ ਦੀਆਂ ਸਹੀ ਰਾਹ ’ਤੇ ਪਾਉਣ ਲਈ ਸਮਝਾਉਣ ਵਾਲੀਆਂ ਗੱਲਾਂ ਉਨ੍ਹਾਂ ਲਈ ਥਿੰਧੇ ਘੜੇ ’ਤੇ ਪਏ ਪਾਣੀ ਵਰਗੀਆਂ ਹੁੰਦੀਆਂ ਹਨ। ਅੱਕੇ ਹੋਏ ਮਾਂ-ਬਾਪ ਅਤੇ ਪਤਨੀ ਜਦੋਂ ਰਿਸ਼ਤੇਦਾਰਾਂ ਦਾ ਇਕੱਠ ਕਰਕੇ ਉਸ ਨੂੰ ਸਹੀ ਰਾਹ ’ਤੇ ਲਿਆਉਣ ਲਈ ਪ੍ਰੇਰਨਾ ਦਿੰਦੇ ਨੇ, ਉਸ ਦਿਨ ਉਹ ਅੱਗੇ ਨਾਲੋਂ ਵੀ ਜ਼ਿਆਦਾ ਨਸ਼ਾ ਕਰਦੇ ਹਨ ਅਤੇ ਘਰ ਆ ਕੇ ਨਸ਼ੇ ਦੀ ਹਾਲਤ ਵਿੱਚ ਘਰਦਿਆਂ ਨੂੰ ਮਿਹਣਾ ਮਾਰਦਿਆਂ ਕਹਿੰਦੇ ਨੇ, “ਐਨਾ ਇੱਜੜ ਇਕੱਠਾ ਕਰਕੇ ਤੁਸੀਂ ਮੇਰੀ ਬੇਇੱਜ਼ਤੀ ਕੀਤੀ ਹੈ, ਲਾ ਲਉ ਜ਼ੋਰ, ਮੈਂ ਨਹੀਂ ਨਸ਼ਾ ਕਰਨੋ ਹਟਦਾ। ਜੇ ਅੱਗੇ ਤੋਂ ਇਹੋ-ਜਿਹਾ ਕੁਝ ਕੀਤਾ ਤਾਂ ਫਾਹਾ ਲੈ ਕੇ ਮਰਜੂੰਗਾ, ਪਿੱਛੋਂ ਰੋਈ ਜਾਇਉ ਅੱਖਾਂ ਵਿੱਚ ਘਸੁੰਨ ਦੇ ਦੇ ਕੇ।”
ਮਾਂ-ਬਾਪ ਦੇ ਇਕਲੌਤੇ ਪੁੱਤ ਦੀ ਫਾਹਾ ਲੈਣ ਦੀ ਧਮਕੀ ਸਾਹਮਣੇ ਉਹ ਬੇਵੱਸ ਹੋ ਜਾਂਦੇ ਨੇ “ਕਿਤੇ ਇਹੋ ਜਿਹਾ ਕਾਰਾ … …।” ਸੋਚਦਿਆਂ ਹੀ ਮਾਂ ਵਾਹਿਗੁਰੂ-ਵਾਹਿਗੁਰੂ ਕਹਿ ਕੇ ਕਾਲਜੇ ’ਤੇ ਹੱਥ ਧਰ ਲੈਂਦੀ ਹੈ। ਐਦਾਂ ਦੇ ਹੀ ਇੱਕ ਨੌਜਵਾਨ ਨੂੰ ਉਸ ਦੇ ਮਾਪੇ ਅਤੇ ਪਤਨੀ ਨਸ਼ਾ ਛੁਡਾਊ ਕੇਂਦਰ ਵਿੱਚ ਲੈ ਆਏ। ਇਲਾਜ ਲਈ ਉਹ ਆਪਣੀ ਮਰਜ਼ੀ ਨਾਲ ਨਹੀਂ ਸੀ ਆਇਆ। ਪਤਨੀ ਦੀ ਇਸ ਧਮਕੀ, “ਮੈਂ ਬੱਚਿਆਂ ਨੂੰ ਲੈ ਕੇ ਪੇਕੀਂ ਵਗਜੂੰਗੀ, ਮੁੜਕੇ ਇਸ ਘਰ ਵਿੱਚ ਪੈਰ ਨਹੀਂ ਧਰਨਾ।” ਅੱਗੇ ਉਹ ਥੋੜ੍ਹਾ ਜਿਹਾ ਝੁਕ ਕੇ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਆ ਗਿਆ ਸੀ। ਜਦੋਂ ਉਸ ਨੌਜਵਾਨ ਦੀ ਫਾਇਲ ਤਿਆਰ ਹੋ ਰਹੀ ਸੀ, ਉਸ ਸਮੇਂ ਮਾਪਿਆਂ ਅਤੇ ਉਸ ਦੀ ਪਤਨੀ ਨੇ ਤਰਲੇ ਨਾਲ ਕਿਹਾ ਸੀ ਕਿ ਇਸ ਨੂੰ ਦਾਖ਼ਲ ਕਰ ਲਵੋ। ਘਰ ਜਾ ਕੇ ਤਾਂ ਇਹ ਪਹਿਲਾਂ ਵਾਂਗ ਹੀ ਨਸ਼ੇ ਡੱਫੂ। ਬਜ਼ੁਰਗ ਬਾਪ ਨੇ ਇਹ ਵੀ ਦੱਸਿਆ, “ਪਤਨੀ ਦੇ ਗਹਿਣੇ ਗੱਟੇ ਅਤੇ ਘਰ ਦਾ ਹੋਰ ਸਮਾਨ ਇਹ ਨਸ਼ਿਆਂ ਦੇ ਲੇਖੇ ਲਾ ਚੁੱਕਿਐ। ਹੁਣ ਜ਼ਮੀਨ ’ਤੇ ਅੱਖ ਐ। ਰੋਜ਼ ਗਹਿਣੇ ਕਰਨ ਲਈ ਝੱਜੂ ਪਾਉਂਦੈ ਪਰ ਜ਼ਮੀਨ ਮੇਰੇ ਨਾਂ ਹੋਣ ਕਰਕੇ ਚਾਰ ਖੇਤ ਬਚੇ ਹੋਏ ਨੇ। ਨਹੀਂ ਤਾਂ … …।”
ਨੌਜਵਾਨ ਮੇਰੇ ਸਾਹਮਣੇ ਬੈਠਾ ਸੀ। ਜਦੋਂ ਉਸ ਨੂੰ ਦਾਖ਼ਲ ਹੋਣ ਲਈ ਕਿਹਾ ਗਿਆ ਤਾਂ ਉਸ ਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ। ਸਰੀਰਕ ਨਿਘਾਰ ਦੀ ਗੱਲ ਕੀਤੀ ਤਾਂ ਉਹਦਾ ਜਵਾਬ ਸੀ, “ਸਭ ਨੇ ਇੱਕ ਦਿਨ ਮਰ ਜਾਣਾ ਹੈ, ਜੇ ਮੈਂ ਮਰਜੂੰ ਫਿਰ ਕੀ ਹੋਜੂ?” ਘਰ ਦੀ ਮੰਦਹਾਲੀ, ਬੱਚਿਆਂ ਦੇ ਭਵਿੱਖ, ਮਾਂ-ਬਾਪ ਅਤੇ ਪਤਨੀ ਦੀ ਦੁਰਦਸ਼ਾ ਦਾ ਜ਼ਿਕਰ ਸ਼ੁਣਦਿਆਂ ਉਹ ਥੋੜ੍ਹਾ ਜਿਹਾ ਗੰਭੀਰ ਹੋਇਆ ਪਰ ਫਿਰ ਲਾਪਰਵਾਹ ਜਿਹਾ ਹੋ ਕੇ ਕਹਿਣ ਲੱਗਾ, “ਤੁਸੀਂ ਦਵਾਈ ਦੇ ਦਿਉ ਜੀ ਮੈਨੂੰ, ਜਦੋਂ ਖਤਮ ਹੋ ਗਈ ਤਾਂ ਫਿਰ ਆ ਕੇ ਲੈਜੂੰਗਾ। ਥੋਡੇ ਨਾਲ ਵਾਅਦਾ ਕਿ ਅੱਗੇ ਤੋਂ … …।” ਖੈਰ ਪਤਨੀ, ਮਾਪਿਆਂ ਅਤੇ ਮੇਰੇ ਵੱਲੋਂ ਜ਼ੋਰ ਪਾਉਣ ਨਾਲ ਉਹ ਇਸ ਸ਼ਰਤ ’ਤੇ ਦਾਖ਼ਲ ਹੋ ਗਿਆ ਕਿ ਉਹ ਸਿਰਫ ਪੰਜ ਕੁ ਦਿਨ ਲਈ ਹੀ ਦਾਖ਼ਲ ਹੋਵੇਗਾ। ਨਸ਼ਈ ਦੀ ਸਹਿਮਤੀ ਉਸ ਦੇ ਇਲਾਜ ਲਈ ਸਹਾਈ ਹੁੰਦੀ ਹੈ। ਦੂਜਾ ਜੇਕਰ ਉਹ ਆਪਣੀ ਚੀਚੀ ਫੜਾਉਂਦਾ ਹੈ ਤਾਂ ਉਹਦਾ ਗੁੱਟ ਫੜਨ ਦੀ ਪ੍ਰਬੰਧਕਾਂ ਨੂੰ ਜਾਚ ਵੀ ਹੋਣੀ ਚਾਹੀਦੀ ਹੈ।
ਬਾਰ੍ਹਵੀਂ ਪਾਸ ਉਹ ਨੌਜਵਾਨ ਕਿਰਤ ਦੇ ਸੰਕਲਪ ਨਾਲੋਂ ਟੁੱਟ ਕੇ ਬੁਰੀ ਸੰਗਤ ਵਿੱਚ ਪੈ ਗਿਆ ਅਤੇ ਫਿਰ ਹਰ ਰੋਜ਼ ਪੰਜ-ਸੱਤ ਸੌ ਰੁਪਏ ਨਸ਼ਿਆਂ ਦੇ ਲੇਖੇ ਲਾਉਣ ਲੱਗ ਪਿਆ। ਨਸ਼ੇ ਲਈ ਪੈਸੇ ਨਾ ਮਿਲਣ ’ਤੇ ਉਹ ਪਤਨੀ ਦੀ ਮਾਰ-ਕੁੱਟ, ਮਾਂ-ਬਾਪ ਦੇ ਗਲ਼ ਗੂਠਾ ਦੇਣ ਦੇ ਨਾਲ-ਨਾਲ ਹੋਰ ਨਜਾਇਜ਼ ਬੰਨ੍ਹ-ਸ਼ੁਭ ਕਰਕੇ ਨਸ਼ਿਆਂ ਦੀ ਪੂਰਤੀ ਕਰਦਾ ਸੀ। ਪਿੰਡ ਵਿੱਚ ਉਹ ਇੱਕ ਬਦਨਾਮ ਨਸ਼ਈ ਵਜੋਂ ਜਾਣਿਆ ਜਾਂਦਾ ਸੀ। ਨਿੱਜੀ ਅਨੁਭਵ ਦੇ ਆਧਾਰ ’ਤੇ ਲਿਖ ਰਿਹਾ ਹਾਂ ਕਿ ਨਸ਼ਈ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨ। ਇਨ੍ਹਾਂ ਨਾਲ ਪਿਆਰ ਅਤੇ ਅਪਣੱਤ ਵਾਲੇ ਵਰਤਾਉ ਰਾਹੀਂ ਸਾਰਥਕ ਨਤੀਜੇ ਸਾਹਮਣੇ ਆ ਸਕਦੇ ਹਨ। ਮਾਰ-ਧਾੜ ਨਾਲ ਤਾਂ ਇਹ ਹੋਰ ਹਿੰਸਕ ਹੋਣਗੇ। ਸ਼ਾਮ ਦੇ ਸਮੇਂ ਦੋ ਘੰਟੇ ਦਾਖ਼ਲ ਮਰੀਜ਼ਾਂ ਨਾਲ ਕਾਉਂਸਲਿੰਗ ਕਰਨੀ ਮੇਰਾ ਨਿੱਤ ਨੇਮ ਸੀ। ਜਰਨੈਲ ਸਿੰਘ ਨਾਂ ਦੇ ਉਸ ਨੌਜਵਾਨ ਨੂੰ ਜਦੋਂ ਮੈਂ ਇਹ ਪੁੱਛਿਆ, “ਹਾਂ ਜਰਨੈਲ, ਤੇਰੀ ਉਮਰ ਅੰਦਾਜ਼ਨ 35 ਕੁ ਸਾਲ ਹੈ। ਵਿਆਹਿਆ ਵਰ੍ਹਿਆ ਹੈਂ ਤੂੰ, ਸੋਚ ਕੇ ਦੱਸ, ਕੀ ਤੂੰ ਆਪਣੀ ਪਤਨੀ ਦਾ ਚੰਗਾ ਪਤੀ ਬਣ ਸਕਿਆ ਹੈਂ?”
ਜਰਨੈਲ ਨੇ ਨਿਰਾਸ਼ ਜਿਹਾ ਹੋ ਕੇ ਕਿਹਾ, “ਨਹੀਂ ਸਰ।” ਫਿਰ ਮੇਰਾ ਅਗਲਾ ਸਵਾਲ ਸੀ, “ਕੀ ਆਪਣੇ ਮਾਂ-ਬਾਪ ਦਾ ਚੰਗਾ ਪੁੱਤ ਹੈਂ?” ਜਰਨੈਲ ਨੇ ਫਿਰ ਨਿਰਾਸ਼ ਜਿਹਾ ਹੋ ਕੇ ਨਾ ਵਿੱਚ ਸਿਰ ਹਿਲਾ ਦਿੱਤਾ। ਜਦੋਂ ਮੈਂ ਉਸ ਨੂੰ ਅਗਲਾ ਸਵਾਲ ਇਹ ਕੀਤਾ, “ਤੂੰ ਦੋ ਮਾਸੂਮ ਬੱਚਿਆਂ ਦਾ ਬਾਪ ਹੈਂ। ਦਿਲ ’ਤੇ ਹੱਥ ਰੱਖ ਕੇ ਦੱਸ, ਕੀ ਉਨ੍ਹਾਂ ਦਾ ਚੰਗਾ ਬਾਪ ਬਣ ਸਕਿਆ ਹੈਂ?” ਹੁਣ ਜਰਨੈਲ ਦੇ ਬੋਲ ਉਹਦਾ ਸਾਥ ਨਹੀਂ ਸਨ ਦੇ ਰਹੇ। ਆਪ ਮੁਹਾਰੇ ਵਹਿੰਦੇ ਅੱਥਰੂ ਹੀ ਉਸ ਦੇ ਮਨ ਦੀ ਸਥਿਤੀ ਦਾ ਵਰਣਨ ਕਰ ਰਹੇ ਸਨ। ਉਹਦੇ ਸਮੇਤ ਦਾਖ਼ਲ ਨਸ਼ਈ ਮਰੀਜ਼ਾਂ ਨੂੰ ਲੋੜ ਅਨੁਸਾਰ ਦਵਾਈ ਦੇਣ ਦੇ ਨਾਲ ਨਾਲ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜਨਾ ਸਾਡਾ ਮੁੱਖ ਮਕਸਦ ਰਿਹਾ।
ਹਫ਼ਤਾ ਬੀਤਣ ਤੋਂ ਬਾਅਦ ਉਸ ਨੇ ਘਰ ਜਾਣ ਲਈ ਨਹੀਂ ਕਿਹਾ। ਰੋਜ਼ਾਨਾ ਨਿਸ਼ਚਿਤ ਸਮੇਂ ’ਤੇ ਉਹ ਇਕਾਗਰ ਬਿਰਤੀ ਨਾਲ ਪਾਠ ਵੀ ਕਰਦਾ। ਅਖ਼ਬਾਰ ਪੜ੍ਹਨ ਦੇ ਨਾਲ-ਨਾਲ ਕਿਤਾਬਾਂ ਪੜ੍ਹਨ ਵਿੱਚ ਵੀ ਉਸ ਦੀ ਰੁਚੀ ਵਧਦੀ ਗਈ। ਉਹ ਮੇਰੇ ਕੋਲੋਂ ਮੰਗ ਕੇ ਕਿਤਾਬ ਲੈਂਦਾ ਅਤੇ ਫਿਰ ਪੜ੍ਹੀ ਹੋਈ ਕਿਤਾਬ ਸਬੰਧੀ ਆਪਣੇ ਵਿਚਾਰ ਵੀ ਸਾਂਝੇ ਕਰਦਾ। ਦਿਨ ਬਦਿਨ ਉਹ ਨਸ਼ਾ ਰਹਿਤ ਹੋਣ ਲਈ ਯਤਨਸ਼ੀਲ ਰਿਹਾ। ਫਿਰ ਇੱਕ ਦਿਨ ਉਸ ਨੂੰ ਰਾਤ ਦੇ ਅੱਠ ਕੁ ਵਜੇ ਨਸ਼ੇ ਦੀ ਤੋੜ ਲੱਗੀ। ਮੌਕੇ ਅਨੁਸਾਰ ਉਸ ਨੂੰ ਦਵਾਈ ਦੇ ਦਿੱਤੀ ਗਈ।
ਜਰਨੈਲ ਦੇ ਨਾਰਮਲ ਹੋਣ ’ਤੇ ਮੈਂ ਆਪਣੇ ਸਾਥੀ ਕਰਮਚਾਰੀਆਂ ਨੂੰ ਜ਼ਰੂਰੀ ਹਦਾਇਤਾਂ ਦੇ ਕੇ ਘਰ ਨੂੰ ਜਾਣ ਸਮੇਂ ਉਹਦੇ ਮੋਢੇ ’ਤੇ ਹੱਥ ਧਰ ਕੇ ਕਿਹਾ, “ਪਰਵਾਹ ਨਾ ਕਰ। ਚੰਗਾ ਇਨਸਾਨ ਬਣਨ ਲਈ ਸਰੀਰਕ ਔਕੜਾਂ ਵੀ ਝੱਲਣੀਆਂ ਪੈਂਦੀਆਂ ਹਨ। ਜੇ ਕੋਈ ਰਾਤ ਨੂੰ ਦਿੱਕਤ ਆਈ ਤਾਂ ਮੈਂ ਫਿਰ ਘਰੋਂ ਆ ਜਾਵਾਂਗਾ।” ਜਰਨੈਲ ਨੇ ਆਦਰ ਨਾਲ ਸਿਰ ਝੁਕਾ ਕੇ ਸਹਿਮਤੀ ਦਾ ਪ੍ਰਗਟਾਵਾ ਕੀਤਾ।
ਰਾਤ ਦੇ ਸਾਢੇ ਕੁ ਅੱਠ ਵਜੇ ਸਕੂਟਰ ’ਤੇ ਘਰ ਪਰਤਦਿਆਂ ਮੈਂ ਜਰਨੈਲ ਬਾਰੇ ਹੀ ਸੋਚ ਰਿਹਾ ਸੀ। ਮਾਂ-ਬਾਪ ਦੀਆਂ ਝੁਰੜੀਆਂ ਭਰੇ ਚਿਹਰਿਆਂ ਤੇ ਵਹਿੰਦੇ ਅੱਥਰੂ, ਪਤਨੀ ਦਾ ਰੰਡੀਆਂ ਵਰਗਾ ਜੀਵਨ, ਮਾਸੂਮ ਬੱਚਿਆਂ ਦਾ ਰੁਲਦਾ ਬਚਪਨ ਮੇਰੀਆਂ ਅੱਖਾਂ ਸਾਹਮਣੇ ਆ ਰਿਹਾ ਸੀ। ਮੈਂ ਸੋਚਾਂ ਵਿੱਚ ਐਨਾ ਖੁੱਭ ਗਿਆ ਕਿ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੇਰਾ ਸਕੂਟਰ ਸੜਕ ’ਤੇ ਪਏ ਰੋੜਿਆਂ ਦੇ ਉੱਪਰ ਚੜ੍ਹ ਗਿਆ ਅਤੇ ਮੈਂ ਮੂਧੇ ਮੂੰਹ ਰੋੜਿਆਂ ਉੱਤੇ ਡਿਗ ਗਿਆ। ਰਾਹ ਜਾਂਦੇ ਰਾਹਗੀਰਾਂ ਨੇ ਸੰਭਾਲ ਲਿਆ। ਮੇਰੇ ਕਰਮਚਾਰੀ ਅਤੇ ਪਰਿਵਾਰਕ ਮੈਂਬਰ ਪਹੁੰਚ ਗਏ। ਲਾਗੇ ਹੀ ਆਰਥੋ ਸਰਜਨ ਦੇ ਕਲੀਨਿਕ ’ਤੇ ਐਕਸਰੇ ਵਗੈਰਾ ਕਰਵਾਉਣ ਉਪਰੰਤ ਪਤਾ ਲੱਗਿਆ ਕਿ ਮੋਢਾ ਫਰੈਕਚਰ ਹੋ ਗਿਆ ਸੀ। ਡਾਕਟਰ ਵੱਲੋਂ ਲੋੜੀਂਦਾ ਇਲਾਜ ਕਰਨ ਉਪਰੰਤ 15 ਦਿਨ ਲਈ ਬੈੱਡ ਰੈਸਟ ਦੀ ਸਲਾਹ ਦੇ ਦਿੱਤੀ ਗਈ। ਘਰ ਮੰਜੇ ’ਤੇ ਪਿਆ ਮੈਂ ਸਟਾਫ ਤੋਂ ਦਾਖ਼ਲ ਨੌਜਵਾਨਾਂ ਦਾ ਪਤਾ ਕਰਦਾ ਰਹਿੰਦਾ। ਗੱਲਾਂਬਾਤਾਂ ਵਿੱਚ ਉਹ ਜਰਨੈਲ ਸਿੰਘ ਸਬੰਧੀ ਦੱਸਦਿਆਂ ਕਹਿੰਦੇ, “ਹੁਣ ਤਾਂ ਠੀਕ ਹੈ ਜੀ ਪਰ ਥੋਨੂੰ ਬਹੁਤ ਯਾਦ ਕਰਦਾ ਹੈ। ਚਿੰਤਾ ਵੀ ਕਰਦਾ ਹੈ ਥੋਡੀ।” ਸਟਾਫ ਮੈਂਬਰਾਂ ਦੇ ਇਹ ਸ਼ਬਦ ਮੈਨੂੰ ਇਸ ਕਰਕੇ ਸਕੂਨ ਦਿੰਦੇ ਕਿ ਜ਼ਿੰਦਗੀ ਤੋਂ ਥਿੜਕੇ ਵਿਅਕਤੀ ਨੂੰ ਰਿਸ਼ਤਿਆਂ ਦੀ ਪਹਿਚਾਣ ਦੇ ਨਾਲ-ਨਾਲ ਰਿਸ਼ਤੇ ਨਿਭਾਉਣ ਦਾ ਸਲੀਕਾ ਵੀ ਆ ਗਿਆ ਹੈ।
ਠੀਕ ਹੋਣ ਉਪਰੰਤ ਜਿਸ ਦਿਨ ਜਰਨੈਲ ਸਿੰਘ ਨੂੰ ਘਰ ਭੇਜਣਾ ਸੀ, ਮੈਂ ਉਸ ਦਿਨ ਡਾਕਟਰ ਦੀ ਹਦਾਇਤ ਅਨੁਸਾਰ ਮੰਜੇ ’ਤੇ ਪਿਆ ਸੀ। ਮਾਂ-ਬਾਪ ਅਤੇ ਪਤਨੀ ਉਸ ਨੂੰ ਲੈਣ ਆਏ ਸਨ। ਉਹ ਸਾਰਿਆਂ ਨੂੰ ਬਹੁਤ ਹੀ ਸਤਿਕਾਰ ਅਤੇ ਸਲੀਕੇ ਨਾਲ ਮਿਲਿਆ। ਪਰ ਉਸਨੇ ਇਹ ਕਹਿ ਕੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਮੇਰੇ ਸਰ ਮੰਜੇ ’ਤੇ ਪਏ ਹਨ, ਜਿਸ ਦਿਨ ਉਹ ਡਿਊਟੀ ’ਤੇ ਹਾਜ਼ਰ ਹੋ ਕੇ ਮੈਨੂੰ ਭੇਜਣਗੇ, ਮੈਂ ਉਸ ਦਿਨ ਹੀ ਜਾਵਾਂਗਾ। ਮਾਪਿਆਂ ਵੱਲੋਂ ਮੈਨੂੰ ਫੋਨ ਕੀਤਾ ਗਿਆ ਕਿ ਜਰਨੈਲ ਤੁਹਾਡੇ ਬਿਨਾਂ ਨਹੀਂ ਜਾਂਦਾ। ਉਂਜ ਇਹਨੂੰ ਬਿਲਕੁਲ ਠੀਕ-ਠਾਕ ਦੇਖ ਕੇ ਸਾਨੂੰ ਸੁਖ ਦਾ ਸਾਹ ਆਇਐ। ਬਹੁਤ ਖੁਸ਼ ਹਾਂ ਅਸੀਂ।
ਉਹਨਾਂ ਦੇ ਇਹਨਾਂ ਬੋਲਾਂ ਨਾਲ ਮੈਂ ਆਪ ਮੁਹਾਰੇ ਮੰਜੇ ਤੋਂ ਉੱਠਿਆ, ਸਟਾਫ ਮੈਂਬਰ ਨੂੰ ਟੈਲੀਫੋਨ ਕੀਤਾ ਕਿ ਮੈਨੂੰ ਆ ਕੇ ਲੈ ਜਾਉ। ਨਸ਼ਾ ਛੁਡਾਊ ਕੇਂਦਰ ਵਿੱਚ ਜਾ ਕੇ ਜਦੋਂ ਮੈਂ ਜਰਨੈਲ ਸਮੇਤ ਸਾਰੇ ਮਰੀਜ਼ਾਂ ਨੂੰ ਮਿਲਿਆ ਤਾਂ ਉਹਨਾਂ ਨੇ ਮੇਰੇ ਆਲੇ-ਦੁਆਲੇ ਘੇਰਾ ਜਿਹਾ ਪਾ ਕੇ ਸਤਿਕਾਰ ਨਾਲ ਹਾਲ-ਚਾਲ ਪੁੱਛਿਆ। ਮੈਂ ਜਰਨੈਲ ਦੇ ਚਿਹਰੇ ਵੱਲ ਦੇਖਿਆ। ਤੰਦਰੁਸਤ ਚਿਹਰੇ ’ਤੇ ਮੇਰੇ ਪ੍ਰਤੀ ਚਿੰਤਾ ਦੇ ਨਿਸ਼ਾਨਾਂ ਵਿੱਚੋਂ ਅਪਣੱਤ ਅਤੇ ਸਤਿਕਾਰ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਮੈਨੂੰ ਸਿਜਦਾ ਕਰਦਿਆਂ ਉਹ ਕਹਿ ਰਿਹਾ ਸੀ, “ਸਰ ਥੋਡੇ ਕਰਕੇ ਮੈਨੂੰ ਇੱਕ ਨਵਾਂ ਜੀਵਨ ਮਿਲਿਐ, ਨਹੀਂ ਤਾਂ ਹੁਣ ਨੂੰ ਮੇਰੀ ਫੋਟੋ ’ਤੇ ਹਾਰ ਪਾਇਆ ਹੁੰਦਾ।” ਜਰਨੈਲ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਭਵਿੱਖ ਵਿੱਚ ਇੱਕ ਚੰਗਾ ਇਨਸਾਨ ਬਣਨ ਦੇ ਸੁਨੇਹੇ ਨਾਲ ਅਸੀਂ ਵਿਦਾਅ ਕਰ ਦਿੱਤਾ।
ਅੱਠ ਕੁ ਮਹੀਨੇ ਬਾਅਦ ਜਰਨੈਲ ਦਾ ਟੈਲੀਫੋਨ ਆਇਆ। ਉਹਦੇ ਬੋਲਾਂ ਵਿੱਚ ਅੰਤਾਂ ਦਾ ਉਤਸ਼ਾਹ ਸੀ, “ਸਰ, ਹੁਣ ਸਾਰੇ ਪਿਛਲੇ ਭਾਂਗੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਕਾਰੋਬਾਰ ਮੈਂ ਸੰਭਾਲ ਲਿਆ ਹੈ। ਖੇਤੀਬਾੜੀ ਆਪ ਕਰਦਾ ਹਾਂ। ਚਾਰ ਮ੍ਹੈਸਾਂ ਵੀ ਰੱਖੀਆਂ ਹੋਈਆਂ ਨੇ। ਡਾਇਰੀ ਤੇ ਦੁੱਧ ਪਾ ਦਈਦੈ। ਲਹਿਰਾਂ ਬਹਿਰਾਂ ਨੇ ਘਰ ਵਿੱਚ। ਬਾਪੂ-ਬੇਬੇ, ਘਰਵਾਲੀ ਅਤੇ ਬੱਚੇ ਸਭ ਬਾਗੋ-ਬਾਗ ਨੇ। ਹਾਂ ਸਰ, ਜਿਹੜੀਆਂ ਤੁਸੀਂ ਬਾਬਾ ਨਜ਼ਮੀਂ ਦੀਆਂ ਲਾਇਨਾਂ ਬਾਰ-ਬਾਰ ਸਾਨੂੰ ਸੁਣਾਉਂਦੇ ਹੁੰਦੇ ਸੀ, ਉਹ ਮੈਂ ਸੌਣ ਵਾਲੇ ਕਮਰੇ ਵਿੱਚ ਲਿਖ ਕੇ ਲਾਈਆਂ ਹੋਈਆਂ ਨੇ। ਰੋਜ਼ ਤੜਕੇ ਉੱਠਣ ਸਾਰ ਪੜ੍ਹਦਾਂ।”
ਫਿਰ ਜਰਨੈਲ ਨੇ ਉਹਨਾਂ ਸ਼ਬਦਾਂ ਨੂੰ ਦੁਹਰਾਇਆ:
ਬੇਹਿੰਮਤੇ ਨੇ ਜਿਹੜੇ ਬਹਿ ਕੇ
ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ
ਸੀਨਾ ਪਾੜ ਕੇ ਪੱਥਰਾਂ ਦਾ।
ਜਰਨੈਲ ਦੇ ਉਤਸ਼ਾਹ ਭਰੇ ਬੋਲ ਮਨ ਨੂੰ ਡਾਢਾ ਹੀ ਸਕੂਨ ਦੇ ਰਹੇ ਸਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3980)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)