“ਪੰਜਾਬ ਦੀ ਆਰਥਿਕ ਹਾਲਤ ਨੂੰ ਖੋਰਾ ਲਾਉਣ ਦੇ ਨਾਲ ਨਾਲ ਸਰਕਾਰੀ ਤੰਤਰ ਅਤੇ ...”
(21 ਜੁਲਾਈ 2025)
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇੰਸਟਾਗਰਾਮ ’ਤੇ ਆਪਣੀਆਂ ਤਾਜ਼ੀਆਂ ਰੱਖੀਆਂ ਮੁੱਛਾਂ ਵਾਲੀ ਫੋਟੋ ਪਾ ਕੇ ਪੁੱਛਿਆ ਹੈ ਕਿ ਮੈਂ ਮੁੱਛਾਂ ਨਾਲ ਕਿਸ ਤਰ੍ਹਾਂ ਲਗਦਾ ਹਾਂ? ਫੋਟੋ ਨਾਲ ਪੁੱਛੇ ਪ੍ਰਸ਼ਨ ਵਿੱਚੋਂ ਹੀ ਪ੍ਰਸ਼ਨ ਉੱਠਦਾ ਹੈ ਕਿ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਲਈ ਰਾਜ ਸਭਾ ਵਿੱਚ ਭੇਜੇ ਗਏ ਚੱਢਾ ਜੀ ਨੇ ਇਹ ਪ੍ਰਸ਼ਨ ਸੱਤਾ ਦੇ ਗਲਿਆਰਿਆਂ ਵਿੱਚ ਬੈਠੀਆਂ ਹਸਤੀਆਂ ਨੂੰ ਕੀਤਾ ਹੈ, ਗਰੀਬੀ, ਲਾਚਾਰੀ ਅਤੇ ਬੇਵਸੀ ਦਾ ਸਫ਼ਰ ਹੰਢਾ ਰਹੇ ਮਜ਼ਦੂਰਾਂ ਦੇ ਹਿੱਸੇ ਆਇਆ ਹੈ, ਨਸ਼ਿਆਂ ਕਾਰਨ ਜਵਾਨ ਪੁੱਤਾਂ ਦੀਆਂ ਮੌਤਾਂ ਦਾ ਦਰਦ ਹੰਢਾ ਰਹੇ ਮਾਪਿਆਂ ਨੂੰ ਪੁੱਛਿਆ ਹੈ, ਗੈਂਗਸਟਰਾਂ ਦੀਆਂ ਫਿਰੌਤੀ ਲਈ ਆਈ ਧਮਕੀਆਂ ਕਾਰਨ ਖ਼ੌਫ਼ ਦਾ ਸ਼ਿਕਾਰ ਹੋਏ ਵਿਉਪਾਰੀਆਂ ਨੂੰ ਪੁੱਛਿਆ ਹੈ, ਬੇਰੁਜ਼ਗਾਰੀ ਦੇ ਝੰਬੇ ਪਏ ਜਵਾਨੀ ਵਿੱਚ ਹੀ ਝੁਰੜੀਆਂ ਦਾ ਸ਼ਿਕਾਰ ਹੋਏ ਬਦਨਸੀਬ ਨੌਜਵਾਨਾਂ ਨੂੰ ਪੁੱਛਿਆ ਹੈ, ਨਸ਼ਈਆਂ ਦੇ ਹਰਲ ਹਰਲ ਕਰਦੇ ਝੁੰਡਾਂ ਤੋਂ ਭੈਅਭੀਤ ਉਨ੍ਹਾਂ ਕਿਸਾਨਾਂ ਤੋਂ ਪੁੱਛਿਆ ਹੈ ਜਿਨ੍ਹਾਂ ਦੀਆਂ ਖੇਤਾਂ ਵਿੱਚ ਲੱਗੀਆਂ ਮੋਟਰਾਂ ਅਤੇ ਕੇਬਲ ਤਾਰਾਂ ਦਿਨ ਦਿਹਾੜੇ ਚੋਰੀ ਹੋ ਰਹੀਆਂ ਹਨ ਅਤੇ ਨਾਲ ਹੀ ਸੋਧਣ ਦੀਆਂ ਧਮਕੀਆਂ ਵੀ ਆ ਰਹੀਆਂ ਹਨ, ਜਾਂ ਫਿਰ ਉਨ੍ਹਾਂ ਪਰਿਵਾਰਾਂ ਤੋਂ ਪੁੱਛਿਆ ਗਿਆ ਹੈ ਜਿਨ੍ਹਾਂ ਨੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਵੰਗਾਰਿਆ ਅਤੇ ਭੂਤਰੇ ਤਸਕਰਾਂ ਨੇ ਕਈਆਂ ਨੂੰ ਛੱਲੀਆਂ ਵਾਂਗ ਕੁੱਟਿਆ ਅਤੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਕੀ ਇਹ ਪ੍ਰਸ਼ਨ ਉਨ੍ਹਾਂ ਪੀੜਿਤ ਪਰਿਵਾਰਾਂ ਲਈ ਹੈ ਜਾਂ ਫਿਰ ਉਨ੍ਹਾਂ ਪਿੰਡ ਵਾਸੀਆਂ ਲਈ ਹੈ ਜਿਨ੍ਹਾਂ ਨੇ ਜਾਨ ਅਤੇ ਮਾਲ ਸੁਰੱਖਿਅਤ ਨਾ ਹੋਣ ਕਾਰਨ ਆਪਣਾ ਪਿੰਡ ਹੀ ‘ਵਿਕਾਊ’ ਕਰਾਰ ਦੇ ਦਿੱਤਾ ਹੈ? ਕਿਤੇ ਇਹ ਸੁਨੇਹਾ ਉਨ੍ਹਾਂ ਬਦਨਸੀਬ ਪਰਿਵਾਰਾਂ ਲਈ ਤਾਂ ਨਹੀਂ, ਜਿਨ੍ਹਾਂ ਦੇ ਨੌਜਵਾਨ ਪੁੱਤ ਪੁਲਿਸ ਨੇ ਕਿਸੇ ਨਾ ਕਿਸੇ ਜੁਰਮ ਦੀ ਆੜ ਵਿੱਚ ਘਰੋਂ ਚੁੱਕ ਲਏ, ਅਤੇ ਉਹ ਤਸੀਹਿਆਂ ਦੀ ਮਾਰ ਨਾ ਝੱਲਦੇ ਹੋਏ ਦਮ ਤੋੜ ਗਏ। ਖੂਨ ਦੇ ਅੱਥਰੂ ਕੇਰਦੇ ਮਾਪੇ, ਵਿਧਵਾ ਹੋਈਆਂ ਔਰਤਾਂ ਅਤੇ ਮਾਸੂਮ ਬੱਚੇ ਇਨਸਾਫ ਲਈ ਦਰ ਦਰ ਭਟਕ ਰਹੇ ਹਨ। ਭਲਾ ਸਿਆਸੀ ਲੋਕਾਂ ਦੇ ਦਿਲਾਸੇ ਪੀੜਿਤ ਲੋਕਾਂ ਦੇ ਅੰਦਰ ਬਲ਼ਦੇ ਦਰਦ ਦੇ ਭਾਂਬੜ ਨੂੰ ਕਿੰਜ ਮੱਠਾ ਕਰ ਸਕਦੇ ਹਨ? ਤੁਹਾਡੀਆਂ ਮੁੱਛਾਂ ਵਾਲੇ ਪ੍ਰਸ਼ਨ ’ਤੇ ਪੰਜਾਬ ਵਾਸੀ ਉਦਾਸ ਹੋਏ ਹਨ।
ਭਾਰਤ ਦੀ ਰਾਜਧਾਨੀ ਦਿੱਲੀ ਦੇ ਵਸਨੀਕ ਰਾਘਵ ਚੱਢਾ ਨੂੰ ਪੰਜਾਬੀਆਂ ਨੇ ਅੰਤਾਂ ਦਾ ਸਤਿਕਾਰ ਦਿੱਤਾ। ਮਾਰਚ 2022 ਵਿੱਚ ਆਮ ਆਦਮੀ ਪਾਰਟੀ ਸਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੀ ਪ੍ਰਸ਼ਾਸਨਿਕ ਵਾਗਡੋਰ ਬਹੁਤ ਹੱਦ ਤਕ ਰਾਘਵ ਚੱਢਾ ਦੇ ਹੱਥਾਂ ਵਿੱਚ ਰਹੀ। 50 ਨੰਬਰ ਸਰਕਾਰੀ ਬੰਗਲਾ ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਰਿਹਾ। ਪੰਜਾਬ ਨਾਲ ਸੰਬੰਧਿਤ ਹਰ ਜ਼ਰੂਰੀ ਫਾਈਲ ’ਤੇ ਰਾਘਵ ਚੱਢਾ ਦੀ ਮਨਜ਼ੂਰੀ ਜ਼ਰੂਰੀ ਸੀ। ਇਸ ਸਬੰਧ ਵਿੱਚ ਕਈ ਉੱਚ ਅਧਿਕਾਰੀਆਂ ਨੇ ਇਹ ਕਹਿ ਕੇ ਫਾਈਲਾਂ ਪ੍ਰਵਾਨਗੀ ਲਈ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਰਾਘਵ ਚੱਢਾ ਕੋਲ ਕੋਈ ਸੰਵਿਧਾਨਿਕ ਅਹੁਦਾ ਨਹੀਂ ਹੈ, ਜ਼ਰੂਰੀ ਫਾਈਲਾਂ ’ਤੇ ਉਹਨਾਂ ਦੀ ਪ੍ਰਵਾਨਗੀ ਲੈਣੀ ਗੈਰ ਸੰਵਿਧਾਨਿਕ ਹੈ। ਇਸ ਗੁਸਤਾਖ਼ੀ ਕਾਰਨ ਕਈ ਉੱਚ ਅਧਿਕਾਰੀਆਂ ਦੇ ਅਹੁਦੇ ਵੀ ਖੁਸ ਗਏ। ਰਾਘਵ ਚੱਢਾ ਦੀ 50 ਨੰਬਰ ਕੋਠੀ ਵਿੱਚ ਅਹਿਲਕਾਰਾਂ, ਸਿਆਸਤਦਾਨਾਂ ਅਤੇ ਹੋਰ ਖੁਸ਼ਾਮਦੀ ਲੋਕਾਂ ਦਾ ਤਾਂਤਾ ਹਰ ਸਮੇਂ ਲੱਗਿਆ ਰਹਿੰਦਾ ਸੀ। ਪੰਜਾਬ ਦੀ ਆਰਥਿਕ ਹਾਲਤ ਨੂੰ ਖੋਰਾ ਲਾਉਣ ਦੇ ਨਾਲ ਨਾਲ ਸਰਕਾਰੀ ਤੰਤਰ ਅਤੇ ਸਮਾਜਿਕ ਖੇਤਰ ਵਿੱਚ ਰਾਘਵ ਚੱਢਾ ਦਾ ਦਬਦਬਾ ਬਣਿਆ ਰਿਹਾ। ਪਰ ਲੋਕਾਂ ਦਾ ਗੰਭੀਰ ਪ੍ਰਸ਼ਨ ਉਸ ਵੇਲੇ ਵੀ ਸੁਲਗਦਾ ਰਿਹਾ ਕਿ ਇਸ ਗ਼ੈਰ ਪੰਜਾਬੀ ਨੇ ਪੰਜਾਬ ਦਾ ਕੀ ਸੰਵਾਰਿਆ ਹੈ? ਪੰਜਾਬ ਦੀਆਂ ਬਹੁ-ਪੱਖੀ ਅਤੇ ਬਹੁ-ਪਰਤੀ ਸਮੱਸਿਆਵਾਂ ਦੇ ਹੱਲ ਲਈ ਇਸ ਸ਼ਖਸੀਅਤ ਵੱਲੋਂ ਕਿਹੜੇ ਨਿੱਗਰ ਕਦਮ ਚੁੱਕੇ ਗਏ ਜਾਂ ਕਿਹੜੇ ਉਸਾਰੂ ਸੁਝਾ ਪੰਜਾਬ ਦੇ ਸਰਬ ਪੱਖੀ ਵਿਕਾਸ ਲਈ ਰੱਖੇ ਗਏ? ਹਾਂ, ਇੱਕ ਗੱਲ ਜ਼ਰੂਰ ਹੋਈ, 50 ਨੰਬਰ ਕੋਠੀ ਦੀ ਚਾਰ ਦੀਵਾਰੀ ਕਾਫੀ ਉੱਚੀ ਜ਼ਰੂਰ ਕੀਤੀ ਗਈ। 2022 ਵਿੱਚ ਹੀ ਪੰਜਾਬੀਆਂ ਦਾ ਹੱਕ ਖੋਹ ਕੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਭੇਜਿਆ ਗਿਆ। ਤਿੰਨ ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਇਸ ਸ਼ਖਸੀਅਤ ਨੇ ਸੰਸਦ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਹੀ ਨਹੀਂ ਕੀਤੀ। ਪਾਣੀਆਂ ਦੇ ਮਸਲੇ, ਕਿਸਾਨੀ ਸੰਕਟ, ਨਸ਼ੇ, ਬੇਰੁਜ਼ਗਾਰੀ, ਲੱਕ ਤੋੜਵੀਂ ਮਹਿੰਗਾਈ, ਕਿਸੇ ਵੀ ਭਖਦੇ ਮਸਲੇ ਨੂੰ ਸੰਸਦ ਵਿੱਚ ਨਹੀਂ ਰੱਖਿਆ। ਹਾਂ, ਸਿਆਸਤ ਦੇ ਬੁਲੰਦ ਸਿਤਾਰਿਆਂ ਦਰਮਿਆਨ ਹੀ 13 ਮਈ 2023 ਨੂੰ ਪ੍ਰਸਿੱਧ ਫਿਲਮੀ ਨਾਇਕਾ ਪ੍ਰਣੀਤੀ ਚੋਪੜਾ ਨਾਲ ਸਗਾਈ ਹੋਈ। ਸਗਾਈ ਦੀ ਰਸਮ ਨਿਭਾਉਣ ਲਈ ਵੀ ਦਿੱਲੀ ਵਿੱਚ ਪੰਜਾਬ ਸਰਕਾਰ ਦੀ ਸਰਕਾਰੀ ਇਮਾਰਤ ਕਪੂਰਥਲਾ ਹਾਊਸ ਦੀ ਵਰਤੋਂ ਕੀਤੀ ਗਈ। ਪੰਜਾਬ ਦੇ ਰਾਜਨੀਤਿਕ ਆਗੂ ਅਤੇ ਅਫਸਰਸ਼ਾਹੀ ਨੇ ਕਪੂਰਥਲਾ ਹਾਊਸ ਪੁੱਜ ਕੇ ਆਪਣੀ ਹਾਜ਼ਰੀ ਲਗਵਾਈ। ਇੰਜ ਹੀ 24 ਸਤੰਬਰ 2023 ਨੂੰ ਸ਼ਾਦੀ ਦੀ ਰਸਮ ਸਮੇਂ ਵੀ ਰਾਜਸਥਾਨ ਦੇ ਉਦੇਪੁਰ ਸ਼ਹਿਰ ਵਿੱਚ ਖੂਬ ਗਹਿਮਾ ਗਹਿਮੀ ਰਹੀ ਅਤੇ ਪੰਜਾਬ ਮੰਤਰੀ ਮੰਡਲ ਦੀ ਵਜ਼ਾਰਤ ਉੱਥੇ ਹਾਜ਼ਰ ਰਹੀ।
ਇਹ ਦੁਖਾਂਤ ਹੀ ਹੈ ਕਿ ਪੰਜਾਬ ਦੇ ਸਿਰ ’ਤੇ ਗੈਰ ਪੰਜਾਬੀ ਰਾਜ ਕਰਨ ਪਰ ਪੰਜਾਬ ਦੀ ਸੰਕਟ ਘੜੀ ਸਮੇਂ ਖਾਮੋਸ਼ੀ ਉਨ੍ਹਾਂ ਦੇ ਅੰਗ ਸੰਗ ਰਹੇ। ਇਸੇ ਕਾਰਨ ਹੁਣ ਲੋਕਾਂ ਦਾ ਸਿਆਸੀ ਵਿਅਕਤੀਆਂ ਤੋਂ ਵਿਸ਼ਵਾਸ ਉੱਠ ਗਿਆ ਹੈ। ਸਰਕਾਰੀ ਮਸ਼ੀਨਰੀ ਉੱਤੇ ਸਿਆਸੀ ਵਿਅਕਤੀਆਂ ਦਾ ਦਬਦਬਾ ਹੈ। ਭਲਾ ਜਦੋਂ ਛੋਟੀ ਮੋਟੀ ਪ੍ਰਾਪਤੀ ’ਤੇ ਸਿਆਸੀ ਲੋਕ ਲੋਕਾਂ ਸਾਹਮਣੇ ਆਪਣੀ ਪਿੱਠ ਆਪ ਹੀ ਥਪਥਪਾਉਂਦੇ ਹਨ, ਫਿਰ ਲੋਕਾਂ ਉੱਤੇ ਆਫ਼ਤਾਂ ਦੇ ਪਹਾੜ ਟੁੱਟਣ ਸਮੇਂ ਉਹ ਜ਼ਿੰਮੇਵਾਰੀ ਤੋਂ ਭੱਜ ਕੇ ਸਰਕਾਰੀ ਅਧਿਕਾਰੀਆਂ ’ਤੇ ਜ਼ਿੰਮੇਵਾਰੀ ਕਿਉਂ ਸੁੱਟਦੇ ਹਨ? ਪ੍ਰਸ਼ਾਸਨਿਕ ਕੰਮਾਂ ਵਿੱਚ ਲੋੜ ਤੋਂ ਜ਼ਿਆਦਾ ਸਿਆਸੀ ਦਾਖ਼ਲ ਅੰਦਾਜ਼ੀ ਨਾਲ ਇਨਸਾਫ ਦਾ ਤਰਾਜੂ ਵੀ ਡੋਲਦਾ ਹੈ ਅਤੇ ਨਾਲ ਹੀ ਬਾਹੂਬਲ ਅਤੇ ਰਿਸ਼ਵਤਖੋਰੀ ਖੋਰੀ ਵੀ ਜਨਮ ਲੈਂਦੀ ਹੈ। ਇਸੇ ਕਾਰਨ ਹੁਣ ਅੱਕੇ ਹੋਏ ਲੋਕ ਅਦਾਲਤਾਂ ਦੀ ਸ਼ਰਨ ਵਿੱਚ ਜਾ ਰਹੇ ਹਨ। ਅਦਾਲਤਾਂ ਵਿੱਚ ਮਾਣਯੋਗ ਜੱਜਾਂ ਦੀਆਂ ਸਮੇਂ ਸਮੇਂ ਸਿਰ ਸਰਕਾਰ ਦੀ ਕਾਰਗੁਜ਼ਾਰੀ ’ਤੇ ਕੀਤੀਆਂ ਸਖ਼ਤ ਟਿੱਪਣੀਆਂ ਅਤੇ ਪੀੜਿਤਾਂ ਦੇ ਫੌਰੀ ਹੱਲ ਨਾਲ ਲੋਕਾਂ ਨੂੰ ਸਕੂਨ ਮਿਲਿਆ ਹੈ ਅਤੇ ਰਾਜਸੀ ਲੋਕਾਂ ਨੂੰ ਚੁਕੰਨੇ ਰਹਿਣ ਦਾ ਸੁਨੇਹਾ ਵੀ।
ਪੰਜਾਬ ਦਾ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੇਰੀ ਰਾਘਵ ਚੱਢਾ ਨੂੰ ਸਲਾਹ ਹੈ ਕਿ ਮੁੱਛਾਂ ਰੱਖਣੀਆਂ ਉਨ੍ਹਾਂ ਦੇ ਨਿੱਜੀ ਜੀਵਨ ਨਾਲ ਸੰਬੰਧਤ ਹੈ ਅਤੇ ਨਿੱਜੀ ਜੀਵਨ ਦੇ ਪਰਛਾਵੇਂ ਤੋਂ ਲੋਕ ਦੂਰ ਹੀ ਰਹਿੰਦੇ ਹਨ। ਹਾਂ, ਜਿਹੜੀ ਅਹਿਮ ਜ਼ਿੰਮੇਵਾਰੀ ਐੱਮ.ਪੀ. ਵਜੋਂ ਤੁਸੀਂ ਸੰਭਾਲੀ ਹੋਈ ਹੈ, ਉਹ ਪੰਜਾਬ ਵਾਸੀਆਂ ਵੱਲੋਂ ਤੁਹਾਨੂੰ ਸੰਭਾਲੀ ਗਈ ਹੈ, ਉਸ ਪ੍ਰਤੀ ਤੁਸੀਂ ਪੰਜਾਬ ਵਾਸੀਆਂ ਨੂੰ ਜਵਾਬਦੇਹ ਵੀ ਹੋ। ਪੰਜਾਬੀ ਤੁਹਾਡੀ ਐੱਮ.ਪੀ. ਵਜੋਂ ਹੁਣ ਤਕ ਦੀ ਕਾਰਗੁਜ਼ਾਰੀ ਨੂੰ ਪ੍ਰਸ਼ਨ ਸੂਚਕ ਨਜ਼ਰਾਂ ਨਾਲ ਦੇਖ ਰਹੇ ਹਨ।
ਤੁਹਾਡੇ ਕੋਲ ਦੋ ਸਾਲ ਦਾ ਹੋਰ ਸਮਾਂ ਹੈ। ਮੂੰਹ ਅੱਡੀ ਖੜ੍ਹੀਆਂ ਪੰਜਾਬ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਹੋ ਕੇ ਉਹਨਾਂ ਦੇ ਹੱਲ ਲਈ ਸੰਸਦ ਵਿੱਚ ਆਪਣੀ ਆਵਾਜ਼ ਬੁਲੰਦ ਕਰੋ। ਲੋਕਾਂ ਦੇ ਚੇਤਿਆਂ ਵਿੱਚ ਵਸਣ ਲਈ ਇਹ ਅਤਿਅੰਤ ਜ਼ਰੂਰੀ ਹੈ। ਕੋਈ ਅਜਿਹਾ ਸਨਅਤੀ ਜਾਂ ਵਿੱਦਿਅਕ ਪ੍ਰੋਜੈਕਟ ਪੰਜਾਬ ਵਿੱਚ ਲਿਆਂਦਾ ਜਾਵੇ ਜਿਸ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇ ਅਤੇ ਉਹ ਪ੍ਰੋਜੈਕਟ ਲੋਕਾਂ ਦੀਆਂ ਸਹੂਲਤਾਂ ਵਿੱਚ ਵੀ ਵਾਧਾ ਕਰੇ।
ਹਾਂ, ਇੰਜ ਮੁੱਛਾਂ ਦਾ ਜ਼ਿਕਰ ਕਰਨਾ ਇਸ ਤਰ੍ਹਾਂ ਹੈ ਜਿਵੇਂ ਵਰ੍ਹਦੇ ਮੀਂਹ ਵਿੱਚ ਆਪਣੀ ਕੁੱਲੀ ਬਚਾਉਂਦੇ ਮਜ਼ਦੂਰ ਕੋਲ ਤਾਜ ਮਹਿਲ ਦਾ ਜ਼ਿਕਰ ਛੇੜਿਆ ਜਾਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (