MohanSharma8ਗੁਰਵਿੰਦਰ ਦੀ ਮਾਂ ਨੇ ਆਪਣੀ ਨੂੰਹ ਨੂੰ ਬੁੱਕਲ ਵਿੱਚ ਲੈ ਕੇ ਕਿੰਨੀ ਹੀ ਦੇਰ ਨਹੀਂ ਛੱਡਿਆ ਅਤੇ ਫਿਰ ...
(30 ਦਸੰਬਰ 2023)
ਇਸਸਮੇਂ ਪਾਠਕ: 420.


ਜੇਕਰ ਨਸ਼ਈ ਨੂੰ ਖਲਨਾਇਕ ਦੀ ਥਾਂ ਪੀੜਤ ਸਮਝਕੇ ਦੁਆ ਅਤੇ ਦਵਾਈ ਦੇ ਸੁਮੇਲ ਨਾਲ ਉਸਦੀ ਸਹੀ ਅਗਵਾਈ ਕੀਤੀ ਜਾਵੇ ਤਾਂ ਸਾਰਥਿਕ ਨਤੀਜੇ ਜ਼ਰੂਰ ਹੀ ਸਾਹਮਣੇ ਆਉਣਗੇ
ਇਲਾਜ ਦੇ ਦਰਮਿਆਨ ਜਦੋਂ ਨਸ਼ਈ ਮਰੀਜ਼ ਨੂੰ ਚੰਗੇ-ਮਾੜੇ ਦੀ ਪਹਿਚਾਣ ਦਾ ਅਹਿਸਾਸ ਹੋ ਜਾਵੇ, ਢੀਠਤਾ ਦੀ ਥਾਂ ਸਵੈਮਾਨ ਜਾਗ ਪਵੇ, ਮਰਨ ਦੀ ਥਾਂ ਜ਼ਿੰਦਗੀ ਜਿਊਣ ਦਾ ਚਾਅ ਪੈਦਾ ਹੋ ਜਾਵੇ, ਕਿਸੇ ਉਚੇਰੀ ਸ਼ਕਤੀ ਵਿੱਚ ਵਿਸ਼ਵਾਸ ਪੈਦਾ ਹੋ ਜਾਵੇ ਅਤੇ ਤਿੜਕੇ ਰਿਸ਼ਤਿਆਂ ਪ੍ਰਤੀ ਮੋਹ ਅਤੇ ਸਤਿਕਾਰ ਜਾਗ ਪਵੇ ਤਾਂ ਕੁਰਾਹੇ ਪਏ ਨਸ਼ਈ ਲਈ ਇਹ ਸ਼ੁਭ ਸ਼ਗਨ ਹਨਅਜਿਹੀ ਸਥਿਤੀ ਵਿੱਚ ਉਹ ਆਪਣੀ ਜ਼ਿੰਦਗੀ ਵਿੱਚ ਹੀ ਸੂਹੇ ਰੰਗ ਨਹੀਂ ਬਿਖੇਰਦਾ ਸਗੋਂ ਬੇਵੱਸ ਮਾਪਿਆਂ, ਕੁਰਲਾਉਂਦੀ ਪਤਨੀ ਅਤੇ ਮਾਸੂਮ ਬੱਚਿਆਂ ਦੀ ਗੁੰਮ ਹੋਈ ਖੁਸ਼ੀ ਨੂੰ ਵੀ ਮੋੜ ਲਿਆਉਂਦਾ ਹੈ

ਇੰਜ ਹੀ ਇੱਕ ਅਫਸਰ ਪਿਤਾ ਨੇ ਖੂਨ ਦੇ ਅੱਥਰੂ ਕੇਰਦਿਆਂ ਆਪਣੇ ਇਕਲੌਤੇ ਨਸ਼ਈ ਪੁੱਤ ਦਾ ਜ਼ਿਕਰ ਕਰਦਿਆਂ ਦੱਸਿਆ, “ਪੁੱਤ ਦੀਆਂ ਘਟੀਆ ਹਰਕਤਾਂ ਕਾਰਨ ਹਾਲਾਤ ਕੱਖੋਂ ਹੌਲੇ ਅਤੇ ਪਾਣੀਓਂ ਪਤਲੇ ਹੋ ਗਏ ਹਨਉਹਦੀ ਪਤਨੀ ਉਹਦੀਆਂ ਘਟੀਆ ਹਰਕਤਾਂ ਤੋਂ ਦੁਖੀ ਹੋ ਕੇ ਪੇਕੀਂ ਜਾ ਚੁੱਕੀ ਹੈ ਅਤੇ ਉਸਨੇ ਵਾਪਸ ਨਾ ਆਉਣ ਦਾ ਫੈਸਲਾ ਕਰ ਲਿਆ ਹੈਪੰਜ-ਛੇ ਵਾਰ ਮੈਨੂੰ ਇਹਦੇ ਕਾਰਨ ਥਾਣੇ ਦਾ ਮੂੰਹ ਵੀ ਵੇਖਣਾ ਪਿਆ ਹੈਸਿਵਿਆਂ ਦੇ ਰਾਹ ਪਏ ਮੇਰੇ ਪੁੱਤ ਨੂੰ ਜੇ ਠੀਕ ਰਾਹ ’ਤੇ ਲੈ ਆਵੋਂ, ਪਲੀਜ਼ … … ਵਹਿੰਦੇ ਅੱਥਰੂਆਂ ਕਾਰਨ ਉਹ ਗੱਲ ਪੂਰੀ ਨਹੀਂ ਕਰ ਸਕਿਆ

ਲੜਕੇ ਨਾਲ ਕੌਂਸਲਿੰਗ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਉਹ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਸੀ ਪਰ ਕਾਲਜ ਵਿੱਚ ਸੰਗੀਆਂ ਸਾਥੀਆਂ ਨਾਲ ਰਲਕੇ ਚਿੱਟੇ ਦੀ ਦਲਦਲ ਵਿੱਚ ਧਸਕੇ ਥਿੜਕ ਗਿਆ ਸੀਲੜਕੇ ਅੰਦਰ ਆਪਣੇ ਪਿਤਾ ਦੇ ਅਫਸਰ ਹੋਣ ਕਾਰਨ ਹਉਮੈਂ ਜ਼ਰੂਰ ਸੀ, ਪਰ ਉਸ ਨੂੰ ਗੱਲ ਕਰਨ ਦੀ ਜਾਚ ਸੀਕਾਲਜ ਵਿੱਚ ਪੜ੍ਹਦਿਆਂ ਜਿਸ ਕੁੜੀ ਨਾਲ ਉਸਨੇ ਲਵ ਮੈਰਿਜ ਕਰਵਾਈ, ਉਸਨੇ ਵੀ ਉਸ ਨੂੰ ਨਸ਼ਾ ਰਹਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਤਾਂ ਕਰ ਲਿਆ ਪਰ ਠੀਕ ਰਾਹ ’ਤੇ ਲਿਆਉਣਾ ਸਮੁੱਚੇ ਸਟਾਫ ਲਈ ਇੱਕ ਗੰਭੀਰ ਚੈਲਿੰਜ ਸੀਪੰਜ ਸੱਤ ਦਿਨ ਤਾਂ ਉਸਨੇ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾਕਹੀਆਂ ਗੱਲਾਂ ਨੂੰ ਵੀ ਉਹ ਅਣਸੁਣਿਆ ਕਰਦਾ ਰਿਹਾਹੋਰ ਦਾਖ਼ਲ ਨਸ਼ਈ ਮਰੀਜ਼ਾਂ ਨਾਲ ਵੀ ਉਸਨੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਮਝਾ ਬੁਝਾ ਕੇ ਉਹਨੂੰ ਚੁੱਪ ਕਰਵਾਉਂਦੇ ਰਹੇ

ਸ਼ਾਮ ਦੀ ਕੌਂਸਲਿੰਗ ਮੈਂ ਆਪ ਜਾਂ ਸਮਾਜ ਸੇਵਿਕਾ ਨਿਰੰਜਨ ਕੌਰ ਕਰਦੇ ਰਹੇਸ਼ੁਰੂ ਵਿੱਚ ਉਹਦੀ ਹਉਮੈਂ ਨੂੰ ਮਾਰਨ ਲਈ ਪ੍ਰੇਰਨਾ ਦਾਇਕ ਪ੍ਰਸੰਗਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈਗੱਲਾਂ ਕਰਦਿਆਂ ਜਦੋਂ ਉਹਦੇ ਚਿਹਰੇ ’ਤੇ ਤੈਰਦੀ ਜਿਹੀ ਨਜ਼ਰ ਸੁੱਟੀ ਜਾਂਦੀ ਤਾਂ ਇੰਜ ਲਗਦਾ ਸੀ ਜਿਵੇਂ ਕਹੀਆਂ ਗੱਲਾਂ ਦਾ ਉਹਦੇ ਉੱਤੇ ਅਸਰ ਹੋ ਰਿਹਾ ਹੋਵੇਜਦੋਂ ਨਸ਼ਾ ਮੁਕਤ ਹੋ ਰਹੇ ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਇਹ ਸ਼ਬਦ ਕਹੇ ਗਏ, “ਯਾਦ ਰੱਖੋ, ਭਾਫਾਂ ਛੱਡਦੇ ਚੌਲਾਂ ਲਾਗੇ ਕੋਈ ਮੱਖੀ ਮੱਛਰ ਨਹੀਂ ਆਉਂਦਾਮੱਖੀ ਮੱਛਰ ਉਦੋਂ ਹੀ ਚੌਲਾਂ ਦੇ ਆਲੇ ਦੁਆਲੇ ਮੰਡਰਾਉਂਦੇ ਨੇ ਜਦੋਂ ਚੌਲ ਬੇਹੇ ਹੋ ਜਾਂਦੇ ਨੇਆਪਣੀ ਜ਼ਿੰਦਗੀ ਵੀ ਭਾਫ਼ਾਂ ਛੱਡਦੇ ਚੌਲਾਂ ਦੀ ਤਰ੍ਹਾਂ ਕਿਰਿਆਸ਼ੀਲ ਰੱਖੀ ਜਾਵੇ ਤਾਂ ਕੋਈ ਵੀ ਬੁਰਾਈ ਲਾਗੇ ਨਹੀਂ ਆਵੇਗੀਬੁਰਾਈ ਤਾਂ ਆਉਂਦੀ ਹੀ ਉਦੋਂ ਹੈ, ਜਦੋਂ ਸਾਡੀਆਂ ਸੋਚਾਂ ਨੂੰ ਗ੍ਰਹਿਣ ਲੱਗ ਜਾਵੇ।”

ਗੱਲਾਂ ਸੁਣਦਿਆਂ ਗੁਰਵਿੰਦਰ ਸਮੇਤ ਸਾਰੇ ਹੀ ਦਾਖ਼ਲ ਨਸ਼ਈ ਮਰੀਜ਼ ਗੰਭੀਰ ਹੋ ਗਏਗੱਲ ਨੂੰ ਅਗਾਂਹ ਤੋਰਦਿਆਂ ਉਨ੍ਹਾਂ ਦੀ ਜ਼ਮੀਰ ਨੂੰ ਹਲੂਣਦਿਆਂ ਮੈਂ ਕਿਹਾ, “ਆਪਣੇ ਦਿਲ ’ਤੇ ਹੱਥ ਰੱਖ ਕੇ ਸੋਚੋ, ਤੁਹਾਡੇ ਮਾਤਾ ਪਿਤਾ, ਭੈਣ ਭਰਾ ਅਤੇ ਤੁਹਾਡੀਆਂ ਪਤਨੀਆਂ ਹਰ ਸਮੇਂ ਤੁਹਾਡੀ ਲੰਮੀ ਉਮਰ ਅਤੇ ਖੁਸ਼ੀਆਂ ਲਈ ਦੁਆਵਾਂ ਕਰਦੇ ਹਨ, ਪਰ ਬਦਲੇ ਵਿੱਚ ਉਨ੍ਹਾਂ ਨੂੰ ਤੁਸੀਂ ਕੀ ਦੇ ਰਹੇ ਹੋਂ? ਅੱਥਰੂ, ਹਉਕੇ, ਝੋਰੇ ਅਤੇ ਘੋਰ ਉਦਾਸੀਜੇ ਸੱਚੇ ਦਿਲੋਂ ਉਨ੍ਹਾਂ ਨੂੰ ਪਿਆਰ ਕਰਦੇ ਹੋਂ ਤਾਂ ਪ੍ਰਣ ਕਰੋ ਕਿ ਭਵਿੱਖ ਵਿੱਚ ਉਨ੍ਹਾਂ ਦਾ ਦਿਲ ਨਹੀਂ ਦੁਖਾਉਂਗੇ, ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕਰੋਂਗੇਤੁਸੀਂ ਚਾਹੋਂ ਤਾਂ ਘਰਾਂ ਵਿੱਚ ਕੀਰਨਿਆਂ ਵਰਗੇ ਮਾਹੌਲ ਦੀ ਥਾਂ ਹਾਸਿਆਂ ਦੀ ਛਹਿਬਰ ਲਾ ਸਕਦੇ ਹੋਂ … …।”

ਗੁਰਵਿੰਦਰ ਦੇ ਆਪ ਮੁਹਾਰੇ ਵਹਿੰਦੇ ਅੱਥਰੂ ਅਤੇ ਹਟਕੋਰਿਆਂ ਦੀ ਅਵਾਜ਼ ਕਾਰਨ ਗੱਲ ਅਧੂਰੀ ਰਹਿ ਗਈਬਾਅਦ ਵਿੱਚ ਉਸਨੇ ਦਫਤਰ ਵਿੱਚ ਆ ਕੇ ਰੋਂਦਿਆਂ ਇਸ ਗੱਲ ’ਤੇ ਅਫ਼ਸੋਸ ਜ਼ਾਹਰ ਕੀਤਾ ਕਿ ਉਸਨੇ ਨਸ਼ਿਆਂ ਦੇ ਵੱਸ ਪੈ ਕੇ ਆਪਣੇ ਮਾਂ ਬਾਪ ਅਤੇ ਪਤਨੀ ਦੀਆਂ ਰੀਝਾਂ ਨੂੰ ਬੁਰੀ ਤਰ੍ਹਾਂ ਮਧੋਲਿਆ ਹੈਉਸਨੇ ਆਪਣੀ ਜ਼ਿੰਦਗੀ ਦੇ ਸਤਾਈ ਸਾਲ ਅਜਾਈਂ ਗੁਆ ਦਿੱਤੇ ਹਨਉਸਨੇ ਡਾਢੇ ਹੀ ਤਰਲੇ ਨਾਲ ਕਿਹਾ, “ਸਰ, ਮੇਰੇ ’ਤੇ ਹੁਣ ਹੱਥ ਰੱਖੋ।” ਉਸਦੇ ਨੈਣਾਂ ਦੇ ਕੋਇਆਂ ਵਿੱਚੋਂ ਵਹਿ ਰਹੇ ਅੱਥਰੂ ਸੱਚਮੁੱਚ ਹੀ ਪਛਤਾਵੇ ਦੇ ਚਿੰਨ੍ਹ ਸਨ ਉਸ ਨੂੰ ਹੌਸਲਾ ਦੇ ਕੇ ਕਮਰੇ ਵਿੱਚ ਭੇਜ ਦਿੱਤਾ ਗਿਆ

ਅਗਲੇ ਦਿਨ ਦੀ ਮੁਲਾਕਾਤ ਵੇਲੇ ਉਹਦੇ ਗੱਲ ਕਰਨ ਦਾ ਹੋਛਾ ਢੰਗ, ਚਿਹਰੇ ’ਤੇ ਸ਼ਰਾਰਤ ਅਤੇ ਲਾਪਰਵਾਹੀ ਦੇ ਚਿੰਨ੍ਹ ਅਲੋਪ ਹੋ ਚੁੱਕੇ ਸਨ ਅਤੇ ਉਹਦੀ ਥਾਂ ਉਹ ਗੰਭੀਰ ਅਤੇ ਸੰਜਮੀ ਜਿਹਾ ਨੌਜਵਾਨ ਲੱਗ ਰਿਹਾ ਸੀਪਹਿਲਾਂ ਜਿੱਥੇ ਸਟਾਫ ਮੈਂਬਰਾਂ ਦੀ ਕਹੀ ਗੱਲ ਨੂੰ ਉਹ ਲਾ ਪਰਵਾਹੀ ਨਾਲ ਅੱਖੋਂ ਓਹਲੇ ਕਰ ਦਿੰਦਾ ਸੀ, ਉੱਥੇ ਹੁਣ ਉਹ ਉਨ੍ਹਾਂ ਦੇ ਕਹੇ ਬੋਲਾਂ ਨੂੰ ਹੁਕਮ ਮੰਨ ਕੇ ਪਾਲਣਾ ਕਰਨ ਲਈ ਤਿਆਰ ਬਰ ਤਿਆਰ ਰਹਿੰਦਾ ਸੀਨਸ਼ਾ ਛੁਡਾਊ ਕੇਂਦਰ ਵਿੱਚ ਸਮੇਂ ਦੀ ਵੰਡ ਅਨੁਸਾਰ ਪ੍ਰਭੂ ਸਿਮਰਨ, ਸਾਹਿਤ ਅਧਿਐਨ, ਯੋਗਾ ਮੈਡੀਟੇਸ਼ਨ ਅਤੇ ਸਾਫ ਸਫਾਈ ਜਿਹੀਆਂ ਉਸਾਰੂ ਕਿਰਿਆਵਾਂ ਵਿੱਚ ਵੀ ਉਹ ਡੂੰਘੀ ਦਿਲਚਸਪੀ ਲੈਣ ਲੱਗ ਪਿਆ ਸੀਉਹ ਹਰ ਰੋਜ਼ ਝਾੜੂ ਲੈ ਕੇ ਪਹਿਲਾਂ ਇੱਕ ਘੰਟਾ ਵਰਾਂਡੇ ਅਤੇ ਆਲੇ ਦੁਆਲੇ ਦੀ ਸਫਾਈ ਕਰਦਾ ਅਤੇ ਫਿਰ ਬੂਟਿਆਂ ਨੂੰ ਪਾਣੀ ਦੇਣ ਦਾ ਕੰਮ ਕਰਦਿਆਂ ਉਹ ਆਪਣੀ ਮਸਤੀ ਵਿੱਚ ਹੁੰਦਾ ਸੀਕੰਮ ਦੇ ਨਾਲ ਨਾਲ ਉਹ ਮੂੰਹ ਵਿੱਚ ਪਾਠ ਵੀ ਕਰਦਾ ਸੀ

ਫਿਰ ਇੱਕ ਦਿਨ ਉਹਨੇ ਦਫਤਰ ਆ ਕੇ ਕਾਪੀ, ਪੈੱਨ ਅਤੇ ਸ਼੍ਰੀ ਜਪੁਜੀ ਸਾਹਿਬ ਦੀ ਮੰਗ ਕੀਤੀਉਹਦੀ ਮੰਗ ਤੁਰੰਤ ਪੂਰੀ ਕਰ ਦਿੱਤੀ ਗਈਹੁਣ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਗੰਭੀਰ ਰਹਿਣ ਲੱਗ ਪਿਆ ਸੀਕਮਰੇ ਵਿੱਚ ਅਗਰਬੱਤੀ ਦੀ ਸੁਗੰਧ ਵੀ ਆਉਂਦੀ ਸੀਵੀਹ ਕੁ ਦਿਨਾਂ ਬਾਅਦ ਉਹ ਦਫਤਰ ਵਿੱਚ ਆਇਆਤਣਾਉ ਰਹਿਤ ਚਿਹਰੇ ’ਤੇ ਕੁਝ ਕਰ ਸਕਣ ਦੀ ਖੁਸ਼ੀ ਡਲਕਾਂ ਮਾਰਦੀ ਸੀਉਸਨੇ ਦੋ ਕਾਪੀਆਂ ਮੇਰੇ ਵੱਲ ਵਧਾਉਂਦਿਆਂ ਕਿਹਾ, “ਸਰ, ਪਲੀਜ਼ ਮੇਰਾ ਇਹ ਕੰਮ ਵੇਖਿਉ, ਮੈਂ ਸ਼੍ਰੀ ਜਪੁਜੀ ਸਾਹਿਬ ਦਾ ਅੰਗਰੇਜ਼ੀ ਵਿੱਚ ਤਰਜਮਾ ਕੀਤਾ ਹੈ।”

ਜਿਉਂ ਜਿਉਂ ਮੈਂ ਉਹਦਾ ਕੀਤਾ ਸ਼੍ਰੀ ਜਪੁਜੀ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਪੜ੍ਹ ਰਿਹਾ ਸੀ, ਤਿਉਂ ਤਿਉਂ ਹੈਰਾਨੀਜਨਕ ਖੁਸ਼ੀ ਨਾਲ ਮੇਰਾ ਆਪਣਾ ਆਪ ਉਛਲ ਰਿਹਾ ਸੀਇਹ ਸੱਚਮੁੱਚ ਇੱਕ ਕ੍ਰਿਸ਼ਮਾ ਹੀ ਸੀਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਤੋਂ ਬਾਗੀ ਮਾਪਿਆਂ ਦਾ ਨਲਾਇਕ ਪੁੱਤ, ਪਤਨੀ ਲਈ ਜ਼ਾਲਮ ਪਤੀ, ਇੱਕ ਗੈਰ ਜ਼ਿੰਮੇਵਾਰ ਅਤੇ ਹਰ ਕਿਸਮ ਦਾ ਨਸ਼ਾ ਕਰਨ ਵਾਲੇ ਨੌਜਵਾਨ ਨੇ ਗੁਰੂ ਸਾਹਿਬ ਦੀ ਬਾਣੀ ਦਾ ਸਿਰਫ਼ ਸਹਾਰਾ ਹੀ ਨਹੀਂ ਲਿਆ, ਸਗੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਦਾ ਅੰਗਰੇਜ਼ੀ ਵਿੱਚ ਤਰਜਮਾ ਕਰਕੇ ਹੋਰਾਂ ਲਈ ਮਾਰਗ ਦਰਸ਼ਨ ਦਾ ਕੰਮ ਕੀਤਾ ਸੀਗੁਰਵਿੰਦਰ ’ਤੇ ਡਾਢਾ ਹੀ ਮੋਹ ਆਇਆਉਹਦੇ ਕੀਤੇ ਕੰਮ ਨੂੰ ਲੈ ਕੇ ਮੈਂ ਸ਼ਹਿਰ ਦੀਆਂ ਕਈ ਵਿਦਵਾਨ ਧਾਰਮਿਕ ਸ਼ਖਸੀਅਤਾਂ ਨੂੰ ਮਿਲਿਆਉਨ੍ਹਾਂ ਨੇ ਵੀ ਇਸ ਕਾਰਜ ਦੀ ਰੱਜ ਕੇ ਪ੍ਰਸ਼ੰਸਾ ਕੀਤੀਫਿਰ ਉਸਦੇ ਇਸ ਨੇਕ ਅਤੇ ਉਸਾਰੂ ਕਾਰਜ ਨੂੰ ਕਿਤਾਬੀ ਰੂਪ ਦੇ ਕੇ ਉਹ ਪੁਸਤਕ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਮੁਫ਼ਤ ਵੰਡੀ ਗਈ ਤਾਂ ਜੋ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਵਿਦਿਆਰਥੀ ਵਰਗ ਜਾਣੂ ਹੋ ਸਕੇ

ਸਾਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸਦੀ ਪੜ੍ਹੀ ਲਿਖੀ ਜੀਵਨ ਸਾਥਣ ਉਸ ਨੂੰ ਛੱਡ ਕੇ ਜਾ ਚੁੱਕੀ ਹੈਜਦੋਂ ਉਸ ਨੂੰ ਇੱਥੋਂ ਛੁੱਟੀ ਕੀਤੀ ਗਈ ਤਾਂ ਪਤਨੀ ਦੇ ਵਿਛੋੜੇ ਕਾਰਨ ਉਹ ਘੋਰ ਉਦਾਸੀ ਅਤੇ ਨਿਰਾਸ਼ਤਾ ਵਿੱਚ ਘਿਰ ਕੇ ਦੁਬਾਰਾ ਨਸ਼ਿਆਂ ਦੀ ਦਲਦਲ ਵਿੱਚ ਧਸ ਸਕਦਾ ਹੈਇਸ ਚਿੰਤਾ ਨੂੰ ਲੈ ਕੇ ਸਮਾਜ ਸੇਵਿਕਾ ਅਤੇ ਮਨੁੱਖੀ ਕਦਰਾਂ ਕੀਮਤਾਂ ਉੱਤੇ ਡਟਕੇ ਪਹਿਰਾ ਦੇਣ ਵਾਲੀ ਅਗਾਂਹਵਧੂ ਸ਼ਖਸੀਅਤ ਨਿਰੰਜਨ ਕੌਰ ਨੂੰ ਨਾਲ ਲੈ ਕੇ ਉਸਦੀ ਜੀਵਨ ਸਾਥਣ ਅਤੇ ਉਸਦੇ ਮਾਪਿਆਂ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲੇਲੜਕੀ ਖੂਨ ਦੇ ਅੱਥਰੂ ਕੇਰਦਿਆਂ ਕਹਿ ਰਹੀ ਸੀ, “ਮੈਨੂੰ ਉਹ ਨਸ਼ਈ ਹੋ ਕੇ ਬਹੁਤ ਤਸੀਹੇ ਦਿੰਦਾ ਰਿਹਾਮੇਰਾ ਹੱਥ ਮੰਜੇ ਦੇ ਪਾਵੇ ਹੇਠਾਂ ਰੱਖਕੇ ਆਪ ਮੰਜੇ ’ਤੇ ਬਹਿ ਜਾਂਦਾ ਸੀਮੇਰੀਆਂ ਜਦੋਂ ਚੀਕਾਂ ਨਿਕਦੀਆਂ ਸਨ ਤਾਂ ਉਹ ਵਹਿਸ਼ੀ ਹਾਸਾ ਹੱਸਦਾ ਸੀਮੈਂ ਹੁਣ ਉਸ ਜ਼ਾਲਮ ਕੋਲ ਮੁੜਕੇ ਨਹੀਂ ਜਾਣਾ।”

ਬਾਅਦ ਵਿੱਚ ਸਮਝਾਉਣ ਤੇ ਲੜਕੀ ਇਸ ਗੱਲ ’ਤੇ ਰਜ਼ਾਮੰਦ ਹੋ ਗਈ ਕਿ ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਹੁਣ ਉਹ ਪੂਰੀ ਤਰ੍ਹਾਂ ਸੁਧਰ ਗਿਆ ਹੈ, ਉਸ ਸਮੇਂ ਉਹ ਮਾਪਿਆਂ ਦੀ ਸਹਿਮਤੀ ਉਪਰੰਤ ਗੁਰਵਿੰਦਰ ਸਿੰਘ ਨਾਲ ਚਲੀ ਜਾਵੇਗੀ

ਕੁਝ ਦਿਨ ਹੋਰ ਰੱਖਣ ਉਪਰੰਤ ਗੁਰਵਿੰਦਰ ਸਿੰਘ ਨੂੰ ਛੁੱਟੀ ਕਰ ਦਿੱਤੀ ਗਈਜਾਂਦਿਆਂ ਹੀ ਜਿੱਥੇ ਉਹ ਅਗਲੀ ਪੜ੍ਹਾਈ ਵਿੱਚ ਜੁਟ ਗਿਆ, ਉੱਥੇ ਹੀ ਸ਼ਾਮ ਨੂੰ ਅੰਦਾਜ਼ਨ ਡੇਢ ਘੰਟਾ ਗੁਰੂ ਘਰ ਜਾਕੇ ਸੰਗਤਾਂ ਦੇ ਜੋੜੇ ਝਾੜਨ ਅਤੇ ਬੂਟ ਪਾਲਿਸ਼ ਕਰਨ ਦੀ ਸੇਵਾ ਵੀ ਕਰਨ ਲੱਗ ਪਿਆਕਈ ਵਾਰ ਉਸ ਨੂੰ ਜੋੜੇ ਸਾਫ ਕਰਦਿਆਂ ਉਸਦੀ ਪਤਨੀ ਨੇ ਵੀ ਵੇਖਿਆਫਿਰ ਇੱਕ ਦਿਨ ਗੁਰਵਿੰਦਰ ਦੀ ਪਤਨੀ ਦਾ ਟੈਲੀਫੋਨ ਆਇਆ, “ਅੰਕਲ ਜੀ, ਅਸ਼ੀਰਵਾਦ ਦਿਉ, ਹੁਣ ਮੈਂ ਆਪਣੇ ਘਰ ਜਾਣਾ ਚਾਹੁੰਦੀ ਹਾਂ।”

ਅਗਲੇ ਦਿਨ ਲੜਕੀ ਦਾ ਪਿਤਾ ਆਪ ਆ ਕੇ ਮਿਲਿਆਉਹਦੇ ਚਿਹਰੇ ’ਤੇ ਖੁਸ਼ੀ ਡੁੱਲ੍ਹ ਡੁੱਲ੍ਹ ਪੈਂਦੀ ਸੀਆਉਂਦਿਆਂ ਹੀ ਉਸਨੇ ਕਿਹਾ, “ਵਿਆਹੀ ਹੋਈ ਧੀ ਨੂੰ ਪੇਕੇ ਘਰ ਬਿਠਾਕੇ ਰੱਖਣਾ ਬਹੁਤ ਹੀ ਮੁਸ਼ਕਲ ਹੈਸਾਡਾ ਤਾਂ ਸਾਰਾ ਪਰਿਵਾਰ ਹੀ ਚਿੰਤਾ ਵਿੱਚ ਰਹਿੰਦਾ ਸੀਲੜਕਾ ਹੁਣ ਸਹੀ ਰਾਹ ’ਤੇ ਆ ਗਿਆ ਹੈਹੁਣ ਲੜਕੀ ਨੂੰ ਉਹਦੇ ਸਹੁਰੇ ਘਰ ਅਸੂਲੀ ਤੌਰ ’ਤੇ ਛੱਡ ਕੇ ਵੀ ਮੈਂ ਆਵਾਂਗਾ।”

ਅਗਲੇ ਦਿਨ ਸ਼ਾਮ ਦੇ ਸਮੇਂ ਜਦੋਂ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਲੜਕੀ ਨੂੰ ਸਹੁਰੇ ਘਰ ਛੱਡਣ ਗਏ ਤਾਂ ਗੁਰਵਿੰਦਰ ਦੇ ਮਾਪਿਆਂ ਨੇ ਤੇਲ ਚੋ ਕੇ ਉਨ੍ਹਾਂ ਦਾ ਸਵਾਗਤ ਕੀਤਾਇਸ ਤੋਂ ਪਹਿਲਾਂ ਕੁੜਮਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਕਾਰਨ ਬੋਲਬਾਣੀ ਵੀ ਬੰਦ ਸੀਪਰ ਉਸ ਵੇਲੇ ਉਹ ਧਾਅ ਕੇ ਇੱਕ ਦੂਜੇ ਨੂੰ ਮਿਲੇਗੁਰਵਿੰਦਰ ਦੀ ਮਾਂ ਨੇ ਆਪਣੀ ਨੂੰਹ ਨੂੰ ਬੁੱਕਲ ਵਿੱਚ ਲੈ ਕੇ ਕਿੰਨੀ ਹੀ ਦੇਰ ਨਹੀਂ ਛੱਡਿਆ ਅਤੇ ਫਿਰ ਗੱਚ ਭਰ ਕੇ ਕਿਹਾ, “ਧੀਏ, ਹੁਣ ਛੱਡ ਕੇ ਨਾ ਜਾਈਂ … … ।” ਉਹਦੇ ਨੈਣਾਂ ਵਿੱਚੋਂ ਸਿੰਮਦੇ ਅੱਥਰੂਆ ਨੇ ਗੱਲ ਪੂਰੀ ਨਹੀਂ ਹੋਣ ਦਿੱਤੀਫਿਰ ਗੁਰਵਿੰਦਰ ਅੱਗੇ ਆਇਆਆਪਣੇ ਸੱਸ ਸਹੁਰੇ ਦੇ ਪੈਰੀਂ ਹੱਥ ਲਾਉਣ ਤੋਂ ਬਾਅਦ ਆਪਣੀ ਜੀਵਨ ਸਾਥਣ ਦਾ ਹੱਥ ਫੜਕੇ ਡਾਢੇ ਹੀ ਮੋਹ ਨਾਲ ਕਿਹਾ, “ਮੈਨੂੰ ਮਾਫ਼ ਕਰੀਂਅੱਗੇ ਤੋਂ ਤੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ।”

ਮੈਂ ਅਤੇ ਨਿਰੰਜਨ ਕੌਰ ਇੱਕ ਪਾਸੇ ਖੜੋਤੇ ਮਾਨਸਿਕ ਸਕੂਨ ਵਾਲੇ ਇਨ੍ਹਾਂ ਪਲਾਂ ਦਾ ਆਨੰਦ ਮਾਣ ਰਹੇ ਸੀ

ਹਾਂ, ਹੁਣ ਗੁਰਵਿੰਦਰ ਬੈਂਕ ਅਧਿਕਾਰੀ ਵਜੋਂ ਕੰਮ ਕਰ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4583)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author