"ਪਿਤਾ ਜੀ ਦੇ ਜੋਤ-ਹੀਣ ਨੈਣਾਂ ਦੇ ਕੋਇਆਂ ਵਿੱਚੋਂ ਵਹਿ ਰਹੇ ਅੱਥਰੂਆਂ ਨੇ ਮੈਨੂੰ ਝੰਜੋੜ ਦਿੱਤਾ ..."
(26 ਸਤੰਬਰ 2017)
ਜ਼ਿੰਦਗੀ ਦੇ ਸਫ਼ਰ ਵਿੱਚ ਭਾਵੇਂ ਹੁਣ ਪੋਤੇ-ਪੋਤੀ ਦਾ ‘ਬਾਬਾ ਜੀ’ ਬਣਨ ਦਾ ਸੁਭਾਗ ਪ੍ਰਾਪਤ ਹੈ. ਫੁੱਲਾਂ ਦੀ ਮਹਿਕ ਵਾਲਾ ਘਰ ਵੀ ਹੈ ਜਿੱਥੋਂ ਮੋਹ, ਅਪਣੱਤ ਅਤੇ ਪਿਆਰ ਭਰੇ ਕਹਿਕਹਿਆਂ ਦੀ ਆਵਾਜ਼ ਨਾਲ ਆਪਣਾ ਆਪ ਸਰਸ਼ਾਰ ਹੋ ਜਾਂਦਾ ਹੈ; ਪਰ ਜ਼ਿੰਦਗੀ ਵਿੱਚ ਜੋ ਕੁਝ ਪ੍ਰਾਪਤ ਕੀਤਾ ਹੈ ਉਹਦੇ ਪਿੱਛੇ ਹੱਡ ਭੰਨਵੀ ਮੁਸ਼ੱਕਤ, ਮਿਹਨਤ, ਸਬਰ ਅਤੇ ਸਿਦਕਦਿਲੀ ਦਾ ਸੁ਼ਮੇਲ ਸ਼ਾਮਲ ਹੈ। ਜ਼ਿੰਦਗੀ ਦੇ ਪੰਨੇ ਫਰੋਲਦਿਆਂ ਦੋ ਤਿੰਨ ਯਾਦਾਂ ਹਮੇਸ਼ਾ ਮੇਰੇ ਅੰਗ-ਸੰਗ ਰਹਿੰਦੀਆਂ ਹਨ।
ਬਚਪਨ ਵਿੱਚ ਮੈਂ ਅੰਤਾਂ ਦੀ ਗੁਰਬਤ ਹੁੰਢਾਈ ਹੈ। ਬਜ਼ੁਰਗ ਪਿਤਾ ਪੰਡਤ ਹਰੀ ਰਾਮ ਜੀ ਅੱਖਾਂ ਤੋਂ ਮੁਨਾਖ਼ੇ ਹੋਣ ਕਾਰਨ ਘਰ ਦਾ ਗੁਜ਼ਾਰਾ ਬੜੀ ਮੁ਼ਸ਼ਕਿਲ ਨਾਲ ਚਲਦਾ ਸੀ। ਘਰ ਵਿੱਚ ਤਿੰਨ ਗਊਆਂ ਰੱਖੀਆਂ ਹੋਈਆਂ ਸਨ। ਉਨ੍ਹਾਂ ਦਾ ਦੁੱਧ ਵੇਚਕੇ ਚੁੱਲੇ ਦੇ ਖ਼ਰਚ ਦੀ ਆਈ ਚਲਾਈ ਚੱਲਦੀ ਸੀ। ਗਊਆਂ ਦੇ ਖਾਣ ਲਈ ਚਾਰੇ ਦੇ ਪ੍ਰਬੰਧ ਲਈ ਅਸੀਂ ਭਰਾਵਾਂ ਨੇ ਰਲਕੇ ਜੁਗਾੜ ਕਰ ਲਿਆ ਸੀ। ਵਾਰੀ ਵਾਰੀ ਖੇਤਾਂ ਵਿੱਚੋਂ ਘਾਹ ਖੋਤ ਕੇ ਲੈ ਆਉਂਦੇ। ਕਈ ਵਾਰ ਜਿਮੀਂਦਾਰ ਆਪਣੇ ਖੇਤ ਵਿੱਚੋ ਘਾਹ ਖੋਤਣ ਤੋਂ ਵਰਜ ਦਿੰਦਾ। ਫਿਰ ਨਮੋਸ਼ੀ ਜਿਹੀ ਨਾਲ ਘਾਹ ਵਾਲਾ ਕੱਪੜਾ ਚੁੱਕ ਕੇ ਅਗਲੇ ਖੇਤ ਦਾ ਰੁਖ ਕਰ ਲੈਂਦੇ। ਹਰੇ ਹਰੇ ਘਾਹ ਦੀ ਪੰਡ ਲਿਆਕੇ ਜਦੋਂ ਵਿਹੜੇ ਵਿੱਚ ਸੁੱਟਦੇ ਤਾਂ ਗਊਆਂ ਬੜੀ ਬੇਸਬਰੀ ਨਾਲ ਭੁੱਖੀ ਜਿਹੀ ਨਜ਼ਰ ਨਾਲ ਵਿਹੰਦੀਆਂ। ਉਸ ਉਮਰੇ ਕੀਤੇ ਸੰਘਰਸ਼ ਨੇ ਨਿਮਰਤਾ ਅਤੇ ਸਮੇਂ ਦੀ ਵਿਉਂਤ ਬੰਦੀ ਕਰਨੀ ਵੀ ਸਿਖਾ ਦਿੱਤੀ। ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਜੀਵਨ ਵਿੱਚ ਜੋ ਸਬਕ ਖਾਲੀ ਪੇਟ, ਖਾਲੀ ਜੇਬ ਅਤੇ ਗੁਰਬਤ ਤੋਂ ਮਿਲਦਾ ਹੈ, ਉਹ ਕਿਸੇ ਵੀ ਸਕੂਲ ਜਾਂ ਯੂਨੀਵਰਸਿਟੀ ਤੋਂ ਨਹੀਂ ਮਿਲਦਾ।
ਪਰ ਕਦੇ ਕਦੇ ਬਾਲ-ਮਨ ‘ਕੀ’ ਅਤੇ ‘ਕਿਉਂ’ ਦੇ ਪ੍ਰਸ਼ਨਾਂ ਵਿੱਚ ਵੀ ਉਲਝ ਜਾਂਦਾ। ਅਮੀਰੀ-ਗਰੀਬੀ ਨੂੰ ਘੋਰ ਬੇਇਨਸਾਫੀ ਸਮਝਦਿਆਂ ਮੈ ਰੱਬ ਨੂੰ ਕਾਵਿ-ਮਈ ਉਲਾਂਭੇ ਵੀ ਦੇਣੇ ਸ਼ੁਰੂ ਕਰ ਦਿੱਤੇ ਸਨ। ਇੱਕ ਦਿਨ ਦੀ ਘਟਨਾ ਨੇ ਮੇਰੀ ਜ਼ਿੰਦਗੀ ਦਾ ਰੁਖ ਹੀ ਬਦਲ ਦਿੱਤਾ। ਸਾਲ 1962 ਵਿੱਚ ਮੈਂ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਜੂਨ-ਜੁਲਾਈ 1962 ਦੇ ਕਿਸੇ ਦਿਨ ਜਦੋਂ ਮੇਰੀ ਮਾਂ ਨੇ ਕਪੜਾ ਫੜਾ ਕੇ ਵੱਡੇ ਭਰਾ ਨਾਲ ਖੇਤਾਂ ਵਿੱਚੋਂ ਘਾਹ ਲਿਆਉਣ ਲਈ ਕਿਹਾ ਤਾਂ ਮੈਂ ਬਾਗੀ ਹੋ ਕੇ ਨਾਂਹ ਪੱਖੀ ਜਵਾਬ ਦੇ ਦਿੱਤਾ ਅਤੇ ਨਾਲ ਹੀ ਸ਼ਰਤ ਰੱਖ ਦਿੱਤੀ ਕਿ ਪਹਿਲਾਂ ਅੰਗਰੇਜ਼ੀ ਵਾਲੇ ਅਧਿਆਪਕ ਕੋਲ ਮੇਰੀ ਟਿਊਸ਼ਨ ਦਾ ਪ੍ਰਬੰਧ ਕਰੋ, ਫਿਰ ਜਾਵਾਂਗਾ ਘਾਹ ਖੋਤਣ। ਭਲਾ ਘਰ ਦੀ ਨਿੱਘਰਦੀ ਹਾਲਤ ਵਿੱਚ ਇਹ ਕੁਝ ਕਿੰਜ ਸੰਭਵ ਹੋ ਸਕਦਾ ਸੀ? ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਮੈਂ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ। ਦੋ ਕੁ ਦਿਨਾਂ ਬਾਅਦ ਬਜ਼ੁਰਗ ਪਿਤਾ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ ਅਤੇ ਮੇਰੇ ਮੋਢੇ ’ਤੇ ਹੱਥ ਰੱਖਦਿਆਂ ਗੱਚ ਭਰ ਕੇ ਕਿਹਾ, “ਮੋਹਨ, ਟਿਊਸ਼ਨ ਵਾਲਾ ਟੀਚਰ ਪੰਜਾਹ ਰੁਪਏ ਮਹੀਨਾ ਮੰਗਦੈ। ਆਪਣੇ ਲਈ ਤਾਂ ਵੀਹ ਰੁਪਏ ਮਹੀਨਾ ਦੇਣੇ ਵੀ ਮੁਸ਼ਕਲ ਨੇ ...। ਤੈਨੂੰ ਘਰ ਦੀ ਹਾਲਤ ਦਾ ਪਤੈ। ਮੇਰੀ ਇੱਕ ਗੱਲ ਯਾਦ ਰੱਖੀਂ, ਟਿਊਸ਼ਨ ਤਾਂ ਫਉੜੀਆਂ ਹੁੰਦੀਆਂ ਨੇ। ਫਉੜੀਆਂ ਦੇ ਸਹਾਰੇ ਤੁਰਨ ਵਾਲੇ ਬਾਹਲੀ ਦੂਰ ਨਹੀਂ ਜਾ ਸਕਦੇ। ਪੁੱਤ, ਸਕੂਲ ਵਿੱਚ ਛੇ ਘੰਟੇ ਪੜ੍ਹਨ ਜਾਨੈ। ਜੇ ਜਮਾਤ ਵਿੱਚ ਅਧਿਆਪਕਾਂ ਦਾ ਪਾਠ ਗੌਰ ਨਾਲ ਸੁਣੇ, ਘਰ ਆ ਕੇ ਉਹੀ ਪਾਠ ਦੁਹਰਾਵੇਂ, ਫਿਰ ਤੈਨੂੰ ਫਉੜੀਆਂ ਦੀ ਲੋੜ ਹੀ ਨਹੀਂ ਪੈਣੀ।”
ਪਿਤਾ ਜੀ ਦੇ ਜੋਤ-ਹੀਣ ਨੈਣਾਂ ਦੇ ਕੋਇਆਂ ਵਿੱਚੋਂ ਵਹਿ ਰਹੇ ਅੱਥਰੂਆਂ ਨੇ ਮੈਨੂੰ ਝੰਜੋੜ ਦਿੱਤਾ ਸੀ। ਮੈ ਉਨ੍ਹਾਂ ਦੇ ਦੋਨੋਂ ਹੱਥ ਘੁੱਟ ਕੇ ਫੜਦਿਆਂ ਦ੍ਰਿੜ੍ਹ ਆਵਾਜ਼ ਵਿੱਚ ਕਿਹਾ, “ਠੀਕ ਐ, ਅੱਜ ਤੋ ਇਨ੍ਹਾਂ ਫਉੜੀਆਂ ਦੀ ਗੱਲ ਵੀ ਨਹੀਂ ਕਰਾਂਗਾ।” ਅਤੇ ਉਸ ਦਿਨ ਇਕੱਲਾ ਜਾ ਕੇ ਮੈਂ ਜਿਮੀਂਦਾਰ ਦੀਆਂ ਵੱਟਾਂ ਤੋਂ ਘਾਹ ਵੀ ਖੋਤ ਕੇ ਲਿਅਇਆ। ਪਿਤਾ ਜੀ ਦੀ ਫਉੜੀਆਂ ਵਾਲੀ ਗੱਲ ਮੇਰੇ ਦਿਲ ਅਤੇ ਦਿਮਾਗ ’ਤੇ ਛਾ ਗਈ। ਆਪਣੇ ਆਪ ਨੂੰ ਇਕਾਗਰ ਕਰਕੇ ਮੈਂ ਅਧਿਆਪਕ ਸਾਹਿਬਾਨਾਂ ਦਾ ਪੀਰਡ ਅਟੈਂਡ ਕਰਦਾ। ਅੱਧੀ ਛੁੱਟੀ ਦਾ ਸਮਾਂ ਵੀ ਪੜ੍ਹਨ ਦੇ ਲੇਖੇ ਲਾਉਣਾ ਸ਼ੁਰੂ ਕਰ ਦਿੱਤਾ। ਘਰ ਦੇ ਜਰੂਰੀ ਕੰਮਾਂ ਵਿੱਚੋਂ ਖੇਤਾਂ ਵਿੱਚੋਂ ਘਾਹ ਲਿਆਉਣਾ ਅਤੇ ਤਿੰਨ ਘਰਾਂ ਵਿੱਚ ਦੁੱਧ ਦੇ ਕੇ ਆਉਣਾ ਸ਼ਾਮਲ ਸੀ। ਇਨ੍ਹਾਂ ਕੰਮਾਂ ਤੋ ਵਿਹਲਾ ਹੋਣ ਉਪਰੰਤ ਬਾਕੀ ਸਮਾਂ ਮੈ ਪੜ੍ਹਾਈ ਦੇ ਲੇਖੇ ਲਾਉਣ ਲੱਗ ਪਿਆ। ਦੇਰ ਰਾਤ ਤੱਕ ਲੈਂਪ ਦੀ ਰੋਸ਼ਨੀ ਵਿੱਚ ਪੜ੍ਹਦਾ ਰਹਿੰਦਾ। ਅੱਠਵੀਂ ਦਾ ਬੋਰਡ ਦਾ ਇਮਤਿਹਾਨ ਸੀ। ਫਉੜੀਆਂ ਤੋਂ ਬਿਨਾਂ ਆਪਣੇ ਦਮ ’ਤੇ ਸਖ਼ਤ ਮਿਹਨਤ ਕੀਤੀ। ਜਦੋਂ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਆਇਆ ਤਾਂ ਮੈਂ ਆਪਣੀ ਜਮਾਤ ਦੇ ਨਾਲ ਨਾਲ ਨੇੜੇ-ਤੇੜੇ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜ ਕੇ ਮੋਹਰੀ ਬਣਨ ਵਿੱਚ ਸਫਲ ਹੋ ਗਿਆ। ਰਿਜ਼ਲਟ ਤੋਂ ਬਾਅਦ ਜਦੋਂ ਲੋਕ ਘਰ ਵਧਾਈਆਂ ਦੇਣ ਆਏ ਤਾਂ ਮੈਂ ਪਹਿਲੀ ਵਾਰ ਆਪਣੇ ਪਿਤਾ ਦੀਆਂ ਜੋਤ-ਹੀਨ ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਵੇਖੇ।
ਦਸਵੀਂ ਦੀ ਪੜ੍ਹਾਈ ਉਪਰੰਤ ਕਾਲਜ ਦੀ ਪੜ੍ਹਾਈ ਕਰਦਿਆਂ ਵੀ ਮਿਹਨਤ ਮੇਰੇ ਅੰਗ-ਸੰਗ ਰਹੀ। ਸਕੂਲ ਅਤੇ ਕਾਲਜ ਵਿੱਚ ਪ੍ਰਾਪਤ ਕੀਤੀਆਂ ਟਰਾਫ਼ੀਆਂ ਮੇਰਾ ਕੀਮਤੀ ਸਰਮਾਇਆ ਹਨ। ਅਧਿਆਪਨ ਕਾਰਜ ਨਾਲ ਜੁੜਿਆਂ ਤਾਂ ਪੰਜਾਬ ਸਟੇਟ ਦੇ ਪੰਜ ਉੱਤਮ ਅਧਿਆਪਕਾਂ ਦੀ ਕਤਾਰ ਵਿੱਚ ਖੜੋਕੇ ਸਟੇਟ ਐਵਾਰਡ ਪ੍ਰਾਪਤ ਕੀਤਾ। ਸੀਨੀਅਰ ਜ਼ਿਲ੍ਹਾ ਬੱਚਤ ਅਧਿਕਾਰੀ ਬਣਨ ਉਪਰੰਤ ਵੀ ਉਸ ਵੇਲੇ ਦੇ ਮੁੱਖ ਮੰਤਰੀ ਤੋਂ ਦੋ ਵਾਰ ਸਨਮਾਨ ਪ੍ਰਾਪਤ ਕੀਤਾ। ਪੰਜ ਵਰ੍ਹੇ ਪਹਿਲਾਂ ਪੰਜਾਬ ਸਰਕਾਰ ਵਲੋਂ ਸਮਾਜਿਕ, ਸਾਹਿਤਕ, ਸਭਿਆਚਾਰਕ ਅਤੇ ਹੋਰ ਉਸਾਰੂ ਕਾਰਜਾਂ ਲਈ 32 ਸਖਸ਼ੀਅਤਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਸਟੇਟ ਐਵਾਰਡ ਦਿੱਤਾ ਗਿਆ ਸੀ ਅਤੇ ਉਨ੍ਹਾਂ 32 ਸਖਸ਼ੀਅਤਾਂ ਵਿੱਚ ਸ਼ਾਮਲ ਹੋ ਕੇ ਸਨਮਾਨ ਪ੍ਰਾਪਤ ਕਰਨ ਦਾ ਮਾਣ ਵੀ ਮੇਰੇ ਹਿੱਸੇ ਆਇਆ।
ਹੁਣ ਪਿਤਾ ਜੀ ਸਰਗਵਾਸ ਹੋ ਚੁੱਕੇ ਹਨ, ਪਰ ਮੈ ਹਰ ਸਮੇਂ ਅਨੁਭਵ ਕਰਦਾ ਹਾਂ ਕਿ ਮਾਂ-ਬਾਪ ਦਾ ਅਸ਼ੀਰਵਾਦ ਹਮੇਸ਼ਾ ਮੇਰੇ ਅੰਗ-ਸੰਗ ਰਹਿੰਦਾ ਹੈ।
ਪਿਛਲੇ ਦਿਨੀਂ ਆਪਣੀ ਕਰਮ ਭੂਮੀ ਵਿੱਚ ਜਾਣ ਦਾ ਮੌਕਾ ਮਿਲਿਆ। ਉਸ ਸਕੂਲ ਵਿੱਚ ਵੀ ਗਿਆ ਜਿੱਥੇ ਮੈਂ ਦਸਵੀਂ ਤੱਕ ਪੜ੍ਹਿਆ ਸਾਂ। ਕਿੰਨੀਆਂ ਹੀ ਯਾਦਾਂ ਦੇ ਝੁਰਮੁਟ ਵਿੱਚ ਘਿਰ ਗਿਆ ਮੈਂ। ਹੋਰ ਅਗਾਂਹ ਵਧਿਆ ਤਾਂ ਪ੍ਰਿੰਸੀਪਲ ਦੇ ਦਫ਼ਤਰ ਅੱਗੇ ਲੱਗੇ ਬੋਰਡ ਤੇ ‘ਸਾਡੇ ਹੋਣਹਾਰ ਸਿਤਾਰੇ’ ਸਿਰਲੇਖ ਹੇਠ ਉਨ੍ਹਾਂ ਕੁਝ ਵਿਦਿਆਰਥੀਆਂ ਦੇ ਨਾਂ ਲਿਖੇ ਹੋਏ ਸਨ ਜਿਨ੍ਹਾਂ ਨੇ ਸੰਸਥਾ ਵਿੱਚ ਵਿੱਦਿਆ ਪ੍ਰਾਪਤ ਕਰਨ ਉਪਰੰਤ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟ ਕੇ ਸਕੂਲ, ਮਾਪੇ ਅਤੇ ਜਨਮ ਭੂਮੀ ਦਾ ਨਾਂ ਉੱਚਾ ਕੀਤਾ ਸੀ। ਸੱਤਵੇਂ ਨੰਬਰ ’ਤੇ ਆਪਣਾ ਨਾਂ ਪੜ੍ਹਕੇ ਜਿੱਥੇ ਮਾਨਸਿਕ ਸਕੂਨ ਮਿਲਿਆ, ਉੱਥੇ ਪਿਤਾ ਜੀ ਦੇ ਇਹ ਬੋਲ ਕਿ ਅੱਗੇ ਵਧਣ ਲਈ ਫਉੜੀਆਂ ਦਾ ਸਹਾਰਾ ਨਾ ਲਵੋ, ਮੇਰੇ ਚੇਤੇ ਆ ਗਏ। ਪਿਤਾ ਜੀ ਨੂੰ ਸਿਜਦਾ ਕਰਦਿਆਂ ਮੈ ਹੌਲੀ ਜਿਹੇ ਬੁੜਬੁੜਾਇਆ, “ਥੋਡੀ ਦਿੱਤੀ ਅਗਵਾਈ ਹਮੇਸ਼ਾ ਮੇਰੇ ਅੰਗ ਸੰਗ ਰਹਿੰਦੀ ਹੈ। ਆਪਣੇ ਦਮ ’ਤੇ ਜ਼ਿੰਦਗੀ ਦਾ ਸਫ਼ਰ ਜਾਰੀ ਹੈ। ਫਉੜੀਆਂ ਵੱਲ ਮੈਂ ਕਦੇ ਝਾਕਿਆ ਵੀ ਨਹੀਂ।” ਇਹ ਸ਼ਬਦ ਬੋਲਦਿਆਂ ਮੇਰੇ ਨੈਣਾਂ ਦੇ ਕੋਇਆਂ ਵਿੱਚੋਂ ਆਪ ਮੁਹਾਰੇ ਅੱਥਰੂ ਉਮਡ ਆਏ।
*****
(843)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)










































































































