“ਜਦੋਂ ਕਾਗਜ਼ਾਂ ਦੀ ਛਾਣਬੀਣ ਕੀਤੀ ਗਈ ਤਾਂ ਜਾਅਲਸਾਜ਼ੀ ਦਾ ਪਰਦਾ ਫਾਸ਼ ਹੋ ਗਿਆ ...”
(17 ਜੁਲਾਈ 2020)
ਸੰਘਣੇ ਛਾਂ ਦਾਰ ਦਰਖਤਾਂ ਅਤੇ ਵੰਨ ਸੁਵੰਨੇ ਖਿੜੇ ਫੁੱਲਾਂ ਵਿੱਚ ਘਿਰੇ ਸਿਟੀ ਪਾਰਕ ਦੇ ਲਾਗੇ ਦੀ ਜਦੋਂ ਵੀ ਗੁਜ਼ਰਦਾ ਹਾਂ ਤਾਂ ਬੱਚਿਆਂ ਦੇ ਕਹਿ-ਕਹੇ, ਵੰਨੇ ਸੁਵੰਨੇ ਝੂਲਿਆਂ ਨਾਲ ਅਠਖੇਲੀਆਂ ਕਰਦੇ ਮੁੰਡੇ ਕੁੜੀਆਂ, ਟਰੈਕ ਤੇ ਸੈਰ ਕਰਦੇ ਲੋਕ, ਰੰਗੀਨ ਮਿਊਜ਼ਕ ਲਾਈਟਾਂ ਦਾ ਅਲੌਕਿਕ ਨਜ਼ਾਰਾ ਵੇਖਕੇ ਜਿੱਥੇ ਆਪਣੇ ਆਪ ਨੂੰ ਸਕੂਨ ਮਿਲਦਾ ਹੈ, ਉੱਥੇ ਹੀ ਕੁਝ ਪਿਆਰੀਆਂ ਸ਼ਖਸੀਅਤਾਂ ਵੀ ਸਾਹਮਣੇ ਆ ਜਾਂਦੀਆਂ ਨੇ ਜਿਨ੍ਹਾਂ ਨੇ ਇਸ ਪਾਰਕ ਨੂੰ ਉਸਾਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਨਾਲ ਹੀ ਲੈਂਡ ਮਾਫੀਏ ਦਾ ਉਹ ਘਿਨਉਣਾ ਰੂਪ ਵੀ ਸਾਹਮਣੇ ਆ ਜਾਂਦਾ ਹੈ ਜਿਨ੍ਹਾਂ ਨੇ ਇਸ ਪਾਰਕ ਵਾਲੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ।
ਸਰਕਾਰੀ ਰਿਕਾਰਡ ਦੀ ਛਾਣਬੀਣ ਕਰਨ ਉਪਰੰਤ ਜਦੋਂ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਸਰਵਜੀਤ ਸਿੰਘ ਨੇ ਆਪਣੇ ਵਿਸ਼ਵਾਸਪਾਤਰ ਐੱਸ.ਡੀ.ਐੱਮ. ਨੀਲ ਕੰਠ ਅਵਾਹਡ ਨੂੰ ਵਿਸ਼ਵਾਸ ਵਿੱਚ ਲੈਕੇ ਲੈਂਡ ਮਾਫੀਏ ਤੋਂ ਜ਼ਮੀਨ ਦਾ ਨਜਾਇਜ਼ ਕਬਜ਼ਾ ਛੁਡਵਾਉਣ ਲਈ ਕਾਗਜ਼ੀ ਕਾਰਵਾਈ ਆਰੰਭ ਕੀਤੀ ਤਾਂ ਲੈਂਡ ਮਾਫੀਏ ਨੇ ਪੈਸੇ ਅਤੇ ਸਿਆਸੀ ਵਿਅਕਤੀਆਂ ਦੇ ਦਬਾਅ ਦੀ ਸ਼ਤਰੰਜੀ ਚਾਲ ਖੇਡਣੀ ਸ਼ੁਰੂ ਕਰ ਦਿੱਤੀ। ਪਰ ਦੋਨੋਂ ਅਧਿਕਾਰੀ ਨਾ ਤਾਂ ਸਿਆਸੀ ਦਬਾਅ ਅੱਗੇ ਝੁਕੇ ਅਤੇ ਨਾ ਹੀ ਮਾਇਆ ਜਾਲ ਉਨ੍ਹਾਂ ਨੂੰ ਭਰਮਾ ਸਕਿਆ। 25 ਵਿਘਿਆਂ ਦੇ ਇਸ ਕੀਮਤੀ ਰਕਬੇ ਦੇ ਇੱਕ ਪਾਸੇ ਰਖਵਾਲੇ ਵਜੋਂ ਇਮਾਨਦਾਰ ਅਧਿਕਾਰੀ ਸਨ ਅਤੇ ਦੂਜੇ ਪਾਸੇ ਗਿਰਝਾਂ ਵਾਂਗ ਮਾਸ ਨੋਚਣ ਵਾਲਾ ਲੈਂਡ ਮਾਫ਼ੀਆ ਅਤੇ ਸਮਾਜ-ਦੋਖੀ, ਜਿਨ੍ਹਾਂ ਵੱਲੋਂ ਇਸ ਜ਼ਮੀਨ ਨੂੰ ਫਿਰ ਤੋਂ ਹੜੱਪਣ ਲਈ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਸਨ। ਇੱਕ ਦਾਅ ਫਿਰ ਉਨ੍ਹਾਂ ਵਲੋਂ ਖੇਡਿਆ ਗਿਆ। ਉਨ੍ਹਾਂ ਨੇ ਦਿੱਲੀ ਕਿਸੇ ਅਸਰ ਰਸੂਖ ਵਾਲੇ ਵਿਅਕਤੀ ਦੀ ਸ਼ਰਨ ਲਈ। ਉਸ ਕੋਲੋਂ ਡਿਪਟੀ ਕਮਿਸ਼ਨਰ ਨੂੰ ਟੈਲੀਫੋਨ ਕਰਵਾਇਆ ਗਿਆ ਕਿ ਕੁਝ ਮੋਹਤਬਰ ਬੰਦੇ ਤੁਹਾਨੂੰ ਮਿਲਣ ਆਉਣਗੇ, ਇਨ੍ਹਾਂ ਦੀ ਗੱਲ ਸੁਣ ਵੀ ਲੈਣਾ ਅਤੇ ਮਸਲਾ ਹੱਲ ਵੀ ਕਰ ਦੇਣਾ। ਅਗਲੇ ਦਿਨ ਸ਼ਾਮ ਦੇ ਸਮੇਂ ਦੋ ਵਿਅਕਤੀ ਇੱਕ ਭਾਰੀ ਬਰੀਫ਼ਕੇਸ ਸਮੇਤ ਮਿਲਣ ਲਈ ਕੋਠੀ ਪਹੁੰਚ ਗਏ। ਜਦੋਂ ਉਹ ਡਿਪਟੀ ਕਮਿਸ਼ਨਰ ਦੇ ਕੈਂਪ ਆਫਿਸ ਵਿੱਚ ਪਹੁੰਚੇ ਤਾਂ ਡਿਪਟੀ ਕਮਿਸ਼ਨਰ ਕੋਲ ਪ੍ਰਸ਼ਾਸਨ ਨਾਲ ਸਬੰਧਤ ਇੱਕ ਅਧਿਕਾਰੀ ਪਹਿਲਾਂ ਹੀ ਬੈਠਾ ਸੀ। ਬਰੀਫ਼ਕੇਸ ਵਾਲੇ ਦੋਨੋਂ ਵਿਅਕਤੀ ਅੰਦਰ ਬੁਲਾ ਲਏ ਗਏ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਕੋਲੋਂ ਆਉਣ ਦਾ ਮਕਸਦ ਪੁੱਛਿਆ ਤਾਂ ਉਨ੍ਹਾਂ ਨੇ ਨਾਲ ਬੈਠੇ ਦੂਜੇ ਅਧਿਕਾਰੀ ਵੱਲ ਇਸ਼ਾਰਾ ਕਰਦਿਆਂ ਕਿਹਾ, ““ਸਰ, ਤੁਹਾਡੇ ਇਕੱਲਿਆ ਨਾਲ ਗੱਲ ਕਰਨੀ ਹੈ।” ” ਡਿਪਟੀ ਕਮਿਸ਼ਨਰ ਦੇ ਇਹ ਕਹਿਣ ਤੇ ਕਿ ਇਹ ਅਧਿਕਾਰੀ ਇੱਥੇ ਹੀ ਬੈਠੇ ਰਹਿਣਗੇ, ਤੁਸੀਂ ਆਪਣਾ ਕੰਮ ਦੱਸੋ। ਦੋਨਾਂ ਵਿਅਕਤੀਆਂ ਨੇ ਗੱਲ ਦਾ ਰੁਖ ਬਦਲਦਿਆਂ ਕਿਹਾ, “ਸਰ, ਅਸੀਂ ਸ਼ਹਿਰ ਦੇ ਵਿਕਾਸ ਲਈ ਤੁਹਾਨੂੰ ਦੋ ਕਰੋੜ ਰੁਪਏ ਦੇਣ ਵਾਸਤੇ ਆਏ ਹਾਂ। ਆਪਣੀ ਮਰਜ਼ੀ ਅਨੁਸਾਰ ‘ਸ਼ਹਿਰ ਦੇ ਵਿਕਾਸ ’ਤੇ ਖ਼ਰਚ ਕਰ ਲੈਣਾ। ਬੱਸ, ਉਹ 25 ਵਿਘੇ ਜ਼ਮੀਨ ” ਹਾਲਾਂ ਉਨ੍ਹਾਂ ਨੇ ਗੱਲ ਪੂਰੀ ਨਹੀਂ ਸੀ ਕੀਤੀ, ਜਦੋਂ ਡਿਪਟੀ ਕਮਿਸ਼ਨਰ ਨੇ ਸਖ਼ਤ ਰੁੱਖ ਅਪਣਾਉਂਦਿਆਂ ਕਿਹਾ, “ਇਸੇ ਵੇਲੇ ਕੋਠੀ ਵਿੱਚੋਂ ਬਾਹਰ ਹੋ ਜਾਉ। ਤੁਹਾਡੇ ਇਨ੍ਹਾਂ ਨੋਟਾਂ ਪਿੱਛੇ ਮੈਂ ਸ਼ਹਿਰ ਦਾ ਹਿਤ ਨਹੀਂ ਵੇਚ ਸਕਦਾ। ਜ਼ਮੀਰ ਵੇਚਣ ਵਾਲੇ ਅਫਸਰ ਹੋਰ ਹੋਣਗੇ, ਮੈਂ ਨਹੀਂ।” ਇਹ ਕਹਿੰਦਿਆਂ ਡਿਪਟੀ ਕਮਿਸ਼ਨਰ ਨੇ ਧਮਕੀ ਭਰੇ ਲਹਿਜ਼ੇ ਵਿੱਚ ਇਹ ਕਿਹਾ, “ਤੁਸੀਂ ਜੋ ਗੁਨਾਹ ਕਰ ਰਹੇ ਸੀ, ਉਸ ਦੇ ਲਈ ਇੱਕੋ ਰਿਆਇਤ ਦੇ ਰਿਹਾ ਹਾਂ ਕਿ ਰਿਸ਼ਵਤ ਦੇਣ ਦੇ ਦੋਸ਼ ਵਿੱਚ ਕੇਸ ਦਰਜ ਨਹੀਂ ਕਰਵਾ ਰਿਹਾ। ਨਹੀਂ ਤਾਂ ...।” ਉਹ ਦੋਨੋਂ ਵਿਅਕਤੀ ਨੀਵੀਂ ਪਾ ਕੇ ਉੱਥੋਂ ਨਿਕਲ ਗਏ। ਅਗਲੇ ਹੀ ਦਿਨ ਉਸ ਜਗ੍ਹਾ ’ਤੇ ਚਾਰ ਦਿਵਾਰੀ ਕਰਵਾਉਣੀ ਸ਼ੁਰੂ ਕਰ ਦਿੱਤੀ। ਕੁਝ ਹੀ ਦਿਨਾਂ ਅੰਦਰ ਐੱਸ.ਡੀ.ਐੱਮ. ਦੀ ਅਗਵਾਈ ਹੇਠ ਚਾਰ ਦਿਵਾਰੀ ਅਤੇ ਗੇਟ ਲੱਗ ਕੇ ਜ਼ਮੀਨ ’ਤੇ ਸਰਕਾਰੀ ਮਾਲਕੀਅਤ ਦਾ ਬੋਰਡ ਲੱਗ ਗਿਆ।
ਲੋਕ ਹਿਤਾਂ ਦੇ ਸਾਹਮਣੇ ਰਿਸ਼ਵਤ ਵਜੋਂ ਭਾਰੀ ਰਕਮ ਨੂੰ ਠੋਕਰ ਮਾਰ ਦੇਣ ਵਾਲੀ ਗੱਲ ਸਾਹਮਣੇ ਆਉਣ ਤੇ ਛੋਟੇ ਹੁੰਦਿਆਂ ਬਜ਼ੁਰਗਾਂ ਵਲੋਂ ਸੁਣਾਈ ਇਹ ਕਹਾਣੀ ਕਿ ਸਾਡੀ ਧਰਤੀ ਬਲਦ ਦੇ ਸਿੰਗਾਂ ਸਹਾਰੇ ਖੜ੍ਹੀ ਹੈ, ਯਾਦ ਆ ਜਾਂਦੀ ਹੈ। ਉਨ੍ਹਾਂ ਦੇ ਕਥਨ ਦਾ ਸ਼ਾਇਦ ਅਰਥ ਹੀ ਇਹ ਹੋਵੇਗਾ ਕਿ ਇਹ ਸੰਸਾਰ ਚੰਗੇ ਬੰਦਿਆਂ ਦੇ ਸਹਾਰੇ ਚੱਲ ਰਿਹਾ ਹੈ। ਚੰਗੇ ਬੰਦੇ ਜਿਨ੍ਹਾਂ ਨੇ ਆਪਣਾ ਜੀਵਨ ਨਿੱਜ ਤੋਂ ਨਿੱਜ ਤਕ ਦਾ ਨਹੀਂ, ਸਗੋਂ ਨਿੱਜ ਤੋਂ ਸਮੂਹ ਨੂੰ ਸਮਰਪਤ ਕੀਤਾ ਹੋਇਆ ਹੈ। ਸਵਾਰਥਹੀਨ ਸੇਵਾ ਦੀ ਭਾਵਨਾ ਵਿਰਲਿਆਂ ਦੇ ਹਿੱਸੇ ਹੀ ਆਉਂਦੀ ਹੈ। ਪਰ ਲੈਂਡ ਮਾਫੀਆ ਫਿਰ ਵੀ ਚੁੱਪ ਕਰਕੇ ਨਹੀਂ ਬੈਠਾ। ਉਨ੍ਹਾਂ ਵੱਲੋਂ ਹਾਈ ਕੋਰਟ ਦਾ ਜਾਅਲੀ ਫੈਸਲਾ ਤਿਆਰ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੂੰ ਜ਼ਮੀਨ ਦਾ ਮਾਲਕ ਵਿਖਾਇਆ ਗਿਆ ਸੀ। ਉਹ ਫੈਸਲੇ ਦੀ ਕਾਪੀ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚਾ ਕੇ ਤੁਰੰਤ ਕਬਜ਼ਾ ਛੱਡਣ ਲਈ ਜ਼ੋਰ ਪਾਉਣ ਲੱਗੇ। ਪਰ ਜਦੋਂ ਕਾਗਜ਼ਾਂ ਦੀ ਛਾਣਬੀਣ ਕੀਤੀ ਗਈ ਤਾਂ ਜਾਅਲਸਾਜ਼ੀ ਦਾ ਪਰਦਾ ਫਾਸ਼ ਹੋ ਗਿਆ ਅਤੇ ਉਸ ਟੋਲੇ ਨੂੰ ਜੇਲ ਦੀ ਹਵਾ ਖਾਣੀ ਪਈ।
ਦੋਨਾਂ ਇਮਾਨਦਾਰ ਅਧਿਕਾਰੀਆਂ ਨੇ ਇਸ ਜਗ੍ਹਾ ਦੀ ਸਹੀ ਵਰਤੋਂ ਕਰਨ ਲਈ ਉਸ ਥਾਂ ’ਤੇ ਕ੍ਰਿਕਟ ਦਾ ਸਟੇਡੀਅਮ ਬਣਾਉਣ ਦੀ ਵਿਉਂਤਬੰਦੀ ਕਰ ਲਈ। ਫਿਰ ਸ਼ਹਿਰ ਦੇ ਇੱਕ ਅਗਾਂਹਵਧੂ ਪੱਤਰਕਾਰ, ਸਮਾਜ ਸੇਵਕ, ਲੇਖਕ ਅਤੇ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਆਪਣੇ ਮਨ ਦੇ ਪਿੰਡੇ ਤੇ ਹੰਢਾਉਣ ਵਾਲੇ ਸੁਹਿਰਦ ਇਨਸਾਨ ਸੁਖਵਿੰਦਰ ਸਿੰਘ ਫੁੱਲ਼ ਨੇ ਉਨ੍ਹਾਂ ਦੋਨਾਂ ਸ਼ਖਸੀਅਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਕ੍ਰਿਕਟ ਦੀਆਂ ਪਿੱਚਾਂ ਤਾਂ ਹੁਣ ਬੱਚਿਆਂ ਨੇ ਗਲੀਆਂ ਅਤੇ ਘਰ ਦੇ ਵਿਹੜਿਆਂ ਵਿੱਚ ਬਣਾ ਰੱਖੀਆਂ ਨੇ, ਕ੍ਰਿਕਟ ਦਾ ਸਟੇਡੀਅਮ ਬਣਾਉਣ ਦੀ ਥਾਂ ਵਾਤਾਵਰਣ ਦੀ ਸ਼ੁੱਧਤਾ ਲਈ ਅਕਸੀਜਨ ਸੈਂਟਰ ਬਣਾਉਣ ਦੀ ਲੋੜ ਹੈ। ਸ਼ਹਿਰ ਦੇ ਆਲੇ-ਦੁਆਲੇ ਬਣੀਆਂ ਕਾਲੋਨੀਆਂ, ਪ੍ਰਾਈਵੇਟ ਹਸਪਤਾਲਾਂ ਅਤੇ ਸਕੂਲਾਂ ਨੇ ਦਰਖਤਾਂ ਨੂੰ ਨਿਗਲ ਲਿਆ ਹੈ। ਸਾਫ ਸੁਥਰੇ ਵਾਤਾਵਰਣ ਵਾਸਤੇ ਪਾਰਕ ਦੀ ਲੋੜ ਹੈ। ਦੋਨਾਂ ਅਧਿਕਾਰੀਆਂ ਨੇ ਉਸ ਸੱਜਣ ਦੀ ਗੱਲ ਬੜੇ ਧਿਆਨ ਨਾਲ ਸੁਣੀ, ਫੇਰ ਗੰਭੀਰ ਹੋ ਕੇ ਕਿਹਾ, “ਬੂਟੇ ਬੱਚਿਆਂ ਵਾਂਗ ਦੇਖ-ਭਾਲ ਮੰਗਦੇ ਨੇ। ਥੋੜ੍ਹੀ ਜਿਹੀ ਲਾਪਰਵਾਹੀ ਨਾਲ ਪਾਰਕ ਜੰਗਲ ਦਾ ਰੂਪ ਧਾਰ ਲੈਂਦਾ ਹੈ। ਤੁਸੀਂ ਚਾਹੁੰਦੇ ਹੋਂ ਕਿ ਸਾਡੀ ਟਰਾਂਸਫਰ ਤੋਂ ਬਾਅਦ ਇਹ ਥਾਂ ਅਵਾਰਾ ਡੰਗਰ, ਅਵਾਰਾ ਕੁੱਤੇ ਅਤੇ ਅਵਾਰਾ ਮੁੰਡੇ ਕੁੜੀਆਂ ਦਾ ਠਿਕਾਣਾ ਬਣੇ?”
ਸੁਖਵਿੰਦਰ ਸਿੰਘ ਫੁੱਲ ਨੇ ਫਿਰ ਨਿਮਰਤਾ ਨਾਲ ਜਵਾਬ ਦਿੱਤਾ, “ਮੈਂ ਚੌਕੀਦਾਰ ਬਣਕੇ ਉਸ ਪਾਰਕ ਦੀ ਦੇਖ ਭਾਲ ਕਰਾਂਗਾ। ਬੱਸ, ਮੇਰੇ ਨਾਲ ਵਾਤਾਵਰਣ ਪ੍ਰੇਮੀ ਅਤੇ ਲੇਖਕ ਮੋਹਨ ਸ਼ਰਮਾ ਨੂੰ ਜੋੜ ਦਿਉ।”
ਤੁਰੰਤ ਹੀ ਮੈਨੂੰ ਬੁਲਾਕੇ ਅਗਲੇ ਦਿਨ ਹੀ ਪਾਰਕ ਦੀ ਉਸਾਰੀ ਸਾਡੇ ਮੋਢਿਆਂ ਉੱਤੇ ਪਾ ਦਿੱਤੀ। ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਤੋਂ ਦੋ-ਤਿੰਨ ਮਹੀਨੇ ਬਾਅਦ ਦੋਨਾਂ ਅਧਿਕਾਰੀਆਂ ਦੀ ਬਦਲੀ ਹੋ ਗਈ।
ਇਹ ਗੱਲ 2003 ਦੀ ਹੈ। 2003 ਤੋਂ 2019 ਤਕ ਸ਼ਹਿਰ ਅਸੀਂ ਦੋਵੇਂ ਮਾਨਸਿਕ, ਆਰਥਿਕ ਅਤੇ ਸਰੀਰਕ ਤੌਰ ’ਤੇ ਉਸ ਪਾਰਕ ਨੂੰ ਸਮਰਪਤ ਹੋ ਗਏ। ਅੰਦਾਜ਼ਨ 16 ਸਾਲਾਂ ਦੀ ਅਣਥੱਕ ਕੋਸ਼ਿਸ਼, ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕਾਂ ਦੇ ਭਰਵੇਂ ਸਹਿਯੋਗ ਸਦਕਾ ਇਹ ਸਿਟੀ ਪਾਰਕ ਨਾਂ ਦਾ ਖੂਬਸੂਰਤ ਪਾਰਕ ਪੰਜਾਬ ਦੇ ਚੋਣਵੇਂ ਪਾਰਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ। ਲੋਕਾਂ ਅਤੇ ਬੱਚਿਆਂ ਦੇ ਮਨੋਰੰਜਨ ਅਤੇ ਸੈਰਗਾਹ ਦੇ ਨਾਲ-ਨਾਲ ਇਸ ਪਾਰਕ ਵਿੱਚ ਕਈ ਫਿਲਮਾਂ ਦੇ ਸੀਨ ਵੀ ਫਿਲਮਾਏ ਗਏ। ਉਹ ਦੋਨੋਂ ਅਧਿਕਾਰੀ ਤਾਂ ਆਪਣੇ ਸੰਦਲੀ ਪੈੜਾਂ ਦੇ ਨਿਸ਼ਾਨ ਛੱਡ ਕੇ ਪੰਜਾਬ ਦੇ ਕਿਸੇ ਹੋਰ ਸਥਾਨ ’ਤੇ ਸੇਵਾ ਵਿੱਚ ਜੁੱਟ ਗਏ।
ਸਿਆਸੀ ਸਟੇਜਾਂ, ਇੱਕ ਸਿਆਸੀ ਪਾਰਟੀ ਦਾ ਦੂਜੀ ਸਿਆਸੀ ਪਾਰਟੀ ਨੂੰ ਨਿੰਦ ਕੇ ਆਪਣਾ ਕੱਦ ਉੱਚਾ ਕਰਨ ਦਾ ਯਤਨ, ਅਸਭਿਅਕ ਵਰਤਾਉ, ਕਾਵਾਂਰੌਲੀ ਅਤੇ ਆਪ ਮੁਹਾਰੀ ਭੀੜ ਦਾ ਕੋਮਲ ਫੁੱਲਾਂ ਨੂੰ ਮਿੱਧ ਕੇ ਅਗਾਂਹ ਲੰਘਣ ਜਿਹੀਆਂ ਹਰਕਤਾਂ ਭਲਾ ਸਾਨੂੰ ਕਿੰਝ ਬਰਦਾਸ਼ਤ ਹੁੰਦੀਆਂ? ਸੁਖਵਿੰਦਰ ਸਿੰਘ ਫੁੱਲ ਅਤੇ ਮੈਂ ਵੀ ਜੰਗਲ ਵਾਲੀ ਸੋਚ ਲੈ ਕੇ ਪਾਰਕ ਵਿੱਚ ਘੁੰਮਣ ਵਾਲੇ ਹੁੱਲੜਬਾਜ਼ਾਂ ਤੋਂ ਪਰੇਸ਼ਾਨ ਹੋ ਕੇ ਲਾਂਭੇ ਹੋ ਗਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2255)
(ਸਰੋਕਾਰ ਨਾਲ ਸੰਪਰਕ ਲਈ: