“ਜੇਲ੍ਹ ਵਿੱਚ ਬੰਦ ਦੋ ਤਸਕਰਾਂ ਵੱਲੋਂ ਆਪਣੀਆਂ ਪਤਨੀਆਂ ਦੇ ਖਾਤੇ ਵਿੱਚ 1.35 ਕਰੋੜ ਦੀ ਰਾਸ਼ੀ ਟਰਾਂਸਫਰ ਕਰਨ ਦਾ ਮਾਮਲਾ ...”
(6 ਜਨਵਰੀ 2024)
ਇਸ ਸਮੇਂ ਪਾਠਕ: 507.
ਪੰਜਾਬ ਦੀਆਂ 40 ਜੇਲ੍ਹਾਂ ਵਿੱਚ ਇਸ ਵੇਲੇ 31218 ਕੈਦੀ ਨਜ਼ਰਬੰਦ ਹਨ ਜਦੋਂ ਕਿ ਜੇਲ੍ਹਾਂ ਵਿੱਚ ਕੈਦੀ ਰੱਖਣ ਦੀ ਸਮਰੱਥਾ 25536 ਹੈ। ਜੇਲ੍ਹਾਂ ਦਾ ਨਾਂ ਭਾਵੇਂ ਸੁਧਾਰ ਘਰ ਰੱਖਿਆ ਗਿਆ ਹੈ, ਪਰ ਆਮ ਵੇਖਿਆ ਗਿਆ ਹੈ ਕਿ ਇਨ੍ਹਾਂ ਸੁਧਾਰ ਘਰਾਂ ਵਿੱਚੋਂ ਵਾਪਸ ਆਉਣ ਤੋਂ ਬਾਅਦ ਬਹੁਤ ਸਾਰੇ ਕੈਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਝਗੜਾਲੂ, ਹੈਂਕੜਬਾਜ਼ ਅਤੇ ਨੈਤਿਕ ਨਿਘਾਰ ਵਾਲੀਆਂ ਬਹੁਤ ਸਾਰੀਆਂ ਹੋਰ ਬੁਰੀਆਂ ਆਦਤਾਂ ਨਾਲ ਲੈ ਕੇ ਆਉਂਦੇ ਹਨ। ਨਸ਼ਾ ਤਸਕਰੀ ਦੇ ਨਵੇਂ ਨਵੇਂ ਢੰਗ ਉਹ ਜੇਲ੍ਹ ਵਿੱਚੋਂ ਹੀ ਸਿੱਖਕੇ ਆਉਂਦੇ ਹਨ। ਜੇਲ੍ਹਾਂ ਵਿੱਚੋਂ ਰਿਹਾਈ ਵੇਲੇ ਪਾਕਿਸਤਾਨੀ ਤਸਕਰਾਂ ਦੇ ਮੋਬਾਇਲ ਨੰਬਰ ਪ੍ਰਾਪਤ ਕਰਨ ਉਪਰੰਤ ਸਰਹੱਦ ਪਾਰੋਂ ਡਰੋਨਾਂ ਰਾਹੀਂ ਨਸ਼ੇ ਦੀ ਤਸਕਰੀ ਕਰਨ ਵਾਲੇ ਬਹੁਤ ਸਾਰੇ ਅਜਿਹੇ ਮੁਜਰਿਮ ਪੁਲਿਸ ਦੇ ਧੱਕੇ ਵੀ ਚੜ੍ਹੇ ਹਨ।
ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ਾ, ਮੋਬਾਇਲ, ਬਾਹਰਲੇ ਤਸਕਰਾਂ ਨਾਲ ਸਬੰਧ, ਮੋਬਾਇਲ ਫੋਨਾਂ ਰਾਹੀਂ ਨਸ਼ੇ ਦਾ ਕਾਰੋਬਾਰ, ਜੇਲ੍ਹ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਫਿਰੌਤੀ ਲਈ ਧਮਕੀਆਂ, ਮੋਬਾਇਲ ’ਤੇ ਐਸ਼ਪ੍ਰਸਤੀ ਨੂੰ ਦਰਸਾਉਂਦੀਆਂ ਸੈਲਫੀਆਂ ਦਾ ਜੇਲ੍ਹ ਤੋਂ ਬਾਹਰ ਵਾਇਰਲ ਹੋਣਾ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਦੀ ਇੱਕ ਜੇਲ੍ਹ ਤੋਂ ਸਜ਼ਾ ਕੱਟਕੇ ਬਾਹਰ ਆਏ ਕੈਦੀ ਨੇ ਸਨਖ਼ਨੀਖੇਜ਼ ਖੁਲਾਸਾ ਕਰਦਿਆਂ ਪ੍ਰਗਟਾਵਾ ਕੀਤਾ ਹੈ ਕਿ ਜੇਲ੍ਹ ਵਿੱਚ ਹਰ ਤਰ੍ਹਾਂ ਦਾ ਨਸ਼ਾ, ਮੋਬਾਇਲ ਅਤੇ ਹੋਰ ਸੁਖ ਸਹੂਲਤਾਂ ਪੈਸੇ ਅਤੇ ਬਾਹੂਬਲ ਦੇ ਜ਼ੋਰ ’ਤੇ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਕਮਜ਼ੋਰ ਵਰਗ ਅਤੇ ਗਰੀਬ ਤਬਕੇ ਦੀ ਜੇਲ੍ਹ ਵਿੱਚ ਕੋਈ ਪੁੱਛ ਪ੍ਰਤੀਤ ਨਹੀਂ, ਪਰ ਬਦਮਾਸ਼ਾਂ ਅਤੇ ਦੋ ਨੰਬਰ ਦੀ ਕਮਾਈ ਕਰਨ ਵਾਲਿਆਂ ਲਈ ਜੇਲ੍ਹਾਂ ਐਸ਼ਪ੍ਰਸਤੀ ਦਾ ਅੱਡਾ ਬਣੀਆਂ ਹੋਈਆਂ ਹਨ। ਇਸ ਸਬੰਧੀ ਜੇਲ੍ਹਾਂ ਵਿੱਚ ਅਜਿਹੇ ਵਰਤਾਰੇ ਦਾ ਕੱਚਾ ਚਿੱਠਾ ਸ਼ਿਕਾਇਤ ਦੇ ਰੂਪ ਵਿੱਚ ਜਿੱਥੇ ਉਸ ਜ਼ਿਲ੍ਹੇ ਦੇ ਸਜ਼ਾ ਕੱਟ ਚੁੱਕੇ ਕੈਦੀ ਵੱਲੋਂ ਐੱਸ.ਐੱਸ.ਪੀ ਨੂੰ ਭੇਜਿਆ ਹੈ, ਉੱਥੇ ਹੀ ਵੀਡੀਓ ਰਾਹੀਂ ਸਾਰਾ ਕੁਝ ਦੱਸਕੇ ਵੀਡੀਓ ਜਨਤਕ ਕੀਤੀ ਹੈ। ਜੇਲ੍ਹ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਉੱਤੇ ਦੋਸ਼ ਲਾਉਂਦਿਆਂ ਉਸਨੇ ਪ੍ਰਗਟਾਵਾ ਕੀਤਾ ਕਿ ਇਹ ਸਾਰਾ ਉਨ੍ਹਾਂ ਦੀ ਮਿਲੀਭੁਗਤ ਨਾਲ ਹੀ ਕੀਤਾ ਜਾਂਦਾ ਹੈ। ਜਿਹੜਾ ਕੈਦੀ ਇਸ ਵਿਰੁੱਧ ਆਵਾਜ਼ ਉਠਾਉਂਦਾ ਹੈ, ਉਸ ਨੂੰ ਜੇਲ੍ਹ ਅਧਿਕਾਰੀਆਂ ਦੇ ਤਸੀਹੇ ਸਹਿਣੇ ਪੈਂਦੇ ਹਨ। ਉਸ ਕੈਦੀ ਨੂੰ ਵੀ ਕਈ ਵਾਰ ਮਾਰ ਕੁੱਟ ਦਾ ਸਾਹਮਣਾ ਕਰਨਾ ਪਿਆ।
ਉਹ ਜੇਲ੍ਹਾਂ ਜੋ ਆਮ ਵਿਅਕਤੀ ਦੀ ਪਹੁੰਚ ਤੋਂ ਦੂਰ ਹੁੰਦੀਆਂ ਹਨ, ਕੈਦੀ ਨਾਲ ਉਸਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਮਿਲਣ ਸਮੇਂ ਉਸਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾਂਦੀ ਹੈ। ਗੇਟ ਦੇ ਅੰਦਰ ਜਾਣ ਆਉਣ ਵਾਲੇ ਉੱਤੇ ਬਾਜ਼ ਅੱਖ ਰੱਖੀ ਜਾਂਦੀ ਹੈ। ਫਿਰ ਭਲਾ ਅੰਦਰ ਨਸ਼ਾ ਅਤੇ ਹੋਰ ਨਜਾਇਜ਼ ਸਮਾਨ ਕਿੰਜ ਪਹੁੰਚਦਾ ਹੈ? ਇਸ ਪ੍ਰਸ਼ਨ ਦਾ ਜਵਾਬ ਦਿੰਦਿਆਂ ਉਸਨੇ ਪ੍ਰਗਟਾਵਾ ਕੀਤਾ ਕਿ ਕੈਦੀਆਂ ਦੀਆਂ ਬੈਰਕਾਂ ਵਿੱਚੋਂ ਪਹੁੰਚ ਵਾਲੇ ਕੈਦੀਆਂ ਨੂੰ ਬੈਰਕ ਦਾ ਨੰਬਰਦਾਰ ਬਣਾ ਦਿੱਤਾ ਜਾਂਦਾ ਹੈ ਅਤੇ ਉਹਦੇ ਰਾਹੀਂ ਹੀ ਇਹ ਗੋਰਖ ਧੰਦਾ ਚਲਦਾ ਹੈ। ਦੁਪਹਿਰ ਬਾਰਾਂ-ਇੱਕ ਵਜੇ ਅਤੇ ਫਿਰ ਸ਼ਾਮ ਨੂੰ ਬਾਹਰੋਂ ਇੱਕ ਪੋਟਲੀ ਜਿਹੀ ਬਣਾਕੇ ਸਮਾਨ ਸੁੱਟਿਆ ਜਾਂਦਾ ਹੈ, ਜਿਸ ਵਿੱਚ ਮੋਬਾਇਲ ਫੋਨ, ਚਿੱਟਾ, ਜਰਦਾ, ਅਫੀਮ, ਸੁਲਫਾ, ਬੀੜੀਆਂ ਦੇ ਬੰਡਲ, ਮੈਡੀਕਲ ਨਸ਼ੇ ਵਾਲੀਆਂ ਗੋਲੀਆਂ, ਸਿਗਨੇਚਰ ਕੈਪਸੂਲ ਆਦਿ ਸਮਾਨ ਪੈਕ ਹੁੰਦਾ ਹੈ। ਇਸ ਸਮਾਨ ਨੂੰ ਨੰਬਰਦਾਰ ਹੀ ਸੰਭਾਲਦਾ ਹੈ ਅਤੇ ਫਿਰ ਮਹਿੰਗੇ ਭਾਅ ’ਤੇ ਕੈਦੀਆਂ ਨੂੰ ਸਪਲਾਈ ਕੀਤਾ ਜਾਂਦਾ ਹੈ। ਜਰਦੇ ਦੀ 10 ਰੁਪਏ ਵਾਲੀ ਪੁੜੀ ਅਗਾਂਹ 5 ਸੌ ਤੋਂ ਹਜ਼ਾਰ ਰੁਪਏ ਤਕ ਵੇਚੀ ਜਾਂਦੀ ਹੈ। ਇਸ ਤਰੀਕੇ ਨਾਲ ਹੀ ਸਧਾਰਨ ਹਜ਼ਾਰ ਰੁਪਏ ਵਾਲਾ ਮੋਬਾਇਲ ਵੀਹ ਹਜ਼ਾਰ ਰੁਪਏ ਤਕ ਵੇਚਿਆ ਜਾਂਦਾ ਹੈ। ਬਾਹਰੋਂ ਸਮਾਨ ਸੁੱਟਣ ਵਾਲੇ ਨਾਲ ਨੰਬਰਦਾਰ ਦੀ ਅੱਟੀ ਸੱਟੀ ਹੁੰਦੀ ਹੈ ਅਤੇ ਜੇਲ੍ਹ ਵਿੱਚ ਚੱਲ ਰਹੇ ਕਾਰੋਬਾਰ ਵਿੱਚ ਜੇਲ੍ਹ ਕਰਮਚਾਰੀਆਂ ਦੀ ਮਿਲੀ ਭੁਗਤ ਹੁੰਦੀ ਹੈ ਅਤੇ ਉਹ ਇਸ ਕਾਲੀ ਕਮਾਈ ਨੂੰ ਬਾਅਦ ਵਿੱਚ ਵੰਡ ਲੈਂਦੇ ਹਨ।
ਮਾਨਸਾ ਜ਼ਿਲ੍ਹੇ ਨਾਲ ਸਬੰਧਤ ਜੇਲ੍ਹ ਤੋਂ ਰਿਹਾਅ ਹੋ ਕੇ ਕੈਦੀ ਦੇ ਦੋਸ਼ਾਂ ਦੀ ਜਦੋਂ ਉੱਚ ਪੱਧਰੀ ਪੜਤਾਲ ਕੀਤੀ ਗਈ ਤਾਂ ਦੋਸ਼ ਸਹੀ ਪਾਏ ਗਏ ਅਤੇ ਮਾਨਸਾ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਸਮੇਤ ਛੇ ਮੁਲਾਜ਼ਮਾਂ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਮੁਅੱਤਲ ਕੀਤਾ ਗਿਆ ਹੈ।
15 ਫਰਵਰੀ 2023 ਨੂੰ ਫਰੀਦਕੋਟ ਕੇਂਦਰੀ ਮਾਡਰਨ ਜੇਲ੍ਹ ਵਿੱਚ ਹੈੱਡ ਵਾਰਡਨ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਜਿਸ ਕੈਦੀ ਨੂੰ ਉਹ ਹੈਰੋਇਨ ਸਪਲਾਈ ਕਰਦਾ ਫੜਿਆ ਗਿਆ, ਉਸ ਦੀ ਕੀਤੀ ਪੁੱਛ ਗਿੱਛ ਉਪਰੰਤ ਜੇਲ੍ਹ ਵਿੱਚ ਨਸ਼ਾ ਵੇਚਣ ਵਾਲਾ ਗਰੋਹ ਹੀ ਫੜਿਆ ਗਿਆ। ਇਸ ਕਾਲੇ ਧੰਦੇ ਦੇ ਕਾਰੋਬਾਰ ਦਾ ਲੈਣ ਦੇਣ ਮੋਬਾਇਲ ਰਾਹੀਂ ਕੀਤਾ ਜਾਂਦਾ ਸੀ। ਭਲਾ ਜਦੋਂ ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ, ਫਿਰ ਜਾਨ-ਮਾਲ ਨੂੰ ਗੰਭੀਰ ਖਤਰਾ ਹੋਣਾ ਹੀ ਹੈ। ਜਦੋਂ ਮਾਲੀ ਦਗਾਬਾਜ਼ ਹੋ ਜਾਣ ਤਾਂ ਮਹਿਕਾਂ ਦੀ ਪੱਤ ਰੁਲ ਹੀ ਜਾਂਦੀ ਹੈ। ਇੱਕ ਪਾਸੇ ਨਸ਼ਾ ਮੁਕਤ ਸਮਾਜ ਸਿਰਜਣ ਦੇ ਸਰਕਾਰੀ ਯਤਨ ਅਤੇ ਦੂਜੇ ਪਾਸੇ ਪੰਜਾਬ ਦੀਆਂ ਬਹੁਤ ਸਾਰੀਆਂ ਜੇਲ੍ਹਾਂ ਦੀ ਨਸ਼ੇ ਦੀ ਮੰਡੀ ਵਜੋਂ ਪਛਾਣ ਬਣਨਾ ਗੰਭੀਰ ਚਿੰਤਾ ਵਾਲੀ ਗੱਲ ਹੈ।
ਪਿਛਲੇ ਦਿਨੀਂ ਗੁਜਰਾਤ ਦੇ ਅਹਿਮਦਾਬਾਦ ਵਿੱਚ ਨਜਾਇਜ਼ ਮੈਡੀਕਲ ਨਸ਼ੇ ਦੀਆਂ ਦਵਾਈਆਂ ਤਿਆਰ ਕਰਨ ਵਾਲੀ ਫੈਕਟਰੀ ਦਾ ਪਰਦਾ ਫਾਸ਼ ਹੋਇਆ ਹੈ। ਉੱਥੋਂ ਨਸ਼ੇ ਵਾਲੀਆਂ ਦਵਾਈਆਂ ਦੀ ਸਪਲਾਈ ਗੋਇਂਦਵਾਲ ਸਾਹਿਬ ਅਤੇ ਮਾਨਸਾ ਜੇਲ੍ਹ ਵਿੱਚ ਬੰਦ ਕੁਝ ਹਵਾਲਾਤੀ ਮੋਬਾਇਲ ਰਾਹੀਂ ਹੀ ਕਰਵਾ ਰਹੇ ਸਨ। ਇਸੇ ਤਰ੍ਹਾਂ ਹੀ ਜੇਲ੍ਹ ਵਿੱਚ ਬੰਦ ਇੱਕ ਹਤਿਆਰੇ ਦੀ ਜਾਰੀ ਇੱਕ ਸੈਲਫੀ ਵੀਡੀਓ ਦਾ ਅਦਾਲਤ ਵੱਲੋਂ ਗੰਭੀਰ ਨੋਟਿਸ ਲੈਂਦਿਆਂ ਸੂਬੇ ਦੇ ਡੀ.ਜੀ.ਪੀ. ਨੂੰ ਹਲਫੀਆ ਬਿਆਨ ਦਾਖਲ ਕੀਤੇ ਜਾਣ ਦਾ ਹੁਕਮ ਦਿੱਤਾ ਗਿਆ ਨਿਰਦੇਸ਼ ਵੀ ਪੰਜਾਬ ਦੀਆਂ ਜੇਲ੍ਹਾਂ ਅੰਦਰ ਅਪਰਾਧੀਆਂ ਦੇ ਦਬਦਬੇ ਨੂੰ ਦਰਸਾਉਣ ਲਈ ਕਾਫੀ ਮੰਨਿਆ ਜਾ ਸਕਦਾ ਹੈ। ਇਸ ਸੈਲਫੀ ਵਿੱਚ ਉਕਤ ਹੱਤਿਆ ਦਾ ਦੋਸ਼ੀ ਅਤੇ ਉਸਦੇ ਨਾਲ ਖੜ੍ਹੇ ਕਈ ਹੋਰ ਕੈਦੀਆਂ ਦੇ ਹੱਥਾਂ ਵਿੱਚ ਮੋਬਾਇਲ ਫੋਨ ਫੜੇ ਦਿਖਾਈ ਦੇ ਰਹੇ ਹਨ ਅਤੇ ਉਹ ਜਾਣ ਬੁੱਝ ਕੇ ਉਨ੍ਹਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਹੀ ਪਾਸਕੋ ਐਕਟ ਦੀ ਧਾਰਾ 376 ਅਧੀਨ ਰੇਪ ਕਰਨ ਦਾ ਦੋਸ਼ੀ ਜੇਲ੍ਹ ਅੰਦਰੋਂ ਪੀੜਤ ਲੜਕੀ ਨੂੰ ਵੀਡੀਓ ਬਣਾਕੇ ਭੇਜਦਾ ਹੈ, ਜਿਸ ਵਿੱਚ ਉਹ ਆਪਣੇ ਦੋ ਤਿੰਨ ਸਾਥੀਆਂ ਨਾਲ ਟੀ.ਵੀ. ਅੱਗੇ ਬੈਠਾ ਸ਼ੁਗਲ ਮੇਲਾ ਕਰ ਰਿਹਾ ਹੈ। ਕੈਦੀ ਦੀ ਇਸ ਹਰਕਤ ਸਬੰਧੀ ਵੀ ਅਦਾਲਤ ਦੇ ਆਦੇਸ਼ ਅਨੁਸਾਰ ਪੜਤਾਲ ਹੋ ਰਹੀ ਹੈ।
ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਕੈਦੀਆਂ ਵੱਲੋਂ ਅਮਨ ਕਾਨੂੰਨ ਭੰਗ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਦਾ ਮਾਣਯੋਗ ਹਾਈ ਕੋਰਟ ਨੇ ਗੰਭੀਰ ਨੋਟਿਸ ਲਿਆ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜਸਟਿਸ ਐੱਨ.ਐੱਸ. ਸੇਖ਼ਾਵਤ ਉਸ ਵੇਲੇ ਬਹੁਤ ਪ੍ਰੇਸ਼ਾਨ ਹੋ ਗਏ ਜਦੋਂ ਫਿਰੋਜ਼ਪੁਰ ਸੈਂਟਰਲ ਜੇਲ੍ਹ ਵਿੱਚ ਬੰਦ ਸਮਗਲਰਾਂ ਨੂੰ ਫੋਨ ਦੀਆਂ ਸਹੂਲਤਾਂ ਦੇਣ ਦਾ ਕਾਂਡ ਸਾਹਮਣੇ ਆਇਆ। ਇੱਕ ਸਮਗਲਰ ਜੇਲ੍ਹ ਵਿੱਚ 1 ਮਾਰਚ 2019 ਤੋਂ 31 ਮਾਰਚ 2019 ਤਕ ਅੰਦਰ ਸੀ। ਉਸਦੇ ਫੋਨ ਤੋਂ 38850 ਕਾਲਾਂ ਹੋਈਆਂ। ਦੂਸਰੇ ਕੈਦੀ ਦੇ ਫੋਨ ਤੋਂ 9 ਅਕਤੂਬਰ 2021 ਤੋਂ 14 ਫਰਵਰੀ 2021 ਤਕ 4582 ਕਾਲਾਂ ਦਾ ਰਿਕਾਰਡ ਸਾਹਮਣੇ ਆਇਆ ਹੈ। ਜੇਲ੍ਹ ਅੰਦਰ ਹੋਰ ਵੀ ਕਈ ਫੋਨਾਂ ਤੋਂ ਸੈਂਕੜੇ ਕਾਲਾਂ ਕੀਤੀਆਂ ਗਈਆਂ। ਜੇਲ੍ਹ ਵਿੱਚ ਬੰਦ ਦੋ ਤਸਕਰਾਂ ਵੱਲੋਂ ਆਪਣੀਆਂ ਪਤਨੀਆਂ ਦੇ ਖਾਤੇ ਵਿੱਚ 1.35 ਕਰੋੜ ਦੀ ਰਾਸ਼ੀ ਟਰਾਂਸਫਰ ਕਰਨ ਦਾ ਮਾਮਲਾ ਵੀ ਜੇਲ੍ਹ ਕਰਮਚਾਰੀਆਂ ਦੀ ਕਾਰਗੁਜ਼ਾਰੀ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਮਾਣਯੋਗ ਹਾਈ ਕੋਰਟ ਦੀ ਇਹ ਸਖਤ ਟਿੱਪਣੀ ਹੈ ਕਿ ਜੇਲ੍ਹਾਂ ਵਿੱਚ ਧੰਦਾ ਜ਼ੋਰਾਂ ’ਤੇ ਹੈ ਅਤੇ ਜੇਲ੍ਹ ਅਧਿਕਾਰੀ, ਕਰਮਚਾਰੀ ਲੱਖਾਂ ਰੁਪਏ ਕਮਾ ਰਹੇ ਹਨ। ਹਾਈਕੋਰਟ ਵੱਲੋਂ ਸਖਤ ਵਾਰਨਿੰਗ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਦੋਸ਼ੀ ਕਰਮਚਾਰੀਆਂ ਉੱਤੇ ਕੋਈ ਕਾਰਵਾਈ ਨਾ ਹੋਈ ਤਾਂ ਹਾਈ ਕੋਰਟ ਆਪਣੀ ਪੱਧਰ ’ਤੇ ਕਾਰਵਾਈ ਕਰੇਗੀ। ਸੀ.ਬੀ.ਆਈ ਅਤੇ ਈ.ਡੀ ਨੂੰ ਜਾਂਚ ਕਰਨ ਦੀ ਵਾਰਨਿੰਗ ਦਿੱਤੀ ਗਈ ਹੈ।
ਪੰਜਾਬ ਇੱਕ ਸਰਹੱਦੀ ਸੂਬਾ ਹੈ। ਪ੍ਰਾਂਤ ਦੀਆਂ ਜੇਲ੍ਹਾਂ ਵਿੱਚੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਿਆਸੀ ਦ੍ਰਿੜ੍ਹ ਇੱਛਾ ਸ਼ਕਤੀ, ਪ੍ਰਸ਼ਾਸਨਿਕ ਸਰਗਰਮੀ ਅਤੇ ਜੇਲ੍ਹ ਅਧਿਕਾਰੀਆਂ ਦਾ ਡਿਉਟੀ ਪ੍ਰਤੀ ਪ੍ਰਤੀਬੱਧ ਹੋਣਾ ਅਤਿੰਅਤ ਜ਼ਰੂਰੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4602)
(ਸਰੋਕਾਰ ਨਾਲ ਸੰਪਰਕ ਲਈ: (