“‘ਖੜ੍ਹਾ ਹੋ ਜਾ ... ਬੰਦੇ ਦਾ ਪੁੱਤ ਬਣ ਕੇ ... ਨਹੀਂ ਫਿਰ ...।’ ਭੈਣ ਦੇ ਗੁੱਸੇ ਦਾ ...”
(3 ਫਰਵਰੀ 2019)
ਪੰਜਾਬ ਦੇ ਅੰਦਾਜ਼ਨ 55 ਕੁ ਲੱਖ ਪਰਿਵਾਰਾਂ ਉੱਤੇ ਜੇਕਰ ਨਜ਼ਰ ਮਾਰੀਏ ਤਾਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੰਯੁਕਤ ਪਰਿਵਾਰਾਂ ਦੀ ਥਾਂ ਇਕਹਿਰੇ ਪਰਿਵਾਰ ਸੀਮਤ ਜਿਹੇ ਪਰਿਵਾਰਕ ਮੈਂਬਰਾਂ ਨਾਲ ਰਹਿ ਰਹੇ ਹਨ। ਘਰ ਦੇ ਬਜ਼ੁਰਗ ਆਪਣੇ ਘਸਮੈਲੇ ਜਿਹੇ ਕੱਪੜਿਆਂ ਵਿੱਚ ਆਪਣੀ ਔਲਾਦ ਦੇ ਆਪਹੁਦਰਾਪਨ ਅਤੇ ਅਣ-ਦੇਖੀ ਉੱਤੇ ਝੁਰਦੇ ਹੋਏ ‘ਦੜ ਵੱਟ ਜਮਾਨਾ ਕੱਟ’ ਵਾਲੀ ਨੀਤੀ’ਤੇ ਅਮਲ ਕਰਦਿਆਂ ਸਮੇਂ ਨੂੰ ਧੱਕਾ ਦੇ ਰਹੇ ਹਨ ਜਾਂ ਫਿਰ ਵਿਆਹ ਸ਼ਾਦੀਆਂ ਵਿੱਚ ਬਹੁਤ ਸਾਰੇ ਬਜ਼ੁਰਗਾਂ ਨੂੰ ਮਿਲਣੀ ਵਾਲੇ ਕੰਬਲਾਂ ਦੀ ਰਾਖੀ ਕਰਨ ਲਈ ਬਿਠਾ ਦਿੱਤਾ ਜਾਂਦਾ ਹੈ। ਮਾਪਿਆਂ ਦੀ ਪਦਾਰਥਕ ਸੋਚ ਨੇ ਘਰ ਦੇ ਵਾਰਸ ਪੈਦਾ ਕਰਨ ਦੀ ਇੱਛਾ ਨਾਲ ਬਹੁਤ ਸਾਰੇ ਘਰਾਂ ਵਿੱਚ ਕੁੜੀਆਂ ਦੇ ਨਿਰਛੱਲ ਹਾਸੇ, ਸੁਹਿਰਦਤਾ, ਸੰਜਮ, ਸਬਰ, ਸੰਤੋਖ, ਅਨੁਸ਼ਾਸਨਬੱਧਤਾ ਅਤੇ ਸਾਕਾਰਤਮਕ ਸੋਚ ਨੂੰ ਗ੍ਰਹਿਣ ਜਿਹਾ ਲਾ ਦਿੱਤਾ ਹੈ। ਘਰਾਂ ਦੇ ਇਕਲੌਤੇ ਪੁੱਤਾਂ ਨੂੰ ਬਹੁਤ ਸਾਰੇ ਮਾਪਿਆਂ ਦੇ ਲਾਡ ਨੇ ਜ਼ਿੱਦੀ, ਆਵਾਰਾ, ਆਪਹੁਦਰਾ ਅਤੇ ਲੰਡਰ ਬਣਾ ਕੇ ਨੈਤਿਕਤਾ, ਸਦਾਚਾਰ, ਉੱਚ ਆਦਰਸ਼ ਅਤੇ ਸ਼ਹਿਣਸੀਲਤਾ ਤੋਂ ਸੱਖਣੇ ਕਰ ਦਿੱਤਾ ਹੈ ਅਤੇ ਇਸ ਕਾਰਨ ਹੀ ਜਵਾਨੀ ਦਾ ਵੱਡਾ ਹਿੱਸਾ ਨਸ਼ਿਆਂ ਦੀ ਦਲਦਲ ਵਿੱਚ ਧਸ ਗਿਆ ਹੈ।
ਅਜਿਹੇ ਹੀ ਇੱਕ 30 ਕੁ ਸਾਲਾਂ ਦੇ ਨੌਜਵਾਨ ਨਾਲ ਵਾਹ ਪਿਆ, ਜੋ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਆਪਣਾ ਸਰੀਰਕ ਅਤੇ ਮਾਨਸਿਕ ਸੰਤੁਲਨ ਗੁਆ ਕੇ ਬੌਧਿਕ ਕੰਗਾਲੀ ਭੋਗ ਰਿਹਾ ਸੀ। ਉਸ ਨੂੰ ਨਸ਼ਾ ਮੁਕਤ ਕਰਕੇ ਜਦੋਂ ਮੁੱਖ ਧਾਰਾ ਵਿੱਚ ਲਿਆਂਦਾ ਗਿਆ ਤਾਂ ਇੱਕ ਦਿਨ ਉਸ ਨੇ ਭਰੇ ਮਨ ਨਾਲ ਆਪਣੀ ਜ਼ਿੰਦਗ਼ੀ ਦਾ ਪੰਨਾ ਫਰੋਲਦਿਆਂ ਕਿਹਾ, “ਦੇਖੋ ਜੀ, ਮੈਂ ਆਪਣੀ 28-30 ਸਾਲ ਦੀ ਉਮਰ ਵਿੱਚ ਹਰ ਤਰ੍ਹਾਂ ਦਾ ਐਬ ਕੀਤੈ। ਲੜਾਈ-ਝਗੜੇ, ਚੋਰੀਆਂ, ਮਾਂ-ਪਿਓ ਦੀ ਕੁੱਟ-ਮਾਰ, ਉਨ੍ਹਾਂ ਦੇ ਗਲ ਗੂਠਾ ਦੇ ਕੇ ਜ਼ਮੀਨ ਦੇ 10 ਕੀਲਿਆਂ ਵਿੱਚੋਂ 2 ਕੀਲੇ ਗਹਿਣੇ ਕਰਕੇ ਨਸ਼ਿਆਂ ਦਾ ਝੱਸ ਪੂਰਾ ਕਰਦਾ ਰਿਹਾ ਹਾਂ। ਰਿਸ਼ਤੇਦਾਰ ਵੀ ਪਾਸਾ ਵੱਟਦੇ ਰਹੇ। ਜੇ ਕਿਸੇ ਨੇ ਮੈਂਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਗਲ ਪੈਂਦਾ ਰਿਹਾ ਹਾਂ। ਮਾਪਿਆਂ ਦੀ ਚੰਗਾ ਪੜ੍ਹਾ-ਲਿਖਾ ਕੇ ਅਫਸਰ ਬਣਾਉਣ ਦੀ ਇੱਛਾ ਵੀ ਮੈਂ ਮਲੀਆਮੇਟ ਕਰ ਦਿੱਤੀ। ਬਸ, 5-7 ਜਮਾਤਾਂ ਰੁੜ੍ਹ-ਖੁੜ੍ਹ ਕੇ ਮਸਾਂ ਪੂਰੀਆਂ ਕੀਤੀਆਂ। ਘਰੋਂ ਮਿਲੇ ਖੁੱਲ੍ਹੇ ਖਰਚ ਅਤੇ ਲਾਡ ਪਿਆਰ ਨੇ ਮੈਂਨੂੰ ਅਰਸ਼ ਤੋਂ ਪਟਕਾ ਕੇ ਫਰਸ਼ ਤੇ ਮਾਰਿਆ। ਹੁਣ ਤਾਂ ਜੀ ...।” ਉਹਦੇ ਚਿਹਰੇ’ਤੇ ਛਾਈ ਘੋਰ ਉਦਾਸੀ ਅਤੇ ਪਛਤਾਵੇ ਦੇ ਚਿੰਨ੍ਹ ਉੱਭਰ ਆਏ ਸਨ। ਉਹਨੇ ਗੱਚ ਭਰ ਕੇ ਗੱਲ ਨੂੰ ਅਗਾਂਹ ਤੋਰਿਆ, “ਹੁਣ ਮੈਂ ਕਦੇ-ਕਦੇ ਸੋਚਦਾ ਹਾਂ ਜੀ, ਬਈ ਮੇਰੀ ਸਾਰੇ ਕਾਸੇ ਦੀ ਬਰਬਾਦੀ ਦਾ ਵੱਡਾ ਕਾਰਨ ਇਹ ਰਿਹੈ ਕਿ ਮੇਰੀ ਕੋਈ ਭੈਣ ਨਹੀਂ ਸੀ। ਭੈਣ ਬਿਨਾਂ ...।”
“ਭੈਣ ਤੋਂ ਸੱਖਣੇ ਹੋਣ ਦਾ ਭਲਾ ਤੇਰੀ ਬਰਬਾਦੀ ਨਾਲ ਕੀ ਸਬੰਧ?” ਮੈਂ ਉਤਸੁਕਤਾ ਨਾਲ ਪੁੱਛਿਆ। ਉਸਨੇ ਬੜੇ ਠਰ੍ਹੰਮੇ ਨਾਲ ਸਿਆਣੇ ਵਿਅਕਤੀ ਵਾਂਗ ਜਵਾਬ ਦਿੱਤਾ, “ਇੱਕ ਤਾਂ ਜੀ, ਜੇ ਮੇਰੇ ਭੈਣ ਹੁੰਦੀ ਤਾਂ ਫਿਰ ਮੈਂ ਇੰਨਾ ਚਾਂਭਲਦਾ ਨਾ। ਜਿਹੜੀਆਂ ਲਗਾਮਾਂ ਭੈਣ ਕੱਸ ਸਕਦੀ ਐ ਨਾ, ਉਹ ਕੰਮ ਮਾਂ ਤੋਂ ਨਹੀਂ ਹੁੰਦਾ। ਨਾਲੇ ਜੀ, ਜੇ ਘਰੇ ਧੀ-ਭੈਣ ਹੋਵੇ ਫੇਰ ਲੰਡਰ ਮੁੰਡੇ ਵੀ ਘਰੇ ਨਹੀਂ ਵੜਦੇ। ਭੈਣ ਦੀ ਸ਼ਰਮ ਹੁੰਦੀ ਹੈ। ਬਾਪੂ-ਬੇਬੇ ਦੀ ਮੈਂ ਕੋਈ ਪਰਵਾਹ ਨਹੀਂ ਕੀਤੀ, ਭੈਣ ਕੋਈ ਹੈ ਨਹੀਂ ਸੀ, ਬੱਸ ਜੀ, ਮੇਰਾ ਘਰ ਤਾਂ ਲੰਡਰਾਂ ਦਾ ਅੱਡਾ ਬਣ ਗਿਆ ਸੀ। ਧੀਆਂ ਭੈਣਾਂ ਦੀ ਇਜ਼ਤ ਨੂੰ ਤਾਂ ਟਿੱਚ ਕਰਕੇ ਜਾਣਿਆ। ਮੈਂ ਤਰ੍ਹਾਂ-ਤਰ੍ਹਾਂ ਦੇ ਨਸ਼ੇ ਕਰਕੇ ਵੈਲੀਆਂ ਦੀ ਢਾਣੀ ਦਾ ਮੋਢੀ ਬਣ ਗਿਆ। ਬੱਸ, ਫਿਰ ਚੱਲ ਸੋ ਚੱਲ! ਜੇਲ੍ਹ ਨੂੰ ਤਾਂ ਅਸੀਂ ਦੂਜਾ ਘਰ ਸਮਝਣ ਲੱਗ ਪਏ ਸੀ। ਥਾਣਿਆਂ ਦੀ ਕੁੱਟ ਨੇ ਸਾਨੂੰ ਢੀਠ ਬਣਾ ਦਿੱਤਾ। ਹੁਣ ਥੋਡੀ ਸ਼ਰਣ’ਚ ਆ ਕੇ ਸੋਝੀ ਆਈ ਐ।”
“ਭੈਣਾਂ ਦੇ ਆਖੇ ਲੱਗ ਕੇ ਕੁਰਾਹੇ ਪਏ ਭਰਾ ਭਲਾ ਮੁੜ ਜਾਂਦੇ ਨੇ?” ਨਾਜਰ ਨਾਂ ਦੇ ਉਸ ਨੌਜਵਾਨ ਨੂੰ ਮੈਂ ਹੋਰ ਕੁਰੇਦਣਾ ਚਾਹਿਆ।
“ਬਿਲਕੁੱਲ ਜੀ, ਇੱਕ ਵਾਰ ਅਸੀਂ 7-8 ਜਣੇ ਮੇਰੇ ਘਰ ਬੈਠੇ ਹੀ ਪੈੱਗ-ਸ਼ੈੱਗ ਲਾ ਰਹੇ ਸੀ। ਉਨ੍ਹਾਂ ਵਿੱਚੋਂ ਇੱਕ ਮੁੰਡੇ ਦੀ ਭੈਣ ਨੇ ਸਾਡੇ ਘਰ ਆ ਕੇ ਦਹਾੜ ਮਾਰੀ, ‘ਵੇ ਸ਼ਰਮ ਕਰ ਕੁਛ। ਘਰ ਬਾਪੂ ਬਿਮਾਰ ਪਿਐ। ਬੇਬੇ ਨੂੰ ਵੀ ਤੇਰੇ ਇਨ੍ਹਾਂ ਲੱਛਣਾਂ ਨੇ ਰੋਗੀ ਕਰਤਾ। ਖੜ੍ਹਾ ਹੋ ਜਾ ... ਬੰਦੇ ਦਾ ਪੁੱਤ ਬਣ ਕੇ ... ਨਹੀਂ ਫਿਰ ...।’ ਭੈਣ ਦੇ ਗੁੱਸੇ ਦਾ ਮੁੰਡਾ ਸਾਹਮਣਾ ਨਹੀਂ ਕਰ ਸਕਿਆ। ਚੁੱਪ ਕਰਕੇ ਤੁਰ ਪਿਆ ਘਰ ਨੂੰ। ਮੁੜ ਕੇ ਸਾਡੀ ਢਾਣੀ ਵਿੱਚ ਆਇਆ ਵੀ ਨਹੀਂ। ਇੱਕ ਗੱਲ ਪੱਕੀ ਐ ਜੀ, ਬੇਬੇ ਦੀ ਘੂਰ ਵਿੱਚ ਤਾਂ ਲਾਡ-ਪਿਆਰ ਹੁੰਦੈ, ਭੈਣ ਦੀ ਘੂਰ ਵਿੱਚ ਤਾੜਨਾ ਹੁੰਦੀ ਐ।”
ਨਾਜਰ ਦਾਨਸ਼ਵਰਾਂ ਵਾਂਗ ਗੱਲਾਂ ਕਰ ਰਿਹਾ ਸੀ, “ਨਾਲੇ ਜੀ, ਜਦੋਂ ਘਰ ਧੀ-ਭੈਣ ਹੋਵੇ ਤਾਂ ਬੰਦਾ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੈ। ਨਹੀਂ ਤਾਂ ਜੀ, ‘ਸਿਰ ਤੇ ਨੀ ਡੰਡਾ ਹਾਥੀ ਫਿਰੇ ਲੰਡਾ।’ ਸਾਡੀ ਗੁਆਂਢਣ ਚਾਚੀ ਧੀ ਹੋਣ ਤੇ ਇੱਕ ਬੋਲੀ ਸੁਣਾਇਆ ਕਰਦੀ ਸੀ, ‘ਹੁਣ ਘਰ ਜੰਮ ਪਈ ਧੀ ਵੇ ਨਿਰੰਜਣਾ, ਹੁਣ ਦਾਰੂ ਤੂੰ ਪੀ ਨਾ ਨਿਰੰਜਣਾ, ਤਕੜਾ ਹੋ ਕੇ ਜੀ ਵੇ ਨਿਰੰਜਣਾ।”
ਨਸ਼ਾ ਮੁਕਤ ਹੋਇਆ ਨਾਜਰ ਆਪਣੀ ਜ਼ਿੰਦਗੀ ਦਾ ਕੌੜਾ ਤਜਰਬਾ ਸਾਂਝਾ ਕਰਦਿਆਂ ਇੱਕ ਗੰਭੀਰ ਸੁਨੇਹਾ ਮਾਪਿਆਂ ਅਤੇ ਸਮਾਜ ਨੂੰ ਦੇ ਰਿਹਾ ਸੀ ਕਿ ਜੇਕਰ ਪੁੱਤਾਂ ਨੂੰ ਬਚਾਉਣਾ ਹੈ ਤਾਂ ਪਹਿਲਾਂ ਧੀਆਂ ਨੂੰ ਬਚਾਓ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਧੀਆਂ ਦੀ ਅਣਹੋਂਦ ਕਾਰਨ ਸਮਾਜ ਵਿੱਚ ਨਾਜਰ ਜਿਹੇ ਗੱਭਰੂ ‘ਨਾਜਰ ਵੈਲੀ’ ਬਣ ਕੇ ਸਮਾਜ ਨੂੰ ਕਲੰਕਤ ਕਰਦੇ ਰਹਿਣਗੇ।
*****
(1472)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)