“ਡੀ.ਸੀ. ਦਾ ਜਵਾਬ ਸੀ, “ਭਗਤ ਜੀ, ਮੈਂਨੂੰ ਇੱਕ ਹਫ਼ਤੇ ਦੀ ਮੋਹਲਤ ਦੇ ਦਿਉ ...”
(5 ਅਗਸਤ 2020)
4 ਜੂਨ 1904 - 5 ਅਗਸਤ 1992
ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਭਗਤ ਪੂਰਨ ਸਿੰਘ ਜੀ ਪੂਰਨ ਰੁਪ ਵਿੱਚ ਤੰਦਰੁਸਤ ਸਨ। ਰਿਕਸ਼ਾ ਰੇਹੜੀ ’ਤੇ ਆਪਣੇ ਪੁੱਤਾਂ ਵਰਗੇ ਅਪਾਹਿਜ ਪਿਆਰਾ ਸਿੰਘ ਨੂੰ ਬਿਠਾਕੇ ਕਦੇ ਹਰਮਿੰਦਰ ਸਾਹਿਬ ਅਤੇ ਕਦੇ ਹੋਰ ਥਾਵਾਂ ’ਤੇ ਪਿੰਗਲਵਾੜੇ ਲਈ ਚੋਗਾ ਇਕੱਠਾ ਕਰਨ ਲਈ ਘੁੰਮਦੇ ਰਹਿੰਦੇ ਸਨ। ਸਰਦੇ ਪੁੱਜਦੇ ਵਿਅਕਤੀ ਅੱਗੇ ਬਾਟਾ ਕਰਕੇ ਕਹਿੰਦੇ ਸਨ, “ਜੇਬ ਖਾਲੀ ਕਰ। ਮਾਇਆ ਦਾ ਜ਼ਿਆਦਾ ਮੋਹ ਠੀਕ ਨਹੀਂ। ਕੁਝ ਹਿੱਸਾ ਅਪਾਹਜਾਂ ਲਈ ਕੱਢ ਦੇ।”
ਉਨ੍ਹਾਂ ਦੇ ਬੋਲਾਂ ਨੂੰ ਲੋਕ ਆਦੇਸ਼ ਮੰਨ ਕੇ ਜੇਬ ਹਲਕੀ ਕਰਨ ਲੱਗਿਆ ਦੇਰ ਨਹੀਂ ਸਨ ਲਾਉਂਦੇ। ਚੰਗੇ ਚੰਗੇ ਅਹੁਦਿਆਂ ’ਤੇ ਬੈਠੇ ਅਧਿਕਾਰੀ ਉਨ੍ਹਾਂ ਦੀ ਆਮਦ ’ਤੇ ਕੁਰਸੀ ਤੋਂ ਖੜ੍ਹੇ ਹੋ ਜਾਂਦੇ ਸਨ ਅਤੇ ਸਿਰ ਸਿਜਦੇ ਵਿੱਚ ਝੁਕ ਜਾਂਦਾ ਸੀ। ਉਸ ਰੱਬੀ ਰੂਹ ਅੱਗੇ ਅਧਿਕਾਰੀ ਦੀ ਹਉਮੈ, ਮਾਨ ਜੱਸ, ਕਲਮ ਦੀ ਤਾਕਤ ਸਭ ਕੁਝ ਗੁੰਮ ਹੋ ਜਾਂਦਾ ਸੀ। ਉਸ ਵੇਲੇ ਲੱਗਦਾ ਸੀ ਜਿਵੇਂ ਅਧਿਕਾਰੀ ਦੀ ਰੂਹ ਅੰਦਰ ਨਿਮਰਤਾ ਅਤੇ ਹਲੀਮੀ ਪ੍ਰਵੇਸ਼ ਕਰ ਗਈ ਹੋਵੇ। ਸਕੱਤਰੇਤ ਵਿੱਚ ਇੱਕ ਉੱਚ ਅਧਿਕਾਰੀ ਨੂੰ ਜਦੋਂ ਪਤਾ ਲੱਗਿਆ ਕਿ ਭਗਤ ਜੀ ਨੇ ਮੇਰੇ ਕੋਲ ਦਫਤਰ ਵਿੱਚ ਆਉਣਾ ਹੈ, ਤਾਂ ਉਨ੍ਹਾਂ ਨੇ ਬੜੀ ਨਿਮਰਤਾ ਨਾਲ ਕਿਹਾ, “ਭਗਤ ਜੀ, ਤੁਸੀਂ ਸੱਤਵੀਂ ਮੰਜ਼ਲ ’ਤੇ ਮੇਰੇ ਕੋਲ ਆਉਣ ਦੀ ਖੇਚਲ ਨਾ ਕਰੋ, ਮੈਂ ਹੀ ਹੇਠਾਂ ਤੁਹਾਡੇ ਦਰਸ਼ਨਾਂ ਲਈ ਆ ਰਿਹਾ ਹਾਂ।” ਰਿਸੈਪਸ਼ਨ ’ਤੇ ਬੈਠੇ ਕਰਮਚਾਰੀ ਨੂੰ ਤੁਰੰਤ ਹਦਾਇਤ ਵੀ ਹੋ ਗਈ ਕਿ ਭਗਤ ਜੀ ਨੂੰ ਆਦਰ ਨਾਲ ਬਿਠਾਉ, ਮੈਂ ਆ ਰਿਹਾ ਹਾਂ।
ਅਧਿਕਾਰੀ ਨੇ ਹੇਠਾਂ ਆ ਕੇ ਜਦੋਂ ਉਨ੍ਹਾਂ ਦੇ ਚਰਨ ਛੂਹੇ ਤਾਂ ਭਗਤ ਜੀ ਦੇ ਬੋਲ ਸਨ, “ਆਹ, ਗੋਗੜ ਐਨੀ ਵਧਾਈ ਐ। ਕਿਉਂ ਗੱਡੀਆਂ ਵਿੱਚ ਪਟਰੌਲ ਫੂਕ ਕੇ ਨਾਲੇ ਤਾਂ ਵਾਤਾਵਰਣ ਦੂਸ਼ਿਤ ਕਰਦੇ ਹੋਂ, ਨਾਲੇ ਸਰੀਰ ਦਾ ਸਤਿਆਨਾਸ਼ ਵੀ। ਕਦੇ-ਕਦੇ ਸਾਈਕਲ ’ਤੇ ਆਇਆ ਕਰੋ। ਸਰੀਰ ਸੂਤ ਰਹੂਗਾ।”
ਉਹ ਅਧਿਕਾਰੀ ਸਭ ਦੇ ਸਾਹਮਣੇ ‘ਸੱਤ ਬਚਨ ਭਗਤ ਜੀ’ ਕਹਿ ਕੇ ਚੁੱਪ ਹੋ ਗਿਆ। ਥੋੜ੍ਹੀ ਦੇਰ ਸੰਤਾਂ ਦੇ ਚਿਹਰੇ ਵੱਲ ਵਿਹੰਦਾ ਰਿਹਾ ਅਤੇ ਫਿਰ ਪਰਸ ਵਿੱਚ ਜਿੰਨੇ ਪੈਸੇ ਸਨ, ਭਗਤ ਜੀ ਦੇ ਬਾਟੇ ਵਿੱਚ ਪਾਉਂਦਿਆਂ ਕਹਿਣ ਲੱਗਾ, “ਭਾਗਾਂ ਵਾਲਾ ਦਿਨ ਹੈ ਅੱਜ। ਸਮੁੰਦਰ ਆਪ ਪਿਆਸੇ ਕੋਲ ਚੱਲ ਕੇ ਆਇਆ ਹੈ।”
ਦਰਵੇਸ਼ ਸ਼ਖਸੀਅਤ ਉੱਥੇ ਹੀ ਆਦੇਸ਼ਾਂ ਵਰਗੇ ਬੋਲ ਕਹਿਕੇ ਪਰਤ ਆਇਆ। ਕਿਸੇ ਵਿਦਵਾਨ ਦੇ ਕਹੇ ਇਹ ਬੋਲ ਉਸ ਵੇਲੇ ਸੱਚ ਦੀ ਸ਼ਾਹਦੀ ਭਰਦੇ ਸਨ, “ਆਪਣੇ ਲਈ ਮੰਗਣ ਵਾਲਾ ਭਿਖਾਰੀ ਹੁੰਦਾ ਹੈ, ਪਰ ਦੂਜਿਆਂ ਲਈ ਹੱਥ ਟੱਡਣ ਵਾਲੇ ਨੂੰ ‘ਦਾਤਾ’ ਕਿਹਾ ਜਾਂਦਾ ਹੈ।”
1988 ਵਰ੍ਹੇ ਦੇ ਕਿਸੇ ਕੰਮ ਵਾਲੇ ਦਿਨ ਮੈਂ ਆਪਣੇ ਦਫਤਰ ਦੇ ਰੁਝੇਵਿਆਂ ਵਿੱਚ ਰੁੱਝਿਆ ਹੋਇਆ ਸਾਂ। ਗਰਦਨ ਉੱਪਰ ਉਠਾਈ ਤਾਂ ਸਾਹਮਣੇ ਭਗਤ ਪੂਰਨ ਸਿੰਘ ਜੀ ਖੜੋਤੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਰਹਿ ਚੁੱਕੇ ਨਿੱਜੀ ਸਹਾਇਕ ਅਤੇ ਸ਼ਰਧਾਲੂ ਸੁਖਵਿੰਦਰ ਸਿੰਘ ਫੁੱਲ ਸਨ। ਪਹਿਲਾਂ ਤਾਂ ਇਹ ਸੁਪਨਾ ਜਿਹਾ ਲੱਗਿਆ। ਖੜ੍ਹਾ ਹੋ ਕੇ ਸਿਜਦਾ ਕੀਤਾ। ਉਨ੍ਹਾਂ ਨੂੰ ਜਦੋਂ ਬੈਠਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੀ, “ਬੈਠਣਾ ਨਹੀਂ, ਨਾਲ ਚੱਲ ਸਾਡੇ। ਡੀ.ਸੀ. ਕੋਲ ਚੱਲਣਾ ਹੈ। ਆਵਾਰਾ ਡੰਗਰਾਂ ਪਿੱਛੇ ਕਹਿਣੈ ਉਹਨੂੰ। ਕਿਵੇਂ ਹਰਲ ਹਰਲ ਕਰਦੇ ਫਿਰਦੇ ਨੇ। ਭੂਤਰੇ ਸਾਂਢ ਕਿਸੇ ਦਾ ਜਾਨੀ ਨੁਕਸਾਨ ਕਰਨਗੇ। ਜਾਨ ਮਾਲ ਦੀ ਰਾਖੀ ਤਾਂ ਸਰਕਾਰ ਨੇ ਕਰਨੀ ਐ। ਸਰਕਾਰਾਂ ਦੇ ਮੂਹਰਲੇ ਬੰਦਿਆਂ ਨੇ ਕਰਨੀ ਐ। ਚੱਲ ਤੁਰ, ਆਪਾਂ ਗੱਲ ਕਰਦੇ ਆਂ ਉਹਦੇ ਨਾਲ।”
ਕੁਝ ਜਲ-ਪਾਣ ਲੈਣ ਦੀ ਜਦੋਂ ਬੇਨਤੀ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੀ, “ਫੁੱਲ ਨੇ ਦੁੱਧ ਪਿਆ ’ਤਾ। ਹੋਰ ਕਾਸੇ ਦੀ ਲੋੜ ਨਹੀਂ ਹੁਣ।”
ਜਦੋਂ ਕਾਰ ਵੱਲ ਮੇਰੇ ਕਦਮ ਵਧੇ ਤਾਂ ਉਨ੍ਹਾਂ ਨੇ ਰੋਕ ਦਿੱਤਾ, “ਦੋ ਕੁ ਕਿਲੋਮੀਟਰ ਤੇ ਤਾਂ ਡੀ.ਸੀ. ਦੀ ਕੋਠੀ ਐ। ਕਿਉਂ ਪਟਰੌਲ ਫੂਕ ਕੇ ਧੂੰਏਂ ਰਾਹੀਂ ਵਾਤਾਵਰਣ ਦੂਸ਼ਿਤ ਕਰਦੇ ਹੋਂ। ਪੈਦਲ ਹੀ ਚਲਾਂਗੇ।”
ਉਸ ਦਰਵੇਸ਼ ਸ਼ਖਸੀਅਤ ਨਾਲ ਅਸੀਂ ਦੋਨੋਂ ਤੁਰ ਪਏ। ਦਫਤਰ ਦੇ ਨਾਲ ਹੀ ਖਾਲੀ ਪਈ ਜਗ੍ਹਾ ਵੱਲ ਇਸ਼ਾਰਾ ਕਰਦਿਆਂ ਕਿਹਾ, “ਇੱਥੇ ਦਰਖਤ ਲਾਉ। ਬੰਦਿਆਂ ਨੂੰ ਸੁਖ ਦਾ ਸਾਹ ਆਵੇ। ਧੜਾਧੜ ਦਰਖਤਾਂ ਦੀ ਹੋ ਰਹੀ ਕਟਾਈ ਕਾਰਨ ਮਨੁੱਖ ਆਪਣੇ ਪੈਰਾਂ ’ਤੇ ਆਪ ਕੁਹਾੜਾ ਮਾਰ ਰਿਹਾ ਹੈ। ਤਾਂਹੀਓਂ ਤਾਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਰਿਹਾ ਹੈ। ਇਹ ਖਾਲੀ ਜਗ੍ਹਾ ਵੀ ਦਰਖਤਾਂ ਨਾਲ ਭਰ ਦੇ।”
“ਅੱਜ ਹੀ ਦਰਖਤ ਲੱਗ ਜਾਣਗੇ ਜੀ।” ਮੈਂ ਅਦਬ ਨਾਲ ਜਵਾਬ ਦਿੱਤਾ।
ਰਾਹ ਵਿੱਚ ਵੀ ਉਹ ਵਾਤਾਵਰਣ ਸ਼ੁੱਧ ਰੱਖਣ ਦੀ ਲੋੜ ’ਤੇ ਜ਼ੋਰ ਦਿੰਦੇ ਰਹੇ। ਰਸਤੇ ਵਿੱਚ ਇੱਕ ਜਗ੍ਹਾ ’ਤੇ ਉਹ ਰੁਕੇ। ਆਪਣਾ ਬਾਟਾ ਸੁਖਵਿੰਦਰ ਸਿੰਘ ਫੁੱਲ ਨੂੰ ਫੜਾ ਦਿੱਤਾ। ਉਨ੍ਹਾਂ ਦੀ ਨਜ਼ਰ ਸੜਕ ਦੇ ਇੱਕ ਪਾਸੇ ਕੁੱਤੇ ਦੇ ਕੀਤੇ ਗੰਦ ’ਤੇ ਪਈ। ਬਿਨਾਂ ਹਿਚਕਚਾਹਟ ਤੋਂ ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਉਹ ਗੰਦ ਚੁੱਕਿਆ। ਸ਼ਰਮਿੰਦਗੀ ਦੇ ਅਹਿਸਾਸ ਨਾਲ ਭਾਵੇਂ ਇਹ ਕਰਮ ਅਸੀਂ ਕਰਨ ਲਈ ਕਿਹਾ, ਪਰ ਉਨ੍ਹਾਂ ਰੋਕ ਦਿੱਤਾ। ਅਗਾਂਹ ਖਾਲੀ ਥਾਂ ਤੇ ਖੁਰਪੇ ਦਾ ਪ੍ਰਬੰਧ ਕਰਕੇ ਟੋਆ ਪੁਟਿਆ ਅਤੇ ਗੰਦ ਉੱਥੇ ਦੱਬ ਕੇ ਉੱਤੇ ਮਿੱਟੀ ਪਾ ਦਿੱਤੀ। ਫਿਰ ਸਾਨੂੰ ਸਮਝਾਉਂਦਿਆ ਕਿਹਾ, “ਆਪਾਂ ਦੁਸ਼ਿਤ ਵਾਤਾਵਰਣ ਦੀ ਗੱਲ ਕਰ ਰਹੇ ਹਾਂ। ਇਹੋ ਜਿਹਾ ਗੰਦ ਵੇਖਕੇ ਪਹਿਲਾਂ ਤਾਂ ਉਂਜ ਮਨ ’ਤੇ ਬੁਰਾ ਅਸਰ ਪੈਂਦਾ ਹੈ। ਦੂਜਾ ਹਵਾ ਵੀ ਦੂਸ਼ਿਤ ਹੁੰਦੀ ਹੈ। ਉਸੇ ਦੂਸ਼ਿਤ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ।”
ਡੀ.ਸੀ. ਦੀ ਕੋਠੀ ਜਾ ਕੇ ਜਦੋਂ ਅਸੀਂ ਭਗਤ ਜੀ ਦੀ ਆਮਦ ਸਬੰਧੀ ਸੁਨੇਹਾ ਭੇਜਿਆ ਤਾਂ ਡਿਪਟੀ ਕਮਿਸ਼ਨਰ ਆਪ ਲੈਣ ਲਈ ਗੇਟ ’ਤੇ ਪੁੱਜ ਗਏ। ਕੈਂਪ ਆਫਿਸ ਵਿੱਚ ਬੈਠਿਆਂ ਭਘਤ ਜੀ ਨੇ ਲੋਕਾਂ ਦੀ ਜਾਨ ਦਾ ਖੌਅ ਬਣੇ ਆਵਾਰਾ ਡੰਗਰਾਂ ਦੇ ਤੁਰੰਤ ਹੱਲ ਕਰਨ ’ਤੇ ਜ਼ੋਰ ਦਿੱਤਾ। ਡੀ.ਸੀ. ਦਾ ਜਵਾਬ ਸੀ, “ਭਗਤ ਜੀ, ਮੈਂਨੂੰ ਇੱਕ ਹਫ਼ਤੇ ਦੀ ਮੋਹਲਤ ਦੇ ਦਿਉ। ਇਹ ਮਸਲਾ ਹੱਲ ਕਰਕੇ ਤੁਹਾਨੂੰ ਮੈਂ ਆਪ ਦੱਸਾਂਗਾ।”
ਡੀ.ਸੀ. ਵਲੋਂ ਕੀਤੇ ਵਾਅਦੇ ਅਨੁਸਾਰ ਇਹ ਮਸਲੇ ਦਾ ਹੱਲ ਵੀ ਕਰ ਦਿੱਤਾ ਗਿਆ।
ਜਿਹੜੇ ਦਫਤਰ ਵਿੱਚ ਭਗਤ ਜੀ ਮੇਰੇ ਕੋਲ ਆਏ ਸਨ, ਉੱਥੋਂ ਸੇਵਾ ਮੁਕਤ ਹੋਇਆਂ ਮੈਂਨੂੰ ਅੰਦਾਜ਼ਨ ਪੰਦਰਾਂ ਸਾਲ ਹੋ ਗਏ ਹਨ। ਕੁਝ ਦਿਨ ਪਹਿਲਾਂ ਜਦੋਂ ਇੱਕ ਦਫ਼ਤਰੀ ਕੰਮ ਦੇ ਕਾਰਨ ਪੁਰਾਣੇ ਦਫਤਰ ਗਿਆ ਤਾਂ ਉਨ੍ਹਾਂ ਦਰਖਤਾਂ ਦੇ ਲਾਗੇ ਖੜੋਤਾ ਰਿਹਾ, ਜੋ ਭਗਤ ਜੀ ਦੇ ਆਦੇਸ਼ ਅਨੁਸਾਰ ਲਾਏ ਸਨ। ਲੱਗੇ ਦਰਖਤਾਂ ਵਿੱਚੋਂ ਬਾਕੀ ਤਾਂ ਇਮਾਰਤ ਉਸਾਰੀ ਦੀ ਭੇਂਟ ਚੜ੍ਹ ਗਏ ਪਰ ਤਿੰਨ ਸੰਘਣੇ ਦਰਖਤ ਹਾਲਾਂ ਵੀ ਖੜੋਤੇ ਸਨ। ਕੁਦਰਤ ਨਾਲ ਕੀਤੇ ਖਿਲਵਾੜ ਦੀ ਸਜ਼ਾ ਅਸੀਂ ਭੁਗਤ ਰਹੇ ਹਾਂ। ਕੁਦਰਤ ਤਾਂ ਸਾਨੂੰ ਸਜ਼ਾ ਦੇ ਰਹੀ ਹੈ ਪਰ ਭਗਤ ਜੀ ਵਰਗੇ ਭਵਿੱਖ ਪ੍ਰਤੀ ਤਾੜਨਾ ਕਰਨ ਵਾਲੇ ਅਤੇ ਕਹੇ ਬੋਲਾਂ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਅਲੋਪ ਹੋ ਰਹੇ ਹਨ। ਭਲਾ, ਭਗਤ ਪੂਰਨ ਸਿੰਘ ਜੀ ਵਰਗਾ ਹਰ ਕੋਈ ਕਿੰਜ ਬਣ ਸਕਦਾ ਹੈ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2280)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com