MohanSharma7ਮਾਫ਼ ਕਰਨਾ ਭਾਈ ਸਾਹਿਬ, ਮੈਂ ਤੁਹਾਡੇ ਕੋਲ ਝੂਠ ਬੋਲਿਆ, ਮੈਂ ...
(27 ਫਰਵਰੀ 2020)

 

ਜ਼ਿੰਦਗੀ ਦਾ ਪੈਂਡਾ ਤੈਅ ਕਰਦਿਆਂ ਤਰ੍ਹਾਂ ਤਰ੍ਹਾਂ ਦੇ ਵਿਅਕਤੀਆਂ ਨਾਲ ਸਾਡਾ ਵਾਹ ਪੈਂਦਾ ਹੈਕਈਆਂ ਦੇ ਮੱਥੇ ਦੀਆਂ ਤਿਉੜੀਆਂ ਉਸਦੀ ਹਉਮੈ, ਤੰਗਦਿਲੀ ਅਤੇ ਸੌੜੀ ਜੰਗ ਲੱਗੀ ਸੋਚ ਆਪਣੇ ਆਪ ਨੂੰ ‘ਖੱਬੀ ਖਾਨ’ ਹੋਣ ਦਾ ਪ੍ਰਗਟਾਵਾ ਕਰਦੀ ਹੈਅਜਿਹੇ ਵਿਅਕਤੀ ਦੇ ਲਾਗੇ ਬਹਿ ਕੇ ਉਸਦੀ ਤੱਕਣੀ ਵਿੱਚੋਂ ਸੇਕ ਜਿਹਾ ਆਉਂਦਾ ਹੈਅਜਿਹੇ ਕੁਚੱਜੇ ਬੰਦੇ ਮਹਿਮਾਨ ਨਿਵਾਜ਼ੀ ਦੇ ਸਲੀਕੇ ਤੋਂ ਵੀ ਕੋਹਾਂ ਦੂਰ ਹੁੰਦੇ ਹਨ ਅਤੇ ਘਰ ਆਏ ਮਹਿਮਾਨਾਂ ਦੀ ਆਮਦ ਉਨ੍ਹਾਂ ਲਈ ਬੋਝ ਜਿਹਾ ਬਣ ਜਾਂਦੀ ਹੈਮਜਬੂਰੀ ਵੱਸ ਅਜਿਹੇ ਵਿਅਕਤੀ ਨੂੰ ਬੁਲਾਉਣਾ ਵੀ ਪੈ ਜਾਵੇ ਤਾਂ ਉਹ ਇੰਜ ਬੋਲਦੇ ਹਨ ਜਿਵੇਂ ਕਿਸੇ ਭੋਰੇ ਵਿੱਚੋਂ ਬੋਲ ਰਹੇ ਹੋਣਕਹੀ ਗੱਲ ਦੀ ਸਮਝ ਵੀ ਅੱਧ-ਪਚੱਧ ਜਿਹੀ ਆਉਂਦੀ ਹੈ ਅਤੇ ਫਿਰ ਖਾਮੋਸ਼ੀ ਦੇ ਬੱਦਲ ਛਾ ਜਾਂਦੇ ਹਨਸਫਰ ਵਿੱਚ ਅਜਿਹੇ ਵਿਅਕਤੀ ਦੇ ਲਾਗੇ ਬਹਿਣ ਨਾਲ ਵੀ ਔਖ ਜਿਹੀ ਮਹਿਸੂਸ ਹੁੰਦੀ ਹੈਅਜਿਹੇ ਵਿਅਕਤੀ ਮਜਬੂਰੀ ਵੱਸ ਜੇ ਸ਼ੁਭ ਇਛਾਵਾਂ ਵੀ ਦੇ ਰਹੇ ਹੋਣ ਤਾਂ ਲਗਦਾ ਹੈ ਜਿਵੇਂ ਆਪਣੇ ਕਹੇ ਸ਼ਬਦਾਂ ਦੀ ਰਸੀਦ ਮੰਗ ਰਹੇ ਹੋਣਪਰ ਦੂਜੇ ਪਾਸੇ ਹਸੂੰ ਹਸੂੰ ਕਰਦੇ ਚਿਹਰਿਆਂ ’ਤੇ ਖੁਸ਼ੀ ਦੀ ਇਬਾਰਤ ਲਿਖੀ ਹੁੰਦੀ ਹੈਅਜਿਹੇ ਵਿਅਕਤੀ ਕੁਝ ਹੀ ਪਲਾਂ ਵਿੱਚ ਆਪਣੀ ਮਿੱਠੀ ਆਵਾਜ਼ ਨਾਲ ਆਲੇ ਦੁਆਲੇ ਵਿੱਚ ਖੁਸ਼ਗਵਾਰ ਮਾਹੌਲ ਸਿਰਜ ਲੈਂਦੇ ਹਨਅਜਿਹੇ ਵਿਅਕਤੀ ਨਾਲ ਗੱਲਾਂ ਕਰਕੇ ਮਨ ਨੂੰ ਤਾਜ਼ਗੀ ਜਿਹੀ ਦਾ ਅਹਿਸਾਸ ਹੁੰਦਾ ਹੈ ‘ਕੁਝ ਤੇਰੀਆਂ, ਕੁਝ ਮੇਰੀਆਂ’ ਗੱਲਾਂ ਕਰਦਿਆਂ ਉਹ ਸਫ਼ਰ ਨੂੰ ਬੋਝਲ ਨਹੀਂ ਬਣਨ ਦਿੰਦੇਅਜਿਹੇ ਵਿਅਕਤੀਆਂ ਦੇ ਨਕਸ਼ ਮਿਲਣ ਵਾਲਿਆਂ ਦੇ ਮਨ ’ਤੇ ਉਕਰ ਜਾਂਦੇ ਹਨਦਰਅਸਲ ਅਜਿਹੇ ਵਿਅਕਤੀ ਰਾਤ ਨੂੰ ਬਿਜਲੀ ਦੇ ਖੰਭਿਆਂ ਤੇ ਜਗ ਰਹੇ ਉਨ੍ਹਾਂ ਬਲਬਾਂ ਵਰਗੇ ਹੁੰਦੇ ਹਨ ਜਿਹੜੇ ਤੈਅ ਹੋਣ ਵਾਲੇ ਪੈਂਡੇ ਨੂੰ ਘੱਟ ਤਾਂ ਨਹੀਂ ਕਰਦੇ, ਪਰ ਪੈਂਡੇ ਨੂੰ ਸੁਖਾਲਾ ਅਤੇ ਚਾਨਣ ਚਾਨਣ ਜ਼ਰੂਰ ਕਰ ਦਿੰਦੇ ਨੇਚੰਗੇ ਲੋਕ ਵਿਸ਼ੇਸ਼ ਹੁੰਦੇ ਹੋਏ ਵੀ ਵਿਖਾਵੇ ਤੋਂ ਕੋਹਾਂ ਦੂਰ ਰਹਿੰਦੇ ਨੇ ਪਰ ਬੁਰੇ ਲੋਕ ਸਧਾਰਨ ਹੁੰਦੇ ਹੋਏ ਵਿਸ਼ੇਸ਼ ਹੋਣ ਦੀ ਸਵੈ ਗਵਾਹੀ ਭਰਦੇ ਹਨ

ਅੰਦਾਜ਼ਨ ਤੀਹ ਕੋ ਵਰ੍ਹੇ ਪਹਿਲਾਂ ਸੰਪਰਕ ਵਿੱਚ ਆਏ ਇੱਕ ਸੱਜਣ ਦਾ ਮਿਲਣਸਾਰ ਸੁਭਾਅ, ਨਿਮਰਤਾ ਅਤੇ ਮਹਿਮਾਨ ਨਿਵਾਜ਼ੀ ਨੇ ਮੈਂਨੂੰ ਕੀਲ ਵੀ ਲਿਆ ਅਤੇ ਪ੍ਰੇਰਨਾਮਈ ਸੁਨੇਹਾ ਵੀ ਦਿੱਤਾਹੋਇਆ ਇੰਜ ਕਿ ਇੱਕ ਰਿਸ਼ਤੇਦਾਰੀ ਵਿੱਚ ਮੈਂਨੂੰ ਫਰੀਦਕੋਟ ਜਾਣਾ ਪਿਆਮੇਰੇ ਗਵਾਂਢੀ ਨੂੰ ਜਦੋਂ ਮੇਰੇ ਫਰੀਦਕੋਟ ਜਾਣ ਦਾ ਪਤਾ ਲੱਗਿਆ ਤਾਂ ਉਸ ਨੇ ਆਪਣਾ ਕੁਝ ਸਮਾਨ ਉਸੇ ਸ਼ਹਿਰ ਵਿੱਚ ਰਹਿੰਦੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਦੇਣ ਲਈ ਮੈਂਨੂੰ ਕਿਹਾਮੈਂ ਖੁਸ਼ੀ ਨਾਲ ਗਵਾਂਢੀ ਕੋਲੋਂ ਸਮਾਨ ਲੈ ਕੇ ਉਸਦੇ ਰਿਸ਼ਤੇਦਰ ਕੋਲ ਪਹੁੰਚਾਉਣ ਦੀ ਜ਼ਿੰਮੇਵਾਰੀ ਲੈ ਲਈਘਰ ਦਾ ਪਤਾ ਉਸਨੇ ਕਾਗਜ਼ ’ਤੇ ਲਿਖ ਕੇ ਦੇ ਦਿੱਤਾਉਨ੍ਹਾਂ ਦਿਨਾਂ ਵਿੱਚ ਮੋਬਾਇਲ ਫੋਨਾਂ ਦੀ ਐਨੀ ਭਰਮਾਰ ਨਹੀਂ ਸੀ ਹੁੰਦੀ ਗਵਾਂਢੀ ਕੋਲ ਵੀ ਉਨ੍ਹਾਂ ਦਾ ਲੈਂਡ ਫੋਨ ਜਾਂ ਮੋਬਾਇਲ ਫੋਨ ਨਹੀਂ ਸੀਫਰੀਦਕੋਟ ਆਪਣੇ ਰਿਸ਼ਤੇਦਾਰ ਕੋਲ ਕੁਝ ਸਮਾਂ ਠਹਿਰਣ ਤੋਂ ਬਾਅਦ ਗਵਾਂਢੀ ਦੇ ਰਿਸ਼ਤੇਦਾਰ ਕੋਲ ਸਮਾਨ ਪਹੁੰਚਾਉਣ ਲਈ ਰਿਕਸ਼ੇ ’ਤੇ ਚੱਲ ਪਿਆਘਰ ਦਾ ਥਹੁ ਠਿਕਾਣਾ ਰਿਕਸ਼ੇ ਵਾਲੇ ਨੂੰ ਸਮਝਾ ਦਿੱਤਾਉਸ ਨੂੰ ਇਹ ਕਿਹਾ ਕਿ ਉੱਥੇ ਜ਼ਿਆਦਾ ਸਮਾਂ ਨਹੀਂ ਰੁਕਣਾ, ਬੱਸ ਇਹ ਸਮਾਨ ਹੀ ਫੜਾਉਣਾ ਹੈਰਿਕਸ਼ੇ ਵਾਲੇ ਨਾਲ ਬੱਸ ਅੱਡੇ ਤੱਕ ਦਾ ਉੱਕਾ ਪੁੱਕਾ ਕਿਰਾਇਆ ਤੈਅ ਕਰ ਲਿਆਮਿਥੇ ਠਿਕਾਣੇ ’ਤੇ ਪਹੁੰਚ ਕੇ ਘੰਟੀ ਖੜਕਾਉਣ ਉਪਰੰਤ ਇੱਕ ਸੱਜਣ ਨੇ ਦਰਵਾਜ਼ਾ ਖੋਲ੍ਹਿਆਆਪਣੇ ਬਾਰੇ ਦੱਸਣ ਉਪਰੰਤ ਮੈਂ ਜਦੋਂ ਉਸ ਨੂੰ ਸਮਾਨ ਫੜਾਉਣਾ ਚਾਹਿਆ ਤਾਂ ਉਸ ਨੇ ਅੰਦਰ ਆਉਣ ਦਾ ਸੱਦਾ ਦਿੰਦਿਆ ਕਿਹਾ, “ਜਿਨ੍ਹਾਂ ਨੂੰ ਤੁਸੀਂ ਇਹ ਸਮਾਨ ਦੇਣਾ ਹੈ, ਉਹ ਬੱਸ ਪੰਜ ਸੱਤ ਮਿੰਟਾਂ ਵਿੱਚ ਹੀ ਆਉਣ ਵਾਲੇ ਨੇਤੁਸੀਂ ਉਹਨ੍ਹਾਂ ਨੂੰ ਮਿਲ ਕੇ ਜਾਇਉਨਹੀਂ ਤਾਂ ਉਹ ਮੇਰੇ ਨਾਲ ਨਰਾਜ਼ ਹੋਣਗੇ।”

ਵਾਪਸ ਮੁੜਣ ਦੀ ਜ਼ਿੱਦ ਸਾਹਵੇਂ ਉਹਦੀ ਮੋਹ ਭਰੀ ਅੰਦਰ ਲੈ ਕੇ ਜਾਣ ਦੀ ਜ਼ਿੱਦ ਮੇਰੇ ਉੱਤੇ ਭਾਰੂ ਹੋ ਗਈਬੜੇ ਹੀ ਮੋਹ, ਅਪਣੱਤ ਅਤੇ ਸਤਿਕਾਰ ਨਾਲ ਉਹਨੇ ਮੇਰਾ ਹੱਥ ਘੁੱਟਕੇ ਫੜਦਿਆਂ ਕਿਹਾ, “ਵਸਦੇ ਘਰਾਂ ਵਿੱਚੋਂ ਇੰਜ ਮੁੜਨਾ ਸ਼ੋਭਾ ਨਹੀਂ ਦਿੰਦਾਪਲੀਜ਼ …, ਬੱਸ ਭਾਈ ਸਾਹਬ ਆਉਣ ਵਾਲੇ ਨੇ ਉਨ੍ਹਾਂ ਨੂੰ ਵੀ ਮਿਲ ਕੇ ਜਾਇਉ

“ਰਿਕਸ਼ੇ ਵਾਲੇ ਨੂੰ ਛੇਤੀ ਆਉਣ ਦੀ ਤਾਕੀਦ ਕਰਕੇ ਮੈਂ ਘਰ ਦੇ ਅੰਦਰ ਚਲਾ ਗਿਆਫੁੱਲਾਂ ਬੂਟਿਆਂ ਨਾਲ ਸਜਿਆ ਲਾਅਨ ਅਤੇ ਸਾਫ ਸੁਥਰਾ ਘਰ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਇੱਥੇ ਰਹਿਣ ਵਾਲਿਆਂ ਕੋਲ ਸਲੀਕਾ ਵੀ ਹੈ ਅਤੇ ਜ਼ਿੰਦਗੀ ਜਿਉਣ ਦਾ ਹੁਨਰ ਵੀ ਜਾਣਦੇ ਨੇ

ਘਰ ਦੀ ਔਰਤ ਨੇ ਚਾਹ ਨਾਲ ਨਿਕ ਸੁਕ ਪਰੋਸਦਿਆਂ ਆਪਣੇ ਰਿਸ਼ਤੇਦਾਰ ਦੀ ਰਾਜ਼ੀ ਖੁਸ਼ੀ ਸਬੰਧੀ ਵੀ ਪੁੱਛਿਆਚਾਹ ਪਾਣੀ ਪੀਣ ਉਪਰੰਤ ਉਸ ਵਿਅਕਤੀ ਨੇ ਦੁਬਾਰਾ ਮੇਰਾ ਹੱਥ ਅਪਣੱਤ ਨਾਲ ਫੜਕੇ ਮੁਸਕਰਾਉਂਦਿਆਂ ਕਿਹਾ, “ਮਾਫ਼ ਕਰਨਾ ਭਾਈ ਸਾਹਿਬ, ਮੈਂ ਤੁਹਾਡੇ ਕੋਲ ਝੂਠ ਬੋਲਿਆ, ਮੈਂ ਉਹ ਆਪ ਹੀ ਹਾਂ, ਜਿਸ ਨੂੰ ਤੁਸੀਂ ਸਮਾਨ ਫੜਾਉਣਾ ਸੀਪਰ ਜੇਕਰ ਮੈਂ ਉੱਥੇ ਹੀ ਤੁਹਾਡੇ ਕੋਲੋਂ ਸਮਾਨ ਫੜ ਲੈਂਦਾ ਤਾਂ ਤੁਸੀਂ ਮੇਰੇ ਘਰ ਚਰਨ ਨਹੀਂ ਸੀ ਪਾਉਣੇਘਰ ਆਇਆ ਮਹਿਮਾਨ ਗੇਟ ਤੋਂ ਪਰਤ ਜਾਵੇ, ਇਹ ਤਾਂ ਉਂਜ ਹੀ ਬਦਸ਼ਗਨੀ ਹੁੰਦੀ ਹੈ ਭਲਾ ਥੋਨੂੰ ਮੈਂ ਸੁੱਚੇ ਮੂੰਹ ਗੇਟ ਤੋਂ ਕਿੰਜ ਮੋੜ ਦਿੰਦਾ? ਇਹ ਤਾਂ ਸਾਡੀ ਖੁਸ਼ਨਸੀਬੀ ਹੈ ਕਿ ਤੁਸੀਂ ਸਾਡੇ ਘਰ ਆਏਧੰਨਭਾਗ ਹਨ ਸਾਡੇ

ਮੈਂ ਹੈਰਾਨੀ ਅਤੇ ਖੁਸ਼ੀ ਭਰੇ ਲਹਿਜ਼ੇ ਨਾਲ ਉਹਦੇ ਵਲ ਵਿੰਹਦਿਆਂ ਕਿਹਾ, “ਪਰ ਭਾਈ ਸਾਹਿਬ, ਮੈਂਨੂੰ ਜਾਣ ਦੀ ਕਾਹਲੀ ਸੀਉਹ ਵਿਚਾਰਾ ਰਿਕਸ਼ੇ ਵਾਲਾ ਐਨੀ ਦੇਰ ਦਾ ਕਾਠ ਮਾਰਿਆ ਬੈਠਾ ਹੋਣੈਉਹਨੂੰ ਤਾਂ ਮੈਂ ਛੇਤੀ ਜਾਣ ਬਾਰੇ ਕਹਿ ਕੇ ਆਇਆ ਸੀ।”

ਉਹਨੇ ਚਿਹਰੇ ’ਤੇ ਤੈਰਦੀ ਮੁਸਕਰਾਹਟ ਨਾਲ ਜਵਾਬ ਦਿੱਤਾ, “ਰਿਕਸ਼ੇ ਵਾਲੇ ਨੂੰ ਚਾਹ ਪਿਲਾਕੇ ਕਿਰਾਇਆ ਦੇ ਕੇ ਭੇਜ ਦਿੱਤਾ ਸੀਥੋਨੂੰ ਅੱਡੇ ਤੇ ਛੱਡਣਾ ਮੇਰੀ ਜ਼ਿੰਮੇਵਾਰੀ ਐਮੈਂ ਆਪ ਸਕੂਟਰ ’ਤੇ ਛੱਡ ਕੇ ਆਵਾਂਗਾਜੇ ਰਾਤ ਰਹਿ ਸਕੋਂ ਤਾਂ ਹੋਰ ਵੀ ਚੰਗਾ ਲੱਗੇਗਾ।” ਉਹਦੀ ਪਤਨੀ ਵੀ ਆਪਣੇ ਪਤੀ ਦੇ ਕਹੇ ਸ਼ਬਦਾਂ ਨਾਲ ਸਹਿਮਤੀ ਦਾ ਪ੍ਰਗਟਾਵਾ ਕਰ ਰਹੀ ਸੀਦੋਨਾਂ ਦੇ ਚਿਹਰਿਆਂ ਉੱਤੇ ਅਠਖੇਲੀਆਂ ਕਰ ਰਹੀ ਮੁਸਕਰਾਹਟ ਤੋਂ ਇੰਜ ਲੱਗਦਾ ਸੀ ਜਿਵੇਂ ਧਾਰਮਿਕ ਅਸਥਾਨ ’ਤੇ ਜੋਤਾਂ ਜਗਦੀਆਂ ਹੋਣਮੈਂ ਬੜੇ ਅਦਬ ਨਾਲ ਫਿਰ ਮਿਲਣ ਦਾ ਵਾਅਦਾ ਕਰਦਿਆਂ ਬੱਸ ਅੱਡੇ ’ਤੇ ਜਾਣ ਦੀ ਬੇਨਤੀ ਕੀਤੀਉਸ ਸੱਜਣ ਦੇ ਸਕੂਟਰ ਪਿੱਛੇ ਬੈਠਿਆਂ ਮੈਂਨੂੰ ਇੱਕ ਵਿਦਵਾਨ ਦੇ ਇਹ ਬੋਲ ਵਾਰ ਵਾਰ ਚੇਤੇ ਆ ਰਹੇ ਸਨ, “ਜਦੋਂ ਅਸੀਂ ਕਿਸੇ ਨੂੰ ਫੁੱਲ ਭੇਂਟ ਕਰਦੇ ਹਾਂ ਤਾਂ ਫੁੱਲਾਂ ਦੀ ਖੁਸ਼ਬੂ ਸਾਡੇ ਹੱਥਾਂ ਨੂੰ ਵੀ ਲੱਗੀ ਰਹਿ ਜਾਂਦੀ ਹੈ।”

ਦਰਅਸਲ ਇਹੋ ਜਿਹੇ ਵਿਅਕਤੀ ਹੀ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਆਪਣੀ ਜ਼ਮੀਰ ਨੂੰ ਜਿਊਂਦਾ ਰੱਖਦੇ ਨੇ ਅਤੇ ਸੰਪਰਕ ਵਿੱਚ ਆਉਣ ਵਾਲਿਆਂ ਦੇ ਚੇਤਿਆਂ ਵਿੱਚੋਂ ਮਨਫ਼ੀ ਵੀ ਨਹੀਂ ਹੁੰਦੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1958)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author