“ਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਇਤਿਹਾਸ ਸਾਡੀ ਹੋਣੀ ’ਤੇ ਕੀਰਨੇ ਪਾਵੇਗਾ ਅਤੇ ਅਸੀਂ ...”
(5 ਜਨਵਰੀ 2023)
ਮਹਿਮਾਨ: 197.
ਪੰਜਾਬ ਇਸ ਵੇਲੇ ਚਿੱਟੇ ਦੇ ਅੱਤਵਾਦ ਦਾ ਸੰਤਾਪ ਭੋਗ ਰਿਹਾ ਹੈ। ਇਸ ਪ੍ਰਕੋਪ ਕਾਰਨ ਜਿੱਥੇ ਜਵਾਨੀ ਦਾ ਵੱਡਾ ਵਰਗ ਖੇਡਾਂ, ਸਾਹਿਤ, ਕਿਰਤ, ਨੈਤਿਕ ਕਦਰਾਂ ਕੀਮਤਾਂ ਅਤੇ ਪੁਸਤਕ ਸੱਭਿਆਚਾਰ ਤੋਂ ਬੇਮੁੱਖ ਹੋਇਆ ਹੈ, ਉੱਥੇ ਹੀ ਬਦਮਾਸ਼ੀ, ਅਯਾਸ਼ੀ, ਆਸ਼ਕੀ ਅਤੇ ਆਵਾਰਗੀ ਦਾ ਸ਼ਿਕਾਰ ਵੀ ਹੋਇਆ ਹੈ। ਸ਼ਰਾਬ, ਭੁੱਕੀ, ਅਫੀਮ, ਸਿਗਰਟ ਜਿਹੇ ਰਵਾਇਤੀ ਨਸ਼ਿਆਂ ਨੂੰ ਤਿਲਾਂਜਲੀ ਦੇ ਕੇ ਮਹਿੰਗੇ ਅਤੇ ਜਾਨਲੇਵਾ ਨਸ਼ੇ ਚਿੱਟੇ ਦੀ ਵਰਤੋਂ ਕਰਕੇ ਸਿਵਿਆਂ ਦੇ ਰਾਹ ਪਿਆ ਹੋਇਆ ਹੈ। ਦੁਖਾਂਤਕ ਪੱਖ ਇਹ ਵੀ ਹੈ ਕਿ ਹੁਣ ਮੁੰਡਿਆਂ ਦੇ ਨਾਲ ਨਾਲ ਬਹੁਤ ਸਾਰੀਆਂ ਕੁੜੀਆਂ ਜਿੱਥੇ ਚਿੱਟੇ ਦੀ ਵਰਤੋਂ ਕਰਦੀਆਂ ਹਨ, ਉੱਥੇ ਹੀ ਨਸ਼ੇ ਦੀ ਖੇਪ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਕੋਰੀਅਰ ਵਜੋਂ ਵੀ ਕੰਮ ਕਰ ਰਹੀਆਂ ਹਨ। ਅਜਿਹੇ ਵਰਤਾਰੇ ਵਿੱਚ ਨੈਤਿਕ ਕਦਰਾਂ-ਕੀਮਤਾਂ, ਸਦਾਚਾਰ, ਭਾਈਚਾਰਕ ਤੰਦਾਂ, ਉੱਚ ਆਦਰਸ਼ ਅਤੇ ਸਹਿਣਸ਼ੀਲਤਾ ਖੇਰੂੰ ਖੇਰੂੰ ਹੋਣ ਦੇ ਨਾਲ ਨਾਲ ਪਰਿਵਾਰ ਅਤੇ ਪ੍ਰਾਂਤ ਦੀ ਅਰਥ ਵਿਵਸਥਾ, ਸਿੱਖਿਆ, ਸਿਹਤ, ਰੁਜ਼ਗਾਰ, ਵਿਅਕਤੀਤਵ ਵਿਕਾਸ, ਕਾਨੂੰਨ ਦੀ ਉਲੰਘਨਾ, ਅਨੁਸ਼ਾਸ਼ਨਹੀਣਤਾ ਆਦਿ ’ਤੇ ਵੀ ਪ੍ਰਸ਼ੰਨ ਚਿੰਨ੍ਹ ਲੱਗ ਗਿਆ ਹੈ। ਇਸ ਵੇਲੇ ਸਮਾਜ ਬਿਮਾਰ ਹੈ ਅਤੇ ਬਿਮਾਰ ਸਮਾਜ ਕਦੇ ਵੀ ਤਰੱਕੀ ਦੀਆਂ ਬੁਲੰਦੀਆਂ ਨਹੀਂ ਛੋਹ ਸਕਦਾ। ਭਲਾ, ਜਿੱਥੇ ਬਜ਼ੁਰਗਾਂ ਦੀ ਚਿੱਟੀ ਦਾੜ੍ਹੀ ਹੰਝੂਆਂ ਨਾਲ ਭਰੀ ਹੋਵੇ, ਜਿੱਥੇ ਮਾਂਵਾਂ ਦੇ ਕੀਰਨੇ ਕੰਧਾਂ ਨੂੰ ਵੀ ਰਵਾ ਰਹੇ ਹੋਣ, ਜਿੱਥੇ ਵਿਹੜੇ ਵਿੱਚ ਵਿਛੇ ਸੱਥਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੋਵੇ ਅਤੇ ਹਰ ਰੋਜ਼ ਨਸ਼ਿਆਂ ਕਾਰਨ ਸਿਵਿਆਂ ਦੀ ਅੱਗ ਪ੍ਰਚੰਢ ਹੋ ਰਹੀ ਹੋਵੇ, ਉੱਥੇ ‘ਵਿਕਾਸ ਦੀ ਹਨੇਰੀ’ ਦਾ ਦਾਅਵਾ ਥੋਥਾ ਜਿਹਾ ਜਾਪਦਾ ਹੈ।
ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿੱਥੇ ਕੁੜੀਆਂ ਨੂੰ ਨਸ਼ੇ ਵਿੱਚ ਟੱਲੀ ਹੋ ਕੇ ਸੜਕ ’ਤੇ ਬੇਹੋਸ਼ੀ ਦੀ ਹਾਲਤ ਵਿੱਚ ਡਿਗੀਆਂ ਪਈਆਂ ਵਿਖਾਇਆ ਗਿਆ ਹੈ। ਬੱਸ ਵਿੱਚ ਕੁੜੀਆਂ ਦੀਆਂ ਢਾਣੀਆਂ ਨੂੰ ਨਸ਼ਈ ਹਾਲਤ ਵਿੱਚ ਸਭਿਅਤਾਹੀਣ ਹਰਕਤਾਂ ਕਰਦਿਆਂ ਵੀ ਵੇਖਿਆ ਗਿਆ ਹੈ। ਕਿਸੇ ਵਿਦਵਾਨ ਦੇ ਬੋਲ ਹਨ, “ਮਰਦ ਆਪਣੀ ਹਿੰਮਤ ਨਾਲ ਮਕਾਨ ਬਣਾਉਂਦਾ ਹੈ ਅਤੇ ਔਰਤ ਉਸ ਨੂੰ ਆਪਣੇ ਸੁਚੱਜੇ ਵਰਤਾਓ, ਪਿਆਰ ਅਤੇ ਅਪਣੱਤ ਨਾਲ ‘ਘਰ’ ਦਾ ਰੂਪ ਦਿੰਦੀ ਹੈ।” ਗੰਭੀਰ ਹੋ ਕੇ ਸੋਚਣ ਵਾਲੀ ਗੱਲ ਹੈ ਕਿ ਅਜਿਹੀਆਂ ਕੁੜੀਆਂ ਜਦੋਂ ਪਤਨੀ ਦੇ ਰੂਪ ਵਿੱਚ ਘਰ ਸੰਭਾਲਣਗੀਆਂ ਤਾਂ ਕੀ ਮਕਾਨ ਨਰਕ ਦਾ ਰੂਪ ਧਾਰਨ ਨਹੀਂ ਕਰੇਗਾ? ਬੱਚਿਆਂ ਦੇ ਮਾਹਿਰ ਡਾ. ਰਿਚਰਡ ਰੌਡ ਨੇ ਪ੍ਰਗਟਾਵਾ ਕੀਤਾ ਹੈ, “ਨਸ਼ਾ ਕਰਨ ਵਾਲੀਆਂ ਔਰਤਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਦੇ ਦਿਮਾਗੀ ਵਿਕਾਸ ’ਤੇ ਬੁਰਾ ਅਸਰ ਪੈਂਦਾ ਹੈ ਅਤੇ ਉਹ ਯਹੂਦੀ ਟਾਈਪ ਵੀ ਹੋਵੇਗਾ।” ਦੂਜੇ ਸ਼ਬਦਾਂ ਵਿੱਚ ਅਜਿਹੀ ਮਾਰੂ ਅਤੇ ਚਿੰਤਾਜਨਕ ਸਥਿਤੀ ਵਿੱਚ ਪੰਜਾਬ ਦੇ ਭਵਿੱਖ ਦੇ ਨਾਲ-ਨਾਲ ਨਸਲਾਂ ਨੂੰ ਵੀ ਗੰਭੀਰ ਖ਼ਤਰਾ ਹੈ।
ਕੁਝ ਸਮਾਂ ਪਹਿਲਾਂ ਰੋਪੜ ਦੇ ਹਸਪਤਾਲ ਵਿੱਚ ਇੱਕ 8-9 ਸਾਲਾਂ ਦੀ ਕੁੜੀ ਨੂੰ ਦਾਖ਼ਲ ਕਰਵਾਇਆ ਗਿਆ, ਜਿਸ ਨੂੰ ਭੁੱਕੀ ਖਾਣ ਦੀ ਆਦਤ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦੇ ਮਾਂ-ਬਾਪ ਭੁੱਕੀ ਵੇਚਣ ਦਾ ਧੰਦਾ ਕਰਦੇ ਸਨ ਅਤੇ ਘਰ ਵਿੱਚ ਭੁੱਕੀ ਆਮ ਪਈ ਹੋਣ ਕਾਰਨ ਮਾਸੂਮ ਬੱਚੀ ਨਸ਼ੇ ਦਾ ਸੇਵਨ ਕਰਨ ਲੱਗ ਪਈ। ਇਸ ਮੰਦਭਾਗੀ ਘਟਨਾ ਨੇ ਇਹ ਸਪਸ਼ਟ ਕਰ ਦਿੱਤਾ ਕਿ ਬੱਚਿਆਂ ਨੂੰ ਮਾੜੇ ਸੰਸਕਾਰ ਅਤੇ ਬੁਰੀਆਂ ਆਦਤਾਂ ਪ੍ਰਦਾਨ ਕਰਨ ਵਿੱਚ ਮਾਪਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਬਹੁਤ ਸਾਰੀਆਂ ਕੁੜੀਆਂ ਦਾ ਨਸ਼ਿਆਂ ਦੀ ਪੂਰਤੀ ਲਈ ਪੈਸਿਆਂ ਦਾ ਜੁਗਾੜ ਦੇਹ ਵਿਉਪਾਰ ਦੇ ਧੰਦੇ ਨਾਲ ਜੁੜ ਕੇ ਕਰਨ ਦੀਆਂ ਘਟਨਾਵਾਂ ਨੇ ਵੀ ਮਨੁੱਖੀ ਮਨ ਨੂੰ ਸੁੰਨ ਕਰ ਦਿੱਤਾ ਹੈ। ਚਿੱਟੇ ਦੀਆਂ ਪੁੜੀਆਂ ਹੱਥਾਂ ਵਿੱਚ ਆਉਣ ਕਾਰਨ ਨਸ਼ਿਆਂ ਦੀ ਤਸਕਰੀ, ਲੁੱਟ-ਖੋਹ ਦੀਆਂ ਵਾਰਦਾਤਾਂ ਅਤੇ ਦੇਹ ਵਿਉਪਾਰ ਦੇ ਧੰਦੇ ਦਾ ਪ੍ਰਫੁੱਲਤ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੋਣ ਦੇ ਨਾਲ ਨਾਲ ਸਮਾਜ ਲਈ ਧੱਬਾ ਵੀ ਹੈ।
ਪੁਲਿਸ ਅਕੈਡਮੀ ਫਿਲੌਰ ਵਿੱਚ ਚਿੱਟੇ ਦੀ ਘੁਸਪੈਠ ਜਿੱਥੇ ਚਿੰਤਾ ਦਾ ਵਿਸ਼ਾ ਹੈ, ਉੱਥੇ ਹੀ ਲਾਗਲੇ ਪਿੰਡ ਦੀ ਨਸ਼ਾ ਸਪਲਾਈ ਕਰਨ ਵਾਲੀ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਪੁਲਿਸ ਅਕੈਡਮੀ ਵਿੱਚ ਇੱਕ ਪੁਲਿਸ ਕਰਮਚਾਰੀ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ ਅਤੇ ਇਸ ਅਕੈਡਮੀ ਦੀ ਇਸਤਰੀ ਪੁਲਿਸ ਮੁਲਾਜ਼ਮ ਦਾ ਨਸ਼ਿਆਂ ਦੀ ਦਲਦਲ ਵਿੱਚ ਧਸਣ ਦਾ ਸਨਸਨੀਖੇਜ਼ ਪ੍ਰਗਟਾਵਾ ਵੀ ਹੋਇਆ ਹੈ। ਇੱਥੇ ਵਰਨਣਯੋਗ ਹੈ ਕਿ ਇਸ ਅਕੈਡਮੀ ਵਿੱਚ ਅੱਪਰ ਕੋਰਸ ਕੀਤੇ ਬਿਨਾਂ ਅਗਲੀ ਤਰੱਕੀ ਸੰਭਵ ਨਹੀਂ। ਗੰਭੀਰ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ ਕਿ ਜੇਕਰ ਅਜਿਹੀ ਪੁਲਿਸ ਅਕੈਡਮੀ ਵਿੱਚ ਨਸ਼ਿਆਂ ਦਾ ਮੱਕੜਜਾਲ਼ ਹੈ, ਫਿਰ ਇੱਥੋਂ ਅੱਪਰ ਕੋਰਸ ਕਰਨ ਉਪਰੰਤ ਜਦੋਂ ਪੁਲਿਸ ਮੁਲਾਜ਼ਮ ਫੀਲਡ ਵਿੱਚ ਜਾਣਗੇ ਤਾਂ ਉਨ੍ਹਾਂ ਦੀ ‘ਨਸ਼ਾ ਮੁਕਤ ਸਮਾਜ ਸਿਰਜਣ’ ਵਿੱਚ ਸ਼ੱਕੀ ਭੂਮਿਕਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਭਲਾ ਜਦੋਂ ਦਰਬਾਨ ਦੀ ਅੱਖ ਚੋਰਾਂ ਨਾਲ ਮਿਲ ਜਾਵੇ, ਫਿਰ ਜਾਨ ਅਤੇ ਮਾਲ ਦੋਨਾਂ ਨੂੰ ਹੀ ਗੰਭੀਰ ਖ਼ਤਰਾ ਹੁੰਦਾ ਹੈ। ਜਦੋਂ ਮਾਲੀ ਦਗ਼ਾਬਾਜ਼ ਹੋ ਜਾਣ ਤਾਂ ਮਹਿਕਾਂ ਦੀ ਪੱਤ ਸੁਰੱਖਿਅਤ ਨਹੀਂ ਰਹਿੰਦੀ।
ਸਿਰਵੇਖਣ ਵਿੱਚ ਇਹ ਖੌਫਨਾਕ ਪ੍ਰਗਟਾਵਾ ਵੀ ਸਾਹਮਣੇ ਆਇਆ ਹੈ ਕਿ ਪੀ.ਜੀ. ਵਿੱਚ ਰਹਿੰਦੀਆਂ ਕਾਲਜ, ਯੂਨੀਵਰਸਿਟੀ, ਆਈਲੈਟਸ ਕਰਦੀਆਂ ਬਹੁਤ ਸਾਰੀਆਂ ਲੜਕੀਆਂ ਜਿੱਥੇ ਨਸ਼ੇ ਦੇ ਮੱਕੜਜਾਲ ਵਿੱਚ ਫਸ ਕੇ ਥਿੜਕ ਚੁੱਕੀਆਂ ਹਨ, ਉੱਥੇ ਹੀ ਨਸ਼ੇ ਦੇ ਵਿਉਪਾਰੀ ਅਜਿਹੀਆਂ ਲੜਕੀਆਂ ਰਾਹੀਂ ਸਮਗਲਿੰਗ ਕਰਵਾਉਣੀ ਸੁਰੱਖਿਅਤ ਸਮਝਦੇ ਹਨ। ਕੁਝ ਮਹੀਨੇ ਪਹਿਲਾਂ ਹੀ ਅਮ੍ਰਿਤਸਰ ਦੇ ਇੱਕ ਕਾਲਜ ਵਿੱਚ ਐੱਮ.ਐੱਸ.ਸੀ. ਕਰਦੀ ਲੜਕੀ ਆਪਣੇ ਦੋਸਤ ਲੜਕੇ ਨਾਲ ਇੱਕ ਮਹਿੰਗੀ ਕਾਰ ਵਿੱਚ ਸਫ਼ਰ ਕਰ ਰਹੀ ਸੀ। ਪੁਲਿਸ ਨੇ ਮੁਖ਼ਬਰੀ ਦੇ ਆਧਾਰ ’ਤੇ ਜਦੋਂ ਉਨ੍ਹਾਂ ਦੀ ਕਾਰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿੱਚੋਂ 30 ਕਰੋੜ ਦਾ ਚਿੱਟਾ ਬਰਾਮਦ ਹੋਇਆ ਸੀ। ਇਸ ਤੋਂ ਪਹਿਲਾਂ ਭੁੱਕੀ, ਅਫੀਮ, ਸ਼ਰਾਬ ਆਦਿ ਦੀ ਸਮਗਲਿੰਗ ਔਰਤਾਂ ਕਰਦੀਆਂ ਸਨ, ਪਰ ਹੁਣ ਤਾਂ ਸਰਦੇ-ਪੁੱਜਦੇ ਘਰਾਂ ਦੀਆਂ ਧੀਆਂ-ਧਿਆਣੀਆਂ ਇਸ ਘਿਨਾਉਣੇ ਵਿਉਪਾਰ ਦਾ ਹਿੱਸਾ ਬਣਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਦੇ ਨਾਲ ਨਾਲ ਸਮਾਜ ਨੂੰ ਤਬਾਹੀ ਵੱਲ ਲੈ ਕੇ ਜਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਮਹਿੰਗੇ ਅਤੇ ਜਾਨਲੇਵਾ ਨਸ਼ੇ ਦਾ ਸ਼ਿਕਾਰ ਹੋਈਆਂ ਕੁੜੀਆਂ ਦਾ ਦੇਹ ਵਿਉਪਾਰ ਦੇ ਧੰਦੇ ਵਿੱਚ ਧਸ ਕੇ ਏਡਜ਼ ਦਾ ਸ਼ਿਕਾਰ ਹੋਣ ਦੀਆਂ ਸੁੰਨ ਕਰਨ ਵਾਲੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੀ ਅਣਸੁਖਾਂਵੀਂ ਅਤੇ ਡਰਾਉਣੀ ਤਸਵੀਰ ਸਾਡੇ ਸਮਾਜ ਦੇ ਮੱਥੇ ’ਤੇ ਧੱਬਾ ਹੈ ਅਤੇ ਅਜਿਹਾ ਵਰਤਾਰਾ ਨੈਤਿਕਤਾ ਅਤੇ ਕਿਰਦਾਰ ਦੇ ਨਿਘਾਰ ਦੀ ਸਿਖਰ ਹੈ। ਕੁਝ ਸਮਾਂ ਪਹਿਲਾਂ ਲੁਧਿਆਣਾ ਵਿੱਚ ਗਿਰੋਹ ਬਣਾ ਕੇ ਚਿੱਟਾ ਵੇਚਦੀਆਂ ਕੁੜੀਆਂ ਪੁਲਿਸ ਦੀ ਗ੍ਰਿਫਤ ਵਿੱਚ ਆਈਆਂ ਸਨ। ਉਨ੍ਹਾਂ ਵੱਲੋਂ ਵੀ ਅਜਿਹੇ ਸੁੰਨ ਕਰਨ ਵਾਲੇ ਕਾਰਨਾਮਿਆਂ ਦਾ ਪ੍ਰਗਟਾਵਾ ਕੀਤਾ ਗਿਆ ਸੀ।
26 ਜੂਨ, 2018 ਨੂੰ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਕਪੂਰਥਲਾ ਵਿੱਚ ਨਸ਼ਈ ਲੜਕੀਆਂ ਦੇ ਇਲਾਜ ਲਈ ਸਰਕਾਰੀ ਤੌਰ ’ਤੇ ਨਸ਼ਾ ਛੁਡਾਊ ਕੇਂਦਰ ਖੋਲ੍ਹਣਾ ਅਤੇ ਵੱਡੇ ਸ਼ਹਿਰਾਂ ਵਿੱਚ ਖੋਲ੍ਹੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਅੱਗੇ ਇਸ ਤਰ੍ਹਾਂ ਦਾ ਲੱਗਿਆ ਬੋਰਡ, “ਇੱਥੇ ਲੜਕੀਆਂ ਦਾ ਨਸ਼ਾ ਛੁਡਾਉਣ ਦਾ ਵਿਸ਼ੇਸ਼ ਪ੍ਰਬੰਧ ਹੈ।” ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਲੜਕੀਆਂ ਨੂੰ ਵੀ ਨਸ਼ੇ ਦਾ ਸੇਕ ਲੱਗ ਚੁੱਕਿਆ ਹੈ। ਪਿਛਲੇ ਦਿਨੀਂ ਅਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧ ਵਿੱਚ ਦੋ ਔਰਤਾਂ ਗ੍ਰਿਫਤਾਰ ਕੀਤੀਆਂ ਗਈਆਂ। ਗਿਰੋਹ ਨਾਲ ਸਬੰਧਤ ਇਹ ਦੋਨੋਂ ਔਰਤਾਂ ਭਾਰੀ ਮਾਤਰਾ ਵਿੱਚ ਚਿੱਟੇ ਦਾ ਸੇਵਨ ਕਰਦੀਆਂ ਸਨ। ਨਸ਼ੇ ਦੀ ਪੂਰਤੀ ਅਤੇ ਐਸ਼-ਪ੍ਰਸਤੀ ਭਰਿਆ ਜੀਵਨ ਬਤੀਤ ਕਰਨ ਲਈ ਉਨ੍ਹਾਂ ਨੇ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ। ਇਸ ਤਰ੍ਹਾਂ ਹੀ ਬਠਿੰਡਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਬੇਹੋਸ਼ ਹੋਈਆਂ ਤਿੰਨ ਕੁੜੀਆਂ ਦਾ ਰੇਲਵੇ ਦੀ ਪਟੜੀ ਲਾਗੇ ਡਿਗੀਆਂ ਪਈਆਂ ਮਿਲਣਾ ਵੀ ਸਮਾਜਿਕ ਨਾਮੋਸ਼ੀ ਦਾ ਕਾਰਨ ਬਣਿਆ ਸੀ। ਕੁਝ ਦਿਨ ਪਹਿਲਾਂ ਹੀ ਐੱਸ.ਟੀ.ਐੱਫ. ਦੀ ਟੀਮ ਨੇ ਲੁਧਿਆਣਾ ਦੇ ਇੱਕ ਥਾਣੇ ਵਿੱਚ ਨਿਯੁਕਤ ਵਧੀਕ ਥਾਣੇਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਆਪਣੀ ਨਸ਼ਾ ਤਸਕਰ ਔਰਤ ਨਾਲ ਮਿਲਕੇ 10 ਤੋਂ ਵੱਧ ਠਿਕਾਣਿਆਂ ਤੇ ਚਿੱਟੇ ਦੀ ਸਪਲਾਈ ਕਰਦਾ ਸੀ। ਔਰਤ ਅਤੇ ਥਾਣੇਦਾਰ ਸਲਾਖਾਂ ਪਿੱਛੇ ਹਨ। ਇਨ੍ਹਾਂ ਕੋਲੋਂ ਅੰਦਾਜ਼ਨ ਸਵਾ 400 ਕਰੋੜ ਮੁੱਲ ਦਾ ਚਿੱਟਾ ਬਰਾਮਦ ਹੋਇਆ ਹੈ। ਭਲਾ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਅਤੇ ਕੁੱਤੀ ਚੋਰਾਂ ਨਾਲ ਰਲ ਜਾਵੇ, ਫਿਰ ਘਰਾਂ ਦੀ ਬਰਕਤ, ਸ਼ਾਂਤੀ ਅਤੇ ਸਮਾਜਿਕ ਸੁਰੱਖਿਆ ’ਤੇ ਪ੍ਰਸ਼ਨ ਚਿੰਨ੍ਹ ਲੱਗਣਾ ਹੀ ਹੈ।
ਵਿਦਵਾਨ ਚਾਣਕਯ ਨੇ ਲਿਖਿਆ ਹੈ, “ਮੈਨੂੰ ਉਨ੍ਹਾਂ ਲੋਕਾਂ ’ਤੇ ਗੁੱਸਾ ਨਹੀਂ ਆਉਂਦਾ, ਜੋ ਗੁਨਾਹ ਕਰਦੇ ਨੇ। ਉਨ੍ਹਾਂ ਲੋਕਾਂ ’ਤੇ ਗੁੱਸਾ ਆਉਂਦਾ ਹੈ, ਜੋ ਗੁਨਾਹ ਹੁੰਦਿਆਂ ਵੇਖ ਕੇ ਚੁੱਪ ਕਰ ਜਾਂਦੇ ਨੇ। ਜਦੋਂ ਬੁਰੇ ਲੋਕ ਜੁੰਡਲੀ ਬਣਾ ਲੈਣ ਤਾਂ ਭਲੇ ਲੋਕਾਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ।” ਅਜਿਹੀ ਸਥਿਤੀ ਨੂੰ ਸੁਖਾਵਾਂ ਮੋੜ ਦੇਣ ਲਈ ਸਰਕਾਰ ਦੀ ਦ੍ਰਿੜ੍ਹ ਇੱਛਾ ਸ਼ਕਤੀ, ਲੋਕਾਂ ਦਾ ਭਰਵਾਂ ਸਹਿਯੋਗ, ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਮਰਪਿਤ ਭਾਵਨਾ, ਅਧਿਆਪਕਾਂ, ਰੰਗ ਕਰਮੀਆਂ, ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੇ ਸੰਯੁਕਤ ਰੂਪ ਵਿੱਚ ਉਪਰਾਲਿਆਂ ਨਾਲ ਜਿੱਥੇ ਕੁਰਾਹੇ ਪਈਆਂ ਲੜਕੀਆਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕਦਾ ਹੈ, ਉੱਥੇ ਹੀ ਨਸ਼ਿਆਂ ਦੇ ਦੈਂਤ ਨੂੰ ਵੀ ਢਹਿ ਢੇਰੀ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਇਤਿਹਾਸ ਸਾਡੀ ਹੋਣੀ ’ਤੇ ਕੀਰਨੇ ਪਾਵੇਗਾ ਅਤੇ ਅਸੀਂ ਬੁਜ਼ਦਿਲਾਂ ਦੀ ਕਤਾਰ ਵਿੱਚ ਸ਼ਾਮਲ ਹੋਵਾਂਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3721)
(ਸਰੋਕਾਰ ਨਾਲ ਸੰਪਰਕ ਲਈ: