“ਅਗਲੇ ਦਿਨ ਟੀ.ਵੀ. ’ਤੇ ਰਮਾਇਣ ਵਿਹੰਦਿਆਂ ਜਦੋਂ ਉਨ੍ਹਾਂ ਨੇ ਰਾਵਣ ਨੂੰ ...”
(26 ਜਨਵਰੀ 2021)
(ਸ਼ਬਦ 790)
ਸਰਮਾਇਆ
ਜਦ ਵੀ ਉਸਨੇ ਕੋਈ ਨਵੀਂ ਨਜ਼ਮ ਲਿਖਣੀ ਹੁੰਦੀ ਉਹ ਅੰਤਾਂ ਦਾ ਉਦਾਸ ਹੋ ਜਾਂਦਾ ਤੇ ਕਈ ਕਈ ਦਿਨ ਆਪਣੀ ਉਦਾਸੀ ਜਖ਼ਮੀ ਮੁਸਕਰਾਹਟ ਦੇ ਥੱਲੇ ਛੁਪਾਉਂਦਾ ਰਹਿੰਦਾ। ਫਿਰ ਆਪ ਮੁਹਾਰੇ ਉਸਦੀ ਕਲਮ ਕਾਗਜ਼ ਦੀ ਹਿੱਕ ’ਤੇ ਚੱਲਣ ਲੱਗ ਪੈਂਦੀ। ਨਜ਼ਮ ਲਿਖਣ ਤੋਂ ਬਾਅਦ ਉਸ ਨੂੰ ਜਾਪਦਾ ਜਿੱਦਾਂ ਮਣਾਂ ਮੂੰਹੀਂ ਪਏ ਬੋਝ ਤੋਂ ਉਹ ਸੁਰਖਰੂ ਹੋ ਗਿਆ ਹੋਵੇ। ਉਹ ਆਪਣੇ ਆਪ ਨੂੰ ਫੁੱਲਾਂ ਵਾਂਗ ਹੌਲਾ ਮਹਿਸੂਸ ਕਰਨ ਲੱਗ ਪੈਂਦਾ। ਇੱਕ ਨਸ਼ਾ, ਇੱਕ ਸਰੂਰ ਉਹਦੀ ਜਿੰਦ ’ਤੇ ਛਾ ਜਾਂਦਾ ਤੇ ਆਪਣੀ ਲਿਖੀ ਨਜ਼ਮ ਦੀਆਂ ਤੁਕਾਂ ਗੁਣਗੁਣਾਉਂਦਾ ਰਹਿੰਦਾ।
ਅੱਗੇ ਵਾਂਗ ਉਹ ਫਿਰ ਕਈ ਦਿਨਾਂ ਦਾ ਉਦਾਸ ਸੀ। ਉਸ ਨੂੰ ਜਾਪਿਆ ਜਿਵੇਂ ਸਾਰੀ ਦੁਨੀਆਂ ਹੀ ਗੈਰ ਹੋ ਗਈ ਹੋਵੇ। ਬੀਤੇ ਦੀ ਰਾਖ਼ ਨੂੰ ਫਰੋਲ ਕੇ ਉਹ ਹੋਰ ਵੀ ਉਦਾਸ ਹੋ ਗਿਆ। ਆਪਣੇ ਮਨ ’ਤੇ ਉਦਾਸੀ ਦੀ ਬੁੱਕਲ ਮਾਰ ਕੇ ਉਹ ਘਰੋਂ ਬਾਹਰ ਨੂੰ ਤੁਰ ਪਿਆ।
ਰਾਤ ਦਾ ਘੁੱਪ ਹਨੇਰਾ। ਫਿਰ ਉਹਦੇ ਪੈਰ ਬਿਜਲੀ ਦੇ ਖੰਭੇ ਕੋਲ ਜਾ ਕੇ ਖੜੋ ਗਏ। ਖੰਭੇ ’ਤੇ ਲੱਗੇ ਬੱਲਬ ਦੀ ਰੋਸ਼ਨੀ ਵਿੱਚ ਉਹਦੇ ਮਨ ਦੀਆਂ ਪੀੜਾਂ ਸ਼ਬਦਾਂ ਦਾ ਰੂਪ ਧਾਰਨ ਕਰਦੀਆਂ ਗਈਆਂ। ਨਜ਼ਮ ਲਿਖਣ ਤੋਂ ਬਾਅਦ ਉਹਨੇ ਕਿੰਨੀ ਹੀ ਵਾਰ ਪੜ੍ਹੀ। ਹਰ ਵਾਰ ਪੜ੍ਹਨ ਤੋਂ ਬਾਅਦ ਉਹਨੂੰ ਮਾਨਸਿਕ ਸਕੂਨ ਮਿਲਿਆ।
ਉਸਨੇ ਘੜੀ ਵੱਲ ਨਜ਼ਰ ਮਾਰੀ। ਰਾਤ ਦੇ ਸਾਢੇ ਬਾਰਾਂ ਵੱਜ ਗਏ ਸਨ। ਨਜ਼ਮ ਵਾਲਾ ਕਾਗਜ਼ ਬੋਝੇ ਵਿੱਚ ਪਾ ਕੇ ਉਹ ਘਰ ਵੱਲ ਨੂੰ ਚੱਲ ਪਿਆ। ਹੁਣ ਉਹਦੇ ਕਦਮਾਂ ਵਿੱਚ ਫੁਰਤੀ ਸੀ। ਮਨ ਅੰਦਰ ਪਹਿਲਾਂ ਵਾਂਗ ਜਵਾਰ ਭਾਟਾ ਨਹੀਂ ਸੀ। ਕੁਝ ਕਦਮ ਅਗਾਂਹ ਜਾ ਕੇ ਉਸ ਨੂੰ ਚੌਕੀਦਾਰ ਦੀ’ ਜਾਗਦੇ ਰਹੋ’ ਦੀ ਅਵਾਜ਼ ਸੁਣੀ। ਉਸਨੇ ਸੋਚਿਆ, “ਚੌਕੀਦਾਰ ਲੋਕਾਂ ਨੂੰ ਚੋਰਾਂ ਤੋਂ ਸੁਚੇਤ ਕਰ ਰਿਹਾ ਹੈ। ਫਿਰ ਉਹਦੇ ਮਨ ਵਿੱਚ ਇੱਕ ਹੋਰ ਸੋਚ ਉੱਭਰੀ, “ਜੇ ਹੁਣ ਭਲਾ ਚੋਰ ਮੈਂਨੂੰ ਟੱਕਰ ਜਾਣ, ਮੇਰੇ ਕੋਲੋਂ ਕੀ ਖੋਹ ਲੈਣਗੇ? ਮੇਰੇ ਕੋਲ ਤਾਂ ਸਾਰੇ ਦਿਨ ਦੀ ਕਾਰਗੁਜ਼ਾਰੀ ਸਿਰਫ ਦਸ ਬਾਰਾਂ ਰੁਪਏ ਹੀ ਨੇ, ਬੱਸ ਇਹ ...। ਫਿਰ ਉਹਦੀਆਂ ਸੋਚਾਂ ਨੇ ਪਾਸਾ ਪਰਤਿਆ, “ਕਮਲਿਆ, ਤੇਰਾ ਅਸਲੀ ਸਰਮਾਇਆ ਤਾਂ ਤੇਰੀ ਹੁਣੇ ਲਿਖੀ ਇਹ ਨਜ਼ਮ ਹੈ। ਕਿਤੇ ਇਹ ਨਾ ...।”
ਫਿਰ ਉਹਨੇ ਬੋਝੇ ਵਿੱਚੋਂ ਨਜ਼ਮ ਕੱਢਕੇ ਹਿੱਕ ਨਾਲ ਲਾ ਲਈ।
***
ਅੱਜ ਦੀ ਸੀਤਾ
ਦਿਨ ਦਿਹਾੜੇ ਗਰੀਬ ਕਰਮੂ ਦੀ ਝੌਂਪੜੀ ਵਿੱਚ ਜਾ ਕੇ ਪਿੰਡ ਦੇ ਜਗੀਰਦਾਰ ਨੇ ਉਹਦੀ ਔਰਤ ਨਾਲ ਬਲਾਤਕਾਰ ਕੀਤਾ ਸੀ। ਉਹ ਵਿਚਾਰੀ ਕੁਰਲਾਉਂਦੀ ਰਹੀ, ਪਰ ਉਹਦੀਆਂ ਚੀਕਾਂ ਨੂੰ ਸੁਣਕੇ ਵੀ ਮੁਹੱਲੇ ਵਾਲਿਆਂ ਨੇ ਅਣਸੁਣਿਆ ਕਰ ਦਿੱਤਾ।
“ਉਹਦੇ ਨਾਲ ਪੰਗਾ ਲੈ ਕੇ ਅਸੀਂ ਐਵੇਂ ਕਾਹਨੂੰ ਕੰਡਿਆਂ ਵਿੱਚ ਹੱਥ ਪਾਈਏ ...। ਮੁਹੱਲੇ ਵਾਲਿਆਂ ਵਿੱਚ ਬਹੁਤਿਆਂ ਦੀ ਇਹ ਸੋਚ ਸੀ।
ਅਗਲੇ ਦਿਨ ਟੀ.ਵੀ. ’ਤੇ ਰਮਾਇਣ ਵਿਹੰਦਿਆਂ ਜਦੋਂ ਉਨ੍ਹਾਂ ਨੇ ਰਾਵਣ ਨੂੰ ਸੀਤਾ ਚੁੱਕ ਕੇ ਲਿਜਾਂਦਿਆਂ ਵੇਖਿਆ ਤਾਂ ਉਹ ਅੱਥਰੂ ਵਹਾ ਰਹੇ ਸਨ।
***
ਉਮਰ
ਖਿੜਕੀ ਖੁੱਲ੍ਹਦਿਆਂ ਹੀ ਜਦੋਂ ਉਹਨੂੰ ਸਾਹਮਣੇ ਉਹ ਖੜ੍ਹਾ ਵਿਖਾਈ ਦਿੰਦਾ ਤਾਂ ਘਰ ਵਿੱਚ ਉਪਜਿਆ ਮਾਨਸਿਕ ਤਣਾਉ ਪਰ ਲਾ ਕੇ ਉੱਡ ਜਾਂਦਾ ਸੀ। ਸੱਸ ਦੇ ਮਿਹਣੇ, ਪਤੀ ਦੀਆਂ ਝਿੜਕਾਂ, ਘਰ ਦਾ ਖਲਜਗਣ ਸਭ ਕੁਝ ਭੁੱਲ ਕੇ ਉਹ ਇੱਕ ਟੱਕ ਉਹਦੇ ਵੱਲ ਵੇਖਣ ਲੱਗ ਪੈਂਦੀ। ਸਾਹਮਣੇ ਵਿਹੰਦੀਆਂ ਨਜ਼ਰਾਂ ਵਿੱਚ ਮੋਹ-ਸੁਨੇਹਾ ਪੜ੍ਹ ਕੇ ਉਹਨੂੰ ਆਪਣਾ ਆਪ ਚੰਗਾ ਚੰਗਾ ਲੱਗਣ ਲੱਗ ਪੈਂਦਾ। ਹਫ਼ਤੇ ਤੋਂ ਵੀ ਘੱਟ ਹੀ ਚੱਲਿਆ ਇਹ ਸਿਲਸਿਲਾ। ਇੱਕ ਦਿਨ ਉਹਦੀ ਸੱਸ ਨੇ ਮੌਕੇ ’ਤੇ ਵੇਖ ਲਿਆ ਤੇ ਫਿਰ ਖਿੜਕੀ ਹਮੇਸ਼ਾ ਲਈ ਬੰਦ ਹੋ ਗਈ।
ਕਈ ਸਾਲਾਂ ਬਾਅਦ ਉਹਦੀ ਗੁਆਂਢਣ ਨੇ ਕਿਤੇ ਗੱਲਾਂ ਗੱਲਾਂ ਵਿੱਚ ਉਹਨੂੰ ਪੁੱਛਿਆ, “ਭਲਾ ਬਿਮਲਾ, ਤੇਰੀ ਉਮਰ ਕਿੰਨੀ ਐ?”
“ਪੰਜ ਦਿਨ। ਉਹਨੇ ਖਿੜਕੀ ਵੱਲ ਵਿਹੰਦਿਆਂ ਉਦਾਸ ਹੋ ਕੇ ਕਿਹਾ।
***
ਭਟਕਣ
ਲੇਖਕ ਦੇ ਦਰ ’ਤੇ ਜਦੋਂ ਇੱਕ ਭਿਖਾਰੀ ਨੇ ਖੈਰਾਤ ਮੰਗੀ ਤਾਂ ਉਹ ਰੋਟੀ ਖਾਣ ਲੱਗਿਆ ਹੀ ਸੀ। ਆਪਣੇ ਸੁਭਾਅ ਅਨੁਸਾਰ ਉਸਨੇ ਥਾਲੀ ਵਿੱਚੋਂ ਗਰਮ ਗਰਮ ਦੋ ਰੋਟੀਆਂ ਚੁੱਕ ਕੇ ਭਿਖਾਰੀ ਨੂੰ ਫੜਾ ਦਿੱਤੀਆਂ। ਭਿਖਾਰੀ ਦੀਆਂ ਨਜ਼ਰਾਂ ਵਿੱਚ ਹੈਰਾਨੀ ਅਤੇ ਸ਼ੁਕਰਾਨੇ ਦੇ ਅੰਸ਼ ਸ਼ਾਮਲ ਸਨ।
“ਬਾਬੂ ਜੀ ...। ਉਹਨੇ ਰੋਟੀ ਵੱਲ ਵਿਹੰਦਿਆਂ ਬੜੀ ਨਿਮਰਤਾ ਨਾਲ ਕਿਹਾ।
“ਹਾਂ ਦੱਸ, ਹੋਰ ਕੀ ਚਾਹੁੰਨੈ?”
“ਬਾਬੂ ਜੀ, ਇਨ੍ਹਾਂ ਦੀ ਥਾਂ ਕੋਈ ਰਾਤ ਦੀ ਬੇਹੀ ਰੋਟੀ ਦੇ ਦਿੰਦੇ ...।”
“ਬਈ ਵਾਹ, ਇਹ ਰੋਟੀਆਂ ਤੈਨੂੰ ਪਸੰਦ ਨਹੀਂ?”
“ਇਹ ਗੱਲ ਨਹੀਂ ਬਾਬੂ ਜੀ, ਦਰਅਸਲ ਅਸੀਂ ਬਚੀਆਂ ਖੁਚੀਆਂ ਰੋਟੀਆਂ ਖਾ ਕੇ ਗੁਜ਼ਾਰਾ ਕਰਨ ਵਾਲੇ ਆਂ। ਇਸ ਤਰ੍ਹਾਂ ਦੀਆਂ ਰੋਟੀਆਂ ਦੀ ਆਸ ’ਤੇ ਤਾਂ ਸਾਨੂੰ ਅੱਗੇ ਨਾਲੋਂ ਵੀ ਜ਼ਿਆਦਾ ਭਟਕਣਾ ਪਵੇਗਾ।”
ਇਹ ਕਹਿੰਦਿਆਂ ਭਿਖਾਰੀ ਦੇ ਅੱਥਰੂ ਉਮਡ ਆਏ।
***
ਭੁੱਖ
ਉਨ੍ਹਾਂ ਦੇ ਘਰ ਅੰਤਾਂ ਦੀ ਗਰੀਬੀ ਸੀ। ਜੇ ਔਖੇ ਸੌਖੇ ਹੋ ਕੇ ਇੱਕ ਡੰਗ ਦੀ ਰੋਟੀ ਦਾ ਪ੍ਰਬੰਧ ਹੋ ਜਾਂਦਾ ਤਾਂ ਅਗਲੇ ਡੰਗ ਦਾ ਫਿਕਰ ਰਹਿੰਦਾ ਸੀ।
ਘਰ ਵਿੱਚ ਤਿੰਨ ਮਾਸੂਮ ਬੱਚੇ ਤੇ ਦੋਨੋਂ ਮੀਆਂ ਬੀਵੀ। ਆਂਢ ਗੁਆਂਢ ਉਨ੍ਹਾਂ ਨੂੰ ਬਹੁਤ ਹੀ ਘੱਟ ਮੂੰਹ ਲਾਉਂਦਾ। ਵਾਹ ਲਗਦਿਆਂ ਆਟਾ ਵੀ ਉਧਾਰ ਨਹੀਂ ਸੀ ਦਿੰਦੇ।
ਫਿਰ ਇੱਕ ਦਿਨ ਉਨ੍ਹਾਂ ਦੇ ਛੋਟੇ ਬੇਟੇ ਦੀ ਮੌਤ ਹੋ ਗਈ। ਘਰ ਵਿੱਚ ਚੀਕ ਚਿਹਾੜਾ ਪੈ ਗਿਆ।
ਵੱਡਾ ਬੱਚਾ ਅੱਠ ਸਾਲ ਦਾ ਸੀ। ਉਹ ਵੀ ਛਮ ਛਮ ਰੋ ਰਿਹਾ ਸੀ। ਸ਼ਾਮ ਵੇਲੇ ਗੁਆਂਢੀਆਂ ਨੇ ਵੱਡੇ ਬੱਚੇ ਨੂੰ ਘਰ ਬੁਲਾ ਲਿਆ। ਘਰ ਦੀ ਮਾਲਕਣ ਨੇ ਉਹਨੂੰ ਵਰਾਇਆ ਤੇ ਫਿਰ ਖਾਣ ਲਈ ਰੋਟੀ ਦਿੱਤੀ। ਬੱਚਾ ਸਵੇਰ ਦਾ ਭੁੱਖਾ ਸੀ। ਉਸਨੇ ਰੱਜ ਕੇ ਰੋਟੀ ਖਾਧੀ।
ਰੋਟੀ ਖਾਣ ਤੋਂ ਬਾਅਦ ਉਹ ਸੋਚ ਰਿਹਾ ਸੀ, ‘ਜੇ ਇਉਂ ਘਰ ਵਿੱਚ ਕਿਸੇ ਦੇ ਮਰਨ ਨਾਲ ਰੱਜ ਕੇ ਰੋਟੀ ਮਿਲਦੀ ਹੈ ਫੇਰ ਭਾਮੇਂ ਰੋਜ਼ ਕੋਈ ਨਾ ਕੋਈ ਮਰ ਜਾਇਆ ਕਰੇ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2669)
(ਸਰੋਕਾਰ ਨਾਲ ਸੰਪਰਕ ਲਈ: