“ਪੁਲਿਸ ਅਧਿਕਾਰੀ ਅਤੇ ਜ਼ਿਲ੍ਹਾ ਕੁਲੈਕਟਰ ਮੌਕੇ ’ਤੇ ਪਹੁੰਚ ਗਏ। ਥਾਣੇਦਾਰ ਸਮੇਤ ...”
(26 ਜੁਲਾਈ 2020)
ਕਿੰਨIਆਂ ਹੀ ਉਦਾਹਰਣਾਂ ਸਾਡੇ ਸਾਹਮਣੇ ਹਨ ਜਿੱਥੇ ਅਪਰਾਧੀ, ਪੁਲੀਸ ਅਤੇ ਸਿਆਸਤ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ। ਸਿਆਸਤਦਾਨਾਂ ਦੀ ਸਰਪ੍ਰਸਤੀ ਅਤੇ ਪੁਸ਼ਤਪਨਾਹੀ ਕਾਰਨ ਅਪਰਾਧੀ ਦਨਦਨਾਉਂਦੇ ਫਿਰਦੇ ਹਨ। ਜੇਕਰ ਕੋਈ ਅਪਰਾਧੀ ਦੇ ਵਿਰੁੱਧ ਥਾਣੇ ਵਿੱਚ ਰਿਪੋਰਟ ਦਰਜ਼ ਕਰਵਾਉਣ ਜਾਂਦਾ ਹੈ ਤਾਂ ਉਹਨੂੰ ਬੁਰੀ ਤਰ੍ਹਾਂ ਜ਼ਲੀਲ ਹੋਣਾ ਪੈਂਦਾ ਹੈ। ਪਹਿਲਾਂ ਤਾਂ ਥਾਣੇ ਵਿੱਚ ਰਿਪੋਰਟ ਲਿਖਵਾਉਣ ਲਈ ਖੱਜਲ ਖੁਆਰੀ। ਪੁਲੀਸ ਵਲੋਂ ਰੋਅਬ ਨਾਲ ਜੇਬ ਖਾਲੀ ਕਰਵਾਉਣ ਦੀਆਂ ਕੋਝੀਆਂ ਹਰਕਤਾਂ। ਸਿਆਸੀ ਵਿਅਕਤੀ ਵਲੋਂ ਅਪਰਾਧੀ ਦਾ ਪੱਖ ਪੂਰਨ ਲਈ ਅਤੇ ਉਸਦੀ ‘ਆਪਣਾ ਬੰਦਾ’ ਵਜੋਂ ਜਾਣ-ਪਹਿਚਾਣ ਕਰਕੇ ਢੁੱਕਵੀਂ ਮਦਦ ਕਰਨ ਦਾ ਆਦੇਸ਼ ਵੀ ਪੁਲੀਸ ਵਾਲਿਆਂ ਨੂੰ ਮਿਲ ਜਾਂਦਾ ਹੈ। ਉੱਧਰੋਂ ਖੱਜਲ ਖੁਆਰ ਹੋ ਕੇ ਜਦੋਂ ਰਿਪੋਰਟ ਦਰਜ ਕਰਵਾਉਣ ਵਾਲਾ ਬਾਹਰ ਨਿਕਲਦਾ ਹੈ ਤਾਂ ਅਪਰਾਧੀ ਦੀ ਖਚਰੀ ਹਾਸੀ ਉਸਦਾ ਮਜ਼ਾਕ ਉਡਾਉਂਦੀ ਹੈ। ਕਈ ਵਾਰ ਤਾਂ ਥਾਣੇ ਵਿੱਚ ਹੀ ਪੁਲੀਸ ਦੇ ਸਾਹਮਣੇ ਉਸ ਨਾਲ ਧੌਲ-ਧੱਫਾ ਕਰ ਦਿੱਤਾ ਜਾਂਦਾ ਹੈ। ਜਿਹੜਾ ਪੁਲੀਸ ਅਧਿਕਾਰੀ ਜਾਂ ਕਰਮਚਾਰੀ ਸਿਆਸੀ ਵਿਅਕਤੀਆਂ ਨੂੰ ਕਾਨੂੰਨ ਦਾ ਵਾਸਤਾ ਪਾ ਕੇ ਸਹੀ ਤਰ੍ਹਾਂ ਡਿਉਟੀ ਕਰਦਿਆਂ ਉਨ੍ਹਾਂ ਦਾ ‘ਰੱਬੀ ਹੁਕਮ’ ਨਹੀਂ ਮੰਨਦਾ ਉਸ ਨੂੰ ਪਹਿਲਾਂ ਤਾਂ ਧਮਕੀਆਂ ਦੇ ਕੇ ‘ਤੂੰ ਮੈਂਨੂੰ ਜਾਣਦਾ ਨਹੀਂ। ਆਪਣਾ ਬੋਰੀਆ ਬਿਸਤਰਾ ਸਾਂਭ ਲੈ। ਤੂੰ ਸਾਡੀ ਵੁੱਕਤ ਨਹੀਂ ਜਾਣਦਾ। ਅਸੀਂ ਵੱਡੇ ਵੱਡੇ ਸਿੱਧੇ ਕਰ ਦਿੱਤੇ।’ ਜਿਹੇ ਸ਼ਬਦ-ਬਾਣ ਛੱਡ ਕੇ ਉਸ ਨੂੰ ਧਮਕਾਇਆ ਜਾਂਦਾ ਹੈ। ਜੇ ਤਾਂ ਪੁਲੀਸ ਨੇ ‘ਮਾਈ ਬਾਪ’ ਕਹਿ ਕੇ ਮਾਫ਼ੀ ਮੰਗ ਲਈ ਤਾਂ ਉਸ ਨੂੰ ਅੱਗੇ ਤੋਂ ‘ਬੰਦਾ ਬਣਨ’ ਦੀ ਤਾੜਨਾ ਕਰਕੇ ‘ਬਖਸ਼’ ਦਿੱਤਾ ਜਾਂਦਾ ਹੈ, ਨਹੀਂ ਫਿਰ ਬਦਲੀ ਕਰਕੇ ਕੋਈ ਹੋਰ ‘ਆਪਣਾ ਬੰਦਾ’ ਫਿੱਟ ਕਰ ਦਿੱਤਾ ਜਾਂਦਾ ਹੈ। ਰਾਜ ਸਤਾ ਭੋਗ ਰਹੇ ਬਹੁਤ ਸਾਰੇ ਸਿਆਸੀ ਆਗੂਆਂ ਦੀਆਂ ‘ਲੋਕ ਹਿਤ’ ਵਿੱਚ ਦਿੱਤੀਆਂ ਧਮਕੀਆਂ ਜੱਗ ਜ਼ਾਹਰ ਹਨ। ਰਾਜਸੀ ਆਗੂਆਂ ਦੀ ਕੁੱਤੇ-ਖਾਣੀ ਅਤੇ ਬਦਲੀ ਦੇ ਡਰ ਕਾਰਨ ਪੁਲੀਸ ਵਾਲੇ ਸਮਾਜ ਪ੍ਰਤੀ ਨਹੀਂ ਸਗੋਂ ਸਿਰਫ ਤੇ ਸਿਰਫ ਸਤਾ ਵਿੱਚ ਭਾਈਵਾਲ ਆਗੂਆਂ ਪ੍ਰਤੀ ਹੀ ਜਵਾਬਦੇਹ ਹੁੰਦੇ ਹਨ। ਇਸੇ ਕਾਰਨ ਪੀੜਤ ਵਿਅਕਤੀ ਪਹਿਲਾਂ ਰਾਜਸੀ ਵਿਅਕਤੀਆਂ ਦੀ ਸ਼ਰਨ ਵਿੱਚ ਜਾਂਦੇ ਹਨ। ਉਨ੍ਹਾਂ ਦਾ ਟੈਲੀਫੋਨ ਖੜਕਦਾ ਹੈ, ਫਿਰ ਉਹ ਸਿਆਸੀ ਵਿਅਕਤੀ ਦੀ ਭਾਸ਼ਾ ਅਨੁਸਾਰ ਕੰਮ ਦਾ ਨਿਪਟਾਰਾ ਕਰਦੇ ਹਨ।
ਬਿਨਾਂ ਸ਼ੱਕ ਇਸ ਵੇਲੇ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ‘ਜੰਗਲ ਵਾਲੀ ਸੋਚ’ ਭਾਰੂ ਹੈ। ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲੀ ਹੋਈ ਹੈ। ਅਜਿਹੇ ਮਾਹੌਲ ਦੀ ਹੀ ਵਿਕਾਸ ਦੂਬੇ ਵਰਗੇ ਹੋਰ ਅਨੇਕਾਂ ਹੀ ਗੈਂਗਸਟਰ ਦੇਣ ਹਨ। ਅਜਿਹੀ ਸਥਿਤੀ ਬਿਮਾਰ ਸਿਆਸੀ ਰਾਜਤੰਤਰ ਦੇ ਨਾਲ-ਨਾਲ ਪੁਲੀਸ ਤੰਤਰ ਨੂੰ ਵੀ ਖੋਖਲਾ ਕਰਦੀ ਹੈ। ਅਜਿਹੇ ਵਰਤਾਰੇ ਵਿੱਚ ਤੰਦਰੁਸਤ ਅਤੇ ਖੁਸ਼ਹਾਲ ਸਮਾਜ ਦੀ ਆਸ ਰੱਖਣੀ ਰੇਤ ਵਿੱਚੋਂ ਤੇਲ ਕੱਢਣ ਵਾਂਗ ਹੈ।
ਪੁਲੀਸਤੰਤਰ ਲੋਕਾਂ ਪ੍ਰਤੀ ਸੁਹਿਰਦ ਤਾਂ ਹੋਵੇਗਾ ਜੇ ਸਿਆਸੀ ਵਿਅਕਤੀ ਵੱਖ-ਵੱਖ ਤਰ੍ਹਾਂ ਦੇ ਪਨਪ ਰਹੇ ਮਾਫੀਆ ਗਰੋਹਾਂ ਦੀ ਸਰਪ੍ਰਸਤੀ ਕਬੂਲ ਨਹੀਂ ਕਰਨਗੇ। ਇਹ ਕਿੰਜ ਸੰਭਵ ਹੋ ਸਕਦਾ ਹੈ? ਇਸ ਸਬੰਧੀ ਪਾਠਕਾਂ ਨਾਲ ਇੱਕ ਸੱਚੀ ਘਟਨਾ ਸਾਂਝੀ ਕਰ ਰਿਹਾ ਹਾਂ। ਇਹ ਗੱਲ ਸਾਲ 1979 ਦੀ ਹੈ। ਉੱਤਰ ਪ੍ਰਦੇਸ਼ ਦੇ ਇੱਕ ਥਾਣੇ ਵਿੱਚ ਮੈਲੇ ਜਿਹੇ ਕੱਪੜਿਆਂ ਵਿੱਚ ਇੱਕ ਬਜ਼ੁਰਗ ਦਾਖਲ ਹੋਇਆ। ਉਸਨੇ ਥਾਣੇਦਾਰ ਕੋਲ ਆਪਣਾ ਬਲਦ ਚੋਰੀ ਹੋਣ ਦੀ ਵਿਥਿਆ ਦੱਸਕੇ ਰਿਪੋਰਟ ਲਿਖਣ ਲਈ ਬੇਨਤੀ ਕੀਤੀ। ਥਾਣੇਦਾਰ ਨੇ ਉਸ ਬਜ਼ੁਰਗ ਨੂੰ ਮੁਣਸ਼ੀ ਵੱਲ ਭੇਜ ਦਿੱਤਾ। ਅਗਾਂਹ ਮੁਣਸ਼ੀ ਪੈਰਾਂ ’ਤੇ ਪਾਣੀ ਨਾ ਪੈਣ ਦੇਵੇ। ਬਜ਼ੁਰਗ ਦੇ ਸਾਹਮਣੇ ਉਸਨੇ ਸਵਾਲਾਂ ਦੀ ਝੜੀ ਲਾ ਦਿੱਤੀ। ਬਜ਼ੁਰਗ ਵਿਚਾਰਾ ਇੰਜ ਖੜ੍ਹਾ ਸੀ ਜਿਵੇਂ ਉਹ ਆਪ ਮੁਜਰਮ ਹੋਵੇ। ਅਖੀਰ ਨੂੰ ਮੁਣਸ਼ੀ ਨੇ ਇਹ ਕਹਿਕੇ ਕਿ ਕੱਲ੍ਹ ਨੂੰ ਜਿਸ ਕੋਲੋਂ ਬਲਦ ਖਰੀਦਿਆ ਗਿਆ ਸੀ, ਉਸ ਨੂੰ ਵੀ ਨਾਲ ਲੈ ਕੇ ਆਵੀਂ, ਫਿਰ ਰਿਪੋਰਟ ਲਿਖਣ ਲਈ ‘ਵਿਚਾਰ’ ਕਰਾਂਗੇ। ਬਜ਼ੁਰਗ ਦੁਬਾਰਾ ਥਾਣੇਦਾਰ ਕੋਲ ਚਲਾ ਗਿਆ। ਥਾਣੇਦਾਰ ਨੇ ਵੀ ਖਚਰੀ ਜਿਹੀ ਨਜ਼ਰ ਨਾਲ ਵਿਹੰਦਿਆਂ ਉਸ ਨੂੰ ਕਿਹਾ ਕਿ ਜਿਵੇਂ ਮੁਣਸ਼ੀ ਕਹਿੰਦਾ ਹੈ, ਉਸ ਤਰ੍ਹਾਂ ਹੀ ਕਰਨਾ ਪਵੇਗਾ। ਉਹ ਨਿਰਾਸ਼ ਜਿਹਾ ਹੋ ਕੇ ਵਾਪਸ ਪਰਤ ਆਇਆ। ਹਾਲਾਂ ਉਹ ਬਜ਼ੁਰਗ ਥਾਣੇ ਦੇ ਬਾਹਰਲੇ ਗੇਟ ਕੋਲ ਹੀ ਪੁੱਜਿਆ ਸੀ ਕਿ ਇੱਕ ਸਿਪਾਹੀ ਤੇਜ਼ ਰਫਤਾਰ ਨਾਲ ਉਹਦੇ ਕੋਲ ਆਇਆ ਅਤੇ ਕਿਹਾ, “ਤੇਰੀ ਰਿਪੋਰਟ ਹੁਣੇ ਲਿਖੀ ਜਾਊਗੀ। ਜੇਬ ਹੌਲੀ ਕਰ।” ਉਹ ਵਾਪਸ ਪਰਤ ਗਿਆ ਤੇ ਮੁਣਸ਼ੀ ਦੀ ਮੰਗ ਅਨੁਸਾਰ ਸੌ ਰੁਪਇਆ ਰਿਸ਼ਵਤ ਵਜੋਂ ਦੇ ਦਿੱਤਾ। ਮੁਣਸ਼ੀ ਨੇ ਤੁਰੰਤ ਰੋਜ਼ਨਾਮਚੇ ਵਿੱਚ ਰਿਪੋਰਟ ਦਰਜ ਕਰ ਲਈ। ਜਦੋਂ ਅੰਗਠਾ ਲਾਉਣ ਲਈ ਪੈਡ ਉਸ ਬਜ਼ੁਰਗ ਵੱਲ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਹਸਤਾਖਰ ਕਰਾਂਗਾ। ਉਸਨੇ ਹਸਤਾਖਰ ਕਰਕੇ ਜੇਬ ਵਿੱਚੋਂ ਮੋਹਰ ਕੱਢੀ ਅਤੇ ਆਪਣੇ ਹਸਤਾਖਰ ਹੇਠਾਂ ਪ੍ਰਾਈਮ ਮਨਿਸਟਰ ਆਫ ਇੰਡੀਆ ਦੀ ਮੋਹਰ ਲਾ ਦਿੱਤੀ। ਉਹ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਸਨ। ਸਾਰੇ ਥਾਣੇ ਵਿੱਚ ਹੜਦੁੰਮ ਮੱਚ ਗਿਆ। ਪੁਲਿਸ ਅਧਿਕਾਰੀ ਅਤੇ ਜ਼ਿਲ੍ਹਾ ਕੁਲੈਕਟਰ ਮੌਕੇ ’ਤੇ ਪਹੁੰਚ ਗਏ। ਥਾਣੇਦਾਰ ਸਮੇਤ ਪੰਜ ਕਰਮਚਾਰੀਆਂ ਨੂੰ ਸਸਪੈਂਡ ਕਰਕੇ ਉਸੇ ਥਾਣੇ ਦੀਆਂ ਸੀਖਾਂ ਅੰਦਰ ਬੰਦ ਕਰ ਦਿੱਤਾ। ਅਗਾਂਹ ਤੋਂ ਉੱਤਰ ਪ੍ਰਦੇਸ਼ ਦੇ ਹੋਰ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਕੰਨ ਹੋ ਗਏ। ਕਿੰਨ੍ਹਾ ਚਿਰ ਜੇ ਕੋਈ ਹੋਰ ਬਜ਼ੁਰਗ ਵੀ ਥਾਣੇ ਜਾਂ ਕਿਸੇ ਹੋਰ ਦਫਤਰ ਵਿੱਚ ਕੰਮ ਲਈ ਜਾਂਦਾ ਸੀ ਤਾਂ ਕਰਮਚਾਰੀਆਂ ਨੂੰ ਚੌਧਰੀ ਚਰਨ ਸਿੰਘ ਦਾ ਹੀ ਝਉਲਾ ਪੈਂਦਾ ਸੀ ਅਤੇ ਹੱਥੋ ਹੱਥੀਂ ਕੰਮ ਦਾ ਨਿਪਟਾਰਾ ਹੋ ਜਾਂਦਾ ਸੀ।
ਕੀ ਏ.ਸੀ. ਕਮਰਿਆਂ ਵਿੱਚ ਆਰਾਮ ਫੁਰਮਾ ਰਹੇ ਸਿਆਸੀ ਆਗੂ ਗੈਂਗਸਟਰਾਂ ਤੋਂ ਪਾਸਾ ਵੱਟ ਕੇ ਅਜਿਹੀ ਦਲੇਰਾਨਾ ਕਾਰਵਾਈ ਕਰਨਗੇ ਜਾਂ ਫਿਰ ਥਾਣਿਆਂ ਵਿੱਚ ਆਪਣੇ ਮਨ ਪਸੰਦ ਕਰਮਚਾਰੀਆਂ ਦੀ ਨਿਯੁਕਤੀ ਕਰਵਾਕੇ ਰਾਜਸੀ ਹਿਤਾਂ ਦੀ ਪੂਰਤੀ ਕਰਨਗੇ? ਜੇਕਰ ਰਾਜਸੀ ਹਿਤ ਹੀ ਅੱਗੇ ਰੱਖੇ ਗਏ ਤਾਂ ਪ੍ਰਸ਼ਾਸਨਿਕ ਸੁਧਾਰਾਂ ਦੀ ਗੱਲ ਕਰਦਿਆਂ ਸਿਰ ’ਤੇ ਹੋਏ ਜਖਮ ਦੀ ਥਾਂ ਪੈਰ ’ਤੇ ਮਲ੍ਹਮ ਪੱਟੀ ਕਰਨ ਵਾਲਾ ਕਰਮ ਹੀ ਹੋਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2267)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.