MohanSharma8ਜਦੋਂ ਉਹ ਬੱਸ ਤੋਂ ਉੱਤਰੇ ਤਾਂ ਪੀੜਤ ਔਰਤਾਂ ਅਤੇ ਮਰਦਾਂ ਨੇ ਉਨ੍ਹਾਂ ਨੂੰ ਘੇਰ ਲਿਆ ...
(24 ਅਕਤੂਬਰ 2021)

 

ਇਸ ਵੇਲੇ ਪੰਜਾਬ ਕਿਸਾਨ ਅੰਦੋਲਨ ਕਾਰਨ ਦਿੱਲੀ ਸਰਕਾਰ ਦੀਆਂ ਚੂਲਾਂ ਹਿਲਾਉਣ, ਗੰਧਲੀ ਸਿਆਸਤ ਅਤੇ ਨਸ਼ੇ ਕਾਰਨ ਸੁਰਖੀਆਂ ਵਿੱਚ ਹੈ। ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਕਾਰਨ ਪ੍ਰਚੰਡ ਹੋਏ ਸਿਵੇ, ਮਾਂ ਅਤੇ ਬਾਪ ਦਾ ਨਸ਼ੱਈਆਂ ਵੱਲੋਂ ਕਤਲ, ਪੰਜ-ਪੰਜ ਹਜ਼ਾਰ ਪਿੱਛੇ ਪਟਰੋਲ ਪੰਪ ਦੇ ਕਰਿੰਦਿਆਂ ਦੇ ਕਤਲ, ਲੁਟਾਂ-ਖੋਹਾਂ, ਚੇਨ ਝਪਟਮਾਰੀ ਨਾਲ ਥਾਣਿਆਂ ਦੇ ਰੋਜ਼ਨਾਮਚੇ ਭਰੇ ਜਾਣੇ ਅਤੇ ਰਿਸ਼ਤਿਆਂ ਦੇ ਖਿੱਦੋ ਵਾਂਗ ਲੀਰਾਂ ਲੀਰਾਂ ਹੋਣ ਦੇ ਕਿੱਸਿਆਂ ਨੇ ਲੋਕਾਂ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਹੈ। ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਪਹਿਲਾਂ ਮਾਪੇ ਆਪਣੇ ਜਵਾਨ ਪੁੱਤ ਨੂੰ ਕਹਿੰਦੇ ਸਨ, “ਸਾਰਾ ਦਿਨ ਘਰੇ ਬੈਠਾ ਕੀ ਕਰਦੈਂ? ਮਾੜਾ ਮੋਟਾ ਬਾਹਰ ਵੀ ਗੇੜਾ ਮਾਰ ਆਇਆ ਕਰ, ਤੈਨੂੰ ਦੁਨੀਆਂਦਾਰੀ ਦਾ ਪਤਾ ਲੱਗੇ।” ਹੁਣ ਨਸ਼ਿਆਂ ਦੀ ਮਾਰੂ ਹਨੇਰੀ ਕਾਰਨ ਮਾਪੇ ਆਪਣੇ ਪੁੱਤਾਂ ਨੂੰ ਬਾਹਰ ਜਾਣ ਤੋਂ ਰੋਕਦੇ ਹੋਏ ਕਹਿੰਦੇ ਹਨ, “ਬਾਹਰ ਜਾਕੇ ਐਵੇਂ ਲੰਡਰ ਮੁੰਡਿਆਂ ਦੇ ਮਗਰ ਲੱਗਕੇ ਨਸ਼ਾ-ਪੱਤਾ ਨਾ ਕਰਨ ਲੱਗਜੇਂ, ਤੂੰ ਘਰ ਹੀ ਰਹਿ।” ਐਂਦਾ ਵੀ ਹੋ ਰਿਹਾ ਹੈ ਕਿ ਪਹਿਲਾਂ ਜਦੋਂ ਕੋਈ ਨੌਜਵਾਨ ਕਿਸੇ ਨਾ ਕਿਸੇ ਬਿਮਾਰੀ ਕਾਰਨ ਡਾਕਟਰ ਤੋਂ ਦਵਾਈ ਲੈਣ ਜਾਂਦਾ ਸੀ ਤਾਂ ਡਾਕਟਰ ਉਸ ਨੂੰ ਚੈੱਕ ਕਰਦਿਆਂ ਸਰਸਰੀ ਪੁੱਛ ਲੈਂਦਾ ਸੀ, “ਕੋਈ ਨਸ਼ਾ ਤਾਂ ਨਹੀਂ ਕਰਦਾ?” ਪਰ ਹੁਣ ਸਥਿਤੀ ਨੇ ਕਰਵਟ ਲੈ ਲਈ ਹੈ। ਇਲਾਜ ਲਈ ਆਏ ਨੌਜਵਾਨ ਤੋਂ ਡਾਕਟਰ ਪਹਿਲਾਂ ਇਹ ਪ੍ਰਸ਼ਨ ਪੁੱਛਦਾ ਹੈ, “ਕਿਹੜੇ ਕਿਹੜੇ ਨਸ਼ੇ ਕਰਦੈਂ?” ਨਸ਼ੇ ਦੇ ਟੀਕੇ ਲਾਉਂਦਿਆਂ ਸਰਿੰਜਾਂ ਨਾਲ ਵਿੰਨੀਆਂ ਬਾਹਾਂ ਅਤੇ ਦੂਜੇ ਅੰਗ, ਡਿਗੂੰ ਡਿਗੂੰ ਕਰਦੀ ਇਮਾਰਤ ਵਰਗੀ ਸਰੀਰਕ ਸਥਿਤੀ, ਅੰਦਰ ਨੂੰ ਧਸੀਆਂ ਅੱਖਾਂ, ਢਲਿਆ ਜਿਹਾ ਜਿਸਮ ਅਤੇ ਥਿੜਕਦੀ ਅਵਾਜ਼ ਤੋਂ ਨਸ਼ਿਆਂ ਦੀ ਦਲਦਲ ਵਿੱਚ ਧਸੇ ਹੋਣ ਦਾ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ। ਬਾਪ ਨੇ ਆਪਣੇ ਸਿਰ ਨੂੰ ਗੱਡਾ ਅਤੇ ਪੈਰਾਂ ਨੂੰ ਟਾਇਰ ਬਣਾਕੇ ਹੱਡ ਭੰਨਵੀਂ ਮਿਹਨਤ ਨਾਲ ਜਿੱਥੇ ਚਾਰ ਖਣ ਛੱਤੇ ਹੁੰਦੇ ਨੇ, ਉੱਥੇ ਹੀ ਚੁੱਲ੍ਹਾ ਬਲਦਾ ਰੱਖਣ ਲਈ ਆਪਣਾ ਆਪ ਵੀ ਦਾਅ ’ਤੇ ਲਾਇਆ ਹੁੰਦਾ ਹੈ। ਪਰ ਦੂਜੇ ਪਾਸੇ ਇਕਲੌਤੇ ਪੁੱਤ ਦੇ ਨਸ਼ਿਆਂ ਦੀ ਪ੍ਰਕੋਪੀ ਕਾਰਨ ਚੁੱਲ੍ਹੇ ਠੰਢੇ ਅਤੇ ਆਹਾਂ ਦਾ ਸੇਕ ਗਰਮ ਹੋ ਗਿਆ ਹੈ। ਮਾਪੇ ਜਿਗਰ ’ਤੇ ਹੱਥ ਧਰਕੇ ਆਪਣੀ ਜਾਨ ਨਾਲੋਂ ਪਿਆਰੀ ਜਮੀਨ ਗਹਿਣੇ ਜਾਂ ਬੈਅ ਕਰਕੇ ਪੁੱਤ ਨੂੰ ਵਿਦੇਸ਼ੀ ਧਰਤੀ ’ਤੇ ਭੇਜਣ ਲਈ ਮਜ਼ਬੂਰ ਹੋ ਰਹੇ ਹਨ। ਆਪਣਾ ਦੁੱਖ ਸਾਂਝਾ ਕਰਦਿਆਂ ਉਹ ਇੱਕ ਦੂਜੇ ਨੂੰ ਕਹਿੰਦੇ ਹਨ, “ਜ਼ਮੀਨ ਦੀ ਤਾਂ ਖਾਧੀ ਕੜ੍ਹੀ, ਜੇ ਨਸ਼ਿਆਂ ਕਾਰਨ ਪੁੱਤ ਹੀ ਨਾ ਬੱਚਿਆ ਤਾਂ ਜਮੀਨ ਦਾ ਕੀ ਕਰਾਂਗੇ? ਔਖੇ ਸੌਖੇ ਇਹਦਾ ਵਿਗੋਚਾ ਵੀ ਝੱਲ ਲਵਾਂਗੇ ਪਰ ਐਨੀ ਕੁ ਤਾਂ ਤਸੱਲੀ ਰਹੂ ਕਿ ਓਧਰ ਜਾਕੇ ਇਹ ਬਚਿਆ ਰਹੂ। ਨਹੀਂ ਤਾਂ ...।”

ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਬਰਨਾਲਾ ਜ਼ਿਲ੍ਹਾ ਸੰਗਰੂਰ ਜ਼ਿਲ੍ਹੇ ਦਾ ਹੀ ਹਿੱਸਾ ਹੁੰਦਾ ਸੀ। ਹੁਣ ਦੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਇੱਕ ਪਿੰਡ ਸਬੰਧੀ ਪਤਾ ਲੱਗਿਆ ਕਿ ਉਸ ਪਿੰਡ ਵਿੱਚ ਨਸ਼ਿਆਂ ਦੀ ਭਰਮਾਰ ਕਾਰਨ ਲੋਕ ਸਿਰਫ਼ ਕੱਖੋਂ ਹੌਲੇ ਹੀ ਨਹੀਂ ਹੋ ਰਹੇ ਸਗੋਂ ਬਹੁਤ ਸਾਰੇ ਨੌਜਵਾਨ ਦੂਸ਼ਿਤ ਸਰਿੰਜਾਂ ਵਰਤਣ ਕਾਰਨ ਏਡਜ਼ ਦਾ ਸ਼ਿਕਾਰ ਵੀ ਹੋ ਗਏ ਹਨ। ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਮੇਰੀ ਡਿਉਟੀ ਲਾਈ ਗਈ ਕਿ ਉਸ ਪਿੰਡ ਵਿੱਚ ਜਾਕੇ ਨਸ਼ੱਈਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ। ਅਗਲੇ ਦਿਨ ਸਾਡਾ ਕਾਫ਼ਲਾ ਉਸ ਪਿੰਡ ਵਿੱਚ ਪਹੁੰਚ ਗਿਆ। ਪੁੱਛ-ਗਿੱਛ ਕਰਨ ਉਪਰੰਤ ਪਤਾ ਲੱਗਿਆ ਕਿ ਪਿੰਡ ਵਿੱਚ ਚਾਰ ਨਸ਼ਾ ਵੇਚਣ ਵਾਲੇ ਬਿਨਾਂ ਕਿਸੇ ਰੋਕ-ਟੋਕ ਜਾਂ ਭੈਅ ਤੋਂ ਰਿਉੜੀਆਂ ਵਾਂਗ ਨਸ਼ਾ ਵੇਚ ਰਹੇ ਨੇ। ਪੁਲਿਸ ਉਨ੍ਹਾਂ ਦੇ ਘਰਾਂ ਵਿੱਚ ਆਉਂਦੀ ਹੈ। ਫੋਕੇ ਦਬਕੇ ਦੇ ਨਾਲ ਨਾਲ ਉਨ੍ਹਾਂ ਦੇ ਘਰ ‘ਚਾਹ ਪਾਣੀ’ ਪੀਕੇ ਪਰਤ ਜਾਂਦੀ ਹੈ। ਸਾਡੇ ਸਾਹਮਣੇ ਇਹ ਗੱਲ ਵੀ ਆਈ ਕਿ 80 ਫੀਸਦੀ ਲੋਕ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਹਨ, ਪਰ ਉਹ “ਅਸੀਂ ਕੀ ਲੈਣੈ, ਜਿਨ੍ਹਾਂ ਦੀਆਂ ਅੱਖਾਂ ਦੁਖਣਗੀਆਂ, ਆਪੇ ਬੰਨ੍ਹ ਸੁੱਬ ਕਰ ਲਊ” ਦੀ ਸੋਚ ਕਾਰਨ ਚੁੱਪ ਸਨ ਅਤੇ ਅੰਦਾਜ਼ਨ 20 ਫੀਸਦੀ ਲੋਕਾਂ ਦੀ ਨਸ਼ਾ ਵੇਚਣ ਵਾਲਿਆਂ ਨਾਲ ਮੂੰਹ-ਮੁਲਾਹਜ਼ੇ ਜਾਂ ਗਰਜ਼ਾ ਪੂਰੀਆਂ ਕਰਨ ਦੇ ਲਾਲਚ ਵਿੱਚ ਹਮਦਰਦੀ ਵੀ ਸੀ। ਸੱਥ ਵਿੱਚ ਬੈਠੇ ਲੋਕਾਂ ਨਾਲ ਜਦੋਂ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਨਸ਼ਿਆਂ ਕਾਰਨ ਸਾਡੇ ਪਿੰਡ ਦੇ ਮੁੰਡੇ ਬੇਰਾਂ ਵਾਂਗ ਝੜ ਰਹੇ ਨੇ। ਜਿੱਥੇ ਨਸ਼ਾ ਕਰਨ ਵਾਲੇ ਅਵਾਰਾ ਡੰਗਰਾਂ ਦੀ ਤਰ੍ਹਾਂ ਗਲੀਆਂ ਵਿੱਚ ਹਰਲ ਹਰਲ ਕਰਦੇ ਫਿਰਦੇ ਨੇ, ਸਾਡੇ ਵੱਲੋਂ ਟੋਕਾ ਟਾਕੀ ਕਰਨ ’ਤੇ ਸਾਨੂੰ ਪੁੱਠਾ ਬੋਲਦੇ ਨੇ, ਉੱਥੇ ਹੀ ਨਸ਼ਾ ਵੇਚਣ ਵਾਲਿਆਂ ਨੇ ਵੀ ਅੱਤ ਚੁੱਕੀ ਹੋਈ ਹੈ। ਇੱਥੇ ਤਾ ਅੰਨ੍ਹੀ ਪੀਹੇ, ਕੁੱਤਾ ਚੱਟੇ ਵਾਲੀ ਗੱਲ ਬਣੀ ਹੋਈ ਹੈ। ਇਹੀ ਹਾਲ ਰਿਹਾ ਤਾਂ ਪਿੰਡ ਨੇ ਉੱਜੜ ਜਾਣੈ।”

ਖੈਰ, ਉਨ੍ਹਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਕੇ ਅਸੀਂ ਅਗਾਂਹ ਨਸ਼ਿਆਂ ਕਾਰਨ ਪੀੜਤ ਲੋਕਾਂ ਦੇ ਘਰਾਂ ਵੱਲ ਹੋ ਗਏ। ਪਿੰਡ ਦੇ ਬੰਦੇ ਸਾਡੇ ਕਾਫ਼ਲੇ ਦਾ ਹਿੱਸਾ ਬਣਦੇ ਗਏ। ਇੱਕ ਨਸ਼ੱਈ ਦੇ ਘਰ ਜਦੋਂ ਬੂਹਾ ਖੜਕਾਇਆ ਤਾਂ ਬੂਹਾ ਘਰ ਦੀ ਮਾਲਕਣ ਨੇ ਖੋਲ੍ਹਿਆ। ਅੰਤਾਂ ਦਾ ਉਦਾਸ ਚਿਹਰਾ, ਘਰ ਦੀ ਖਸਤਾ ਹਾਲਤ, ਬੱਚਿਆਂ ਦੇ ਉੱਤਰੇ ਚਿਹਰੇ ਬੜਾ ਕੁਝ ਬਿਆਨ ਕਰ ਰਹੇ ਸਨ। ਉਸ ਔਰਤ ਨੂੰ ਅਸੀਂ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਵਿੱਚ ਆਉਣ ਦਾ ਕਾਰਨ ਦੱਸਿਆ। ਸਾਡੇ ਹਮਦਰਦੀ ਭਰੇ ਬੋਲਾਂ ਨੂੰ ਸੁਣਕੇ ਔਰਤ ਦੇ ਅੱਥਰੂ ਆਪ ਮੁਹਾਰੇ ਵਹਿਣ ਲੱਗ ਪਏ। ਚੁੰਨੀ ਦੇ ਲੜ ਨਾਲ ਅੱਥਰੂ ਪੂੰਝਦਿਆਂ ਉਸਨੇ ਆਪਣਾ ਮਨ ਹੌਲਾ ਕਰਦਿਆਂ ਦੱਸਿਆ, “ਜਦੋਂ ਦੀ ਮੈਂ ਇਸ ਘਰ ’ਚ ਵਿਆਹ ਕੇ ਆਈ ਹਾਂ, ਉਦੋਂ ਦਾ ਹੀ ਰੋਣੇ ਧੋਣੇ ਵਿੱਚ ਸਮਾਂ ਲੰਘਦੈ। ਘਰ ਦਾ ਸਿਲੰਡਰ, ਕਣਕ, ਸੰਦੂਕ ਦੇ ਕੱਪੜੇ, ਸੂਤ ਦੇ ਮੰਜੇ, ਕੁੜੀ ਦੇ ਵਿਆਹ ਲਈ ਚਾਰ ਛਿਲੜ ... ਕੁਛ ਨਹੀਂ ਛੱਡਿਆ ਮੇਰੇ ਨਸ਼ੱਈ ਪਤੀ ਨੇ। ਟੋਕਣ ’ਤੇ ਜਿਹੜੀ ਕੁੱਟ-ਮਾਰ ਕਰਦੈ, ਉਹ ਅਲੱਗ। ਕਦੇ ਕਦੇ ਜੀਅ ਕਰਦੈ, ਖੂਹ ਖਾਤਾ ਹੀ ਗੰਦਾ ਕਰ ਲਵਾਂ। ਫਿਰ ਇਨ੍ਹਾਂ ਬੱਚਿਆਂ ਦੇ ਮੂੰਹ ਨੂੰ ...।”

ਅਸੀਂ ਉਸ ਪੀੜਤ ਔਰਤ ਦਾ ਦੁੱਖ ਸੁਣਕੇ ਧੁਰ ਅੰਦਰ ਤੱਕ ਹਿੱਲ ਗਏ। ਥੋੜ੍ਹੇ ਸਮੇਂ ਅੰਦਰ ਹੀ ਹੋਰ ਅਜਿਹੀਆਂ ਪੀੜਤ ਔਰਤਾਂ ਵੀ ਪੁੱਜ ਗਈਆਂ। ਸਭ ਦਾ ਦੁੱਖ ਇੱਕੋ ਜਿਹਾ ਸੀ। ਉਹ ਆਪਣੇ ਆਪ ਨੂੰ ਨਾ ਸੁਹਾਗਣਾਂ ਸਮਝ ਰਹੀਆਂ ਸਨ ਅਤੇ ਨਾ ਹੀ ਰੰਡੀਆਂ। ਅੰਦਾਜ਼ਨ ਤੀਹ ਕੁ ਪੀੜਤ ਔਰਤਾਂ ਦੇ ਨਾਲ ਨਾਲ ਲੋਕਾਂ ਦਾ ਭਰਵਾਂ ਹਜੂਮ ਵੀ ਘਰ ਦੇ ਵਿਹੜੇ ਵਿੱਚ ਇਕੱਠਾ ਹੋ ਗਿਆ। ਉਨ੍ਹਾਂ ਸਾਰਿਆਂ ਦੇ ਵਿਚਾਲੇ ਖੜੋਕੇ ਉੱਚੀ ਅਵਾਜ਼ ਵਿੱਚ ਮੈਂ ਲੋਕਾਂ ਨੂੰ ਹੋਕਾ ਦਿੰਦਿਆਂ ਕਿਹਾ, “ਜਿਹੜੇ ਵਿਅਕਤੀ ਸਾਡੇ ਘਰਾਂ ਵਿੱਚ ਸੱਥਰ ਵਿਛਾ ਰਹੇ ਨੇ, ਜਿਹੜੇ ਲੋਕ ਮਾਸੂਮ ਬੱਚਿਆਂ ਦੇ ਮੂੰਹਾਂ ਵਿੱਚੋਂ ਰੋਟੀ ਖੋਹ ਕੇ ਐਸ਼-ਪ੍ਰਸਤੀ ਕਰ ਰਹੇ ਨੇ, ਇਨ੍ਹਾਂ ਔਰਤਾਂ ਦੀ ਦੁਰਦਸ਼ਾ ਵੱਲ ਵੇਖੋ। ਇਹ ਨਾ ਸੋਚੋ ਕਿ ਇਹ ਅੱਗ ਇਨ੍ਹਾਂ ਦੇ ਘਰਾਂ ਨੂੰ ਲੱਗੀ ਹੋਈ ਹੈ। ਜੇ ਬਚਾਉ ਨਾ ਕੀਤਾ ਤਾਂ ਇਸ ਅੱਗ ਦਾ ਸੇਕ ਤੁਹਾਡੇ ਘਰਾਂ ਤੱਕ ਵੀ ਜਰੂਰ ਪੁੱਜੇਗਾ। ਇਹ ਜਰੂਰੀ ਨਹੀਂ ਕਿ ਇਹੋ ਜਿਹੀ ਅੰਨ੍ਹੀ ਕਮਾਈ ਨਾਲ ਵਿਆਹ ਦਾ ਜੋੜਾ ਖਰੀਦਿਆ ਜਾਵੇਗਾ, ਕਫ਼ਨ ਵੀ ਖਰੀਦਿਆ ਜਾ ਸਕਦਾ ਹੈ।”

ਇਹ ਕਹਿੰਦਿਆ ਮੈਂ ਲੋਕਾਂ ਅਤੇ ਔਰਤਾਂ ਦੇ ਚਿਹਰਿਆਂ ਵੱਲ ਤੈਰਵੀਂ ਜਿਹੀ ਨਜ਼ਰ ਮਾਰੀ। ਸਭ ਦੇ ਚਿਹਰੇ ਜਿੱਥੇ ਗੰਭੀਰ ਹੋ ਗਏ ਸਨ, ਉੱਥੇ ਨਸ਼ਾ ਵੇਚਣ ਵਾਲਿਆਂ ਪ੍ਰਤੀ ਨਫ਼ਰਤ ਦੇ ਚਿੰਨ੍ਹ ਵੀ ਉੱਭਰ ਆਏ ਸਨ। ਮੈਂ ਉਨ੍ਹਾਂ ਨੂੰ ਵੰਗਾਰਦਿਆਂ ਫਿਰ ਜੋਸ਼ੀਲੇ ਬੋਲਾਂ ਨਾਲ ਕਿਹਾ, “ਯਾਦ ਰੱਖੋ, ਨਾ ਤਾਂ ਨਸ਼ਾ ਵੇਚਣ ਵਾਲਿਆਂ ਦੀਆਂ ਸ਼ੀਸ਼ੀਆਂ ਐਨੀਆਂ ਪੱਕੀਆਂ ਹਨ ਕਿ ਉਨ੍ਹਾਂ ਨੂੰ ਭੰਨਿਆ ਨਾ ਜਾ ਸਕੇ ਅਤੇ ਨਾ ਹੀ ਉਨ੍ਹਾਂ ਦੇ ਪੈਰ ਐਨੇ ਮਜ਼ਬੂਤ ਹਨ ਕਿ ਉਨ੍ਹਾਂ ਨੂੰ ਉਖੇੜਿਆ ਨਾ ਜਾ ਸਕੇ। ਲੋੜ ਤੁਹਾਡੇ ਇੱਕ ਹੋਣ ਦੀ ਹੈ।”

ਇੱਕ ਔਰਤ ਨੇ ਉੱਚੀ ਆਵਾਜ਼ ਵਿੱਚ ਕਿਹਾ, “ਭਾਈ, ਤੂੰ ਗੱਲਾਂ ਤਾਂ ਵਧੀਆ ਕਰਦੈਂ। ਅੱਗੇ ਲੱਗ ਸਾਡੇ। ਜਿਵੇਂ ਕਹੇਂਗਾ, ਸਾਰੇ ਤੇਰੇ ਨਾਲ ਹਾਂ।”

ਮੌਕੇ ’ਤੇ ਹੀ ਫੈਸਲਾ ਹੋ ਗਿਆ ਕਿ ਨਸ਼ਾ ਵੇਚਣ ਵਾਲਿਆਂ ਦੇ ਘਰ ਜਾ ਕੇ ਉਨ੍ਹਾਂ ਨੂੰ ਇਸ ਕੰਮ ਤੋਂ ਵਰਜਣਾ ਹੈ। ਜੇ ਉਹ ਨਾ ਸਮਝੇ ਫਿਰ ਕੋਈ ਅਗਲਾ ਕਦਮ ਚੁਕਾਂਗੇ। ਨਾਲ ਹੀ ਇਹ ਵੀ ਫੈਸਲਾ ਹੋਇਆ ਕਿ ਉਨ੍ਹਾਂ ਨਾਲ ਕੋਈ ਧੌਲ-ਧੱਫਾ ਵੀ ਨਹੀਂ ਕਰਨਾ। ਮਸ਼ਵਰਾ ਕਰਨ ਉਪਰੰਤ ਮਰਦ-ਔਰਤਾਂ ਦੇ ਵੱਡੇ ਕਾਫਲੇ ਨਾਲ ਅਸੀਂ ਇੱਕ ਤਸਕਰ ਦੇ ਘਰ ਵੱਲ ਚੱਲ ਪਏ। ਵਿਰਲਾਂ ਵਿੱਚ ਦੀ ਉਸਨੇ ਜਦੋਂ ਭੀੜ ਵੇਖੀ ਤਾਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਲੋਕਾਂ ਨੇ ਉਸ ਨੂੰ ਦਬੋਚ ਲਿਆ। ਉਸ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਕਿ ਬਾਕੀ ਦੇ ਤਿੰਨ ਤਸਕਰ ਸ਼ਹਿਰ ‘ਮਾਲ’ ਲੈਣ ਗਏ ਹੋਏ ਨੇ। ਦੁਪਹਿਰ ਦੋ ਵਜੇ ਵਾਲੀ ਬੱਸ ’ਤੇ ਮਾਲ ਲੈ ਕੇ ਆਉਣਗੇ। ਬੱਸ ਆਉਣ ਵਿੱਚ ਹਾਲਾ ਅੱਧਾ ਘੰਟਾ ਬਾਕੀ ਸੀ। ਲੋਕਾਂ ਦੇ ਭਾਰੀ ਦਬਾਅ ਹੇਠ ਘਰ ਪਿਆ ਨਸ਼ਾ ਉਸ ਨੇ ਕੁਝ ਮੁਹਤਬਰਾਂ ਦੇ ਹਵਾਲੇ ਕਰ ਦਿੱਤਾ। ਇਸ ਉਪਰੰਤ ਉਹਨੂੰ ਨਾਲ ਲੈ ਕੇ ਅਸੀਂ ਬੱਸ ਅੱਡੇ ਵੱਲ ਚਲ ਪਏ। ਜਦੋਂ ਬੱਸ ਆਈ ਤਾਂ ਅਸੀਂ ਇੱਕ ਪਾਸੇ ਖੜੋਕੇ ਉਨ੍ਹਾਂ ਨੂੰ ਉਡੀਕਣ ਲੱਗ ਪਏ। ਜਦੋਂ ਉਹ ਬੱਸ ਤੋਂ ਉੱਤਰੇ ਤਾਂ ਪੀੜਤ ਔਰਤਾਂ ਅਤੇ ਮਰਦਾਂ ਨੇ ਉਨ੍ਹਾਂ ਨੂੰ ਘੇਰ ਲਿਆ। ਫਿੱਟ ਲਾਹਨਤਾਂ ਪਾਉਣ ਉਪਰੰਤ ‘ਮਾਲ’ ਦੀ ਬਰਾਮਦਗੀ ਵੀ ਕਰ ਲਈ। ਚਾਰਾਂ ਨੂੰ ਜਦੋਂ ਔਰਤਾਂ ਅਤੇ ਮਰਦਾਂ ਵੱਲੋਂ ਧੁਤਕਾਰਿਆ ਜਾ ਰਿਹਾ ਸੀ ਤਾਂ ਉਨ੍ਹਾਂ ਦੀਆਂ ਨਜ਼ਰਾਂ ਧਰਤੀ ’ਤੇ ਗੱਡੀਆਂ ਹੋਈਆਂ ਸਨ। ਉਨ੍ਹਾਂ ਵਿੱਚ ਨਾ ਬੋਲਣ ਦੀ ਹਿੰਮਤ ਸੀ ਅਤੇ ਨਾ ਹੀ ਬ੍ਹਕਾਂ ਮਾਰਨ ਦੀ। ਭਰੇ ਇਕੱਠ ਵਿੱਚ ਉਨ੍ਹਾਂ ਨੇ ਭਵਿੱਖ ਵਿੱਚ ਅਜਿਹਾ ਕੁੱਤਾ ਕਰਮ ਕਰਨ ਤੋਂ ਤੋਬਾ ਵੀ ਕੀਤੀ। ਰੋਹ ਵਿੱਚ ਆਈਆਂ ਔਰਤਾਂ, ਉਨ੍ਹਾਂ ਨੂੰ ਮੁਖ਼ਾਤਿਬ ਹੋ ਕੇ ਕਹਿ ਰਹੀਆਂ ਸਨ, “ਜੇ ਸਾਡੇ ਘਰ ਵਾਲਿਆਂ ਨੂੰ ਹੁਣ ਨਸ਼ਾ ਵੇਚਿਆ, ਫਿਰ ਅਸੀਂ ਥੋਨੂੰ ਚੱਜ ਨਾਲ ਧਨੇਸੜੀ ਦੇਵਾਂਗੀਆਂ।”

ਚਾਰਾਂ ਨੂੰ ਗੁਰਦੁਆਰਾ ਸਾਹਿਬ ਲਿਜਾਕੇ ਨਸ਼ਾ ਨਾ ਵੇਚਣ ਦਾ ਪ੍ਰਣ ਵੀ ਲਿਆ। ਉਨ੍ਹਾਂ ਕੋਲੋਂ ਬਰਾਮਦ ਨਸ਼ਾ ਜਦੋਂ ਲੋਕਾਂ ਦੀ ਹਾਜਰੀ ਵਿੱਚ ਨਸ਼ਟ ਕੀਤਾ ਜਾ ਰਿਹਾ ਸੀ ਤਾਂ ਔਰਤਾਂ ਅਤੇ ਮਰਦਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਤੈਰ ਰਹੀ ਸੀ। ਪੰਦਰਾਂ ਕੁ ਦਿਨ ਅਸੀਂ ਉਸ ਪਿੰਡ ਨਾਲ ਲਗਾਤਾਰ ਜੁੜੇ ਰਹੇ। ਅਖਬਾਰਾਂ ਦੀ ਕਵਰੇਜ਼ ਕਾਰਨ ਪੁਲੀਸ ਵੀ ਹਰਕਤ ਵਿੱਚ ਆ ਗਈ। ਕੁਝ ਨਸ਼ੱਈ ਮਰੀਜ਼ਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਕੇ, ਕੁਝ ਨੂੰ ਘਰ ਦਵਾਈ ਦੇ ਕੇ ਨਸ਼ਾ ਮੁਕਤ ਕੀਤਾ ਗਿਆ। ਸਿਹਤ ਵਿਭਾਗ ਦੇ ਸਹਿਯੋਗ ਨਾਲ ਏਡਜ਼ ਪੀੜਤ ਮਰੀਜਾਂ ਨੂੰ ਅੰਮ੍ਰਿਤਸਰ ਇਲਾਜ ਲਈ ਭੇਜਿਆ ਗਿਆ।

ਦਿਨ ਛਿਪੇ ਜਦੋਂ ਅਸੀਂ ਪਿੰਡ ਵਿੱਚੋਂ ਘਰਾਂ ਨੂੰ ਪਰਤ ਰਹੇ ਸੀ ਤਾਂ ਪੀੜਤ ਔਰਤਾਂ ਦੇ ਘਰਾਂ ਵਿੱਚੋਂ ਆ ਰਹੀ ਰੋਸ਼ਨੀ ਤੋਂ ਇੰਜ ਲੱਗਦਾ ਸੀ ਜਿਵੇਂ ਚਾਨਣ ਨੇ ਹਨੇਰੇ ਉੱਤੇ ਜਿੱਤ ਪਾ ਲਈ ਹੋਵੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3099)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author