“ਸ਼ਹਿਰ ਵਿੱਚ ਥਾਣੇ ਮੂਹਰਿਉਂ ਲੰਘਦਿਆਂ ਚਾਚੇ ਨੂੰ ਉਹਦੇ ਮਿਲਣ ਵਾਲਾ ਹੌਲਦਾਰ ਮਿਲ ਗਿਆ। ਚਾਚਾ ਉਹਦੇ ਨਾਲ ...”
(2 ਅਗਸਤ 2021)
ਅੱਜ ਦੀ ਇਸ ਪਦਾਰਥਕ ਦੌੜ ਵਿੱਚ ਰਿਸ਼ਤਿਆਂ ਦਾ ਰੰਗ ਸਮੇਂ ਸਮੇਂ ਸਿਰ ਬਦਲਦਾ ਰਹਿੰਦਾ ਹੈ। ਰਿਸ਼ਤੇਦਾਰਾਂ, ਦੋਸਤਾਂ, ਸਕੇ ਸਬੰਧੀਆਂ ਨੂੰ ਅਸੀਂ ਉਨ੍ਹਾਂ ਦੇ ਰੁਤਬੇ ਅਤੇ ਆਰਥਿਕ ਸਥਿਤੀ ਅਨੁਸਾਰ ਹੀ ਬਣਦਾ ਮਾਨ-ਸਤਿਕਾਰ ਦਿੰਦੇ ਹਾਂ। ਚੰਗਾ ਰੁਤਬਾ ਰੱਖਣ ਵਾਲੇ ਦੂਰ ਦੇ ਰਿਸ਼ਤੇਦਾਰ ਨੂੰ ਵੀ ਅਸੀਂ ਆਪਣਾ ਨਜ਼ਦੀਕੀ ਰਿਸ਼ਤੇਦਾਰ ਦੱਸਦੇ ਹਾਂ ਪਰ ਆਰਥਿਕ ਅਤੇ ਕਬੀਲਦਾਰੀ ਦੀ ਦਲਦਲ ਵਿੱਚ ਧਸੇ ਨਜ਼ਦੀਕੀ ਰਿਸ਼ਤੇਦਾਰ ਨਾਲ ਸਾਡੀ ਦੂਰ ਦੀ ਰਿਸ਼ਤੇਦਾਰੀ ਬਣ ਜਾਂਦੀ ਹੈ। ਲੋਕ ਅਜੀਬ ਜਿਹੇ ਵਰਤਾਉ ਦਾ ਸ਼ਿਕਾਰ ਹੋ ਰਹੇ ਹਨ। ਕਿਸੇ ਅਮੀਰ ਵਿਅਕਤੀ ਦੇ ਮਿਲਣ ’ਤੇ ਉਸ ਨੂੰ ਸਿਰ ਝੁਕਾ ਕੇ ਸਤਿਕਾਰ ਦੇਣ ਉਪਰੰਤ ਨਿਮਰਤਾ ਨਾਲ ਕਹਿੰਦੇ ਹਾਂ, “ਜਨਾਬ, ਕਈ ਦਿਨਾਂ ਦੇ ਥੋਡੇ ‘ਦਰਸ਼ਨ’ ਨਹੀਂ ਹੋਏ। ਕਿਤੇ ਬਾਹਰ ਗਏ ਹੋਏ ਸੀ?” ਜਾਣ ਪਹਿਚਾਣ ਵਾਲੇ ਗਰੀਬ ਵਿਅਕਤੀ ਨੂੰ ਮਿਲਣ ’ਤੇ ਅਸੀਂ ਆਪਣੇ ਆਪ ਨੂੰ ਮੁਖ਼ਾਤਿਬ ਹੁੰਦੇ ਹਾਂ, “ਕਿੱਥੇ ਮੱਥੇ ਲੱਗ ਗਿਆ, ਹੁਣ ਕੋਈ ਹੋਰ ਮੰਗ ਨਾ ਰੱਖ ਦੇਵੇ।” ਇਹੋ ਜਿਹਾ ਵਰਤਾਰਾ ਵਿਹੰਦਿਆਂ 1965-66 ਵਿੱਚ ਮੇਰੇ ਨਾਲ ਵਾਪਰੀ ਇੱਕ ਘਟਨਾ ਚੇਤੇ ਆ ਜਾਂਦੀ ਹੈ। ਸ਼ਹਿਰ ਦੇ ਕਹਿੰਦੇ ਕਹਾਉਂਦੇ ਟੇਲਰ ਮਾਸਟਰ ਨੂੰ ਮੈਂ ਆਪਣਾ ਪੈਂਟ-ਸ਼ਰਟ ਸਿਉਣਾ ਦੇ ਦਿੱਤਾ। ਮਾਪ ਲੈਣ ਉਪਰੰਤ ਉਹਨੇ ਲਿਫਾਫੇ ਉੱਪਰ ਮੇਰਾ ਨਾਂ ਲਿਖ ਕੇ ਸਾਹਮਣੇ ਪਏ ਕੱਪੜਿਆਂ ਦੇ ਢੇਰ ਵਿੱਚ ਮੇਰੇ ਕੱਪੜਿਆਂ ਵਾਲਾ ਲਿਫਾਫਾ ਰੱਖ ਦਿੱਤਾ। ਜਦੋਂ ਮੈਂ ਪੁੱਛਿਆ ਕਿ ਕਦੋਂ ਤਕ ਲੈਣ ਆਵਾਂ ਤਾਂ ਉਹਦਾ ਜਵਾਬ ਸੀ, “ਬੱਸ ਥਾਣੇਦਾਰ ਜਲੌਰ ਸਿਹੁੰ ਦੇ ਤਿੰਨ ਸੂਟ ਸਿਉਂ ਕੇ ਮੈਂ ਤੇਰੇ ਵਾਲਾ ਪੈਂਟ ਸ਼ਰਟ ਸਿਉਂ ਦਿਆਂਗਾ। ਦਸ ਕੁ ਦਿਨਾਂ ਤਕ ਲੈ ਜਾਵੀਂ।”
ਦੱਸ ਕੁ ਦਿਨਾਂ ਬਾਅਦ ਮੈਂ ਜਦੋਂ ਪੌੜੀਆਂ ਚੜ੍ਹਕੇ ਉਹਦੇ ਚੁਬਾਰੇ ਵਿੱਚ ਗਿਆ ਤਾਂ ਉਹਨੇ ਮੇਰੇ ਵੱਲ ਵੇਖਕੇ ਕਿਹਾ, “ਬਈ, ਥਾਣੇਦਾਰ ਜਲੌਰ ਸਿੰਹੁ ਦੇ ਕੁਝ ਕੱਪੜੇ ਹੋਰ ਆ ਗਏ। ਉਨ੍ਹਾਂ ਦੇ ਜਵਾਕਾਂ ਦੇ ਕੱਪੜੇ ਵੀ ਨੇ। ਫੇਰ ਵੀ ਇਲਾਕੇ ਦਾ ਥਾਣੇਦਾਰ ਐ। ਪਹਿਲਾਂ ਉਹਦਾ ਕੰਮ ਨਿਬੇੜ ਦੇਵਾਂ। ਫਿਰ ਤੇਰਾ ਨੰਬਰ ਲੱਗੂ। ਬੱਸ ਦੋ ਕੁ ਦਿਨਾਂ ਦੀ ਖੇਡ ਐ। ਸ਼ਾਇਦ ਉਨ੍ਹਾਂ ਦੇ ਘਰ ਕੋਈ ਕਾਰਜ ਐ। ਨਾਲੇ ਉਹ ਮੈਥੋਂ ਬਿਨਾਂ ਕਿਸੇ ਹੋਰ ਤੋਂ ਸੁਆਉਂਦਾ ਵੀ ਨਹੀਂ। ਤੇਰੇ ਆਉਣ ਤੋਂ ਥੋੜ੍ਹਾ ਚਿਰ ਪਹਿਲਾਂ ਹੀ ਗਿਆ ਹੈ ਇੱਥੋਂ। ਲਾਮ-ਲਸ਼ਕਰ ਨਾਲ ਆਇਆ ਸੀ।”
ਉਹ ਟੇਲਰ ਮਾਸਟਰ ਗੱਲਾਂ ਗੱਲਾਂ ਵਿੱਚ ਥਾਣੇਦਾਰ ਜਲੌਰ ਸਿਹੁੰ ਦੀ ਆਮਦ ਸਬੰਧੀ ਦੱਸ ਕੇ ਪ੍ਰਗਟਾਵਾ ਕਰ ਗਿਆ ਕਿ ਇੱਥੋਂ ਤਾਂ ਥਾਣੇਦਾਰ ਵੀ ਕੱਪੜੇ ਸਿਵਾਉਣ ਲਈ ਮਗਰ ਮਗਰ ਫਿਰਦਾ ਹੈ। ਉਨ੍ਹਾਂ ਦਿਨਾਂ ਵਿੱਚ ਮੈਂ ਦਸਵੀਂ ਵਿੱਚ ਪੜ੍ਹਦਾ ਸਾਂ। ਪਿੰਡੋਂ ਟੁੱਟੇ ਜਿਹੇ ਸਾਈਕਲ ਤੇ ਪੰਜ-ਛੇ ਕਿਲੋਮੀਟਰ ਤੈਅ ਕਰਕੇ ਟੇਲਰ ਮਾਸਟਰ ਕੋਲ ਪਹੁੰਚਦਾ। ਮੇਰੇ ਡੋਕਲ ਜਿਹੇ ਕਮੀਜ਼ ਪਜਾਮੇ ਤੋਂ ਉਸਨੇ ਅੰਦਾਜ਼ਾ ਲਾ ਲਿਆ ਸੀ ਕਿ ਮੈਂ ਕਿੰਨੇ ਕੁ ਪਾਣੀ ਵਿੱਚ ਹਾਂ। ਚਾਰ ਪੰਜ ਵਾਰ ਉਹ ਥਾਣੇਦਾਰ ਜਲੌਰ ਸਿਹੁੰ ਦੇ ਕੱਪੜਿਆਂ ਦਾ ਜ਼ਿਕਰ ਛੇੜ ਕੇ ਮੈਂਨੂੰ ਬੇਰੰਗ ਮੋੜਦਾ ਰਿਹਾ। ਘਰ ਮਾਯੂਸੀ ਦੀ ਹਾਲਤ ਵਿੱਚ ਜਦੋਂ ਪਹੁੰਚਦਾ ਤਾਂ ਮਾਂ ਬਾਪ ਦੇ ਪੁੱਛਣ ’ਤੇ ਮੈਂ ਨਿਰਾਸਤਾ ਵਿੱਚ ਜਵਾਬ ਦਿੰਦਾ, “ਸਿਉਂਤੇ ਨਹੀਂ ਹਾਲੇ।”
ਮੇਰੇ ਵਾਰ ਵਾਰ ਸ਼ਹਿਰ ਗੇੜੇ ਮਾਰਨ ’ਤੇ ਘਰਦਿਆਂ ਨੂੰ ਸ਼ੱਕ ਹੋ ਗਿਆ ਕਿ ਇਹ ਸ਼ਹਿਰ ਮਟਰ-ਗਸ਼ਤੀ ਕਰਕੇ ਮੁੜ ਆਉਂਦਾ ਹੈ। ਉੱਧਰ ਦਸਵੀਂ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਅਤੇ ਫੋਟੋ ਦਾ ਦਿਨ ਨੇੜੇ ਆ ਰਿਹਾ ਸੀ। ਵਿਦਿਆਰਥੀਆਂ ਲਈ ਉਹ ਦਿਨ ਵਿਆਹ ਵਰਗਾ ਹੁੰਦਾ ਹੈ। ਮੈਂ ਵੀ ਚਾਹੁੰਦਾ ਸੀ ਕਿ ਮੈਂ ਉਸ ਦਿਨ ਨਵਾਂ ਪੈਂਟ ਸ਼ਰਟ ਪਾ ਕੇ ਸ਼ਕੂਲ ਜਾਵਾਂ। ਮੈਂ ਆਪਣੇ ਚਾਚੇ ਨੂੰ ਸਾਰੀ ਗੱਲ ਦੱਸ ਦਿੱਤੀ, “ਟੇਲਰ ਮਾਸਟਰ ਕੋਲ ਜਦੋਂ ਮੈਂ ਜਾਂਦਾ ਹਾਂ ਤਾਂ ਉਹ ਅੱਗਿਉਂ ਥਾਣੇਦਾਰ ਜਲੌਰ ਸਿਹੁੰ ਦੇ ਕੱਪੜੇ ਸਿਉਣ ਦੀ ਗੱਲ ਕਰਕੇ ਮੈਂਨੂੰ ਮੋੜ ਦਿੰਦਾ ਹੈ। ਮੈਂ ਉਹਦੇ ਗਲ ਪੈਣ ਜੋਗਾ ਵੀ ਨਹੀਂ। ਬੱਸ ਪੁੱਛ ਕੇ ਵਾਪਸ ਆ ਜਾਨਾ। ਮੇਰਾ ਕਿਹੜਾ ਦਿਲ ਕਰਦਾ ਹੈ ਬਈ ਪੈਂਟ-ਸ਼ਰਟ ਪਿੱਛੇ ਇਉਂ ਕੁੱਤੇ ਭਕਾਈ ਕਰਾਂ।”
ਅਗਲੇ ਦਿਨ ਮੇਰੇ ਨਾਲ ਚਾਚਾ ਤੁਰ ਪਿਆ। ਕਹਿੰਦਾ, ਮੈਂ ਕਰਦਾਂ ਉਸ ਵੱਡੇ ਟੇਲਰ ਮਾਸਟਰ ਨਾਲ ਗੱਲ। ਮੁੰਡੇ ਦੀ ਊਂਈ ਭਕਾਈ ਕਰਾਈ ਜਾਂਦਾ। ਸ਼ਹਿਰ ਵਿੱਚ ਥਾਣੇ ਮੂਹਰਿਉਂ ਲੰਘਦਿਆਂ ਚਾਚੇ ਨੂੰ ਉਹਦੇ ਮਿਲਣ ਵਾਲਾ ਹੌਲਦਾਰ ਮਿਲ ਗਿਆ। ਚਾਚਾ ਉਹਦੇ ਨਾਲ ਗੱਲਾਂ ਕਰਨ ਲੱਗ ਪਿਆ ਅਤੇ ਮੈਂ ਥੋੜ੍ਹੇ ਜਿਹੇ ਫਰਕ ਨਾਲ ਖੜੋਤਾ ਉਨ੍ਹਾਂ ਵੱਲ ਵਿਹੰਦਾ ਰਿਹਾ।
ਪੌੜੀਆਂ ਚੜ੍ਹਕੇ ਅਸੀਂ ਟੇਲਰ ਮਾਸਟਰ ਦੇ ਮੁਹਰੇ ਜਾ ਖੜੋਤੇ। ਚਾਚੇ ਨੇ ਆਪਣੇ ਬੋਲਣ ਦੇ ਲਹਿਜ਼ੇ ਵਿੱਚ ਥੋੜ੍ਹਾ ਜਿਹਾ ਰੁੱਖਾਪਣ ਲਿਆਉਂਦਿਆਂ ਪੁੱਛਿਆ, “ਸਾਡੇ ਮੁੰਡੇ ਦਾ ਪੈਂਟ ਸ਼ਰਟ?”
ਟੇਲਰ ਮਾਸਟਰ ਨੇ ਸਾਹਮਣੇ ਪਏ ਲਿਫਾਫੇ ਵੱਲ ਇਸ਼ਾਰਾ ਕਰਦਿਆਂ ਕਿਹਾ, “ਬੱਸ, ਥਾਣੇਦਾਰ ਜਲੌਰ ਸਿਹੁੰ ਦਾ ਇੱਕ ਸ਼ਰਟ ਸਿਉਣ ਵਾਲਾ ਰਹਿ ਗਿਆ। ਐਦੂੰ ਪਿੱਛੋਂ ਇਹਦਾ ਪੈਂਟ-ਸ਼ਰਟ ਹੀ ਸਿਉਣੈ।”
ਮੇਰੇ ਚਾਚੇ ਨੇ ਅੱਕ ਕੇ ਕਿਹਾ, “ਕਿਹੜਾ ਜਲੌਰ ਸਿਹੁੰ? ਉਹਦੀ ਤਾਂ ਅੱਜ ਬਦਲੀ ਹੋ ਗਈ ਅਹਿਮਦਗੜ ਦੀ, ਇੱਥੇ ਤਾਂ ਨਵਾਂ ਥਾਣੇਦਾਰ ਆ ਗਿਆ।”
ਟੇਲਰ ਮਾਸਟਰ ਨੇ ਉਤਸੁਕਤਾ ਨਾਲ ਪੁੱਛਿਆ, “ਅੱ … ਛਾ … ਉਹਦੀ ਬਦਲੀ ਹੋ ਗਈ?”
ਫਿਰ ਟੇਲਰ ਮਾਸਟਰ ਨੇ ਥਾਣੇਦਾਰ ਜਲੌਰ ਸਿਹੁੰ ਵਾਲੇ ਅਣਸਿਉਤੇ ਕੱਪੜਿਆਂ ਵਾਲੇ ਲਿਫਾਫੇ ਨੂੰ ਪਰਾਂ ਕਰਦਿਆਂ ਢੇਰ ਵਿੱਚੋਂ ਮੇਰੇ ਵਾਲਾ ਲਿਫਾਫਾ ਕੱਢ ਕੇ ਮਾਪ ਵਾਲੀ ਕਾਪੀ ’ਤੇ ਨਜ਼ਰ ਮਾਰਦਿਆਂ ਕਿਹਾ, “ਬੱਸ ਹੁਣੇ ਇਹਦਾ ਪੈਂਟ ਸ਼ਰਟ ਸਿਉਣਾ ਸ਼ੁਰੂ ਕਰਦਾਂ। ਪਰਸੋਂ ਨੂੰ ਦੁਪਹਿਰ ਪਿੱਛੋਂ ਲੈ ਜਾਇਉ।”
ਇੰਜ ਥਾਣੇਦਾਰ ਜਲੌਰ ਸਿਹੁੰ ਦੀ ਬਦਲੀ ਮੇਰਾ ਪੈਂਟ ਸ਼ਰਟ ਸਿਉਣ ਦਾ ਸਬੱਬ ਬਣ ਗਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2929)
(ਸਰੋਕਾਰ ਨਾਲ ਸੰਪਰਕ ਲਈ: