“ਦਰਅਸਲ ਭ੍ਰਿਸ਼ਟ ਡੀ.ਆਈ.ਜੀ ਨੂੰ ਗ੍ਰਿਫਤਾਰ ਕਰਕੇ ਸੀ.ਬੀ.ਆਈ. ਨੇ ਕਾਂ ਮਾਰ ਕੇ ਬਨੇਰੇ ’ਤੇ ..."
(23 ਅਕਤੂਬਰ 2025)
ਅੰਦਾਜ਼ਨ 2300 ਸਾਲ ਪਹਿਲਾਂ ਮਹਾਨ ਸਿਕੰਦਰ ਨੇ ਦੁਨੀਆਂ ਨੂੰ ਜਿੱਤਣ ਦਾ ਦ੍ਰਿੜ੍ਹ ਸੰਕਲਪ ਕੀਤਾ ਸੀ। ਜਿੱਥੇ ਉਸਨੇ ਆਪਣੇ ਰਾਜ ਦੀ ਸੀਮਾ ਨੂੰ ਵਿਸ਼ਾਲ ਕਰਕੇ ਬੁਲੰਦੀਆਂ ਨੂੰ ਛੋਹਿਆ, ਉੱਥੇ ਹੀ ਅਥਾਹ ਧਨ ਦੌਲਤ ਇਕੱਠੀ ਕਰਨ ਦੇ ਨਾਲ ਨਾਲ ਕੀਮਤੀ ਹੀਰੇ ਮੋਤੀਆਂ ਨਾਲ ਵੀ ਖ਼ਜ਼ਾਨਾ ਭਰਿਆ। 32 ਸਾਲ ਦੀ ਉਮਰ ਵਿੱਚ ਜਦੋਂ ਉਹ ਆਖ਼ਰੀ ਸਾਹਾਂ ’ਤੇ ਸੀ ਤਾਂ ਉਸਨੇ ਆਪਣੇ ਵਜ਼ੀਰਾਂ ਨੂੰ ਆਦੇਸ਼ ਦਿੱਤਾ ਕਿ ਮੇਰੀ ਅਰਥੀ ਨੂੰ ਉਹ ਹਕੀਮ ਮੋਢਾ ਦੇਣ ਜਿਹੜਾ ਮੇਰਾ ਇਲਾਜ ਕਰ ਰਹੇ ਸਨ ਤਾਂ ਜੋ ਦੁਨੀਆਂ ਨੂੰ ਇਹ ਪਤਾ ਲੱਗ ਸਕੇ ਕਿ ਕਹਿੰਦੇ ਕਹਾਉਂਦੇ ਹਕੀਮ ਵੀ ਮੇਰੀ ਮੌਤ ਨੂੰ ਨਹੀਂ ਰੋਕ ਸਕੇ। ਉਸਨੇ ਦੂਜਾ ਆਦੇਸ਼ ਦਿੱਤਾ ਕਿ ਜਿੱਥੋਂ ਦੀ ਮੇਰਾ ਜਨਾਜ਼ਾ ਗੁਜ਼ਰੇ ਉਸ ਰਾਹ ’ਤੇ ਖਜ਼ਾਨੇ ਦੇ ਸਾਰੇ ਹੀਰੇ ਮੋਤੀ ਵਿਛਾ ਦਿੱਤੇ ਜਾਣ ਤਾਂ ਜੋ ਦੁਨੀਆ ਇਸ ਗੱਲ ਤੋਂ ਵੀ ਜਾਣੂ ਹੋ ਸਕੇ ਕਿ ਅਥਾਹ ਕੀਮਤੀ ਹੀਰੇ ਮੋਤੀ ਅਤੇ ਹੋਰ ਧਨ ਦੌਲਤ ਵੀ ਮੇਰੇ ਸਾਹਾਂ ਦੀ ਪੂੰਜੀ ਵਿੱਚ ਵਾਧਾ ਨਹੀਂ ਕਰ ਸਕੇ ਅਤੇ ਉਸਦਾ ਤੀਜਾ ਆਦੇਸ਼ ਸੀ ਕਿ ਮੇਰੀ ਮ੍ਰਿਤਕ ਦੇਹ ਲੈ ਕੇ ਜਾਣ ਸਮੇਂ ਮੇਰੇ ਦੋਨੋਂ ਹੱਥ ਬਾਹਰ ਕੱਢ ਦੇਣੇ ਤਾਂ ਜੋ ਦੁਨੀਆਂ ਨੂੰ ਇਹ ਸੁਨੇਹਾ ਮਿਲ ਸਕੇ ਕਿ ਭਾਰੀ ਗਿਣਤੀ ਵਿੱਚ ਫੌਜ, ਅਥਾਹ ਧਨ ਦੌਲਤ ਅਤੇ ਵਿਸ਼ਾਲ ਰਾਜ ਭਾਗ ਹੁੰਦਿਆਂ ਸਿਕੰਦਰ ਖਾਲੀ ਹੱਥ ਜਾ ਰਿਹਾ ਹੈ। ਇਸੇ ਲਈ ਅਕਸਰ ਗੱਲਾਂਬਾਤਾਂ ਵਿੱਚ ਇਹ ਕਿਹਾ ਜਾਂਦਾ ਹੈ, “ਇੱਥੋਂ ਤਾਂ ਸਿਕੰਦਰ ਵਰਗੇ ਖਾਲੀ ਹੱਥ ਗਏ ਹਨ, ਅਸੀਂ ਕਿਹੜੇ ਬਾਗ ਦੀ ਮੂਲੀ ਹਾਂ।”
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਦਸਾਂ ਨਹੁੰਆਂ ਦੀ ਕਿਰਤ ਕਰਨ ਦੇ ਨਾਲ ਨਾਲ ਮਨੁੱਖ ਦੀ ਅਸਥਿਰਤਾ ਦਾ ਜ਼ਿਕਰ ਇਸ ਪ੍ਰੇਰਨਾ ਮਈ ਸ਼ਬਦ ਰਾਹੀਂ ਕੀਤਾ ਹੈ:
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ।
ਕਹੁ ਨਾਨਕ ਥਿਰੁ ਕਛੁ ਨਹੀਂ ਸੁਪਨੇ ਜਿਉ ਸੰਸਾਰੁ।
ਪੰਜਾਬ ਦਾ ਇਹ ਦੁਖਾਂਤ ਹੈ ਕਿ ਸਾਡੇ ਗੁਰੂਆਂ, ਪੀਰਾਂ ਅਤੇ ਮਾਣਮੱਤੀਆਂ ਸ਼ਖਸੀਅਤਾਂ ਦੇ ਉਪਦੇਸ਼ਾਂ ਨੂੰ ਬਹੁਤ ਸਾਰੇ ਸਿਆਸੀ ਆਗੂਆਂ ਅਤੇ ਅਫਸਰਸ਼ਾਹੀ ਨੇ ਅਣਗੌਲਿਆ ਕਰਕੇ ਪ੍ਰਾਂਤ ਨੂੰ ਦੋਨੋਂ ਹੱਥੀਂ ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ। 3.74 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਖੇਤੀ ਸੰਕਟ, ਨਿਵੇਸ਼ ਦਾ ਸੰਕਟ, ਪੇਂਡੂ ਖੇਤਰਾਂ ਦਾ ਸੰਕਟ, ਬੇਰੁਜ਼ਗਾਰੀ ਦਾ ਸੰਕਟ ਅਤੇ ਸਨਅਤੀ ਖੇਤਰ ਦੀਆਂ ਬਹੁ ਪੱਖੀ ਅਤੇ ਬਹੁ ਪਰਤੀ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਇਨ੍ਹਾਂ ਸਮੱਸਿਆਵਾਂ ਦਾ ਮੂਲ ਕਾਰਨ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਅਮਰਵੇਲ ਵਾਂਗ ਵਧਣਾ ਹੈ। 18 ਅਪਰੈਲ 2002 ਨੂੰ ਭ੍ਰਿਸ਼ਟਾਚਾਰ ਦਾ ਵੱਡਾ ਕੇਸ ਉਦੋਂ ਸਾਹਮਣੇ ਆਇਆ ਸੀ ਜਦੋਂ ਪਬਲਿਕ ਸਰਵਿਸ ਕਮਿਸ਼ਨ ਦੇ ਉਸ ਵੇਲੇ ਦੇ ਚੇਅਰਮੈਨ ਰਵੀ ਸਿੱਧੂ ਦੇ ਲਾਕਰਾਂ ਵਿੱਚੋਂ ਵਿਜੀਲੈਂਸ ਵਿਭਾਗ ਪੰਜਾਬ ਨੇ 8.01 ਕਰੋੜ ਦੀ ਬਰਾਮਦਗੀ ਕੀਤੀ ਸੀ। ਇੰਨੀ ਵੱਡੀ ਰਿਸ਼ਵਤ ਦੀ ਰਕਮ ਨੂੰ ਗਿਣਨ ਲਈ ਨੋਟ ਗਿਣਨ ਵਾਲੀਆਂ ਮਸ਼ੀਨਾਂ ਦਾ ਸਹਾਰਾ ਲੈਣਾ ਪਿਆ ਸੀ। ਇਸ ਰਿਸ਼ਵਤ ਕਾਂਡ ਕਾਰਨ ਸਮੁੱਚੇ ਪੰਜਾਬ ਵਿੱਚ ਸੰਨਾਟਾ ਪਸਰ ਗਿਆ ਸੀ। ਸਰਵਿਸ ਕਮਿਸ਼ਨ ਵੱਲੋਂ ਰਵੀ ਸਿੱਧੂ ਦੇ ਕਾਰਜਕਾਲ ਵਿੱਚ ਸਲੈਕਟ ਕੀਤੇ 639 ਉਮੀਦਵਾਰਾਂ ਦੀ ਚੋਣ ਵੀ ਰੱਦ ਕਰ ਦਿੱਤੀ ਗਈ ਸੀ। ਉਸ ਵੇਲੇ ਸਿਰਫ ਕੁਝ ਮਹੀਨੇ ਬੇਈਮਾਨ ਅਫਸਰਾਂ ਅਤੇ ਸਿਆਸਤਦਾਨਾਂ ਨੇ ਦੋ ਨੰਬਰ ਦੀ ਕਮਾਈ ਵੱਲ ਮੂੰਹ ਨਹੀਂ ਸੀ ਕੀਤਾ ਪਰ ਫਿਰ ਪਰਨਾਲਾ ਉੱਥੇ ਦਾ ਉੱਥੇ ਹੀ ਆ ਗਿਆ ਸੀ।
ਤਾਜ਼ੀ ਘਟਨਾ 16 ਅਕਤੂਬਰ, 2025 ਦੀ ਹੈ ਜਦੋਂ ਸੀ.ਬੀ.ਆਈ. ਨੇ ਰੋਪੜ ਰੇਂਜ ਦੇ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਨੂੰ 8 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਹੈ। ਰਿਸ਼ਵਤ ਲੈਣ ਦੇਣ ਵਿੱਚ ਵਿਚੋਲੇ ਦਾ ਕੰਮ ਕਰਨ ਵਾਲਾ ਕ੍ਰਿਸ਼ਨੂ ਸ਼ਾਰਦਾ ਵੀ ਸੀ.ਬੀ.ਆਈ. ਦੇ ਸ਼ਿਕੰਜੇ ਵਿੱਚ ਹੈ। ਡੀ.ਆਈ.ਜੀ. ਦੇ ਸੈਕਟਰ 40 ਵਿੱਚ ਸਥਿਤ ਨਿਵਾਸ ਸਥਾਨ ਦੀ ਜਦੋਂ ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਤਲਾਸ਼ੀ ਲਈ ਤਾਂ 7.50 ਕਰੋੜ ਨਕਦ ਰਾਸ਼ੀ, ਢਾਈ ਕਿਲੋ ਸੋਨਾ, 17 ਬੈਂਕ ਲਾਕਰਾਂ ਦੀਆਂ ਚਾਬੀਆਂ, ਚੰਡੀਗੜ੍ਹ, ਮੋਹਾਲੀ ਸਮੇਤ ਪੰਜਾਹ ਤੋਂ ਵੱਧ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼, 26 ਮਹਿੰਗੀਆਂ ਘੜੀਆਂ, ਚਾਰ ਹਥਿਆਰ ਅਤੇ ਸੌ ਜਿੰਦਾ ਕਾਰਤੂਸ ਮਿਲੇ ਹਨ। ਸਮਰਾਲਾ ਸਥਿਤ ਫਾਰਮ ਹਾਊਸ ਤੋਂ 108 ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ, 6 ਲੱਖ ਨਕਦ ਅਤੇ 17 ਜਿੰਦਾ ਕਾਰਤੂਸ ਮਿਲੇ ਹਨ। ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਕ੍ਰਿਸ਼ਨੂ ਸ਼ਾਰਦਾ ਦੇ ਨਾਭਾ ਸਥਿਤ ਘਰ ਵਿੱਚੋਂ 21 ਲੱਖ ਦੀ ਨਕਦ ਰਾਸ਼ੀ, ਕੁਝ ਸ਼ੱਕੀ ਦਸਤਾਵੇਜ਼ ਅਤੇ ਇੱਕ ਡਾਇਰੀ ਮਿਲੀ ਹੈ, ਜਿਸ ਵਿੱਚ ਰਿਸ਼ਵਤ ਦੇ ਪੈਸੇ ਦਾ ਰਿਕਾਰਡ ਦਰਜ ਕੀਤਾ ਹੋਇਆ ਹੈ। ਦੋਨਾਂ ਦੋਸ਼ੀਆਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਅਧੀਨ ਬੁੜੈਲ ਜੇਲ੍ਹ ਵਿੱਚ ਭੇਜਿਆ ਗਿਆ ਹੈ। ਡੀ.ਆਈ.ਜੀ. ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਪ੍ਰਸ਼ਾਸਕੀ ਖੇਤਰ ਅਤੇ ਸਿਆਸੀ ਖੇਤਰ ਵਿੱਚ ਸੁੰਨ ਪਸਰ ਗਈ ਹੈ, ਉੱਥੇ ਹੀ ਕਈ ਤਰ੍ਹਾਂ ਦੇ ਤੌਖਲੇ, ਸ਼ੰਕੇ ਅਤੇ ਚਿੰਤਾਵਾਂ ਵੀ ਸਾਹਮਣੇ ਆਈਆਂ ਹਨ।
ਗੋਬਿੰਦਗੜ੍ਹ ਮੰਡੀ ਨਾਲ ਸੰਬੰਧਿਤ ਆਕਾਸ਼ ਬੱਤਾ ਦੇ 11 ਅਕਤੂਬਰ 2025 ਨੂੰ ਕੀਤੀ ਸ਼ਿਕਾਇਤ ਅਤੇ ਫਿਰ ਸੀ.ਬੀ.ਆਈ. ਵੱਲੋਂ 52 ਕਰਮਚਾਰੀਆਂ ਰਾਹੀਂ ਬਰੀਕੀ ਨਾਲ ਕੀਤੀ ਪੁਣ-ਛਾਣ ਤੋਂ ਬਾਅਦ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਸ਼ਿਕਾਇਤ ਕਰਤਾ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਜਾਂ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤ ਕਿਉਂ ਨਹੀਂ ਕੀਤੀ, ਸਿੱਧਾ ਸੀ.ਬੀ.ਆਈ. ਨੂੰ ਪਹੁੰਚ ਕਿਉਂ ਕੀਤੀ? ਤਾਂ ਉਹਦਾ ਜਵਾਬ ਸੀ, “ਜੇਕਰ ਮੈਂ ਪੰਜਾਬ ਵਿੱਚ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕਰਦਾ ਤਾਂ ਡੀ.ਆਈ.ਜੀ. ਨੂੰ ਤਾਂ ਕਿਸੇ ਨੇ ਨਹੀਂ ਸੀ ਪੁੱਛਣਾ, ਸ਼ਿਕਾਇਤ ਕਰਨ ਦੇ ਦੋਸ਼ ਵਿੱਚ ਮੇਰੇ ’ਤੇ ਦੋ ਤਿੰਨ ਪਰਚੇ ਦਰਜ ਕਰਕੇ ਮੈਨੂੰ ਜੇਲ੍ਹ ਵਿੱਚ ਸੁੱਟ ਦੇਣਾ ਸੀ।”
ਆਕਾਸ਼ ਬੱਤਾ ਦਾ ਇਹ ਜਵਾਬ ਦਰਅਸਲ ਪੁਲਿਸ ਦੀ ਸ਼ੱਕੀ ਕਾਰਗੁਜ਼ਾਰੀ ਅਤੇ ਪੁਲਿਸ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਣ ਦਾ ਪ੍ਰਗਟਾਵਾ ਹੈ। ਬਹੁਤ ਸਾਰੇ ਕੇਸਾਂ ਵਿੱਚ ਪੁਲਿਸ ਦੀ ਲੋਕਾਂ ਨਾਲ ਧੱਕੇਸ਼ਾਹੀ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜਾਂ ਵੱਲੋਂ ਇਸ ਸਬੰਧ ਵਿੱਚ ਕੀਤੀਆਂ ਸਖਤ ਟਿੱਪਣੀਆਂ ਨੇ ਪੁਲਿਸ ਵਿਭਾਗ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਵਿਚੋਲੀਏ ਕ੍ਰਿਸ਼ਨੂ ਨੇ ਇਕਬਾਲੀਆ ਬਿਆਨ ਵਿੱਚ ਦੱਸਿਆ ਹੈ ਕਿ ਉਹਦੇ ਵਾਂਗ ਦੋ ਹੋਰ ਵਿਚੋਲੀਏ ਇਸ ਮੁਅੱਤਲ ਡੀ.ਆਈ. ਜੀ. ਦੀ ‘ਸੇਵਾ’ ਵਿੱਚ ਲੱਗੇ ਹੋਏ ਸਨ। ਉਸ ਕੋਲ ਪ੍ਰਾਪਤ ਡਾਇਰੀ ਵਿੱਚੋਂ ਹੋਰ ਕਈ ਅਧਿਕਾਰੀਆਂ ਨਾਲ ਵੀ ਵਿਚੋਲੀਏ ਦੀ ਭੂਮਿਕਾ ਨਿਭਾਉਣ ਦਾ ਪਤਾ ਲੱਗਿਆ ਹੈ ਅਤੇ ਉਨ੍ਹਾਂ ਅਧਿਕਾਰੀਆਂ ਦੀ ਹੁਣ ਨੀਂਦ ਉਡ ਗਈ ਹੈ। ਆਪਣੀਆਂ ਕੋਠੀਆਂ ਵਿੱਚ ਰਾਤਾਂ ਗੁਜ਼ਾਰਨ ਦੀ ਥਾਂ ਉਹ ਇੱਧਰ ਉੱਧਰ ਭਟਕਦੇ ਫਿਰਦੇ ਹਨ। ਭਲਾ ਅਜਿਹੀ ਹਰਾਮ ਦੀ ਕਮਾਈ ਦਾ ਫਾਇਦਾ ਹੀ ਕੀ ਜਿਹੜੀ ਤੁਹਾਡਾ ਅਤੇ ਪਰਿਵਾਰ ਦਾ ਸੁੱਖ ਚੈਨ ਹੀ ਖੋਹ ਲਵੇ? ਸੀ.ਬੀ.ਆਈ. ਦੀ ਇਸ ਕਾਰਵਾਈ ਤੋਂ ਬਾਅਦ ਇਹ ਸਵਾਲ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਸਰਕਾਰ ਦਾ ਖੁਫ਼ੀਆ ਤੰਤਰ ਅਤੇ ਪੁਲਿਸ ਵਿਭਾਗ ਦਾ ਅੰਦਰੂਨੀ ਖੁਫ਼ੀਆ ਤੰਤਰ ਅਜਿਹੇ ਭ੍ਰਿਸ਼ਟਾਚਾਰ ਕੇਸ ਵਿੱਚ ਚੁੱਪ ਕਿਉਂ ਰਿਹਾ? ਕੀ ਉਹਨਾਂ ਦੇ ਨੱਕ ਥੱਲੇ ਹੋ ਰਹੇ ਇਸ ਕਾਲੇ ਧੰਦੇ ਦਾ ਉਹਨਾਂ ਨੂੰ ਪਤਾ ਨਹੀਂ ਲੱਗਿਆ? ਪੰਜਾਬ ਦੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਦਾ ਇਸ ਕਾਂਡ ਤੋਂ ਬਾਅਦ ਆਇਆ ਬਿਆਨ ਸਾਡਾ ਸਭ ਦਾ ਧਿਆਨ ਖਿੱਚਦਾ ਹੈ, “ਇੰਨਾ ਵੱਡਾ ਪ੍ਰਸ਼ਾਸਨਿਕ ਢਾਂਚਾ ਹੋਣ ਦੇ ਬਾਵਜੂਦ ਸਾਨੂੰ ਪਤਾ ਨਾ ਲੱਗਣਾ ਕਾਫੀ ਮੰਦਭਾਗਾ ਹੈ।” ਸਰਕਾਰ ਦੀ ਭ੍ਰਿਸ਼ਟਾਚਾਰ ਸਬੰਧੀ ਜ਼ੀਰੋ ਟੋਲਰੈਂਸ ’ਤੇ ਉਹਨਾਂ ਕਿਹਾ, “ਕਹਿਣਾ ਆਸਾਨ ਹੈ, ਪਰ ਧਰਤੀ ’ਤੇ ਉਤਾਰਨਾ ਬਹੁਤ ਮੁਸ਼ਕਿਲ।”
ਡੀ.ਆਈ. ਜੀ. ਨੂੰ ਨੌਕਰੀ ਤੋਂ ਮੁਅੱਤਲ ਕਰਨ ਦੇ ਨਾਲ ਨਾਲ, ਉਸਦੇ ਅਤੇ ਪਰਿਵਾਰਿਕ ਮੈਂਬਰਾਂ ਦੇ ਬੈਂਕ ਖਾਤੇ ਸੀਲ ਕਰਨ ਉਪਰੰਤ ਸਮਰਾਲਾ ਪੁਲਿਸ ਸਟੇਸ਼ਨ ਵਿੱਚ ਉਸ ਵਿਰੁੱਧ ਆਬਕਾਰੀ ਐਕਟ ਅਧੀਨ ਨਜਾਇਜ਼ ਸ਼ਰਾਬ ਰੱਖਣ ਸਬੰਧੀ ਕੇਸ ਵੀ ਦਰਜ਼ ਕੀਤਾ ਗਿਆ ਹੈ ਅਤੇ ਅਗਾਂਹ ਪੜਤਾਲ ਜਾਰੀ ਹੈ।
ਈ.ਡੀ. ਦੀ ਦਖ਼ਲ ਅੰਦਾਜ਼ੀ ਹੋਣ ਨਾਲ ਭੁੱਲਰ ਦੀ ਗ੍ਰਿਫਤਾਰੀ ਦੇ ਹੋਰ ਵੀ ਦੂਰਗਾਮੀ ਪ੍ਰਭਾਵ ਹੇਠ ਲਿਖੇ ਅਨੁਸਾਰ ਸਾਹਮਣੇ ਆ ਰਹੇ ਹਨ:
1) ਆਮ ਆਦਮੀ ਪਾਰਟੀ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸਟੇਟ ਬਣਾਉਣ ਦੇ ਵਾਅਦੇ ਨਾਲ ਸਾਲ 2022 ਵਿੱਚ ਹੋਂਦ ਵਿੱਚ ਆਈ ਸੀ। ਇਹ ਕਾਂਡ ਅਤੇ ਇਸਦੇ ਨਾਲ ਹੀ ਹੋਰ ਕਈ ਕਾਂਡਾਂ ਨੇ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੌਲਰੈਂਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।
2) ਰਾਜਭਾਗ ਵਿੱਚ ਪਾਰਦਰਸ਼ਤਾ ਦਾ ਵਾਅਦਾ ਵੀ ਲੋਕਾਂ ਨਾਲ ਕੀਤਾ ਗਿਆ ਸੀ। ਅਜਿਹੇ ਭ੍ਰਿਸ਼ਟ ਕਰਮਚਾਰੀ ਦੀ ਕਾਰਗੁਜ਼ਾਰੀ ਨੇ ਇਸ ਪੱਖ ਤੋਂ ਵੀ ਸਰਕਾਰ ਦਾ ਅਕਸ ਧੁੰਦਲਾ ਕੀਤਾ ਹੈ।
3) ਭ੍ਰਿਸ਼ਟ ਅਫਸਰਸ਼ਾਹੀ ਨੇ ‘ਅਟੈਚੀ ਕਲਚਰ’ ਨੂੰ ਉਤਸ਼ਾਹਿਤ ਕਰਕੇ ਮਨਪਸੰਦ ਸਟੇਸ਼ਨ ਅਤੇ ਪੋਸਟਾਂ ਪ੍ਰਾਪਤ ਕੀਤੀਆਂ।
4) ਇਮਾਨਦਾਰ, ਕੰਮ ਪ੍ਰਤੀ ਸਮਰਪਿਤ, ਸੂਝਬੂਝ ਰੱਖਣ ਵਾਲੇ ਕਈ ਅਧਿਕਾਰੀ ਖੂੰਜੇ ਲਾ ਰੱਖੇ ਹਨ।
5) ਅਜਿਹੇ ਭ੍ਰਿਸ਼ਟ ਅਧਿਕਾਰੀਆਂ ’ਤੇ ਜੇਕਰ ਸਰਕਾਰ ਵੱਲੋਂ ਨੱਥ ਪਾਈ ਜਾਂਦੀ ਤਾਂ ਸੀ.ਬੀ.ਆਈ. ਦਖ਼ਲ ਅੰਦਾਜ਼ੀ ਨਾ ਕਰਦੀ।
ਪੁਰਾਣੇ ਸਮਿਆਂ ਵਿੱਚ ਬੱਚੇ ਖੁੱਲ੍ਹੇ ਵਿਹੜੇ ਵਿੱਚ ਬੈਠ ਕੇ ਜਦੋਂ ਰੋਟੀ ਖਾਂਦੇ ਸਨ ਤਾਂ ਕਾਂ ਝਪਟ ਮਾਰ ਕੇ ਬੱਚਿਆਂ ਦੀ ਰੋਟੀ ਖੋਹ ਕੇ ਉਡ ਜਾਂਦੇ ਸਨ। ਅਜਿਹਾ ਕੁਝ ਘਰ ਦੇ ਮਰਦ ਅਤੇ ਔਰਤਾਂ ਨਾਲ ਵੀ ਹੁੰਦਾ ਸੀ। ਕਾਵਾਂ ਦੀ ਇਸ ਹਰਕਤ ਤੋਂ ਤੰਗ ਆ ਕੇ ਘਰ ਵਾਲੇ ਇੱਕ ਕਾਂ ਨੂੰ ਮਾਰ ਕੇ ਬਨੇਰੇ ’ਤੇ ਟੰਗ ਦਿੰਦੇ ਸਨ ਅਤੇ ਮਰੇ ਹੋਏ ਕਾਂ ਨੂੰ ਦੇਖ ਕੇ ਦੂਜੇ ਕਾਂ ਉਸ ਘਰ ਵਿੱਚ ਦੁਬਾਰਾ ਇਹ ਹਰਕਤ ਨਹੀਂ ਸੀ ਕਰਦੇ। ਦਰਅਸਲ ਭ੍ਰਿਸ਼ਟ ਡੀ.ਆਈ.ਜੀ ਨੂੰ ਗ੍ਰਿਫਤਾਰ ਕਰਕੇ ਸੀ.ਬੀ.ਆਈ. ਨੇ ਕਾਂ ਮਾਰ ਕੇ ਬਨੇਰੇ ’ਤੇ ਟੰਗਣ ਵਰਗੀ ਕਾਰਵਾਈ ਹੀ ਕੀਤੀ ਹੈ। ਇਸ ਕਾਰਵਾਈ ਦੇ ਖ਼ੌਫ ਨਾਲ ਸ਼ਾਇਦ ਭ੍ਰਿਸ਼ਟ ਅਧਿਕਾਰੀ ਅਤੇ ਰਾਜਨੀਤਿਕ ਆਗੂ ਜੋਕਾਂ ਬਣ ਕੇ ਲੋਕਾਂ ਦਾ ਖੂਨ ਚੂਸਣ ਤੋਂ ਗੁਰੇਜ਼ ਕਰਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (