“ਕਮਰੇ ਵਿੱਚ ਸੰਨ੍ਹਾਟਾ ਛਾ ਗਿਆ ਸੀ। ਮਾਈ ਦੀ ਹਾਲਤ ਵੇਖੀ ਨਹੀਂ ਸੀ ਜਾ ਰਹੀ। ਮੇਰੇ ...”
(15 ਜੂਨ 2022)
ਮਹਿਮਾਨ: 118.
ਪੰਜਾਬ ਦੀ ਬੌਧਿਕ, ਆਰਥਿਕ, ਮਾਨਸਿਕ ਅਤੇ ਸਮਾਜਿਕ ਮੰਦਹਾਲੀ ਦਾ ਜ਼ਿਕਰ ਕਰਦਿਆਂ ਪੰਜਾਬੀ ਦੇ ਮਰਹੂਮ ਵਿਦਵਾਨ ਲੇਖਕ ਜਸਵੰਤ ਸਿੰਘ ਕੰਵਲ ਨੇ ਲਿਖਿਆ ਸੀ, “ਸਾਡੇ ਰੰਗਲੇ ਪੰਜਾਬ ਨੂੰ ਗੋਡਿਆਂ ਭਾਰ ਤਲਵਾਰਾਂ ਅਤੇ ਰਾਇਫ਼ਲਾਂ ਨੇ ਨਹੀਂ ਕੀਤਾ ਸਗੋਂ ਸਿਗਰਟਾਂ, ਸ਼ਰਾਬ ਦੀਆਂ ਬੋਤਲਾਂ ਅਤੇ ਢਾਈ-ਤਿੰਨ ਇੰਚ ਦੀਆਂ ਚਿੱਟੇ ਨਾਲ ਭਰੀਆਂ ਸਰਿੰਜਾਂ ਨੇ ਕੀਤਾ ਹੈ।” ਸੱਚ-ਮੁੱਚ ਪੰਜਾਬ ਦੀ ਹਾਲਤ ਉਸ ਡਿਗੂੰ-ਡਿਗੂੰ ਕਰਦੀ ਹਵੇਲੀ ਵਰਗੀ ਹੈ ਜਿਸਦੀਆਂ ਦਰਾੜਾਂ ਭਰਨ ਉਪਰੰਤ ਰੰਗ ਰੋਗਨ ਕਰਕੇ ਉਸ ’ਤੇ ਮੋਟੇ ਅੱਖਰਾਂ ਵਿੱਚ ‘ਰੰਗਲੀ ਹਵੇਲੀ’ ਲਿਖ ਕੇ ਰਾਹਗੀਰਾਂ ਨੂੰ ਭਰਮਾਇਆ ਜਾ ਰਿਹਾ ਹੋਵੇ। ਨਸ਼ਿਆਂ ਦੇ ਵਿਆਪਕ ਪਰਕੋਪ ਕਾਰਨ ਪੰਜਾਬ ਵਿੱਚ ਵਿਕਾਸ ਦੀ ਖੜੋਤ ਅਤੇ ਸਿਰਜਣਾਤਮਕ ਸ਼ਕਤੀਆਂ ਦੀਆਂ ਪੁਲਾਂਘਾਂ ਨੂੰ ਜੂੜ ਪੈ ਗਿਆ ਹੈ। ਕਿਤੇ ਨਸ਼ੇ ਦੀ ਓਵਰਡੋਜ਼ ਨਾਲ ਕਿਸੇ ਖੋਲੇ ਵਿੱਚ ਪਈ ਲਾਸ਼, ਕਿਤੇ ਨਸ਼ੇ ਦਾ ਟੀਕਾ ਲਾਉਂਦੇ ਦੀ ਘਰ ਦੇ ਬਾਥਰੂਮ ਵਿੱਚ ਹੀ ਮੌਤ, ਕਿਤੇ ਇਕਲੌਤੇ ਪੁੱਤ ਦੀ ਲਾਸ਼ ’ਤੇ ਪੱਥਰਾਂ ਨੂੰ ਰਵਾਉਣ ਵਾਲੇ ਕੀਰਨੇ ਪਾਉਂਦੀ ਬੇਵਸ ਮਾਂ, ਕਿਤੇ ਨਸ਼ੇ ਕਾਰਨ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਮੌਤ ’ਤੇ ਮਾਸੂਮ ਬੱਚਾ ਲਾਸ਼ ਨੂੰ ਹਲੂਣਦਿਆਂ ਕਹਿੰਦਾ ਹੈ, “ਪਾਪਾ, ਮੈਨੂੰ ਸਕੂਲ ਛੱਡ ਆਉ।”
ਸੱਚਮੁੱਚ ਨਸ਼ਿਆਂ ਦੇ ਪਰਕੋਪ ਨੇ ਅਨੇਕਾਂ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਅਤੇ ਸੱਥਰਾਂ ’ਤੇ ਪਸਰੀ ਚੁੱਪ ਵਿੱਚ ਇਹ ਪ੍ਰਸ਼ਨ ਸੁਲਗ ਰਿਹਾ ਹੈ ਕਿ ਇਹ ਕਿਹੋ ਜਿਹਾ ‘ਵਿਕਾਸ’ ਹੈ ਜਿਸਦੇ ਕਾਰਨ ਪੰਜਾਬ ਦੀ ਜਵਾਨੀ ਸਿਵਿਆਂ ਦੇ ਰਾਹ ਪੈ ਗਈ ਹੈ। ਖੂਨ ਦੇ ਅੱਥਰੂ ਕੇਰਦੇ ਮਾਪੇ ਆਪਣੇ ਜਵਾਨ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਲਈ ਮਜਬੂਰ ਹੋ ਰਹੇ ਹਨ। ਘਰਾਂ ਦੇ ਠੰਢੇ ਚੁੱਲ੍ਹਿਆਂ ਦੇ ਖਰੇਪੜ ਲਹਿ ਰਹੇ ਹਨ। ਜਵਾਨੀ ਦੇ ਕਿਰਤ ਵਾਲੇ ਹੱਥ ਚੇਨ ਝਪਟਮਾਰੀ, ਪਰਸ ਖੋਹਣ, ਚੋਰੀਆਂ, ਠੱਗੀਆਂ ਕਰਕੇ ਨਸ਼ਿਆਂ ਦਾ ਝੱਸ ਪੂਰਾ ਕਰ ਰਹੇ ਹਨ। ਇੱਥੋਂ ਤਕ ਕੇ ਕੁਆਰੇ ਨਸ਼ਈ ਨੌਜਵਾਨ ਕੁਝ ਪੈਸਿਆਂ ਦੀ ਪ੍ਰਾਪਤੀ ਲਈ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਆਪਣੇ ਆਪ ਨੂੰ ਵਿਆਹਿਆ-ਵਰ੍ਹਿਆ ਦੱਸ ਕੇ ਨਸਬੰਦੀ ਅਪਰੇਸ਼ਨ ਵੀ ਕਰਵਾ ਰਹੇ ਹਨ। ਹਰ ਰੋਜ਼ ਜੁਰਮ ਦੀਆਂ ਵਾਰਦਾਤਾਂ ਨਾਲ ਥਾਣਿਆਂ ਦੇ ਰੋਜ਼ਨਾਮਚੇ ਭਰੇ ਜਾ ਰਹੇ ਹਨ ਅਤੇ ਜੇਲ੍ਹਾਂ ਵਿੱਚ ਨੌਜਵਾਨ ਹਵਾਲਾਤੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਨਸ਼ਾ ਛੁਡਾਊ ਕੇਂਦਰ, ਸੰਗਰੂਰ ਦੇ ਮੁਖੀ ਵਜੋਂ ਸੇਵਾ ਕਰਦਿਆਂ ਹਰ ਰੋਜ਼ ਨਸ਼ੱਈਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਵਾਹ ਪੈਂਦਾ ਹੈ। ਅਨੁਭਵ ਦੇ ਆਧਾਰ ’ਤੇ ਲਿਖ ਰਿਹਾ ਹਾਂ ਕਿ ਨਸ਼ਈ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨ। ਇਨ੍ਹਾਂ ਨੂੰ ਪੀੜਤ ਵਿਅਕਤੀ ਸਮਝ ਕੇ ਜੇਕਰ ਦੁਆ ਅਤੇ ਦਵਾਈ ਦੇ ਸੁਮੇਲ ਨਾਲ ਇਲਾਜ ਕੀਤਾ ਜਾਵੇ ਤਾਂ ਸਾਰਥਿਕ ਨਤੀਜੇ ਸਾਹਮਣੇ ਆ ਸਕਦੇ ਹਨ। ਦੂਜੇ ਪਾਸੇ ਨਸ਼ਿਆਂ ਦੀ ਮਾਰ ਝੱਲ ਰਹੇ ਪੋਟਾ-ਪੋਟਾ ਦੁਖੀ ਮਾਪਿਆਂ ਦੇ ਦਰਦ ਤੇ ਹਮਦਰਦੀ ਅਤੇ ਅਪਣੱਤ ਦਾ ਫੈਹਿਆ ਰੱਖਣਾ ਵੀ ਜ਼ਰੂਰੀ ਹੈ। ਉਨ੍ਹਾਂ ਦੇ ਚਿਹਰਿਆਂ ’ਤੇ ਛਾਈ ਘੋਰ ਉਦਾਸੀ, ਮੁਰਝਾਇਆ ਚਿਹਰਾ, ਚਿਹਰੇ ’ਤੇ ਉੱਕਰੀ ਸੋਗੀ ਇਬਾਰਤ ਅਤੇ ਅਕਹਿ ਦਰਦ ਦਾ ਪ੍ਰਗਟਾਵਾ ਸਹਿਜੇ ਹੀ ਹੋ ਜਾਂਦਾ ਹੈ। ਐਦਾਂ ਹੀ ਪਿਛਲੇ ਦਿਨੀਂ ਇੱਕ ਮਾਈ ਆਪਣੇ ਨਸ਼ਈ ਪੁੱਤ ਨੂੰ ਲੈ ਕੇ ਆ ਗਈ। ਪੁੱਤ ਨੂੰ ਕੌਂਸਲਿੰਗ ਲਈ ਨਾਲ ਵਾਲੇ ਕਮਰੇ ਵਿੱਚ ਭੇਜਣ ਉਪਰੰਤ ਇੱਕ ਹਮਦਰਦ ਵਜੋਂ ਮੈਂ ਮਾਈ ਦੀ ਦੁਖਦੀ ਰਗ਼ ਛੇੜ ਲਈ। ਮਾਈ ਦਾ ਝੁਰੜੀਆਂ ਭਰਿਆਂ ਚਿਹਰਾ ਹੰਝੂਆਂ ਨਾਲ ਭਰ ਗਿਆ। ਆਪ ਮੁਹਾਰੇ ਪਰਲ-ਪਰਲ ਵਹਿੰਦੇ ਅੱਥਰੂਆਂ ਨੂੰ ਵੇਖ ਕੇ ਆਪਣਾ ਆਪ ਵਲੂੰਧਰਿਆ ਗਿਆ। ਮਾਈ ਹਟਕੋਰੇ ਭਰਦਿਆਂ ਦੱਸਣ ਲੱਗੀ, “ਕਿਹਦੇ ਕੋਲ ਮਨ ਹੌਲਾ ਕਰਾਂ ਪੁੱਤ! ਇਸ ਮੁੰਡੇ ਨੇ ਕੱਖੋਂ ਹੌਲੇ ਕਰ ਦਿੱਤਾ ਸਾਨੂੰ। ਇਹਦਾ ਬਾਪ ਇਸੇ ਦੁੱਖ ਵਿੱਚ ਪਿਛਲੇ ਸਾਲ ਮਰ ਗਿਆ। ਇਹਨੂੰ ਕੋਈ ਲਹੀ-ਤਹੀ ਦੀ ਨਹੀਂ। ਦੋ ਕਿੱਲੇ ਜ਼ਮੀਨ ਸੀ, ਉਹ ਵੀ ਨਸ਼ੇ ਡੱਫਣ ਕਾਰਨ ਫੂਕ ਦਿੱਤੀ। ਇਹਦੀ ਘਰਵਾਲੀ ਬਾਹਲੀ ਸਿਆਣੀ ਸੀ, ਉਹਦੀ ਸਿਆਣਪ ਵੀ ਇਹਨੇ ਪੈਰਾਂ ਵਿੱਚ ਰੋਲ ਦਿੱਤੀ। ਨਸ਼ੇ ਲੈਣ ਲਈ ਉਹਤੋਂ ਪੈਸੇ ਮੰਗਦਾ ਰਹਿੰਦਾ। ਉਹਦੇ ਨਾਂਹ ਵਿੱਚ ਜਵਾਬ ਦੇਣ ’ਤੇ ਉਹਦੀ ਕੁੱਟ-ਮਾਰ ਕਰਦਾ। ਉਹਨੇ ਵੀ ਇਹਦੇ ਪਿੱਛੇ ਆਪਣੀ ਸੋਨੇ ਵਰਗੀ ਦੇਹ ਗਾਲ੍ਹ ਲਈ। ਅਖ਼ੀਰ ਨੂੰ ਆਪਣੇ ਦੋਨੋਂ ਜਵਾਕਾਂ ਨੂੰ ਨਾਲ ਲੈ ਕੇ ਛੇ ਮਹੀਨਿਆਂ ਤੋਂ ਪੇਕੀਂ ਬੈਠੀ ਐ। ਮੇਰੇ ’ਤੇ ਵੀ ਹੱਥ ਚੁੱਕ ਲੈਂਦਾ ਹੈ।”
ਫਿਰ ਉਸ ਮਾਈ ਨੇ ਚੁੰਨੀ ਦੇ ਲੜ ਨਾਲ ਆਪਣੇ ਅੱਥਰੂ ਪੂੰਝਦਿਆਂ ਗੱਲ ਨੂੰ ਅਗਾਂਹ ਤੋਰਿਆ, “ਕੀ ਦਸਾਂ ਪੁੱਤ, ਘਰ ਦੀ ਹਰੇਕ ਚੀਜ਼ ਵੇਚ ਦਿੱਤੀ ਇਹਨੇ। ਬਹੂ ਦੇ ਗਹਿਣੇ, ਪੇਟੀ ਦਾ ਸਮਾਨ, ਸੋਫਾ ਸੈੱਟ, ਫਰਿੱਜ, ਸਿਲਾਈ ਮਸ਼ੀਨ, ਸਭ ਕੁਝ ਲੇਖੇ ਲਾ ਦਿੱਤਾ। ਹੁਣ ਤਾਂ ਘਰ ਦੇ ਤਖ਼ਤੇ, ਖਿੜਕੀਆਂ ਵੀ ਲਾਹ ਕੇ ਵੇਚ ਦਿੱਤੀਆਂ। ਭਰਿਆ-ਭਕੁੰਨਿਆ ਘਰ ਹੁਣ ਖੰਡਰ ਬਣਿਆ ਪਿਆ ਹੈ। ਬਹੂ ਤਾਂ ਇਹਨੂੰ ਛੱਡ ਗਈ। ਮੈਂ ਤਾਂ ਮਾਂ ਹਾਂ, ਮੈਂ ਇਹਨੂੰ ਛੱਡ ਕੇ ਕਿੱਥੇ ਜਾਵਾਂ? ਮੈਂ ਕੋਈ ਜਿਉਂਦਿਆਂ ਵਿੱਚ ਥੋੜ੍ਹੀ ਆਂ? ਰੋਜ਼ ਅਰਦਾਸ ਕਰਦੀ ਹਾਂ ਕਿ ਰੱਬਾ ਮੇਰੇ ’ਤੇ ਪੜ੍ਹਦਾ ਪਾ ਦੇ … …। ਕਦੇ-ਕਦੇ ਜੀਅ ਕਰਦਾ ਹੈ ਖੂਹ-ਖਾਤਾ ਗੰਦਾ ਕਰ ਦੇਵਾਂ … …।”
ਕਮਰੇ ਵਿੱਚ ਸੰਨ੍ਹਾਟਾ ਛਾ ਗਿਆ ਸੀ। ਮਾਈ ਦੀ ਹਾਲਤ ਵੇਖੀ ਨਹੀਂ ਸੀ ਜਾ ਰਹੀ। ਮੇਰੇ ਹੌਸਲੇ ਵਾਲੇ ਸ਼ਬਦ ਵੀ ਉਹਦੀ ਹਾਲਤ ਸਾਹਮਣੇ ਊਣੇ ਸਨ। ਫਿਰ ਮਾਈ ਨੇ ਕੁੜਤੀ ਦੇ ਗੀਝੇ ਵਿੱਚੋਂ ਕੱਢ ਕੇ ਆਪਣੇ ਕੰਨਾਂ ਦੀਆਂ ਵਾਲੀਆਂ ਮੇਰੇ ਮੇਜ਼ ’ਤੇ ਰੱਖਦਿਆਂ ਕਿਹਾ, “ਬੱਸ ਮੇਰੇ ਕੋਲ ਤਾਂ ਇਹੀ ਕੁਛ ਬਚਿਐ ਪੁੱਤ, ਇਹ ਵੀ ਪਤਾ ਨੀ ਕਿਵੇਂ ਮੈਂ ਇਹਤੋਂ ਲੁਕੋ ਕੇ ਰੱਖੀਆਂ ਨੇ। ਮੇਰੇ ਕੋਲ ਇਲਾਜ ਲਈ ਪੈਸੇ ਤਾਂ ਹੈ ਨਹੀਂ, ਇਹ ਵਾਲੀਆਂ ਰੱਖ ਲਵੋ।”
ਮੈਂ ਮੇਜ਼ ਤੋਂ ਵਾਲੀਆਂ ਚੁੱਕੀਆਂ, ਕੁਰਸੀ ਤੋਂ ਖੜ੍ਹੇ ਹੋ ਕੇ ਢਾਡੀ ਹੀ ਅਪਣੱਤ ਅਤੇ ਸਤਿਕਾਰ ਨਾਲ ਮਾਈ ਦੇ ਦੋਨੋਂ ਝੁਰੜੀਆਂ ਭਰੇ ਹੱਥ ਘੁੱਟ ਕੇ ਫੜ ਲਏ ਅਤੇ ਫਿਰ ਉਹਦੀ ਤਲੀ ’ਤੇ ਵਾਲੀਆਂ ਰੱਖਦਿਆਂ ਕਿਹਾ, “ਮਾਤਾ, ਤੂੰ ਇਹ ਵਾਲੀਆਂ ਕੰਨਾਂ ਵਿੱਚ ਪਾ ਲੈ। ਅਸੀਂ ਵਾਲੀਆਂ ਲਾਹੁਣ ਵਾਲੇ ਨਹੀਂ, ਪਾਉਣ ਵਾਲੇ ਹਾਂ। ਤੇਰੇ ਪੁੱਤ ਨੂੰ ਹਰ ਹਾਲਤ ਵਿੱਚ ਨਸ਼ਾ ਮੁਕਤ ਕਰਕੇ ਚੰਗਾ ਇਨਸਾਨ ਬਣਾ ਕੇ ਭੇਜਾਂਗੇ।” ਇਨ੍ਹਾਂ ਬੋਲਾਂ ਨਾਲ ਮਾਈ ਦੇ ਝੁਰੜੀਆਂ ਭਰੇ ਚਿਹਰੇ ’ਤੇ ਮੁਸਕਰਾਹਟ ਆ ਗਈ।
ਮਾਈ ਦੀਆਂ ਅਸੀਸਾਂ ਦੇ ਵਰ੍ਹਦੇ ਮੀਂਹ ਵਿੱਚ ਮੈਂ ਅੰਤਾਂ ਦਾ ਸਕੂਨ ਮਹਿਸੂਸ ਕਰ ਰਿਹਾ ਸੀ।
****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3628)
(ਸਰੋਕਾਰ ਨਾਲ ਸੰਪਰਕ ਲਈ: