“ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ, ਇੱਕ ਜੋਕਾਂ ਦਾ ...”
(11 ਅਪਰੈਲ 2021)
ਕੁਝ ਸਮਾਂ ਪਹਿਲਾਂ ਫਿਲਪੀਨਜ਼ ਦੇ ਰਾਸ਼ਟਰਪਤੀ ਰੋਡਰਿਗੋ ਦੁਤਰਤੇ ਭਾਰਤ ਵਿੱਚ ਦੌਰੇ ’ਤੇ ਆਏ ਸਨ। ਆਪਣੇ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਉਸ ਨੇ ਸੰਸਦ ਭਵਨ ਵਿੱਚ ਦੋਨਾਂ ਸਦਨਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਸ ਨੇ ਭਾਰਤ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਪੁੱਛਿਆ ਕਿ ਤੁਸੀਂ ਕੰਮ ਕੀ ਕਰਦੇ ਹੋ? ਇਸ ਪ੍ਰਸ਼ਨ ’ਤੇ ਸੰਸਦ ਮੈਂਬਰ ਜੱਕੋ-ਤੱਕੀ ਜਿਹੀ ਵਿੱਚ ਪੈ ਗਏ ਅਤੇ ਫਿਰ ਉਨ੍ਹਾਂ ਵੱਲੋਂ ਪ੍ਰਗਟਾਵਾ ਕੀਤਾ ਗਿਆ ਕਿ ਅਸੀਂ ਐੱਮ.ਪੀ. ਹਾਂ ਅਤੇ ਐੱਮ.ਪੀ. ਨੂੰ ਤਨਖਾਹ ਅਤੇ ਭੱਤੇ ਐਨੇ ਮਿਲਦੇ ਹਨ ਕਿ ਹੋਰ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ ਪੈਂਦੀ। ਸ਼੍ਰੀ ਦੁਤਰਤੇ ਨੇ ਹੈਰਾਨੀ ਪ੍ਰਗਟ ਕਰਦਿਆਂ ਸਦਨ ਨੂੰ ਦੱਸਿਆ ਕਿ ਉਹ ਹਰ ਰੋਜ਼ ਸਵੇਰੇ 10.00 ਵਜੇ ਤਕ ਆਪਣੇ ਖੇਤ ਵਿੱਚ ਕੰਮ ਕਰਦਾ ਹੈ ਅਤੇ ਇਸ ਉਪਰੰਤ ਤਿਆਰ ਹੋ ਕੇ ਦਫਤਰ ਜਾਂਦਾ ਹੈ। ਉਸ ਦੀ ਰੋਜ਼ੀ-ਰੋਟੀ ਦਾ ਸਾਧਨ ਕਿਰਸਾਨੀ ਕਿਰਤ ਹੈ। ਭਾਵੇਂ ਰਾਜ ਸਤਾ ਭੋਗ ਰਹੇ ਆਗੂਆਂ ਨੇ ਫਿਲਪੀਨਜ਼ ਰਾਸ਼ਟਰਪਤੀ ਦੇ ਕਹੇ ਸ਼ਬਦਾਂ ਨੂੰ ਖਿਸਿਆਨੀ ਜਿਹੀ ਹਾਸੀ ਹੇਠ ਛੁਪਾ ਲਿਆ, ਪਰ ਉਨ੍ਹਾਂ ਦੇ ਕਹੇ ਬੋਲਾਂ ਨੇ ਇਹ ਪ੍ਰਗਟਾਵਾ ਜ਼ਰੂਰ ਕੀਤਾ ਕਿ ਭਾਰਤੀ ਰਾਜ ਨੇਤਾ ‘ਰਾਜ ਨਹੀਂ ਸੇਵਾ’ ਦਾ ਸ਼ਬਦੀ ਜਾਲ ਲੋਕਾਂ ਅੱਗੇ ਸੁੱਟਦੇ ਹਨ।
“ਇੱਕ ਵਾਰ ਸੇਵਾ ਦਾ ਮੌਕਾ ਦਿਓ, ਇਲਾਕੇ ਨੂੰ ਸਵਰਗ ਬਣਾ ਦਿਆਂਗਾ।” ਲੋਕ ਇਸ ਭਰਮ-ਜਾਲ ਵਿੱਚ ਪਿਛਲੇ ਅੰਦਾਜ਼ਨ 74 ਸਾਲਾਂ ਤੋਂ ਫਸ ਰਹੇ ਹਨ। ਸਿਆਸੀ ਲੋਕ ਚੋਣ ਵਾਅਦਿਆਂ ਵਿੱਚ ਉੱਥੇ ਵੀ ਪੁਲ ਉਸਾਰਨ ਦਾ ਵਾਅਦਾ ਕਰਦੇ ਹਨ, ਜਿੱਥੇ ਨੇੜੇ ਤੇੜੇ ਕੋਈ ਨਦੀ, ਰਜਵਾਹਾ ਜਾਂ ਨਾਲਾ ਨਹੀਂ ਹੁੰਦਾ। ਹੁਣ ਤਕ ਲੋਕ ਸਭਾ ਦੀਆਂ 17 ਅਤੇ ਵਿਧਾਨ ਸਭਾ ਦੀਆਂ 15 ਚੋਣਾਂ ਹੋ ਚੁੱਕੀਆਂ ਹਨ। ਚੋਣਾਂ ਤੋਂ ਬਾਅਦ 4 ਸਾਲ 10 ਮਹੀਨੇ ਜਿੱਤੇ ਹੋਏ ਆਗੂ ‘ਰਾਜ ਨਹੀਂ ਸੇਵਾ’ ਦੀ ਥਾਂ ਰਾਜ-ਭਾਗ ਦਾ ‘ਮੇਵਾ’ ਛਕਦੇ ਹਨ। ਚੋਣ ਵਾਅਦਿਆਂ ’ਤੇ ਧੂੜ ਪੈਂਦੀ ਰਹਿੰਦੀ ਹੈ। ਲੋਕ ਆਪਣੇ ਆਪ ਨੂੰ ਠੱਗੇ ਜਿਹੇ ਮਹਿਸੂਸ ਕਰਦੇ ਹਨ ਅਤੇ ਫਿਰ 5 ਸਾਲ ਬਾਅਦ ਚੋਣਾਂ ਤੋਂ ਦੋ ਕੁ ਮਹੀਨੇ ਪਹਿਲਾਂ ਫਸਲੀ ਬਟੇਰਿਆਂ ਦੀ ਤਰ੍ਹਾਂ ਇਲਾਕੇ ਵਿੱਚ ਗੇੜਾ ਮਾਰਦੇ ਹਨ। ਵਾਅਦਿਆਂ ਦੀ ਫਸਲ ਫਿਰ ਬੀਜਣ ਦੇ ਨਾਲ-ਨਾਲ ਤਰ੍ਹਾਂ-ਤਰ੍ਹਾਂ ਦੇ ਲਾਲਚ, ਜਿਨ੍ਹਾਂ ਵਿੱਚ ਨਸ਼ੇ, ਭਾਂਡੇ, ਸਿਲਾਈ ਮਸ਼ੀਨਾਂ, ਮੋਬਾਇਲ ਫੋਨ, ਸਾਇਕਲ, ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ, ਨਗ਼ਦ ਰਾਸ਼ੀ ਅਤੇ ਹੋਰ ਇਹੋ-ਜਿਹੇ ਚੋਗੇ ਪਾ ਕੇ ਆਪਣੀ ਜਿੱਤ ਯਕੀਨੀ ਬਣਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ। ਬਿਨਾਂ ਸ਼ੱਕ ਸਿਆਸੀ ਬੰਦਿਆਂ ਦਾ ਲੋਕਾਂ ਦੇ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਜਰਮਨੀ ਤਾਨਾਸ਼ਾਹ ਹਿਟਲਰ ਦੇ ਇਹ ਬੋਲ ਸਿਆਸੀ ਲੋਕਾਂ ਦੇ ਅੰਗ-ਸੰਗ ਰਹਿੰਦੇ ਹਨ, “ਜਨਤਾ ਨੂੰ ਇੰਨਾ ਨਿਚੋੜ ਦਿਉ ਕਿ ਉਹ ਜਿਊਂਦਾ ਰਹਿਣ ਨੂੰ ਹੀ ਆਪਣਾ ‘ਵਿਕਾਸ’ ਸਮਝੇ।”
ਭਾਰਤੀ ਸਿਆਸਤ ਦਾ ਦੁਖਾਂਤਕ ਪਹਿਲੂ ਇਹ ਵੀ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਅਪਰਾਧੀਆਂ ਦਾ ਬੋਲ-ਬਾਲਾ ਚਰਮ ਸੀਮਾ ’ਤੇ ਪੁੱਜ ਗਿਆ ਹੈ। 2019 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ 43 ਫੀਸਦੀ ਐੱਮ.ਪੀ. ਤਰ੍ਹਾਂ-ਤਰ੍ਹਾਂ ਦੇ ਸੰਗੀਨ ਜੁਰਮ ਕਰਕੇ ਕਾਨੂੰਨ ਦੇ ਰਖਵਾਲੇ ਬਣੇ ਹਨ। ਦਾਗ਼ੀ ਕਿਰਦਾਰ ਵਾਲਿਆਂ ਦਾ ਸੰਸਦ ਵਿੱਚ ਦਾਖ਼ਲ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਗੰਭੀਰ ਪ੍ਰਸ਼ਨ ਉੱਠਦਾ ਹੈ ਕਿ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਨੇ ਕੀ ਆਪਣਾ ਆਪ ਇਸ ਲਈ ਦਾਅ ’ਤੇ ਲਾਇਆ ਸੀ ਕਿ ਸਿਆਸੀ ਗੁੰਡੇ ਦੇਸ਼ ਦੀ ਰਹਿਨੁਮਾਈ ਕਰਨ?
ਹੈਰਾਨੀ ਇਸ ਗੱਲ ਦੀ ਵੀ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਚੁਣੇ ਹੋਏ ਨੁਮਾਇੰਦੇ ਸੰਸਦ ਜਾਂ ਵਿਧਾਨ ਸਭਾਵਾਂ ਵਿੱਚ ਇੱਕ-ਦੂਜੇ ਦੀਆਂ ਨੀਤੀਆਂ ਨੂੰ ਬਾਹਾਂ ਉਲਾਰ-ਉਲਾਰ ਕੇ ਉੱਚੀ ਆਵਾਜ਼ ਵਿੱਚ ਭੰਡਦੇ ਹਨ, ਪਰ ਜਦੋਂ ਆਪਣੇ ਭੱਤਿਆਂ ਅਤੇ ਤਨਖਾਹਾਂ ਵਿੱਚ ਢੇਰ ਵਾਧਾ ਕਰਨਾ ਹੁੰਦਾ ਹੈ ਤਾਂ ਆਪਸੀ ਸਹਿਮਤੀ ਦੀ ਮੋਹਰ ਤੁਰੰਤ ਲੱਗ ਜਾਂਦੀ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਐੱਮ.ਪੀ, ਐੱਮ.ਐੱਲ.ਏ. ਜਿੰਨੀ ਵਾਰ ਵੀ ਚੋਣ ਜਿੱਤਦੇ ਹਨ, ਉੰਨੀ ਵਾਰ ਦੀ ਵੱਖ-ਵੱਖ ਪੈਨਸ਼ਨ ਅਤੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਜਿਹੜੇ ਅਹੁਦੇ ਤੋਂ ਰਿਟਾਇਰ ਹੋਏ ਹਨ, ਉਸਦੀ ਵੱਖਰੇ ਤੌਰ ’ਤੇ ਪੈਨਸ਼ਨ ਲੈ ਕੇ ਚਾਰੇ ਪਾਸਿਆਂ ਤੋਂ ਖਜ਼ਾਨੇ ਨੂੰ ਥੁੱਕ ਲਾਉਂਦੇ ਹਨ। ਇਸ ਤੋਂ ਬਿਨਾਂ ਫਰੀ ਬੰਗਲਾ, ਫਰੀ ਬਿਜਲੀ, ਫਰੀ ਭੋਜਨ, ਫਰੀ ਹਵਾਈ, ਰੇਲ ਅਤੇ ਬੱਸ ਯਾਤਰਾ, ਬਿਮਾਰ ਹੋਣ ’ਤੇ ਮਹਿੰਗੇ ਤੋਂ ਮਹਿੰਗਾ ਮੁਫ਼ਤ ਇਲਾਜ, ਫਰੀ ਸੁਰੱਖਿਆ ਗਾਰਡਾਂ ਨਾਲ ਆਪਣੀ ਸਰਕਾਰੀ ਗੱਡੀ ਤੇ ਹੂਟਰ ਦੀ ਦਹਿਸ਼ਤ ਪਾਉਂਦੇ ਹਨ।
ਇਹ ਦੇਸ਼ ਦੀ ਤਰਾਸਦੀ ਹੈ ਕਿ ਅਸੀਂ ਅਜਿਹੇ ਦੇਸ਼ ਵਿੱਚ ਰਹਿੰਦੇ ਹਾਂ ਜਿੱਥੇ ਬੀ.ਏ., ਐੱਮ.ਏ., ਐੱਮ.ਐੱਡ, ਪੀ.ਐੱਚ.ਡੀ. ਬੇਰੁਜ਼ਗਾਰੀ ਦੇ ਝੰਬੇ ਪਏ ਪਹਿਚਾਣ ਦੇ ਡਰੋਂ ਆਪਣਾ ਮੂੰਹ-ਸਿਰ ਲਪੇਟ ਕੇ ਖੇਤਾਂ ਵਿੱਚ ਦਿਹਾੜੀ ’ਤੇ ਝੋਨਾ ਲਾਉਣ ਜਾਂਦੇ ਹਨ ਅਤੇ ਦੂਜੇ ਪਾਸੇ ਦਸਵੀਂ ਫੇਲ ਜਾਂ ਅੰਗੂਠਾ ਛਾਪ ਅਪਰਾਧਿਕ ਪਿਛੋਕੜ ਵਾਲਿਆਂ ਨੂੰ ਵੋਟਾਂ ਪਾ ਕੇ ਉਨ੍ਹਾਂ ਤੋਂ ਬਿਹਤਰ ਭਵਿੱਖ ਦੀ ਆਸ ਕੀਤੀ ਜਾਂਦੀ ਹੈ।
ਅਮਰੀਕੀ ਲੇਖਕ ਅਤੇ ਚਿੰਤਕ ਮਾਰਕ ਟਵੇਨ ਲਿਖਦਾ ਹੈ, “ਜੇ ਵੋਟਾਂ ਕੋਈ ਬਦਲਾਅ ਲਿਆ ਸਕਦੀਆਂ ਹੁੰਦੀਆਂ ਤਾਂ ਰਾਜ ਕਰ ਰਹੀ ਜਮਾਤ ਕਦੇ ਵੀ ਵੋਟਾਂ ਨਾ ਪੈਣ ਦਿੰਦੀ।” ਦੁਖਾਂਤਕ ਪਹਿਲੂ ਇਹ ਵੀ ਹੈ ਕਿ ਤਰ੍ਹਾਂ-ਤਰ੍ਹਾਂ ਦੇ ਘੁਟਾਲਿਆਂ ਕਾਰਨ ਇੱਕ ਪਾਸੇ ਸਤਾ ਵਿੱਚ ਆਫਰੇ ਲੋਕਾਂ ਦੀਆਂ ਕੋਠੀਆਂ ਵਿੱਚ ਜਿੱਥੇ ਕੀਮਤੀ ਗਲੀਚੇ ਵਿਛੇ ਹਨ, ਉੱਥੇ ਹੀ ਦੂਜੇ ਪਾਸੇ ਮਜ਼ਦੂਰਾਂ, ਕਿਰਤੀਆਂ ਅਤੇ ਕਿਰਸਾਨਾਂ ਦੇ ਵਿਹੜਿਆਂ ਵਿੱਚ ਖੁਦਕੁਸ਼ੀ ਦੀ ਫਸਲ ਉੱਗਣ ਦੇ ਨਾਲ-ਨਾਲ ਸੱਥਰਾਂ ਵਿੱਚ ਢੇਰ ਵਾਧਾ ਹੋਇਆ ਹੈ। ਪ੍ਰੋ. ਮੋਹਨ ਸਿੰਘ ਦੇ ਇਹ ਕਾਵਮਈ ਬੋਲ, “ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ, ਇੱਕ ਜੋਕਾਂ ਦਾ।” ਵਕਤ ਦੇ ਸਫ਼ੇ ’ਤੇ ਸਹੀ ਉੱਕਰੇ ਹੋਏ ਸ਼ਬਦ ਹਨ।
ਦੇਸ਼ ਦਾ ਅੰਨਦਾਤਾ ਅਤੇ ਮਜ਼ਦੂਰ ਵਰਗ ਪਿਛਲੇ ਅੰਦਾਜ਼ਨ ਚਾਰ ਮਹੀਨਿਆਂ ਤੋਂ ਦੇਸ਼ ਦੀ ਰਾਜਧਾਨੀ ਦੀਆਂ ਬਰੂਹਾਂ ’ਤੇ ਸਾਡੇ ਹੀ ਚੁਣੇ ਹੋਏ ਨੁਮਾਇੰਦਿਆਂ ਤੋਂ ਆਪਣੇ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਇਸ ਸੰਘਰਸ਼ ਵਿੱਚ ਮਿਹਨਤਕਸ਼ ਲੋਕ, ਦੇਸ਼ ਭਗਤ, ਕਲਾਕਾਰ, ਪੱਤਰਕਾਰ ਅਤੇ ਬੁੱਧੀਜੀਵੀ ਵਰਗ ਤਨ, ਮਨ ਅਤੇ ਧਨ ਨਾਲ ਸੰਘਰਸ਼ ਦਾ ਹਿੱਸਾ ਬਣੇ ਹੋਏ ਹਨ। ਚੁਣੇ ਹੋਏ ਨੁਮਾਇੰਦਿਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਹੱਕ-ਸੱਚ ਦੀ ਲੜਾਈ ਲੜ ਰਹੇ ਯੋਧਿਆਂ ਨੂੰ ਟੁਕੜੇ-ਟੁਕੜੇ ਗੈਂਗ, ਦੇਸ਼ ਧਰੋਹੀ, ਸ਼ਹਿਰੀ ਨਕਸਲੀ, ਅੰਦੋਲਨ ਜੀਵੀ, ਮੁੱਠੀ ਭਰ ਵਿਗੜੇ ਹੋਏ ਲੋਕ ਜਿਹੇ ਖ਼ਿਤਾਬ ਦੇ ਕੇ ਭੰਡਣ ਦੀ ਕੋਸ਼ਿਸ਼ ਕੀਤੀ ਹੈ। ਪਰ ਅਜਿਹੇ ਯਤਨ ਇੰਜ ਹਨ ਜਿਵੇਂ ਮਲਮਲ ਦੇ ਕੱਪੜੇ ਨਾਲ ਸੂਰਜ ਦੀਆਂ ਕਿਰਨਾਂ ਨੂੰ ਧਰਤੀ ’ਤੇ ਪੈਣ ਤੋਂ ਰੋਕਿਆ ਜਾਵੇ। ਬਿਨਾਂ ਸ਼ੱਕ ਸੰਘਰਸ਼ ਵਿੱਚ ਜੁਟੇ ਕਿਰਸਾਨ, ਮਜ਼ਦੂਰ ਅਤੇ ਹੋਰ ਵਰਗਾਂ ਨੇ ਦ੍ਰਿੜ੍ਹ ਸੰਕਲਪ ਕੀਤਾ ਹੋਇਆ ਹੈ ਕਿ ਉਹ ਜਿੱਤ ਦਾ ਸਿਹਰਾ ਬੰਨ੍ਹ ਕੇ ਹੀ ਘਰਾਂ ਨੂੰ ਪਰਤਣਗੇ। ਲੋਕਾਂ ਦੀਆਂ ਦੁਆਵਾਂ ਵੀ ਉਨ੍ਹਾਂ ਦੇ ਅੰਗ-ਸੰਗ ਹਨ। ਇਸ ਕਿਸਾਨ ਅੰਦੋਲਨ ਕਾਰਨ ਲੋਕਾਂ ਨੂੰ ਸਿਆਸਤਦਾਨਾਂ ਵੱਲੋਂ ਕੀਤੀ ਲੁੱਟ-ਖਸੁੱਟ ਦਾ ਇਹਸਾਸ ਵੀ ਹੋ ਗਿਆ ਹੈ ਅਤੇ ਉਹ ਇਸ ਗੱਲ ਪ੍ਰਤੀ ਚੇਤੰਨ ਹੋ ਗਏ ਹਨ ਕਿ:
ਸਿਆਸਤ ਇਸ ਕਦਰ ਆਵਾਮ ਪੇ ਅਹਿਸਾਨ ਕਰਤੀ ਹੈ।
ਆਂਖੇ ਛੀਨ ਲੇਤੀ ਹੈ ਔਰ ਚਸ਼ਮੇ ਦਾਨ ਕਰਤੀ ਹੈ।
ਅੱਕੇ ਹੋਏ ਅਤੇ ਗੁਰਬਤ ਦੇ ਝੰਬੇ ਪਏ ਲੋਕ ਹੁਣ ਰਾਹਤ ਇੰਦੌਰੀ ਦੇ ਇਨ੍ਹਾਂ ਕਾਵਿਮਈ ਸ਼ਬਦਾਂ ਵੱਲ ਉਲਾਰ ਹੋਣ ਦੀ ਥਾਂ ਸਿਆਸੀ ਗੁੰਡਿਆਂ ਨੂੰ ਸਬਕ ਸਿਖਾਉਣ ਲਈ ਵੀ ਕਚੀਚੀਆਂ ਵੱਟ ਰਹੇ ਹਨ। ਅਪਰਾਧਿਕ ਪਿਛੋਕੜਾਂ ਵਾਲੇ ਐੱਮ.ਪੀਜ਼, ਐੱਮ.ਐੱਲ.ਏ. ਸਬੰਧੀ ਰਾਹਤ ਇੰਦੌਰੀ ਨੇ ਵਿਅੰਗ ਕੱਸਦਿਆਂ ਪਬਲਿਕ ਨੂੰ ਵੀ ਇੰਜ ਨਿਹੋਰਾ ਮਾਰਿਆ ਹੈ:
“ਚੋਰ ਉਚੱਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ,
ਕੌਨ, ਕਿਸ ਵਕਤ, ਕੌਨਸੀ ਸਰਕਾਰ ਮੇ ਆ ਜਾਏਗਾ।”
ਮਰਹੂਮ ਇਨਕਲਾਬੀ ਸ਼ਾਇਰ ਪਾਸ਼ ਨੇ ਲਿਖਿਆ ਸੀ, “ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ, ਜੋ ਸਭ ਕੁਝ ਦੇਖਦੀ ਹੋਈ ਵੀ ਠੰਢੀ ਯੱਖ ਹੁੰਦੀ ਹੈ।” ਸਿੰਘੂ ਬਾਰਡਰ ਤੇ ਇੱਕ 70 ਵਰ੍ਹਿਆਂ ਦਾ ਪਹਿਰਾ ਦੇ ਰਿਹਾ ਬਜ਼ੁਰਗ ਕਹਿ ਰਿਹਾ ਸੀ, “ਮੈਂ ਤਾਂ ਪਹਿਰਾ ਇਸ ਕਰਕੇ ਦੇ ਰਿਹਾਂ ਬਈ ਕਿਤੇ ਜ਼ਮੀਰਾਂ ਨਾ ਸੌਂ ਜਾਣ।”
ਇਸ ਵੇਲੇ ਲੋਕਾਂ ਦੇ ਭਖੇ ਹੋਏ ਚਿਹਰਿਆਂ ਦੇ ਨਾਲ ਨਾਲ ਉਨ੍ਹਾਂ ਦੇ ਨੈਣਾਂ ਵਿੱਚ ਮਾਯੂਸੀ ਦੀ ਥਾਂ ਭਵਿੱਖ ਪ੍ਰਤੀ ਆਸ ਦੀ ਸਤਰੰਗੀ ਪੀਂਘ ਝਲਕਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2702)
(ਸਰੋਕਾਰ ਨਾਲ ਸੰਪਰਕ ਲਈ: