“ਮਿਹਨਤਕਸ਼ ਲੋਕ, ਬੁੱਧੀਜੀਵੀ, ਦੇਸ਼ ਭਗਤ, ਲੇਖਕ, ਸਮਾਜ ਸੇਵਕ, ਚਿੰਤਕ, ਪੱਤਰਕਾਰ ਭਾਈਚਾਰਾ ਅਤੇ ...”
(13 ਫਰਵਰੀ 2023)
ਇਸ ਸਮੇਂ ਪਾਠਕ: 110.
ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪਿਛਲੇ ਦਿਨੀਂ 6 ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕੀਤਾ। ਆਪਣੇ ਦੋਂਹ ਦਿਨਾਂ ਦੇ ਦੌਰੇ ਦੌਰਾਨ ਉਨ੍ਹਾਂ ਨੇ ਸਰਹੱਦੀ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਮੁਲਾਕਾਤ ਕਰਕੇ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਪੰਚਾਂ-ਸਰਪੰਚਾਂ ਵੱਲੋਂ ਭਰੇ ਮੰਨ ਨਾਲ ਨਸ਼ਿਆਂ ਦੇ ਪਰਕੋਪ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਨਸ਼ਾ ਬਿਨਾਂ ਕਿਸੇ ਰੋਕ-ਟੋਕ ਦੇ ਕਰਿਆਨੇ ਦੀਆਂ ਦੁਕਾਨਾਂ ਤੋਂ ਆਮ ਮਿਲਦਾ ਹੈ ਅਤੇ ਇਸਦੀ ਲਪੇਟ ਵਿੱਚ ਸਕੂਲਾਂ ਦੇ ਨਾਬਾਲਿਗ ਬੱਚੇ ਵੀ ਆ ਗਏ ਹਨ। ਲੋਕਾਂ ਦੀ ਦੁਖਦੀ ਰਗ਼ ’ਤੇ ਹੱਥ ਧਰਦਿਆਂ ਸ਼੍ਰੀ ਪੁਰੋਹਿਤ ਨੇ ਇਸ ਸਬੰਧੀ ਪੁਲਿਸ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਦੱਸਿਆ ਗਿਆ ਹੈ ਕਿ ਜੇਕਰ ਨਸ਼ਾ ਤਸਕਰੀ ਸਬੰਧੀ ਪੁਲਿਸ ਵਿਭਾਗ ਨੂੰ ਸੂਚਨਾ ਦਿੱਤੀ ਜਾਂਦੀ ਹੈ ਤਾਂ ਪੁਲਿਸ ਵਿਭਾਗ ਦੇ ਕੁਝ ਕਰਮਚਾਰੀਆਂ ਦੀ ਤਸਕਰਾਂ ਨਾਲ ਮਿਲੀ ਭੁਗਤ ਹੋਣ ਕਾਰਨ ਇਹ ਸੂਚਨਾ ਤਸਕਰਾਂ ਤਕ ਪੁੱਜ ਜਾਂਦੀ ਹੈ। ਸ਼੍ਰੀ ਪੁਰੋਹਿਤ ਨੇ ਪੰਜਾਬ ਸਰਕਾਰ ਨੂੰ ਸੁਝਾਅ ਵੀ ਦਿੱਤਾ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਲਈ ਪਿੰਡ ਅਤੇ ਵਾਰਡ ਪੱਧਰ ’ਤੇ ਨਾਗਰਿਕ ਸੁਰੱਖਿਆ ਸਮਤੀਆਂ ਬਣਾਈਆਂ ਜਾਣ। ਉਨ੍ਹਾਂ ਦਾ ਇਹ ਭਖ਼ਦਾ ਬਿਆਨ ਜਿੱਥੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ, ਉੱਥੇ ਹੀ ਚਿੰਤਕਾਂ, ਬੁੱਧੀਜੀਵੀਆਂ ਅਤੇ ਪੱਤਰਕਾਰ ਭਾਈਚਾਰੇ ਵਿੱਚ ਵੀ ਚਿੰਤਨ ਕੀਤਾ ਗਿਆ ਕਿ ਪੰਜਾਬ ਦੇ ਰਾਜਪਾਲ ਦਾ ਸਰਹੱਦੀ ਇਲਾਕੇ ਵਿੱਚ ਨਸ਼ਿਆਂ ਦੀ ਮਹਾਂਮਾਰੀ ਦਾ ਜ਼ਿਕਰ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਦੋ ਫਰਵਰੀ 2023 ਨੂੰ ਕੁਝ ਪੁਲਿਸ ਕਰਮਚਾਰੀਆਂ ਦੀ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਦਾ ਬਿਆਨ ਉਸੇ ਦਿਨ ਹੀ ਉਦੋਂ ਸੱਚ ਹੋ ਗਿਆ ਜਦੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਦਾ ਵਾਰਡਨ ਅਤੇ ਉਸ ਦਾ ਪੁੱਤਰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਏ ਗਏ। ਜੇਲ੍ਹ ਵਾਰਡਨ ਦਾ ਪੁੱਤ ਤਸਕਰਾਂ ਤੋਂ ਨਸ਼ਾ ਖਰੀਦ ਕੇ ਬਾਪ ਨੂੰ ਦਿੰਦਾ ਸੀ ਅਤੇ ਬਾਪ ਵਰਦੀ ਦੀ ਆੜ ਵਿੱਚ ਕੇਂਦਰੀ ਜੇਲ੍ਹ ਦੇ ਕੈਦੀਆਂ ਨੂੰ ਸਪਲਾਈ ਕਰਦਾ ਸੀ। ਜੇਲ੍ਹ ਵਾਰਡਨ ਰਾਹੀਂ ਕੁਝ ਕੈਦੀਆਂ ਦਾ ਨੈੱਟਵਰਕ ਬਾਹਰਲੇ ਤਸਕਰਾਂ ਨਾਲ ਵੀ ਜੁੜਿਆ ਹੋਇਆ ਸੀ। ਉਸੇ ਦਿਨ ਹੀ ਜਗਰਾਓਂ ਇਲਾਕੇ ਦੇ ਸਿੱਧਵਾਂ ਬੇਟ ਦੇ ਪਿੰਡ ਦਾ 11ਵੀਂ ਵਿੱਚ ਪੜ੍ਹਦਾ ਨਾਬਾਲਿਗ ਕਬੱਡੀ ਖਿਡਾਰੀ ਨਸ਼ੇ ਦੇ ਓਵਰਡੋਜ਼ ਨਾਲ ਮੌਤ ਦਾ ਸ਼ਿਕਾਰ ਹੋ ਗਿਆ। ਅਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਟਲਾ ਗੁੱਜਰਾਂ ਦਾ 23 ਸਾਲਾਂ ਨੌਜਵਾਨ ਵੀ ਚਿੱਟੇ ਨੇ ਨਿਗਲ ਲਿਆ ਅਤੇ ਅਮ੍ਰਿਤਸਰ ਦੇ ਨੌਸ਼ਹਿਰਾ ਪੱਤਨ ਦੇ ਨਸ਼ਈ ਨੌਜਵਾਨ ਨੇ ਆਪਣੀ ਮਾਂ ’ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਾਂ ਨੇ ਨਸ਼ਈ ਪੁੱਤ ਨੂੰ ਨਸ਼ੇ ਦੀ ਪੂਰਤੀ ਲਈ ਪੈਸੇ ਦੇਣ ਤੋਂ ਅਸਮਰਥਾ ਪ੍ਰਗਟ ਕਰ ਦਿੱਤੀ ਸੀ। ਉਪਰੋਥਲੀ ਉਸ ਦਿਨ ਹੀ ਵਾਪਰੀਆਂ ਤਿੰਨ-ਚਾਰ ਦਿਲ ਕੰਬਾਊ ਘਟਨਾਵਾਂ ਸਰਹੱਦੀ ਲੋਕਾਂ ਦੀ ਵੇਦਨਾ ਅਤੇ ਰਾਜਪਾਲ ਦੇ ਨਸ਼ਿਆਂ ਦੇ ਪਸਾਰ ਸਬੰਧੀ ਪ੍ਰਗਟਾਈ ਚਿੰਤਾ ਦੇ ਸਹੀ ਹੋਣ ਦੀ ਪੁਸ਼ਟੀ ਕਰਦੀਆਂ ਹਨ।
ਦੁਖਾਂਤਕ ਪਹਿਲੂ ਇਹ ਵੀ ਹੈ ਕਿ ਨਸ਼ਿਆਂ ਦੀ ਮਹਾਂਮਾਰੀ ਦਾ ਸੇਕ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਤਕ ਹੀ ਸੀਮਤ ਨਹੀਂ, ਸਗੋਂ ਸਮੁੱਚੇ ਪੰਜਾਬ ਦੇ ਲੋਕਾਂ ਦੇ ਘਰਾਂ ਤਕ ਪੁੱਜ ਗਿਆ ਹੈ। ਅੰਦਾਜ਼ਨ 40 ਲੱਖ ਪਰਿਵਾਰਾਂ ਵਿੱਚੋਂ ਕੋਈ ਵਿਰਲਾ ਪਰਿਵਾਰ ਹੀ ਹੋਵੇਗਾ ਜੋ ਇਸ ਮਾਰੂ ਕਹਿਰ ਦੇ ਸੰਤਾਪ ਤੋਂ ਬਚਿਆ ਹੋਵੇ। ਜਿੱਥੇ ਅੰਦਾਜ਼ਨ 8 ਕਰੋੜ ਦੀ ਰੋਜ਼ਾਨਾ ਸ਼ਰਾਬ ਅਤੇ 13.70 ਕਰੋੜ ਦਾ ਚਿੱਟਾ ਜਵਾਨੀ ਦਾ ਘਾਣ ਕਰ ਰਹੇ ਹਨ, ਉੱਥੇ ਹੀ ਅੰਦਾਜ਼ਨ 50 ਕਰੋੜ ਰੁਪਏ ਰੋਜ਼ਾਨਾ ਪੰਜਾਬ ਦੇ ਲੋਕਾਂ ਦਾ ਪਰਵਾਸ ਦੇ ਲੇਖੇ ਲੱਗ ਰਿਹਾ ਹੈ। ਇਹੋ ਜਿਹੇ ਸੋਗੀ ਮਾਹੌਲ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਦਾ ਆਪਣੀ ਜਨਮ ਭੂਮੀ, ਮਾਪਿਆਂ ਅਤੇ ਪ੍ਰਾਂਤ ਨੂੰ ਸਟੱਡੀ ਵੀਜ਼ੇ ਦੇ ਓਹਲੇ ਵਿੱਚ ਅਲਵਿਦਾ ਕਹਿਣ ਨਾਲ ਜਿੱਥੇ ਪ੍ਰਾਂਤ ਦੀ ਬੌਧਿਕਤਾ, ਹੁਨਰ, ਮਨੁੱਖੀ ਸ਼ਕਤੀ ਅਤੇ ਆਰਥਿਕਤਾ ਨੂੰ ਖੋਰਾ ਲੱਗ ਰਿਹਾ ਹੈ, ਉੱਥੇ ਹੀ ਦੁਖਾਂਤਮਈ ਪਹਿਲੂ ਇਹ ਵੀ ਹੈ ਕਿ ਪੰਜਾਬ ਦੀ ਜਵਾਨੀ ਜਾਂ ਤਾਂ ਜਹਾਜ਼ ਚੜ੍ਹ ਕੇ ਵਿਦੇਸ਼ੀ ਸ਼ਰਨ ਵਿੱਚ ਜਾ ਰਹੀ ਹੈ, ਜਾਂ ਰੁਜ਼ਗਾਰ ਪ੍ਰਾਪਤੀ ਲਈ ਬੇਵਸੀ ਦੀ ਹਾਲਤ ਵਿੱਚ ਟੈਂਕੀਆਂ ਤੇ ਚੜ੍ਹ ਕੇ ਆਪਣਾ ਹੱਕ ਮੰਗਣ ਲਈ ਮਜਬੂਰ ਹੈ। ਜਾਂ ਫਿਰ ਨਸ਼ਿਆਂ ਵਿੱਚ ਟੱਲੀ ਹੋ ਕੇ ਜਿੱਥੇ ਕੰਧਾਂ ਕੌਲਿਆਂ ਵਿੱਚ ਟੱਕਰਾਂ ਮਾਰ ਰਹੀ ਹੈ, ਨਸ਼ਿਆਂ ਦੀ ਪੂਰਤੀ ਲਈ ਜੁਰਮ ਦੀ ਦੁਨੀਆਂ ਵਿੱਚ ਦਾਖ਼ਲ ਹੋ ਕੇ ਥਾਣਿਆਂ ਦੇ ਰੋਜ਼ਨਾਮਚੇ ਭਰ ਕੇ ਅਮਨ ਕਾਨੂੰਨ ਦੀ ਸਥਿਤੀ ਤੇ ਪ੍ਰਸ਼ਨ ਚਿੰਨ੍ਹ ਲਾ ਰਹੀ ਹੈ। ਪਿਛਲੇ ਕੁਝ ਸਮੇਂ ਅੰਦਰ ਹੀ ਨਸ਼ੇੜੀਆਂ ਦੀ ਗਿਣਤੀ ਵਿੱਚ 213 ਫੀਸਦ ਦਾ ਵਾਧਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨਸ਼ਿਆਂ ਦੀ ਮਹਾਂਮਾਰੀ ਕਾਰਨ ਕਈ ਪਿੰਡ ‘ਵਿਧਵਾਵਾਂ ਵਾਲੇ’, ਕਈ ‘ਛੜਿਆਂ ਵਾਲੇ’ ਅਤੇ ਕਈ ‘ਨਸ਼ਾ ਤਸਕਰੀ’ ਦੇ ਨਾਂ ਨਾਲ ਪਛਾਣੇ ਜਾਂਦੇ ਹਨ। ਇਸ ਪੱਖ ਤੋਂ ਕਈ ਬਦਨਾਮ ਪਿੰਡਾਂ ਵਿੱਚ ਪਿਛਲੇ ਤਿੰਨਾਂ ਚਹੁੰ ਸਾਲਾਂ ਤੋਂ ਕੋਈ ਨੌਜਵਾਨ ਸਿਹਰਾ ਬੰਨ੍ਹ ਕੇ ਨਹੀਂ ਢੁੱਕਿਆ।
ਇਸ ਵੇਲੇ ਪੰਜਾਬ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਦੀ ਗੁਜ਼ਰ ਰਿਹਾ ਹੈ। ਰੋਜ਼ਾਨਾ ਔਸਤਨ ਦੋ ਕਤਲ (ਖੁਦਕੁਸ਼ੀਆਂ ਵੱਖਰੀਆਂ), ਦੋ ਕਾਤਲਾਨਾ ਹਮਲੇ, ਗਿਆਰਾਂ ਚੋਰੀ ਦੀਆਂ ਵਾਰਦਾਤਾਂ, ਸਟਰੀਟ ਕਰਾਇਮ, ਹਰ ਦੋ ਦਿਨਾਂ ਬਾਅਦ ਇੱਕ ਵਿਅਕਤੀ ਦਾ ਅਗਵਾ ਹੋਣਾ, ਫਿਰੌਤੀਆਂ ਅਤੇ ਕਤਲ ਦਾ ਰੁਝਾਨ, ਦੋਂਹ ਦਿਨ ਵਿੱਚ 5 ਔਰਤਾਂ ਦਾ ਬਲਾਤਕਾਰ, ਦੋਂਹ ਦਿਨਾਂ ਵਿੱਚ ਸੱਤ ਵਿਅਕਤੀਆਂ ਦਾ ਝਪਟਮਾਰੀ ਦਾ ਸ਼ਿਕਾਰ ਹੋਣਾ, ਅੰਦਾਜ਼ਨ 19 ਮਾਪਿਆਂ ਵੱਲੋਂ ਰੋਜ਼ਾਨਾ ਆਪਣੇ ਪੁੱਤਰਾਂ ਨੂੰ ਬੇਦਖ਼ਲ ਕਰਨਾ, 16 ਦੁਰਘਟਨਾਵਾਂ ਅਤੇ ਹਰ ਰੋਜ਼ 15-16 ਤਲਾਕ ਦੇ ਕੇਸ ਦਰਜ ਹੋਣ ਦੇ ਨਾਲ-ਨਾਲ ਨਸ਼ਿਆਂ ਦੀ ਮਹਾਂਮਾਰੀ ਕਾਰਨ ਹਰ ਪਿੰਡ ਵਿੱਚ ਅੰਦਾਜ਼ਨ 16 ਔਰਤਾਂ ਵਿਧਵਾ ਹੋ ਕੇ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਸਮਾਜ ਬਿਮਾਰ ਹੈ ਅਤੇ ਬਿਮਾਰ ਸਮਾਜ ਦੇ ਚਿਹਰੇ ’ਤੇ ਉਦਾਸੀ ਦੀ ਧੂੜ ਜੰਮੀ ਪਈ ਹੈ। ਭਲਾ ਜੇ ਪੰਜਾਬ ਦੇ ਵਿਹੜੇ ਸੁੱਖ ਹੁੰਦੀ, ਫਿਰ ਹਵਾਈ ਅੱਡਿਆਂ ਤੇ ਇੰਨੀ ਭੀੜ ਕਿਉਂ ਹੁੰਦੀ?
ਜਿੱਥੇ ਚਿੱਟੇ ਦੇ ਅੱਤਵਾਦ ਨੇ ਸਿਵਿਆਂ ਦੀ ਭੀੜ ਵਿੱਚ ਢੇਰ ਵਾਧਾ ਕੀਤਾ ਹੈ, ਉੱਥੇ ਹੀ ਸਰਕਾਰ ਦੇ ਮਾਨਤਾ ਪ੍ਰਾਪਤ ਸ਼ਰਾਬ ਦੇ ਨਸ਼ੇ ਨੇ ਵੀ ਲੋਕਾਂ ਨੂੰ ਖੁੰਗਲ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਚਾਰ ਹਜ਼ਾਰ ਦੀ ਅਬਾਦੀ ਵਾਲੇ ਇੱਕ ਪਿੰਡ ਦੇ ਲੋਕ ਅੰਦਾਜ਼ਨ 30-35 ਹਜ਼ਾਰ ਦੀ ਸ਼ਰਾਬ ਰੋਜ਼ਾਨਾ ਪੀ ਜਾਂਦੇ ਹਨ। ਦੂਜੇ ਸ਼ਬਦਾਂ ਵਿੱਚ ਮਹੀਨੇ ਦਾ ਅੰਦਾਜ਼ਨ ਇੱਕ ਕਰੋੜ ਅਤੇ ਸਾਲ ਦਾ 12 ਕਰੋੜ ਰੁਪਏ ਇੱਕ ਪਿੰਡ ਦੇ ਲੋਕਾਂ ਦੀਆਂ ਜੇਬਾਂ ਵਿੱਚੋਂ ਨਿਕਲ ਕੇ ਸ਼ਰਾਬ ਦੇ ਠੇਕੇਦਾਰ ਦੀ ਤਿਜੌਰੀ ਵਿੱਚ ਜਾਂਦਾ ਹੈ। ਅਜਿਹੇ 12673 ਪਿੰਡਾਂ ਦੇ ਲੋਕ 5.20 ਲੱਖ ਸ਼ਰਾਬ ਦੇ ਢੱਕਣ ਖੋਲ੍ਹ ਕੇ ਆਰਥਿਕ ਉਜਾੜਾ ਕਰਨ ਦੇ ਨਾਲ-ਨਾਲ ਲੜਾਈ-ਝਗੜੇ, ਘਰੇਲੂ ਹਿੰਸਾ ਅਤੇ ਹੋਰ ਅਪਰਾਧਿਕ ਮਾਮਲਿਆਂ ਕਾਰਨ ਥਾਣਿਆਂ ਅਤੇ ਕਚਹਿਰੀਆਂ ਵਿੱਚ ਧੱਕੇ ਖਾਂਦੇ ਹਨ। ਸ਼ਰਾਬ ਦੇ ਠੇਕਿਆਂ ਤੋਂ 41 ਕਰੋੜ ਸ਼ਰਾਬ ਦੀਆਂ ਬੋਤਲਾਂ ਪੀਣ ਵਾਲੇ ਪੰਜਾਬੀਆਂ ਦੀ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ:
ਪਿੰਡਾਂ ਵਿੱਚ ਰਹੇ ਨਾ ਏਕੇ,
ਥਾਂ-ਥਾਂ ਗਲੀ ਗਲੀ ਵਿੱਚ ਠੇਕੇ,
ਬੰਦਾ ਜਿਹੜੇ ਪਾਸੇ ਦੇਖੇ,
ਰੰਗ ਗੁਲਾਬੀ ਹੁੰਦਾ ਹੈ।
ਹੁਣ ਤਾਂ ਆਥਣ ਵੇਲੇ,
ਸਾਰਾ ਪਿੰਡ ਸ਼ਰਾਬੀ ਹੁੰਦਾ ਹੈ।
ਇੱਥੇ ਹੀ ਬੱਸ ਨਹੀਂ, ਗਿਲਾਸੀ ਅਤੇ ਗੰਢਾਸੀ ਦੇ ਮੇਲ ਕਾਰਨ 60 ਫੀਸਦ ਦੁਰਘਟਨਾਵਾਂ, 90 ਫੀਸਦ ਤੇਜ਼ ਹਥਿਆਰਾਂ ਨਾਲ ਹਮਲੇ, 69 ਫੀਸਦ ਬਲਾਤਕਾਰ, 80 ਫੀਸਦ ਦੁਸ਼ਮਣੀ ਕੱਢਣ ਵਾਲੇ ਹਮਲਿਆਂ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ ਅਤੇ ਆਮ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਭਾਰੂ ਹੋ ਰਹੀ ਹੈ। ਪੰਜਾਬ ਵਿੱਚ ਕੋਈ ਅਜਿਹਾ ਖਿੱਤਾ ਨਹੀਂ ਜਿੱਥੇ ਕਤਲ, ਗੁੰਡਾਗਰਦੀ, ਲੁੱਟਾਂ-ਖੋਹਾਂ, ਚੋਰੀਆਂ ਅਤੇ ਬਲਾਤਕਾਰ ਦੀਆਂ ਘਟਨਾਵਾਂ ਨਹੀਂ ਹੋ ਰਹੀਆਂ ਅਤੇ ਇਹ ਸਭ ਕੁਝ ਸਾਡੇ ਪੰਜਾਬੀਆਂ ਲਈ ਸ਼ੁਭ ਸੰਕੇਤ ਨਹੀਂ ਹੈ। ਦੁਖਾਂਤਕ ਪੱਖ ਇਹ ਵੀ ਹੈ ਕਿ ਸਿਆਸੀ ਆਗੂਆਂ ਨੇ ਚੋਣਾਂ ਵਿੱਚ ਨਸ਼ੇ ਨੂੰ ਮੁੱਦੇ ਵਜੋਂ ਉਭਾਰਿਆ। ਇਸ ਨੂੰ ਖ਼ਤਮ ਕਰਕੇ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਅਤੇ ਵਾਅਦੇ ਕੀਤੇ ਗਏ ਪਰ ਇਸ ਮੁੱਦੇ ਨੂੰ ਸਤਾ ਪ੍ਰਾਪਤੀ ਦਾ ਸਾਧਨ ਬਣਾਇਆ ਗਿਆ। ਬਿਨਾਂ ਸ਼ੱਕ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਕਾਰਨ ਜਿੱਥੇ ਜਵਾਨੀ ਦਿਸ਼ਾਹੀਣ, ਮਨੋਰਥਹੀਣ ਅਤੇ ਮੰਤਵਹੀਣ ਹੋ ਕੇ ਰਹਿ ਗਈ ਹੈ, ਉੱਥੇ ਹੀ ਪ੍ਰਾਂਤ ਦੇ ਪੱਛੜੇਪਨ, ਵਿਕਾਸ ਦੀ ਖੜੋਤ ਅਤੇ ਸਿਰਜਣਾਤਮਿਕ ਸ਼ਕਤੀ ਦੀਆਂ ਪੁਲਾਘਾਂ ਨੂੰ ਜੂੜ ਪੈਣ ਕਾਰਨ ਘਰਾਂ ਦੀ ਬਰਕਤ ਗੁੰਮ ਅਤੇ ਠੰਢੇ ਚੁੱਲ੍ਹਿਆਂ ਵਿੱਚ ਘਾਹ ਉੱਗ ਆਇਆ ਹੈ।
ਸਾਡੇ ਅੱਗੇ ਗੰਭੀਰ ਪ੍ਰਸ਼ਨ ਹੈ ਕਿ ਨਸ਼ਿਆਂ ਦੀ ਦਲਦਲ ਵਿੱਚ ਧਸੇ ਪੰਜਾਬ ਦੇ ਮੱਥੇ ’ਤੇ ਉੱਕਰਿਆ ‘ਨਸ਼ੱਈ ਪੰਜਾਬ’ ਦਾ ਧੱਬਾ ਕਿੰਝ ਧੋਤਾ ਜਾਵੇ? ਜਵਾਨੀ ਨੂੰ ਸਹੀ ਦਿਸ਼ਾ ਕਿੰਜ ਦਿੱਤੀ ਜਾਵੇ? ਕਿਰਤ ਦਾ ਆਲੋਪ ਹੋਇਆ ਸੰਕਲਪ ਕਿੰਜ ਜਵਾਨੀ ਦੀ ਤਲੀ ’ਤੇ ਧਰਿਆ ਜਾਵੇ? ਵਿਦਵਾਨ ਚਿੰਤਕ ਵਾਲਟੇਅਰ ਦੇ ਸ਼ਬਦ ਹਨ, “ਸਿਆਣੇ ਲੋਕਾਂ ਦੀ ਬੁਜ਼ਦਿਲੀ ਬਦਮਾਸ਼ਾਂ ਨੂੰ ਸ਼ਹਿ ਦਿੰਦੀ ਹੈ।” ਮਰਹੂਮ ਸ਼ਾਇਰ ਪਾਸ਼ ਨੇ ਵੀ ਇਸ ਸਬੰਧ ਵਿੱਚ ਇਸ ਤਰ੍ਹਾਂ ਦੇ ਬੋਲਾਂ ਨਾਲ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ:
ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ।
ਜੋ ਸਭ ਕੁਝ ਵੇਖਦਿਆਂ ਵੀ ਠੰਢੀ ਯਖ ਹੁੰਦੀ ਹੈ।”
ਇਤਿਹਾਸ ਗਵਾਹ ਹੈ, ਸਮਾਜਿਕ, ਰਾਜਨੀਤਿਕ ਜਾਂ ਆਰਥਿਕ ਤਬਦੀਲੀ ਲਾਮਬੱਧ ਲੋਕਾਂ ਨੇ ਲਿਆਂਦੀ ਹੈ। ਨਸ਼ਿਆਂ ਜਿਹੀ ਮਹਾਂਮਾਰੀ ’ਤੇ ਕਾਬੂ ਕਰਨ ਲਈ ਵੀ ਸਾਂਝੇ ਯਤਨਾਂ ਦੀ ਲੋੜ ਹੈ। ਲੋਕ ਵਿਦਰੋਹ ਹੀ ਸਮਾਜ ਦੋਖੀਆਂ ਨੂੰ ਭਾਜੜਾਂ ਪਾ ਸਕਦਾ ਹੈ। ਇਸ ਸਬੰਧ ਵਿੱਚ ਕਈ ਪਿੰਡਾਂ ਦੇ ਲੋਕਾਂ ਨੇ ਇੱਕ ਮੁੱਠ ਹੋ ਕੇ ਨਸ਼ਾ ਤਸਕਰਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਉਨ੍ਹਾਂ ਦਾ ਖੁੱਲ੍ਹੇ ਤੌਰ ’ਤੇ ਕਹਿਣਾ ਹੈ ਕਿ ਵਿਕਾਸ ਗਲੀਆਂ ਨਾਲੀਆਂ, ਦਰਵਾਜੇ, ਧਰਮਸ਼ਾਲਾ, ਸੜਕਾਂ, ਫਲਾਈਓਵਰ ਜਾਂ ਖੇਡ ਸਟੇਡੀਅਮ ਬਣਾਉਣਾ ਨਹੀਂ ਹੈ, ਭਲਾ ਜੇ ਇਸਦੀ ਵਰਤੋਂ ਕਰਨ ਵਾਲੇ ਹੀ ਨਾ ਰਹੇ, ਫਿਰ ਅਜਿਹੇ ਵਿਕਾਸ ਦੀ ਅਹਿਮੀਅਤ ਹੀ ਕੀ ਹੈ? ਉਨ੍ਹਾਂ ਨੇ ਆਪਣੇ ਪੱਧਰ ’ਤੇ ਨਾਕੇ ਲਾ ਕੇ ਨਸ਼ਾ ਤਸਕਰਾਂ ਦੀ ਆਪਣੇ ਪਿੰਡ ਵਿੱਚ ਐਂਟਰੀ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ ਅਤੇ ਨਾਲ ਹੀ ਪਿੰਡ ਵਿੱਚ ਪੰਜ-ਚਾਰ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਦੇ ਨਾਲ-ਨਾਲ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਉਨ੍ਹਾਂ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕ ਦਾਅਵੇ ਨਾਲ ਕਹਿ ਰਹੇ ਹਨ ਕਿ ਨਾ ਤਾਂ ਨਸ਼ਾ ਤਸਕਰਾਂ ਦੀਆਂ ਸ਼ੀਸ਼ੀਆਂ ਹੀ ਐਨੀਆਂ ਪੱਕੀਆਂ ਹਨ ਕਿ ਉਨ੍ਹਾਂ ਨੂੰ ਤੋੜਿਆ ਨਾ ਜਾ ਸਕੇ ਅਤੇ ਨਾ ਹੀ ਉਨ੍ਹਾਂ ਦੇ ਪੈਰ ਐਨੇ ਮਜ਼ਬੂਤ ਹਨ ਕਿ ਉਨ੍ਹਾਂ ਨੂੰ ਉਖੇੜਿਆ ਨਾ ਜਾ ਸਕੇ। ਮਿਹਨਤਕਸ਼ ਲੋਕ, ਬੁੱਧੀਜੀਵੀ, ਦੇਸ਼ ਭਗਤ, ਲੇਖਕ, ਸਮਾਜ ਸੇਵਕ, ਚਿੰਤਕ, ਪੱਤਰਕਾਰ ਭਾਈਚਾਰਾ ਅਤੇ ਅਧਿਆਪਕ ਵਰਗ ਇੱਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਲੋਕ ਲਹਿਰ ਰਾਹੀਂ ਨਸ਼ਿਆਂ ਦੇ ਵਗਦੇ ਦਰਿਆ ਨੂੰ ਠੱਲ੍ਹ ਪਾਉਣ ਲਈ ਜੇਕਰ ਆਪਣੀ ਆਵਾਜ਼ ਬੁਲੰਦ ਕਰਨਗੇ ਤਾਂ ਨਸ਼ਿਆਂ ਦਾ ਦੈਂਤ ਚਿੱਤ ਕੀਤਾ ਜਾ ਸਕਦਾ ਹੈ। ਜੇਕਰ ਸਰਕਾਰ ਦੀ ਦ੍ਰਿੜ੍ਹ ਇੱਛਾ ਸ਼ਕਤੀ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਕਰਮਯੋਗੀਆਂ ਨਾਲ ਜੁੜ ਜਾਵੇ, ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3794)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)