“ਉਸਦੇ ਚਿਹਰੇ ’ਤੇ ਉੱਕਰੀ ਮਾਨਸਿਕ ਪੀੜ ਨੂੰ ਉਸਦੇ ਅਧਿਆਪਕ ਨੇ ਪੜ੍ਹ ਲਿਆ ਅਤੇ ਇੱਕ ਦਿਨ ਉਸ ਨੂੰ ...”
(8 ਨਵੰਬਰ 2023)
ਬਚਪਨ ਵਿੱਚ ਹੀ ਇੱਕ ਲੜਕਾ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਉਹਦੀ ਜਾਨ ਬਚਾਉਣ ਦੀ ਡਾਕਟਰਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਅਜਿਹੀ ਸਥਿਤੀ ਵਿੱਚ ਮਾਪਿਆਂ ਦੀ ਜਾਨ ਵੀ ਮੁੱਠੀ ਵਿੱਚ ਆਈ ਹੋਈ ਸੀ। ਆਖਰ ਡਾਕਟਰਾਂ ਨੇ ਉਸ ਲੜਕੇ ਦੇ ਸੱਜੇ ਪੈਰ ਨੂੰ ਅੱਡੀ ਹੇਠੋਂ ਕੱਟ ਕੇ ਲੜਕੇ ਦੇ ਸਾਹਾਂ ਦੀ ਡੋਰ ਨੂੰ ਟੁੱਟਣ ਤੋਂ ਬਚਾ ਲਿਆ। ਕੁਝ ਸਮਾਂ ਹਸਪਤਾਲ ਵਿੱਚ ਰੱਖਣ ਉਪਰੰਤ ਉਸ ਨੂੰ ਛੁੱਟੀ ਕਰ ਦਿੱਤੀ ਗਈ। ਪੜ੍ਹਨ ਵਿੱਚ ਹੁਸ਼ਿਆਰ ਹੋਣ ਦੇ ਬਾਵਜੂਦ ਸਰੀਰਕ ਊਣਤਾਈ ਉਸ ਕੜਕੇ ਦੇ ਮਨ ਉੱਤੇ ਭਾਰੂ ਰਹੀ। ਉਹ ਹਾਣੀਆਂ ਵਿੱਚ ਘੱਟ ਹੀ ਬੈਠਦਾ। ਜਮਾਤ ਵਿੱਚ ਵੀ ਉਹ ਪਿਛਲੇ ਬੈਂਚ ’ਤੇ ਬੈਠਣ ਲੱਗ ਪਿਆ। ਉਸਦੇ ਚਿਹਰੇ ’ਤੇ ਉੱਕਰੀ ਮਾਨਸਿਕ ਪੀੜ ਨੂੰ ਉਸਦੇ ਅਧਿਆਪਕ ਨੇ ਪੜ੍ਹ ਲਿਆ ਅਤੇ ਇੱਕ ਦਿਨ ਉਸ ਨੂੰ ਸਟਾਫ ਰੂਮ ਵਿੱਚ ਸੱਦ ਕੇ ਡਾਢੇ ਹੀ ਮੋਹ ਨਾਲ ਉਹਦੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ, “ਫਿਰ ਕੀ ਹੋਇਆ ਜੇ ਤੇਰਾ ਪੈਰ ਐਕਸੀਡੈਂਟ ਕਾਰਨ ਕੱਟਿਆ ਗਿਆ, ਤੇਰਾ ਬਾਕੀ ਸਰੀਰ ਤਾਂ ਸਾਬਤ ਹੈ। ਮੰਜ਼ਿਲ ਦੀ ਪ੍ਰਾਪਤੀ ਤਾਂ ਸਖਤ ਮਿਹਨਤ ਅਤੇ ਮਨ ਦੀ ਮਜ਼ਬੂਤੀ ਨਾਲ ਹੁੰਦੀ ਹੈ।”
ਫਿਰ ਅਧਿਆਪਕ ਨੇ ਉਸ ਲੜਕੇ ਨੂੰ ਅਖਬਾਰ ਦਾ ਇੱਕ ਪੰਨਾ ਦਿੰਦਿਆਂ ਛਪੇ ਲੇਖ ਉੱਤੇ ਹੱਥ ਧਰਦਿਆਂ ਕਿਹਾ, “ਇਹ ਲੇਖ ਪੜ੍ਹੀਂ। ਫਿਰ ਆਪਾਂ ਕੱਲ੍ਹ ਨੂੰ ਇਸ ਬਾਰੇ ਗੱਲ ਕਰਾਂਗੇ।”
ਨੇਲੜਕੇ ਨੇ ਘਰ ਜਾ ਕੇ ਇਕਾਂਤ ਵਿੱਚ ਬੈਠ ਕੇ ਉਹ ਲੇਖ ਪੜ੍ਹਿਆ। ਉਹ ਲੇਖ ਇੱਕ ਲੜਕੀ ਬਾਰੇ ਸੀ, ਜਿਹੜੀ ਦੁਰਘਟਨਾ ਦਾ ਸ਼ਿਕਾਰ ਹੋ ਕੇ ਦੋਨੋਂ ਲੱਤਾਂ ਗੁਆ ਚੁੱਕੀ ਸੀ। ਉਸ ਲੜਕੀ ਨੇ ਹਿੰਮਤ ਨਹੀਂ ਹਾਰੀ ਅਤੇ ਦੋਵੇਂ ਬਣਾਉਟੀ ਲੱਤਾਂ ਲਵਾਉਣ ਉਪਰੰਤ ਇੰਨਾ ਅਭਿਆਸ ਕੀਤਾ ਕਿ ਬਾਅਦ ਵਿੱਚ ਉਹ ਹਿਮਾਲਾ ਪਰਬਤ ਦੀ ਚੋਟੀ ’ਤੇ ਤਿਰੰਗਾ ਝੰਡਾ ਲਹਿਰਾਉਣ ਵਿੱਚ ਕਾਮਯਾਬ ਹੋ ਗਈ। ਲੇਖ ਪੜ੍ਹਨ ਉਪਰੰਤ ਉਸ ਲੜਕੇ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਉਸਨੇ ਆਪਣੇ ਆਪ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਮੈਂ ਐਵੇਂ ਢੇਰੀ ਢਾਹੀ ਬੈਠਾਂ। ਜੇ ਇਹ ਕੁੜੀ ਬਣਾਉਟੀ ਲੱਤਾਂ ਨਾਲ ਹਿਮਾਲਾ ਪਰਬਤ ’ਤੇ ਚੜ੍ਹ ਸਕਦੀ ਐ, ਫਿਰ ਮੈਂ ਕਿਉਂ …।”
ਅਗਲੇ ਦਿਨ ਅਧਿਆਪਕ ਨੇ ਜਮਾਤ ਵਿੱਚ ਜਾ ਕੇ ਵੇਖਿਆ, ਉਹ ਮੁੰਡਾ ਮੂਹਰਲੇ ਬੈਂਚ ’ਤੇ ਬੈਠਾ ਸੀ। ਉਹਦੇ ਚਿਹਰੇ ’ਤੇ ਆਤਮ ਵਿਸ਼ਵਾਸ ਡੁੱਲ੍ਹ ਡੁੱਲ੍ਹ ਪੈਂਦਾ ਸੀ। ਬਾਅਦ ਵਿੱਚ ਉਹ ਲੜਕਾ ਆਨਰ ਬੋਰਡ ’ਤੇ ਸਕੂਲ ਦੇ ਹੋਣਹਾਰ ਸਿਤਾਰਿਆਂ ਵਿੱਚ ਆਪਣਾ ਨਾਂ ਲਿਖਵਾਉਣ ਵਿੱਚ ਕਾਮਯਾਬ ਰਿਹਾ।
ਦੂਜੇ ਪਾਸੇ ਮਨ ਨੂੰ ਝੰਜੋੜਨ ਵਾਲੀ ਹੋਰ ਘਟਨਾ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਇੱਕ ਸਕੂਲ ਵਿੱਚ ਅਧਿਆਪਕ ਦੀ ਗੈਰਹਾਜ਼ਰੀ ਵਿੱਚ ਇੱਕ ਵਿਦਿਆਰਥੀ ਨੇ ਬਲੈਕ ਬੋਰਡ ’ਤੇ ‘ਜੈ ਸ਼੍ਰੀ ਰਾਮ’ ਲਿਖ ਦਿੱਤਾ। ਅਧਿਆਪਕ ਨੇ ਜਮਾਤ ਵਿੱਚ ਪਹੁੰਚਦਿਆਂ ਹੀ ਬੋਰਡ ’ਤੇ ਲਿਖੇ ਸ਼ਬਦ ਪੜ੍ਹ ਕੇ ਅੱਗ-ਬਬੂਲਾ ਹੁੰਦਿਆਂ ਲਿਖਣ ਵਾਲੇ ਵਿਦਿਆਰਥੀ ਦੀ ਸ਼ਨਾਖਤ ਕਰਕੇ ਪਹਿਲਾਂ ਉਸ ਕੋਲੋਂ ਬੋਰਡ ਪਾਣੀ ਨਾਲ ਧੁਆਇਆ ਅਤੇ ਫਿਰ ਜਮਾਤ ਵਿੱਚ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਵਿਦਿਆਰਥੀ ਦੇ ਮਨ ’ਤੇ ਅਧਿਆਪਕ ਦੀ ਦਹਿਸ਼ਤ ਦਾ ਐਨਾ ਬੁਰਾ ਅਸਰ ਪਿਆ ਕਿ ਉਹ ਕਈ ਦਿਨ ਬਿਮਾਰ ਰਿਹਾ ਅਤੇ ਬਾਅਦ ਵਿੱਚ ਡਰ, ਸਹਿਮ ਅਤੇ ਖਾਮੋਸ਼ੀ ਉਹਦੀ ਜ਼ਿੰਦਗੀ ਦਾ ਹਿੱਸਾ ਬਣ ਗਏ। ਪੜ੍ਹਾਈ ਵਿੱਚ ਵੀ ਉਹ ਪਛੜ ਗਿਆ ਅਤੇ ਅਗਲੇ ਬੈਂਚ ਨੂੰ ਛੱਡ ਕੇ ਉਹ ਪਿਛਲੇ ਬੈਂਚ ’ਤੇ ਬੈਠਣ ਲੱਗ ਪਿਆ।
ਪੰਦਰਵੀਂ ਸਦੀ ਦੇ ਸੰਤ ਕਬੀਰ ਦਾਸ ਜੀ ਨੇ ਅਧਿਆਪਕ ਨੂੰ ਰੱਬ ਨਾਲੋਂ ਉੱਚੇ ਦਰਜੇ ’ਤੇ ਰੱਖਿਆ ਹੈ। ਉੱਚ ਦਰਜੇ ਵਾਲਾ ਵਿਦਿਆਰਥੀਆਂ ਦਾ ਰੱਬ ਇਸ ਤਰ੍ਹਾਂ ਦਾ ਕਰਮ ਕਰਦਾ ਹੈ:
ਏਕ ਪੱਥਰ ਕੀ ਭੀ ਤਕਦੀਰ ਬਦਲ ਸਕਤੀ ਹੈ,
ਸ਼ਰਤ ਯੇਹ ਹੈ ਕਿ ਉਸੇ ਸਲੀਕੇ ਸੇ ਤਰਾਸ਼ਾ ਜਾਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4458)
(ਸਰੋਕਾਰ ਨਾਲ ਸੰਪਰਕ ਲਈ: (