“ਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਅਸੀਂ ਬੁਜ਼ਦਿਲਾਂ ਦੀ ਕਤਾਰ ਵਿੱਚ ...”
(17 ਫਰਵਰੀ 2020)
ਨਸ਼ਿਆਂ ਕਾਰਨ ਪੰਜਾਬ ਇਸ ਵੇਲੇ ਬਹੁ ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਕਿਸੇ ਵਿਦਵਾਨ ਦੇ ਬੋਲ ਹਨ, “ਦੇਸ਼ ਦਾ ਐਨਾ ਨੁਕਸਾਨ ਦੁਸ਼ਮਣ ਦੇ ਫੌਜੀ ਹਮਲਿਆਂ ਕਾਰਨ ਨਹੀਂ ਹੁੰਦਾ, ਜਿੰਨਾ ਨੁਕਸਾਨ ਨਸ਼ਿਆਂ ਕਾਰਨ ਹੁੰਦਾ ਹੈ। ਨਸ਼ੇ ਤਾਂ ਇੱਕ ਪੀੜ੍ਹੀ ਹੀ ਨਿਗਲ ਲੈਂਦੇ ਹਨ।” ਇਸ ਪੱਖ ਤੋਂ ਪੰਜਾਬ ਦੀ ਸਥਿਤੀ ਇੰਜ ਬਣੀ ਹੋਈ ਹੈ ਜਿਵੇਂ ਗੁਬਾਰਾ ਅਣਗਿਣਤ ਸੂਈਆਂ ਦੀ ਨੋਕ ਉੱਤੇ ਖੜ੍ਹਾ ਹੋਵੇ। ਨਸ਼ਿਆਂ ਨੇ ਪੰਜਾਬੀਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਕਰ ਦਿੱਤੀ ਹੈ। ਬੇਵਸੀ, ਮਾਯੂਸੀ ਅਤੇ ਤਲਖ਼ੀ ਦੇ ਮਾਹੌਲ ਵਿੱਚ ਮਾਪੇ ਜਵਾਨ ਪੁੱਤਾਂ ਦੀਆਂ ਅਰਥੀਆਂ ਨੂੰ ਮੋਢਾ ਦੇ ਰਹੇ ਹਨ। ਵਿਹੜੇ ਵਿੱਚ ਵਿਛੇ ਸੱਥਰ ਉੱਪਰ ਇਹ ਪ੍ਰਸ਼ਨ ਧੁਖ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੈ, ਜਿਸ ਨੇ ਘਰ ਦੀ ਬਰਕਤ ਖੋਹ ਲਈ ਅਤੇ ਚੁੱਲ੍ਹੇ ਠੰਢੇ ਹੋ ਗਏ। ਚਿੱਟੇ ਦੇ ਅੱਤਵਾਦ ਦੀ ਮਾਰੂ ਹਨੇਰੀ ਨੇ ਆਹਾਂ, ਅੱਥਰੂ ਅਤੇ ਹੌਕਿਆਂ ਭਰਪੂਰ ਜ਼ਿੰਦਗੀ ਵਿੱਚ ਢੇਰ ਵਾਧਾ ਕਰਨ ਦੇ ਨਾਲ-ਨਾਲ ਸਿਵਿਆਂ ਦੀ ਅੱਗ ਨੂੰ ਵੀ ਪ੍ਰਚੰਡ ਕੀਤਾ ਹੈ। ਨਸ਼ੇ ਦੀ ਓਵਰਡੋਜ਼ ਨਾਲ ਕਿਤੇ ਰੂੜੀ ਦੇ ਢੇਰ ਉੱਤੇ ਬੇਹੋਸ਼ ਪਿਆ ਨੌਜਵਾਨ, ਕਿਤੇ ਝਾੜੀਆਂ ਵਿੱਚ ਪਈ ਨੌਜਵਾਨ ਦੀ ਲਾਸ਼, ਕਿਤੇ ਅਣਵਿਆਹੇ ਨੌਜਵਾਨ ਵੀਰ ਦੀ ਮੌਤ ਉੱਤੇ ਖੂਨ ਦੇ ਅੱਥਰੂ ਕੇਰਦੀ ਹੋਈ ਸਿਹਰਾ ਬੰਨ੍ਹ ਰਹੀ ਭੈਣ, ਕਿਤੇ ਇਕਲੌਤੇ ਪੁੱਤ ਦੀ ਲਾਸ਼ ਉੱਤੇ ਪੱਥਰਾਂ ਨੂੰ ਰੁਆਉਣ ਵਾਲੇ ਕੀਰਨੇ ਪਾਉਂਦੀ ਬੇਵੱਸ ਮਾਂ, ਕਿਤੇ ਸਦਾ ਲਈ ਸੌਂ ਚੁੱਕੇ ਬਾਪ ਨਾਲ ਚਿੰਬੜਿਆ ਮਾਸੂਮ ਬੱਚਾ ਆਪਣੇ ਬਾਪ ਨੂੰ ਹਲੂਣ ਕੇ ਕਹਿੰਦਾ ਹੈ, “ਪਾਪਾ ਮੈਂਨੂੰ ਸਕੂਲ ਛੱਡ ਆਉ।”
ਨਸ਼ਈ ਪੁੱਤ ਵੱਲੋਂ ਨਸ਼ੇ ਦੀ ਪੂਰਤੀ ਲਈ ਮਾਪਿਆਂ ਵੱਲੋਂ ਪੈਸੇ ਨਾ ਦੇਣ ਉੱਤੇ ਮਾਰੂ ਹਮਲਿਆਂ ਨੇ ਉਨ੍ਹਾਂ ਨੂੰ ਨਾ ਜਿਉਂਦਿਆਂ ਵਿੱਚ ਛੱਡਿਆ ਹੈ, ਤੇ ਨਾ ਮਰਿਆਂ ਵਿੱਚ। ਘਰਾਂ, ਦੁਕਾਨਾਂ ਤੋਂ ਚੋਰੀ, ਚੈਨ ਝੱਪਟਮਾਰੀ, ਵਾਹਨ ਚੋਰੀ ਦੇ ਕੇਸਾਂ ਨਾਲ ਰੋਜ਼ਨਾਮਚਾ ਭਰ ਰਿਹਾ ਹੈ। ਪਿਛਲੇ ਦੋ ਸਾਲਾਂ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਵਿੱਚ 33 ਫੀਸਦੀ, ਅਗਵਾ ਅਤੇ ਉਧਾਲਣ ਦੀਆਂ ਘਟਨਾਵਾਂ ਵਿੱਚ 14 ਫੀਸਦੀ, ਲੁੱਟਾਂ-ਖੋਹਾਂ 22 ਫੀਸਦੀ, ਸੰਨ੍ਹ ਲਾਉਣ ਦੀਆਂ ਘਟਨਾਵਾਂ ਵਿੱਚ 10 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਵਿੱਚ 85 ਫੀਸਦੀ ਨਸ਼ਈ ਹੀ ਸ਼ਾਮਲ ਹੁੰਦੇ ਹਨ। ਚਿੱਟੇ ਦੇ ਤੰਦੂਆ ਜਾਲ ਵਿੱਚ ਫਸੇ 48 ਫੀਸਦੀ ਪੁੱਤਾਂ ਨੇ ਆਪਣੇ ਮਾਪਿਆਂ ਦਾ ਮਿੱਝ ਕੱਢ ਦਿੱਤਾ ਹੈ। ਚੁੱਲ੍ਹੇ ਠੰਢੇ, ਪਤਨੀ ਦੇ ਹਉਕੇ, ਬੱਚਿਆਂ ਦੀਆਂ ਵੀਰਾਨ ਅੱਖਾਂ ਅਤੇ ਮਾਂ-ਬਾਪ ਦੇ ਚਿਹਰਿਆਂ ਉੱਤੇ ਸੁਪਨਿਆਂ ਦੇ ਖੇਰੂੰ-ਖੇਰੂੰ ਹੋਣ ਦੀ ਉਦਾਸ ਇਬਾਰਤ ਵੇਖ ਕੇ ਇੰਜ ਲੱਗਦਾ ਹੈ ਜਿਵੇਂ ਕਿਸੇ ਰਿਫਿਊਜ਼ੀ ਕੈਂਪ ਵਿੱਚ ਘਰੋਂ ਬੇਘਰ ਹੋਏ ਲੋਕਾਂ ਨੂੰ ਵੇਖ ਰਹੇ ਹੋਈਏ।
ਪੰਜਾਬ ਦਾ ਕੋਈ ਵੀ ਖਿੱਤਾ, ਜ਼ਿਲ੍ਹਾ, ਅਜਿਹਾ ਨਹੀਂ ਜਿੱਥੇ ਕਤਲ, ਗੁੰਡਾਗਰਦੀ, ਲੁੱਟਾਂ-ਖੋਹਾਂ, ਚੋਰੀਆਂ, ਬਲਾਤਕਾਰ ਦੀਆਂ ਵਾਰਦਾਤਾਂ ਨਹੀਂ ਹੋ ਰਹੀਆਂ। ਦੁਖਾਂਤਕ ਪੱਖ ਇਹ ਵੀ ਹੈ ਕਿ ਪੰਜਾਬ ਦੇ 27 ਕੇਂਦਰੀ ਸੁਧਾਰ ਘਰਾਂ ਅਤੇ ਜੇਲਾਂ ਵਿੱਚ ਸਜ਼ਾ ਕੱਟ ਰਹੇ ਕੈਦੀਆਂ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 2010-2011 ਵਿੱਚ ਪੰਜਾਬ ਦੀਆਂ ਜੇਲਾਂ ਵਿੱਚ ਪੜ੍ਹੇ-ਲਿਖੇ ਮਰਦ ਕੈਦੀਆਂ ਦੀ ਗਿਣਤੀ 2295 ਸੀ ਅਤੇ ਹੁਣ ਇਹ ਗਿਣਤੀ 19365 ਉੱਤੇ ਪੁੱਜ ਗਈ ਹੈ। ਗੰਭੀਰ ਚਿੰਤਾ ਦੀ ਗੱਲ ਇਹ ਵੀ ਹੈ ਕਿ ਜਵਾਨੀ ਦੇਸ਼ ਦਾ ਭੱਵਿਖ ਹੈ। ਉਸਾਰੂ ਯੋਗਦਾਨ ਵਾਲੀ ਜਵਾਨੀ ਦਾ ਵੱਡਾ ਹਿੱਸਾ ਚਿੱਟੇ ਦਾ ਸ਼ਿਕਾਰ ਹੋ ਕੇ ਦਿਸ਼ਾਹੀਨ ਹੋ ਗਿਆ ਹੈ। ਮਾਨਵੀ ਕਦਰਾਂ-ਕੀਮਤਾਂ ਦਾ ਘਾਣ ਕਰਕੇ ਉਹ ਨਸ਼ਿਆਂ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅਕਸਰ ਨਸ਼ਈ ਤੋਂ ਪੰਜ ਲੱਖ ਵਾਲਾ ਕੰਮ ਪੰਜ ਹਜ਼ਾਰ ਦੇ ਕੇ ਕਰਵਾਇਆ ਜਾ ਸਕਦਾ ਹੈ। ਨਸ਼ਿਆਂ ਦਾ ਝੱਸ ਪੂਰਾ ਕਰਨ ਲਈ ਉਹ ਤਸਕਰਾਂ ਦੀ ਖੇਪ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ, ਦੁਸ਼ਮਣੀ ਕੱਢਣ ਵਾਲੇ ਹਮਲਿਆਂ ਵਿੱਚ ਸ਼ਾਮਲ ਹੋਣ ਜਾਂ ਫਿਰ ਸਿਆਸੀ ਆਕਿਆਂ ਦੀ ਸਰਪਰਸਤੀ ਕਬੂਲ ਕਰਕੇ ਉਨ੍ਹਾਂ ਦੇ ਹੱਥਾਂ ਦੀ ਕਠਪੁਤਲੀ ਬਣ ਜਾਂਦੇ ਹਨ। ਜੇਕਰ ਕੋਈ ਭਲਾ ਮਾਣਸ ਉਨ੍ਹਾਂ ਦੀਆਂ ਆਪ-ਹੁਦਰੀਆਂ ਉੱਤੇ ਕਿੰਤੂ-ਪ੍ਰੰਤੂ ਕਰਨ ਦੀ ਜ਼ੁਰਅਤ ਕਰਦਾ ਹੈ ਤਾਂ ਦਿਨ-ਦਿਹਾੜੇ ਦਰਿੰਦਗ਼ੀ ਦਾ ਨੰਗਾ ਨਾਚ ਖੇਡਦੇ ਹੋਏ ਉਹਦੇ ਉੱਤੇ ਜਾਨਲੇਵਾ ਹਮਲਾ ਕਰ ਦਿੰਦੇ ਹਨ। ਅਜਿਹੇ ਮੌਕੇ ਸਿਆਸੀ ਆਕਿਆਂ ਦਾ ਆਇਆ ਟੈਲੀਫੋਨ ਪੁਲਸ ਕਾਰਵਾਈ ਨੂੰ ਵੀ ਵਿਰਾਮ ਲਾ ਦਿੰਦਾ ਹੈ। ਇੰਜ ਬੁਰਛਾਗਰਦੀ ਦੀਆਂ ਘਟਨਾਵਾਂ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ।
ਜਿੱਥੇ ਪੰਜਾਬ ਦੇ ਕਈ ਪਿੰਡਾਂ ਦੀ ਪਹਿਚਾਣ ਨਸ਼ੇ ਵੇਚਣ ਵਾਲੇ ਪਿੰਡਾਂ ਵਜੋਂ ਬਣੀ ਹੋਈ ਹੈ, ਉੱਥੇ ਹੀ ਕਈ ਪਿੰਡ ‘ਵਿਧਵਾਵਾਂ ਦੇ ਪਿੰਡ’ ਵਜੋਂ ਜਾਣੇ ਜਾਂਦੇ ਹਨ ਅਤੇ ਕਈ ਅਜਿਹੇ ਪਿੰਡ ਹਨ ਜਿੱਥੇ ਨਸ਼ਿਆਂ ਕਾਰਨ ਬਦਨਾਮ ਹੋਏ ਪਿੰਡ ਦਾ ਕੋਈ ਨੌਜਵਾਨ ਪਿਛਲੇ ਪੰਜ-ਛੇ ਸਾਲਾਂ ਤੋਂ ਸਿਹਰਾ ਬੰਨ੍ਹ ਕੇ ਨਹੀਂ ਢੁੱਕਿਆ। ਅੰਦਾਜ਼ਨ 2 ਦਹਾਕੇ ਪਹਿਲਾਂ ਪਿੰਡ ਦੀ ਪਹਿਚਾਣ ਕੱਬਡੀ ਦੇ ਖਿਡਾਰੀਆਂ ਵਜੋਂ, ਪਹਿਲਵਾਨੀ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਪਹਿਲਵਾਨਾਂ ਵਜੋਂ, ਫੌਜ ਵਿੱਚ ਜ਼ਿਆਦਾ ਗਿਣਤੀ ਵਿੱਚ ਭਰਤੀ ਹੋਏ ਜਵਾਨਾਂ ਵਜੋਂ, ਉੱਨਤ ਖੇਤੀ ਦੀ ਪੈਦਾਵਾਰ ਵਜੋਂ, ਵਿੱਦਿਅਕ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਕਾਰਨ, ਭਾਈਚਾਰਕ ਤੰਦਾਂ ਦੀ ਮਜ਼ਬੂਤੀ ਕਾਰਨ, ਲੜਾਈ ਝਗੜੇ ਪਿੰਡਾਂ ਵਿੱਚ ਹੀ ਨਬੇੜਨ ਵਜੋਂ ਜਾਣੀ ਜਾਂਦੀ ਸੀ। ਪਰ ਹੁਣ ਸਥਿਤੀ ਨੇ ਕਰਵਟ ਬਦਲੀ ਹੋਈ ਹੈ। ਬਠਿੰਡੇ ਤੋਂ ਬੀਕਾਨੇਰ ਜਾਣ ਵਾਲੀ ਪੈਸੇਂਜਰ ਟਰੇਨ ਅਤੇ ਸੋਮ ਨਾਥ ਐਕਸਪ੍ਰੈੱਸ ਟਰੇਨ ਦਾ ਨਾ ਬਦਲ ਕੇ ਲੋਕਾਂ ਨੇ ਦੋਨਾਂ ਟਰੇਨਾਂ ਦਾ ਨਾ ‘ਕੈਂਸਰ ਐਕਸਪ੍ਰੈੱਸ’ ਰੱਖਿਆ ਹੋਇਆ ਹੈ। ਇੰਜ ਹੀ ਮੁਕਤਸਰ ਤੋਂ ਰਾਜਸਥਾਨ ਦੇ ਪਿੰਡ ਫਲੌਂਦੀ ਜਾਣ ਵਾਲੀ ਬੱਸ ਦਾ ਨਾ ਇਸ ਕਰਕੇ ‘ਭੁੱਕੀ ਐਕਸਪ੍ਰੈੱਸ’ ਰੱਖਿਆ ਗਿਆ ਸੀ, ਕਿਉਂਕਿ ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੋਂ ਇਕੱਠੇ ਹੋ ਕੇ ਅਮਲੀ ਉਸ ਬੱਸ ਵਿੱਚ ਬਹਿ ਕੇ ਭੁੱਕੀ ਲੈਣ ਲਈ ਜਾਂਦੇ ਰਹੇ ਹਨ। ਚਰਚਾ ਵਿੱਚ ਆਉਣ ਉੱਤੇ ਭੁੱਕੀ ਐਕਸਪ੍ਰਸ ਹਾਲ ਦੀ ਘੜੀ ਬੰਦ ਹੋ ਗਈ ਹੈ। ਇੰਜ ਹੀ ਜਾਖ਼ਲ ਤੋਂ ਬਠਿੰਡਾ ਜਾਣ ਵਾਲੀ ਟਰੇਨ ਉੱਤੇ ਸਵਾਰ ਹੋ ਕੇ ਸ਼ਰਾਬੀ ਹਰਿਆਣੇ ਤੋਂ ਸਸਤੇ ਰੇਟ ਉੱਤੇ ਸ਼ਰਾਬ ਲਿਆ ਕੇ ਪੰਜਾਬ ਵਿੱਚ ਵੇਚਣ ਦਾ ਕਾਲਾ ਧੰਦਾ ਕਰਦੇ ਹਨ, ਇਸ ਲਈ ਉਸ ਟਰੇਨ ਦਾ ਨਾ ‘ਲਾਲ ਪਰੀ ਐਕਸਪ੍ਰੈੱਸ’ ਦੇ ਨਾ ਉੱਤੇ ਲਿਆ ਜਾਂਦਾ ਹੈ।
ਅਮ੍ਰਿਤਸਰ ਦੀ ਹੱਦ ਅੰਦਰ ਵਸਿਆ ਮਕਬੂਲਪੁਰਾ ‘ਵਿਧਵਾਵਾਂ ਦੇ ਪਿੰਡ’ ਵਜੋਂ ਇਸ ਕਰਕੇ ਜਾਣਿਆ ਜਾਂਦਾ ਹੈ ਕਿ ਜਾਂ ਤਾਂ ਉੱਥੇ ਉਹ ਵਿਧਵਾਵਾਂ ਰਹਿ ਰਹੀਆਂ ਹਨ, ਜਿਨ੍ਹਾਂ ਦੇ ਪਤੀ ਨਸ਼ਿਆਂ ਦੀ ਭੇਂਟ ਚੜ੍ਹ ਗਏ, ਜਾਂ ਉਹ ਬਦਨਸੀਬ ਮਾਂਵਾਂ ਦਿਨ ਕਟੀ ਕਰ ਰਹੀਆਂ ਹਨ, ਜਿਨ੍ਹਾਂ ਦੇ ਪੁੱਤ ਨਸ਼ਿਆਂ ਨੇ ਨਿਗਲ ਲਏ ਜਾਂ ਫਿਰ ਉਹ ਬਦਨਸੀਬ ਬੱਚੇ ਰਹਿ ਰਹੇ ਹਨ, ਜਿਨ੍ਹਾਂ ਦੇ ਮਾਂ-ਬਾਪ ਦੋਨੋਂ ਹੀ ਨਸ਼ੇ ਰੂਪੀ ਦੈਤ ਦੇ ਖੂਨੀ ਪੰਜਿਆਂ ਨੇ ਮੌਤ ਦੇ ਘਾਟ ਉਤਾਰ ਦਿੱਤੇ। ਜੇਕਰ ਪੰਜਾਬ ਨੂੰ ਸੰਭਾਲਿਆ ਨਾ ਗਿਆ ਤਾਂ ਅਜਿਹੇ ਮਕਬੂਲਪੁਰੇ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਬਣਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਜਿਹੀ ਮਾਰੂ ਅਤੇ ਚਿੰਤਾ ਵਾਲੀ ਸਥਿਤੀ ਵਿੱਚੋਂ ਹੀ ਕਿਸੇ ਹੱਦ ਤੱਕ ਜਵਾਨੀ ਪੰਜਾਬ ਨੂੰ ਬੇਦਾਵਾ ਕਹਿ ਕੇ ਪ੍ਰਵਾਸ ਦਾ ਸਫਰ ਹੰਢਾਉਣ ਲਈ ਪੱਬਾਂ ਭਾਰ ਹੋ ਗਈ ਹੈ। ਹਰਲ-ਹਰਲ ਕਰਦੇ ਬੇਰੁਜ਼ਗਾਰੀ ਦੇ ਝੰਭੇ ਪਏ ਨੌਜਵਾਨਾਂ ਦੇ ਵੱਡੇ ਵਰਗ ਨੇ ਆਈਲੈਟਸ ਨੂੰ ਆਪਣੀ ਜ਼ਿੰਦਗੀ ਦੀ ਆਖਰੀ ਮੰਜ਼ਲ ਮਿੱਥ ਲਿਆ ਹੈ। ਜਿੱਥੇ ਦੇਸ਼ ਦੀ ਬੇਰੁਜ਼ਗਾਰੀ ਦੀ ਦਰ 10 ਫੀਸਦੀ ਹੈ, ਉੱਥੇ ਹੀ ਪੰਜਾਬ ਦੀ ਬੇਰੁਜ਼ਗਾਰੀ ਦੀ ਦਰ 16 ਫੀਸਦੀ ਨੂੰ ਪਾਰ ਕਰ ਗਈ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਬੇਰੁਜ਼ਗਾਰੀ ਗੁਰਬਤ ਨੂੰ ਜਨਮ ਦਿੰਦੀ ਹੈ ਅਤੇ ਗੁਰਬਤ ਹੰਢਾ ਰਿਹਾ ਨੌਜਵਾਨ ਨਿਰਾਸ਼ਤਾ ਅਤੇ ਬੇਵਸੀ ਦਾ ਸ਼ਿਕਾਰ ਹੋ ਕੇ ਅਸਥਾਈ ਸਕੂਨ ਦੀ ਤਲਾਸ਼ ਵਿੱਚ ਨਸ਼ਿਆਂ ਦਾ ਸਹਾਰਾ ਲੈ ਲੈਂਦਾ ਹੈ। ਅਜਿਹੀ ਦਿਲ ਕੰਬਾਊ ਸਥਿਤੀ ਤੋਂ ਬਚਣ ਲਈ ਮਾਪੇ ਆਪਣੇ ਇਕਲੌਤੇ ਪੁੱਤਾਂ ਨੂੰ ਜ਼ਮੀਨ ਅਤੇ ਗਹਿਣਾ ਗੱਟਾ ਵੇਚ ਕੇ ਵਿਦੇਸ਼ ਭੇਜਣ ਦਾ ਹੂਲਾ ਫੱਕਦੇ ਹਨ ਤਾਂ ਜੋ ਉਨ੍ਹਾਂ ਦਾ ਪੁੱਤ ਕਿਤੇ ਨਸ਼ਿਆਂ ਦੀ ਮਾਰੂ ਹਨੇਰੀ ਦੀ ਲਪੇਟ ਵਿੱਚ ਨਾ ਆ ਜਾਵੇ। ਬਹੁਤ ਸਾਰੇ ਮਾਪੇ ਹਉਕਾਂ ਭਰਕੇ ਆਪਣੇ ਆਪ ਨੂੰ ਮੁਖਾਤਿਬ ਹੁੰਦੇ ਹਨ, “ਭਾਵੇਂ ਅੱਖਾਂ ਤੋਂ ਓਹਲੇ ਹੋ ਗਿਆ ਹੈ, ਪਰ ਜਿਉਂਦਾ ਤਾਂ ਰਹੂ। ਇੱਥੇ ਤਾਂ ...”
ਦੂਸ਼ਿਤ ਸਰਿੰਜਾਂ ਰਾਹੀਂ ਚਿੱਟੇ ਦੇ ਟੀਕੇ ਲਾਉਣ ਕਾਰਨ ਨਸ਼ਈ ਵੱਡੀ ਗਿਣਤੀ ਵਿੱਚ ਏਡਜ਼ ਦਾ ਸ਼ਿਕਾਰ ਹੋ ਰਹੇ ਹਨ। ਸਿਹਤ ਵਿਭਾਗ ਪੰਜਾਬ ਦੀ ਰਿਪੋਰਟ ਅਨੁਸਾਰ ਅਕਤੂਬਰ 2019 ਤੋਂ ਦਸੰਬਰ 2019 ਤੱਕ 2948 ਏਡਜ਼ ਦੇ ਮਰੀਜ਼ ਸਾਹਮਣੇ ਆਏ ਹਨ। ਇਹ ਤਾਂ ਉਹ ਮਰੀਜ਼ ਹਨ ਜੋ ਆਪ ਟੈੱਸਟ ਕਰਵਾਉਣ ਲਈ ਸਾਹਮਣੇ ਆਏ। ਇਸ ਤੋਂ ਬਿਨਾਂ ਪੰਜਾਬ ਦੇ ਹਰ ਪਿੰਡ ਵਿੱਚ ਔਸਤ 40-50 ਚਿੱਟੇ ਦੀ ਵਰਤੋਂ ਕਰਨ ਵਾਲੇ ਨਸ਼ਈ ਮਰੀਜ਼ ਸਰਿੰਜਾਂ ਦੀ ਵਿਕਰੀ ਉੱਤੇ ਪਾਬੰਦੀ ਲੱਗਣ ਕਾਰਨ ਜਾਂ ਤਾਂ ਇੱਕ ਸਰਿੰਜ ਨਾਲ ਹੀ ਆਪਸ ਵਿੱਚ ਟੀਕਾ ਲਾ ਲੈਂਦੇ ਹਨ ਜਾਂ ਫਿਰ ਇਸ ਤਰ੍ਹਾਂ ਦਾ ਹੀ ਕੋਈ ਹੋਰ ਹੂਲਾ ਫੱਕਦੇ ਹਨ।
ਪਿਛਲੇ ਦਿਨੀਂ ਪੰਜਾਬ ਦੇ ਇੱਕ ਇਤਿਹਾਸਕ ਪਿੰਡ ਵਿੱਚ ਕੂੜੇ ਦੇ ਢੇਰ ਤੋਂ ਸਰਿੰਜ ਲੱਭਦਾ ਨਸ਼ਈ ਨੌਜਵਾਨ ਇੱਕ ਪ੍ਰੈੱਸ ਰਿਪੋਰਟਰ ਦੀ ਨਜ਼ਰ ਚੜ੍ਹ ਗਿਆ। ਜਦੋਂ ਉਸ ਵੱਲੋਂ ਆਪਣੀ ਪੱਧਰ ਉੱਤੇ ਪੜਤਾਲ ਕੀਤੀ ਤਾਂ ਉਸ ਪਿੰਡ ਦੇ 14 ਕੁ ਮੁੰਡੇ ਇੰਜ ਹੀ ਜੁਗਾੜ ਫਿੱਟ ਕਰਕੇ ਚਿੱਟੇ ਦੇ ਟੀਕੇ ਲਾਉਂਦੇ ਸਨ। ਮੀਡੀਆ ਰਾਹੀਂ ਗੱਲ ਜਗ-ਜਾਹਰ ਹੋਣ ਉੱਤੇ ਉਨ੍ਹਾਂ 14 ਮੁੰਡਿਆਂ ਦਾ ਜਦੋਂ ਐੱਚ.ਆਈ.ਵੀ. ਟੈੱਸਟ ਹੋਇਆ ਤਾਂ 8 ਮੁੰਡੇ ਏਡਜ਼ ਦੇ ਪੀੜਤ ਨਿੱਕਲੇ। ਉਸ ਪਿੰਡ ਵਿੱਚ ਅਜਿਹੇ 5-7 ਹੋਰ ਟੋਲੇ ਵੀ ਹਰਲ-ਹਰਲ ਕਰਦੇ ਫਿਰਦੇ ਸਨ।
ਇਸ ਤਰ੍ਹਾਂ ਹੀ ਕਿਸੇ ਹੋਰ ਪਿੰਡ ਦੇ ਏਡਜ਼ ਦਾ ਸ਼ਿਕਾਰ ਹੋਏ ਨੌਜਵਾਨ ਲੜਕੇ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਪ੍ਰਗਟਾਵਾ ਕੀਤਾ ਸੀ ਕਿ ਪਿੰਡ ਵਿੱਚ ਉਹਦੇ ਵਰਗੇ ਅੰਦਾਜ਼ਨ 100 ਮੁੰਡੇ ਚਿੱਟੇ ਦਾ ਟੀਕਾ ਲਾਉਂਦੇ ਹਨ ਅਤੇ ਜ਼ਿਆਦਾਤਰ ਏਡਜ਼ ਦਾ ਸ਼ਿਕਾਰ ਹਨ। ਇਸ ਪੱਖ ਤੋਂ ਪੰਜਾਬ ਦੇ ਨੌਜਵਾਨਾਂ ਦੀ ਆਰਥਿਕ, ਮਾਨਸਿਕ, ਬੌਧਿਕ ਅਤੇ ਸਮਾਜਿਕ ਕੰਗਾਲੀ ਦੇ ਨਾਲ-ਨਾਲ ਸਰੀਰਕ ਬਰਬਾਦੀ ਅਤੇ ਮਾਨਵੀ ਕਦਰਾਂ ਕੀਮਤਾਂ ਦੇ ਹੋ ਰਹੇ ਘਾਣ ਸਬੰਧੀ ਪਿੱਛੇ ਜਿਹੇ ਆਈ ਨੈਸ਼ਨਲ ਯੂਥ ਅਫੇਅਰਜ਼ ਦੀ ਰਿਪੋਰਟ ਅੱਖਾਂ ਖੋਲ੍ਹਣ ਵਾਲੀ ਹੈ, ਜਿਸ ਵਿੱਚ ਲਿਖਿਆ ਹੈ, “ਪੰਜਾਬ ਦਾ ਨੌਜਵਾਨ ਵਰਗ ਸਿਹਤ, ਵਿਕਾਸ ਅਤੇ ਸਮਾਜਿਕ ਕਾਰਜਾਂ ਵਿੱਚ ਭਾਗ ਲੈਣ ਦੇ ਮਾਮਲਿਆਂ ਵਿੱਚ ਭਾਰਤ ਦੇ ਅਤਿ ਪਛੜੇ ਸੂਬਿਆਂ ਦੇ ਨੌਜਵਾਨਾਂ ਤੋਂ ਵੀ ਪਛੜ ਗਿਆ ਹੈ।”
ਸੂਬੇ ਦੇ ਵਿਕਾਸ ਦਾ ਪੈਮਾਨਾ ਗਲੀਆਂ, ਨਾਲੀਆਂ, ਮਾਲਜ਼, ਸੜਕਾਂ, ਪੁਲ ਜਾਂ ਖੂਬਸੂਰਤ ਗੇਟ ਉਸਾਰਨੇ ਨਹੀਂ ਹਨ। ਭਲਾ ਜੇ ਇਨ੍ਹਾਂ ਦੀ ਵਰਤੋਂ ਕਰਨ ਵਾਲੇ ਹੀ ਨਾ ਰਹੇ ਤਾਂ ਇਹੋ ਜਿਹੇ ਵਿਕਾਸ ਦਾ ਫ਼ਾਇਦਾ ਹੀ ਕੀ? ਸਿਵਿਆਂ ਦੇ ਰਾਹ ਪਈ ਜਵਾਨੀ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ, ਲੇਖਕ, ਪੱਤਰਕਾਰ, ਧਾਰਮਿਕ ਸ਼ਖ਼ਸੀਅਤਾਂ, ਅਧਿਆਪਕ ਅਤੇ ਬੁੱਧੀਜੀਵੀ ਵਰਗ ਦਾ ਅੱਗੇ ਆਉਣਾ ਅਤਿਅੰਤ ਜ਼ਰੂਰੀ ਹੈ। ਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਅਸੀਂ ਬੁਜ਼ਦਿਲਾਂ ਦੀ ਕਤਾਰ ਵਿੱਚ ਸ਼ਾਮਲ ਹੋਵਾਂਗੇ ਅਤੇ ਇਤਿਹਾਸ ਸਾਡੀ ਹੋਣੀ ਉੱਤੇ ਕੀਰਨੇ ਪਾਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1944)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)