MohanSharma8ਵਾਰਡ ਵਿੱਚ ਨਵੇਂ ਦਾਖ਼ਲ ਨੌਜਵਾਨ ਕਰਮਜੀਤ ਵਰਗੇ 15 ਹੋਰ ਨੌਜਵਾਨ ਵੀ ਸਨ। ਕੁਝ ਸਮੇਂ ਬਾਅਦ ...
(27 ਅਗਸਤ 2023)


ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਨਸ਼ਿਆਂ ਵਿੱਚ ਧਸੀ ਜਵਾਨੀ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਨਾਲ ਨਾਲ ਇੱਕ ਨਸ਼ਾ ਛੁਡਾਊ ਕੇਂਦਰ ਦੇ ਨਿਰਦੇਸ਼ਕ ਵਜੋਂ ਮੈਂ ਅੰਦਾਜ਼ਨ
18 ਵਰ੍ਹੇ ਸੇਵਾਵਾਂ ਨਿਭਾਈਆਂ ਹਨ। ਸੇਵਾਵਾਂ ਨਿਭਾਉਂਦਿਆਂ ਅਨੇਕਾਂ ਪੀੜਤ ਮਾਂਵਾਂ ਦੇ ਅੱਥਰੂ, ਬੇਵੱਸ ਬਾਪ ਦੇ ਝੁਰੜੀਆਂ ਭਰੇ ਚਿਹਰੇ ’ਤੇ ਛਾਈ ਸੋਗੀ ਇਬਾਰਤ, ਪਤਨੀ ਦੇ ਨੈਣਾਂ ਵਿੱਚ ਮਰੇ ਸੁਪਨਿਆਂ ਦਾ ਬਲਦਾ ਸਿਵਾ ਅਤੇ ਭੈਣਾਂ ਦੀਆਂ ਖਾਮੋਸ਼ ਚੀਖਾਂ ਨਾਲ ਵਾਹ ਪੈਂਦਿਆਂ ਆਪਣੇ ਆਲੇ ਦੁਆਲੇ ਸੋਗੀ ਮਾਹੌਲ ਪਸਰਿਆ ਹੋਣ ਕਾਰਨ ਕਾਲਜੇ ਅੰਦਰ ਧੂਹ ਪੈ ਜਾਂਦੀ ਸੀ।

ਦਫਤਰ ਵਿੱਚ ਬੈਠਿਆਂ ਇੱਕ ਦਿਨ ਇਲਾਕੇ ਦਾ ਭਲਾਮਾਣਸ ਥਾਣੇਦਾਰ ਆ ਗਿਆ। ਉਸ ਦੇ ਗੱਲ ਕਰਨ ਦੇ ਅੰਦਾਜ਼ ਵਿੱਚ ਥਾਣੇਦਾਰੀ ਨਹੀਂ ਸਗੋਂ ਇਨਸਾਨੀਅਤ ਝਲਕਦੀ ਸੀ। ਉਸ ਨੇ ਬਹੁਤ ਹੀ ਠਰ੍ਹੰਮੇ ਨਾਲ ਕਿਹਾ, “ਪਰਸੋਂ ਇੱਕ ਜਵਾਨ ਮੁੰਡਾ ਗ੍ਰਿਫ਼ਤਾਰ ਕੀਤਾ ਹੈ। ਕਿਸੇ ਦੇ ਘਰ ਸੰਨ੍ਹ ਲਾਉਣ ਲੱਗਿਆ ਸੀ, ਮੌਕੇ ’ਤੇ ਫੜ ਲਿਆ ਗਿਆ। ਪੁੱਛਗਿੱਛ ਕਰਨ ’ਤੇ ਪਤਾ ਲੱਗਿਆ ਕਿ ਉਹ ਨਸ਼ਾ ਕਰਦਾ ਹੈ ਅਤੇ ਨਸ਼ੇ ਦਾ ਝੱਸ ਪੂਰਾ ਕਰਨ ਲਈ ਚੋਰੀਆਂ ਕਰਨ ਲੱਗ ਪਿਆ। ਹਾਲਾਂ ਨਵਾਂ ਨਵਾਂ ਹੀ ਉਹ ਇਸ ਰਾਹ ’ਤੇ ਤੁਰਿਆ ਹੈ, ਜੇ ਤੁਸੀਂ ਉਸਦੀ ਬਾਂਹ ਫੜ ਲਉਂ ਤਾਂ ਮੁੰਡਾ ਸੁਧਰ ਜਾਵੇਗਾ, ਨਹੀਂ ਤਾਂ ਫਿਰ ਉਹਦੀ ਜਵਾਨੀ ਰੁਲ ਜਾਣੀ ਹੈ। ਉਸ ਮੁੰਡੇ ਉੱਤੇ ਕੇਸ ਪਾਉਣ ਦਾ ਮੈਂ ਡਰਾਵਾ ਤਾਂ ਦਿੱਤਾ ਹੈ, ਪਰ ਕੇਸ ਪਾਇਆ ਨਹੀਂ। ਘਰਦਿਆਂ ਦਾ ਇਕਲੌਤਾ ਪੁੱਤ ਹੈ। ਬਾਪ ਦਿਹਾੜੀ ਕਰਦਾ ਹੈ। ਘਰ ਗਿੱਲ ਵੀ ਨਹੀਂ, ਜੇ ਤੁਸੀਂ … …।”

ਥਾਣੇਦਾਰ ਦੀ ਗੱਲ ਸੁਣ ਕੇ ਮੈਂ ਮੁੰਡੇ ਨੂੰ ਦਾਖ਼ਲ ਕਰਕੇ ਨਸ਼ਾ ਮੁਕਤ ਕਰਨ ਦੀ ਹਾਮੀ ਭਰ ਦਿੱਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਸ ਦੇ ਬਾਪ ਨੂੰ ਨਾਲ ਲੈ ਆਉਣਾ।

ਦੋ ਕੁ ਘੰਟਿਆਂ ਬਾਅਦ ਹੀ ਹੱਥ ’ਤੇ ਲੱਗੀ ਹੱਥਕੜੀ ਵਾਲਾ ਜਵਾਨ ਮੇਰੇ ਸਾਹਮਣੇ ਖੜ੍ਹਾ ਸੀ। ਨਾਲ ਆਏ ਦੋ ਪੁਲਿਸ ਕਰਮਚਾਰੀਆਂ ਨੇ ਆਉਂਦਿਆਂ ਹੀ ਕਿਹਾ, “ਸਾਹਿਬ ਨੇ ਭੇਜਿਐ। ਥੋਡੇ ਨਾਲ ਗੱਲ ਹੋਈ ਹੋਣੀ ਹੈ।”

ਮੈਂ ਹਾਂ ਵਿੱਚ ਜਵਾਬ ਦਿੰਦਿਆਂ ਹੱਥਕੜੀ ਵਿੱਚ ਜਕੜੇ ਨੌਜਵਾਨ ਅਤੇ ਉਦਾਸੀ ਦਾ ਬੁੱਤ ਬਣੇ ਉਸ ਦੇ ਬਾਪ ਵੱਲ ਨਜ਼ਰ ਮਾਰੀ। ਬਾਪ ਨੇ ਭਰੇ ਮਨ ਨਾਲ ਕਿਹਾ, “ਕੋਈ ਕਰੋ ਜੀ ਇਹਦਾ ਬੰਨ੍ਹ ਸੁੱਬ। ਅਸੀਂ ਤਾਂ ਇਹਨੇ ਕੱਖੋਂ ਹੋਲੇ ਕਰ’ਤੇ। ਬਾਰ੍ਹਵੀਂ ਵਿੱਚ ਪੜ੍ਹਦਾ ਸੀ ਇਹ, ਪੜ੍ਹਾਈ ਵਿੱਚੇ ਛੱਡ ਕੇ ਇਸ ਕੁੱਤੇ ਕੰਮ ਵਿੱਚ ਪੈ ਗਿਆ। ਸਾਡੀ ਇਹ ਆਰਾਮ ਕਰਨ ਦੀ ਉਮਰ ਐ ਅਤੇ ਅਸੀਂ … …।”

ਬਾਪ ਦੇ ਬੋਲਾਂ ਵਿੱਚ ਅੰਤਾਂ ਦਾ ਦਰਦ ਅਤੇ ਗੁਰਬਤ ਦੀ ਮਾਰ ਛੁਪੀ ਹੋਈ ਸੀ। ਉਸ ਨੂੰ ਹੌਸਲਾ ਦਿੰਦਿਆਂ ਮੈਂ ਕਿਹਾ, “ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਵੇਗੀ ਕਿ ਇਸ ਨੂੰ ਨਸ਼ਾ ਮੁਕਤ ਕਰੀਏ। ਪਰ ਜਿਸਦਾ ਇਲਾਜ ਕਰਨਾ ਹੈ, ਉਹਦਾ ਇਰਾਦਾ ਵੀ ਮਜ਼ਬੂਤ ਹੋਣਾ ਚਾਹੀਦਾ ਹੈ।”

ਫਿਰ ਮੈਂ ਮੁੰਡੇ ਵੱਲ ਮੂੰਹ ਕਰਕੇ ਕਿਹਾ, “ਦੱਸ ਬਈ, ਵਾਪਸ ਥਾਣੇ ਵਿੱਚ ਜਾਣਾ ਹੈ ਜਾਂ ਨਸ਼ਾ ਛੱਡ ਕੇ ਚੰਗਾ ਇਨਸਾਨ ਬਣਨੈ?

ਮੁੰਡੇ ਨੇ ਢਾਡੇ ਹੀ ਸਤਿਕਾਰ ਨਾਲ ਕਿਹਾ, “ਨਹੀਂ ਜੀ, ਮੈਨੂੰ ਤੁਸੀਂ ਆਪਣੇ ਕੋਲ ਰੱਖ ਲਵੋ, ਮੈਂ ਉੱਥੇ ਵਾਪਸ ਨਹੀਂ ਜਾਣਾ।”

ਸ਼ਾਇਦ ਦੋ ਦਿਨ ਥਾਣੇ ਵਿੱਚ ਹੋਈ ਸੇਵਾ ਅਤੇ ਰੱਖ ਰਖਾਉ ਤੋਂ ਉਹ ਤੰਗ ਆ ਗਿਆ ਸੀ। ਕਾਉਂਸਲਿੰਗ ਅਤੇ ਕਾਗ਼ਜੀ ਕਾਰਵਾਈ ਮੁਕੰਮਲ ਕਰਨ ਉਪਰੰਤ ਨੌਜਵਾਨ ਨੂੰ ਦਾਖ਼ਲ ਕਰ ਲਿਆ ਗਿਆ। ਬਜ਼ੁਰਗ ਨੂੰ ਮੈਂ ਨਿਮਰਤਾ ਨਾਲ ਕਿਹਾ, “ਤੁਹਾਡਾ ਪੁੱਤਰ ਕੁਝ ਸਮੇਂ ਲਈ ਸਾਡੇ ਕੋਲ ਅਮਾਨਤ ਦੇ ਰੂਪ ਵਿੱਚ ਹੈ। ਤੁਸੀਂ ਵਾਰ-ਵਾਰ ਇੱਥੇ ਗੇੜੇ ਨਾ ਮਾਰਿਉ। ਬੱਸ ਫੋਨ ਉੱਤੇ ਮੁੰਡੇ ਦਾ ਹਾਲ-ਚਾਲ ਪੁੱਛਦੇ ਰਿਹੋ।”

ਇਹੋ ਗੱਲ ਮੈਂ ਪੁਲਿਸ ਦੇ ਕਰਮਚਾਰੀਆਂ ਨੂੰ ਵੀ ਕਹਿ ਦਿੱਤੀ।

ਵਾਰਡ ਵਿੱਚ ਨਵੇਂ ਦਾਖ਼ਲ ਨੌਜਵਾਨ ਕਰਮਜੀਤ ਵਰਗੇ 15 ਹੋਰ ਨੌਜਵਾਨ ਵੀ ਸਨ। ਕੁਝ ਸਮੇਂ ਬਾਅਦ ਵਾਰਡ ਵਿੱਚ ਜਾ ਕੇ ਮੈਂ ਦਾਖ਼ਲ ਸਾਰੇ ਨੌਜਵਾਨਾਂ ਨੂੰ ਇਕੱਠੇ ਕਰਕੇ ਕਰਮਜੀਤ ਦੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ, “ਦੇਖ ਬਈ ਕਰਮਜੀਤ, ਅੱਜ ਤੈਨੂੰ ਹੱਥਕੜੀਆਂ ਵਿੱਚ ਜਕੜ ਕੇ ਪੁਲਿਸ ਵਾਲੇ ਇੱਥੇ ਲੈ ਕੇ ਆਏ ਨੇ। ਜ਼ਰਾ ਸੋਚ, ਜਿਸ ਮਾਂ-ਬਾਪ ਨੇ ਤੈਨੂੰ ਪਾਲ-ਪੋਸ ਕੇ ਇੰਨਾ ਵੱਡਾ ਕੀਤਾ ਐ, ਕੀ ਉਹਨਾਂ ਨੇ ਸੋਚਿਆ ਸੀ ਕਿ ਸਾਡਾ ਪੁੱਤ ਇੰਜ ਮੁਜਰਿਮ ਬਣ ਕੇ ਹੱਥਕੜੀਆਂ ਵਿੱਚ ਜਕੜਿਆ ਜਾਵੇਗਾ? ਉਹਨਾਂ ਦੇ ਦਿਲ ’ਤੇ ਕੀ ਬੀਤਦੀ ਹੋਣੀ ਐ, ਜਦੋਂ ਉਨ੍ਹਾਂ ਦਾ ਇਕਲੌਤਾ ਪੁੱਤ … …।”

ਕਰਮਜੀਤ ਉਦਾਸੀ ਦਾ ਬੁੱਤ ਬਣਿਆ ਮੇਰੇ ਸਾਹਮਣੇ ਖੜ੍ਹਾ ਸੀ। ਉਸਦੇ ਨੈਣਾਂ ਵਿੱਚੋਂ ਪਰਲ-ਪਰਲ ਵਹਿੰਦੇ ਅੱਥਰੂਆਂ ਵਿੱਚੋਂ ਪਛਤਾਵੇ ਦੇ ਚਿੰਨ੍ਹ ਝਲਕ ਰਹੇ ਸਨ। ਉਸ ਨੂੰ ਢਾਡੇ ਹੀ ਮੋਹ ਨਾਲ ਬੁੱਕਲ ਵਿੱਚ ਲੈਂਦਿਆਂ ਮੈਂ ਅਗਲੀ ਗੱਲ ਛੋਹੀ, “ਤੂੰ ਮੇਰੇ ਅਤੇ ਸਟਾਫ ਦੀਆਂ ਕਹੀਆਂ ਗੱਲਾਂ ’ਤੇ ਅਮਲ ਕਰਕੇ ਚੰਗਾ ਲੜਕਾ ਬਣ ਕੇ ਵਿਖਾ। ਤੇਰੇ ਨਾਲ ਵਾਅਦਾ ਹੈ ਕਿ ਜਿਹੜੇ ਪੁਲਿਸ ਵਾਲੇ ਅੱਜ ਤੈਨੂੰ ਹੱਥਕੜੀ ਲਾ ਕੇ ਲੈ ਕੇ ਆਏ ਸਨ, ਉਹੀ ਕਰਮਚਾਰੀ ਤੇਰੇ ਗੱਲ ਵਿੱਚ ਹਾਰ ਪਾ ਕੇ ਤੈਨੂੰ ਘਰ ਤਕ ਛੱਡ ਕੇ ਆਉਣਗੇ। ਪਰ ਇਹਦੇ ਲਈ ਤੈਨੂੰ ਪੁਰਾਣੀਆਂ ਆਦਤਾਂ ਛੱਡਣੀਆਂ ਪੈਣਗੀਆਂ।”

ਇਹ ਸੁਣਦਿਆਂ ਹੀ ਕਰਮਜੀਤ ਦੇ ਚਿਹਰੇ ’ਤੇ ਰੌਣਕ ਆ ਗਈ। ਆਪਣੇ ਨੈਣਾਂ ਦੇ ਕੋਇਆਂ ਵਿੱਚੋਂ ਅੱਥਰੂ ਪੂੰਝਦਿਆਂ ਉਸ ਨੇ ਗੱਚ ਭਰ ਕੇ ਕਿਹਾ, “ਸਰ, ਮੇਰੇ ’ਤੇ ਹੱਥ ਰੱਖਿਉ, ਵਾਅਦਾ ਹੈ ਥੋਡੇ ਨਾਲ, ਥੋਨੂੰ ਚੰਗਾ ਮੁੰਡਾ ਬਣ ਕੇ ਵਿਖਾਵਾਂਗਾ।”

ਦੂਜੇ ਦਾਖ਼ਲ ਨੌਜਵਾਨਾਂ ਅਤੇ ਸਟਾਫ ਨੂੰ ਕਰਮਜੀਤ ਦੀ ਦੇਖ ਭਾਲ ਲਈ ਲੋੜੀਂਦੀਆਂ ਹਦਾਇਤਾਂ ਦੇਣ ਦੇ ਬਾਅਦ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ।

ਦਰਅਸਲ ਨੌਜਵਾਨਾਂ ਦਾ ਪ੍ਰਵਾਹ ਹੜ੍ਹਾਂ ਦੇ ਪਾਣੀ ਵਰਗਾ ਹੁੰਦਾ ਹੈ। ਹੜ੍ਹਾਂ ਦੇ ਪਾਣੀ ਨੂੰ ਜੇਕਰ ਬੰਨ੍ਹ ਲਾ ਕੇ ਰਜ਼ਵਾਹਿਆਂ, ਨਦੀਆਂ, ਨਾਲਿਆਂ ਵਿੱਚ ਪਾ ਦਿੱਤਾ ਜਾਵੇ ਤਾਂ ਪਾਣੀ ਤੋਂ ਸਿੰਚਾਈ ਦੇ ਨਾਲ ਨਾਲ ਹੋਰ ਬਹੁ ਮੰਤਵੀ ਕੰਮ ਲਏ ਜਾ ਸਕਦੇ ਨੇ। ਪਰ ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਹੜ੍ਹਾਂ ਦਾ ਪਾਣੀ ਘਰਾਂ ਅਤੇ ਫਸਲਾਂ ਦਾ ਉਜਾੜਾ ਕਰਦਾ ਹੈ। ਕਰਮਜੀਤ ਬੁਰੀ ਸੰਗਤ ਵਿੱਚ ਪੈ ਕੇ ਚਿੱਟੇ ਦੀ ਵਰਤੋਂ ਕਰਨ ਲੱਗ ਪਿਆ ਸੀ। ਪਹਿਲਾਂ ਘਰੋਂ ਚੋਰੀ ਕਰਕੇ ਬੁੱਤਾ ਸਾਰਦਾ ਰਿਹਾ ਅਤੇ ਫਿਰ ਬਾਹਰ ਚੋਰੀ ਕਰਕੇ ਝੱਸ ਪੂਰਾ ਕਰਨਾ ਉਹਦਾ ਨਸੀਬ ਬਣ ਗਿਆ। ਇੰਜ ਹੀ ਪਿੰਡ ਵਿੱਚ ਚੋਰੀ ਦੀ ਨੀਅਤ ਨਾਲ ਸੰਨ੍ਹ ਲਾਉਂਦਾ ਉਹ ਫੜਿਆ ਗਿਆ। ਬਾਰ੍ਹਵੀਂ ਵਿੱਚ ਪੜ੍ਹਦਾ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਆਪਣਾ ਅਤੇ ਮਾਪਿਆਂ ਦਾ ਭਵਿੱਖ ਧੁੰਦਲਾ ਕਰਨ ਲਈ ਜ਼ਿੰਮੇਵਾਰ ਬਣ ਗਿਆ ਸੀ।

ਸਾਰੇ ਹੀ ਦਾਖਲ ਨਸ਼ਈ ਮਰੀਜ਼ਾਂ ਨੂੰ ਦੁਆ ਅਤੇ ਦਵਾਈ ਦੇ ਸੁਮੇਲ ਦੇ ਨਾਲ-ਨਾਲ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜਨ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਸੀ। ਉਸਾਰੂ ਸਾਹਿਤ ਪੜ੍ਹਨਾ, ਪਾਠ ਕਰਨਾ, ਮੋਮਬੱਤੀਆਂ ਬਣਾਉਣੀਆਂ, ਨਸ਼ਾ ਛੁਡਾਊ ਕੇਂਦਰ ਵਿੱਚ ਸਾਫ-–ਸਫਾਈ ਦੇ ਨਾਲ ਨਾਲ ਬੂਟਿਆਂ ਦੀ ਸੰਭਾਲ ਕਰਨਾ ਉਨ੍ਹਾਂ ਦਾ ਨਿੱਤ ਨੇਮ ਸੀ। ਇਨ੍ਹਾਂ ਕੰਮਾਂ ਦੀ ਅਗਵਾਈ ਅਤੇ ਨਿਗਰਾਨੀ ਲਈ ਵੱਖੋ ਵੱਖਰੇ ਸਟਾਫ ਮੈਂਬਰਾਂ ਦੀ ਡਿਊਟੀ ਲਾਈ ਹੁੰਦੀ ਸੀ। ਕਰਮਜੀਤ ਇਨ੍ਹਾਂ ਸਾਰੇ ਕੰਮਾਂ ਵਿੱਚ ਡੂੰਘੀ ਦਿਲਚਸਪੀ ਲੈਣ ਲੱਗ ਪਿਆ। ਨਸ਼ਾ ਛੁਡਾਊ ਕੇਂਦਰ ਦੀ ਸਥਾਪਿਤ ਲਾਇਬ੍ਰੇਰੀ ਵਿੱਚੋਂ ਉਸਾਰੂ ਸਾਹਿਤ ਪੜ੍ਹਨਾ ਅਤੇ ਵਾਧੂ ਸਮੇਂ ਵਿੱਚ ਪਾਠ ਕਰਨਾ ਉਸਦਾ ਨਿੱਤ ਨੇਮ ਸੀ। ਉਸ ਨੂੰ ਫਾਲਤੂ ਕਿਸੇ ਨਾਲ ਗੱਲਾਂ ਕਰਦਿਆਂ ਨਹੀਂ ਸੀ ਵੇਖਿਆ। ਕਿਸੇ ਹੋਰ ਨਸ਼ਈ ਨੌਜਵਾਨ ਨੂੰ ਥਿੜ੍ਹਕਦਾ ਦੇਖ ਕੇ ਉਸ ਨੂੰ ਹੌਸਲਾ ਦੇਣ ਦੀ ਜ਼ਿੰਮੇਵਾਰੀ ਵੀ ਉਹ ਨਿਭਾਉਂਦਾ ਸੀ। ਫਿਰ ਇੱਕ ਦਿਨ ਉਹ ਨਾਲ ਦੇ ਮੁੰਡਿਆਂ ਨੂੰ ਕਹਿ ਰਿਹਾ ਸੀ, “ਦੇਖੋ ਬਈ, ਮੋਮਬੱਤੀ ਆਪਾਂ ਰਾਤ ਨੂੰ ਚਾਨਣ ਕਰਨ ਲਈ ਵਰਤਦੇ ਹਾਂ ਪਰ ਜਿਹੜਾ ਦਿਨ ਵਿੱਚ ਹੀ ਮੋਮਬੱਤੀ ਬਾਲ਼ੇ ਉਹਨੂੰ ਮੂਰਖ ਹੀ ਕਹਾਂਗੇ। ਜਿਹੜਾ ਦਿਨ ਵਿੱਚ ਹੀ ਮੋਮਬੱਤੀ ਨੂੰ ਉੱਪਰੋਂ ਅਤੇ ਥੱਲਿਉਂ ਅੱਗ ਲਾਵੇ, ਉਹ ਤਾਂ ਫਿਰ ਮਹਾਂ ਮੂਰਖ ਹੀ ਹੋਇਆ। ਦਰਅਸਲ ਆਪਾਂ ਆਪਣੀ ਜਿੰਦਗ਼ੀ ਨੂੰ ਦਿਨ-ਰਾਤ ਥੱਲਿਉਂ-ਉੱਪਰੋਂ ਮੋਮਬੱਤੀ ਨੂੰ ਅੱਗ ਲਾਉਣ ਵਾਂਗ ਬਾਲ਼ਿਆ ਹੈ। ਪੈਸੇ ਦੀ ਬਰਬਾਦੀ, ਸਿਹਤ ਦੀ ਬਰਬਾਦੀ ਅਤੇ ਘਰ ਦੇ ਸੁਖ ਦੀ ਬਰਬਾਦੀ … …। ਭਲਾ ਆਪਣੇ ਵਰਗਾ ਮੂਰਖ ਕਿਹੜਾ ਹੋਊ? ਆਪਾਂ ਸੰਭਲ ਗਏ ਇੱਥੇ ਆ ਕੇ, ਨਹੀਂ ਤਾਂ ਥੋੜ੍ਹੇ ਚਿਰ ਨੂੰ ਆਪਣੀ ਫੋਟੋਆਂ ’ਤੇ ਹਾਰ ਪੈ ਜਾਣੇ ਸੀ।”

ਫਿਰ ਆਪਣੇ ਸਾਥੀਆਂ ਨੂੰ ਤਰਲੇ ਵਜੋਂ ਕਰਮਜੀਤ ਕਹਿਣ ਲੱਗਿਆ, “ਆਪਾਂ ਕੋਈ ਅਜਿਹਾ ਕੰਮ ਜਾਂ ਹਰਕਤ ਨਾ ਕਰੀਏ ਜਿਸਦੇ ਨਾਲ ਆਪਣੇ ਵੱਡੇ ਸਰ ਦਾ ਮਨ ਦੁਖੀ ਹੋਵੇ। ਆਪਾਂ ਨੂੰ ਕਿੰਨਾ ਪਿਆਰ ਕਰਦੇ ਨੇ ਉਹ! ਸੱਚੀਂ ਉਹ ਤਾਂ … …।”

ਮੈਨੂੰ ਕਰਮਜੀਤ ਵੱਲੋਂ ਵਰਤੇ ਗਏ ਅਜਿਹੇ ਉਸਾਰੂ ਸ਼ਬਦਾਂ ਬਾਰੇ ਪਤਾ ਲੱਗਣ ’ਤੇ ਅੰਤਾਂ ਦਾ ਸਕੂਨ ਆਇਆ। ਫਿਰ ਦੋ ਦਿਨ ਘਰੇਲੂ ਕੰਮ ਹੋਣ ਦੇ ਕਾਰਨ ਮੈਂ ਨਸ਼ਾ ਛੁਡਾਊ ਕੇਂਦਰ ਨਾ ਜਾ ਸਕਿਆ। ਉਂਜ ਟੈਲੀਫੋਨ ਕਰਕੇ ਨਸ਼ਾ ਛੁਡਾਊ ਕੇਂਦਰ ਦੀ ਕਾਰਗੁਜ਼ਾਰੀ ਸਬੰਧੀ ਪੁੱਛਦਾ ਰਹਿੰਦਾ ਸੀ। ਮੇਰੇ ਇੱਕ ਕਰਮਚਾਰੀ ਨੇ ਫੋਨ ਤੇ ਦੱਸਿਆ, “ਸਰ, ਥੋਡੇ ਬਿਨਾਂ ਕਰਮਜੀਤ ਓਦਰਿਆ ਪਿਆ ਹੈ। ਵਾਰ-ਵਾਰ ਪੁੱਛਦਾ ਹੈ ਸਰ ਕਦੋਂ ਆਉਣਗੇ?

ਅਜਿਹੇ ਬੋਲ ਸੁਣ ਕੇ ਮੈਨੂੰ ਅੰਤਾਂ ਦਾ ਸਕੂਨ ਵੀ ਆਉਂਦਾ ਅਤੇ ਕਰਮਜੀਤ ਪ੍ਰਤੀ ਢਾਡਾ ਮੋਹ ਵੀ। ਦੋ ਦਿਨਾਂ ਬਾਅਦ ਜਦੋਂ ਮੈਂ ਵਾਰਡ ਵਿੱਚ ਗਿਆ ਤਾਂ ਕਰਮਜੀਤ ਨੇ ਮੇਰੇ ਪੈਰੀਂ ਹੱਥ ਲਾ ਕੇ ਕਿਹਾ, “ਸਰ, ਤੁਸੀਂ ਦੋ ਦਿਨ ਆਏ ਨਹੀਂ, ਸੱਚੀਂ ਜੀਅ ਨਹੀਂ ਲੱਗਿਆ।”

ਦਰਅਸਲ ਨਸ਼ਈ ਮਰੀਜ਼ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹੁੰਦੇ ਹਨ। ਸਮੇਂ ਦੀ ਗਰਦਿਸ਼ ਦੇ ਭੰਨੇ ਹੋਏ ਥਿੜਕੇ ਇਨਸਾਨ! ਇਨ੍ਹਾਂ ਨੂੰ ਪਿਆਰ, ਸਤਿਕਾਰ ਅਤੇ ਅਪਣੱਤ ਨਾਲ ਹੀ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕਦਾ ਹੈ। ਡੇਢ ਕੁ ਮਹੀਨਾ ਕਰਮਜੀਤ ਸਾਡੇ ਕੋਲ ਰਿਹਾ। ਇੱਕ ਦਿਨ ਵੀ ਉਸਨੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਇਨ੍ਹਾਂ ਦਿਨਾਂ ਵਿੱਚ ਜਿੱਥੇ ਉਸਦੀ ਸਿਹਤ ਵਿੱਚ ਸੁਧਾਰ ਹੋਇਆ ਸੀ, ਉੱਥੇ ਹੀ ਸਖ਼ਸੀਅਤ ਵਿੱਚ ਵੀ ਢਾਡਾ ਨਿਖਾਰ ਆ ਗਿਆ ਸੀ। ਉਸ ਦੇ ਮਾਂ-ਬਾਪ ਅਤੇ ਥਾਣੇਦਾਰ ਦਾ ਸਮੇਂ ਸਮੇਂ ਟੈਲੀਫੋਨ ਆਉਂਦਾ ਰਿਹਾ ਅਤੇ ਮੈਂ ਉਨ੍ਹਾਂ ਨੂੰ ਕਰਮਜੀਤ ਦੇ ਸਹੀ ਰਾਹ ’ਤੇ ਚੱਲਣ ਦਾ ਸੁਨੇਹਾ ਦਿੰਦਾ ਰਿਹਾ।

ਅਖੀਰ ਕਰਮਜੀਤ ਨੂੰ ਭੇਜਣ ਦਾ ਸਮਾਂ ਆ ਗਿਆ। ਉਸੇ ਥਾਣੇਦਾਰ ਨੂੰ ਮੈਂ ਬੇਨਤੀ ਕੀਤੀ ਕਿ ਕਰਮਜੀਤ ਹੁਣ ਸਹੀ ਰਾਹ ’ਤੇ ਆ ਗਿਆ ਹੈ, ਉਸ ਨੂੰ ਆਦਰ ਨਾਲ ਆ ਕੇ ਲੈ ਜਾਵੋ। ਨਾਲ ਹੀ ਉਸਦੇ ਮਾਂ-ਬਾਪ ਨੂੰ ਵੀ ਆਉਣ ਲਈ ਕਹਿ ਦਿੱਤਾ। ਨਿਸ਼ਚਿਤ ਸਮੇਂ ’ਤੇ ਥਾਣੇਦਾਰ ਆਪਣੇ ਅਮਲੇ ਸਮੇਤ ਆ ਗਿਆ। ਕਰਮਜੀਤ ਦੇ ਮਾਪੇ ਵੀ ਆ ਗਏ। ਕਰਮਜੀਤ ਨੂੰ ਘਰ ਭੇਜਣ ਸਮੇਂ ਸੰਖੇਪ ਪਰ ਭਾਵਪੂਰਤ ਵਿਦਾਇਗੀ ਸਮਾਰੋਹ ਕੀਤਾ ਗਿਆ। ਕਰਮਜੀਤ ਨੇ ਆਉਂਦਿਆਂ ਹੀ ਪਹਿਲਾਂ ਮਾਂ-ਬਾਪ ਦੇ ਚਰਨ ਛੂਹੇ ਅਤੇ ਫਿਰ ਥਾਣੇਦਾਰ ਦੇ ਵੀ ਪੈਰੀਂ ਹੱਥ ਲਾਏ। ਪਹਿਲਾਂ ਵਾਲੇ ਕਰਮਜੀਤ ਅਤੇ ਹੁਣ ਵਾਲੇ ਕਰਮਜੀਤ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਸੀ। ਉਸ ਵੇਲੇ ਸੀਨ ਬਹੁਤ ਹੀ ਭਾਵੁਕ ਹੋ ਗਿਆ ਸੀ, ਜਦੋਂ ਥਾਣੇਦਾਰ ਨੇ ਉਸਦੇ ਗੱਲ ਵਿੱਚ ਹਾਰ ਪਾ ਕੇ ਉਸ ਨੂੰ ਬੁੱਕਲ ਵਿੱਚ ਲੈ ਕੇ ਕਿਹਾ, “ਜ਼ਿੰਦਗੀ ਜ਼ਿੰਦਾਬਾਦ। ਸ਼ਾਬਾਸ਼ ਮੇਰੇ ਸ਼ੇਰਾ! ਮਾਂ-ਬਾਪ ਦੇ ਨਾਲ ਨਾਲ ਸਾਡੀ ਵੀ ਇੱਜ਼ਤ ਰੱਖੀ ਹੈ।”

ਕਰਮਜੀਤ ਨੇ ਸਾਰਿਆਂ ਵੱਲ ਹੱਥ ਜੋੜ ਕੇ ਸਿਰ ਝੁਕਾਇਆ ਅਤੇ ਵਾਅਦਾ ਕੀਤਾ ਕਿ ਉਹ ਭਵਿੱਖ ਵਿੱਚ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦੇਵੇਗਾ ਅਤੇ ਨੇਕੀ ਦੇ ਰਾਹ ’ਤੇ ਚੱਲ ਕੇ ਚੰਗਾ ਇਨਸਾਨ ਬਣੇਗਾ। ਮੇਰੇ ਵੱਲ ਹੱਥ ਜੋੜ ਕੇ ਉਸਨੇ ਕਿਹਾ, “ਸਰ, ਤੁਸੀਂ … …।”

ਕਰਮਜੀਤ ਦਾ ਗੱਚ ਭਰ ਆਇਆ ਸੀ। ਉਹ ਕੁਝ ਨਾ ਬੋਲ ਸਕਿਆ। ਉਂਜ ਉਹਦੀਆਂ ਨਜ਼ਰਾਂ ਦੀ ਭਾਸ਼ਾ ਵਿੱਚੋਂ ਅਪਣੱਤ ਅਤੇ ਸਤਿਕਾਰ ਡੁੱਲ੍ਹ ਡੁੱਲ੍ਹ ਪੈਂਦਾ ਸੀ। ਜਾਣ ਵੇਲੇ ਉਸਨੇ ਸੰਸਥਾ ਨੂੰ ਸਿਜਦਾ ਕਰਦਿਆਂ ਕਿਹਾ ਕਿ ਮੇਰੇ ਲਈ ਇਹ ਧਾਰਮਿਕ ਅਸਥਾਨ ਵਾਂਗ ਹੈ, ਜਿੱਥੋਂ ਮੈਨੂੰ ਨਵਾਂ ਜੀਵਨ ਮਿਲਿਆ ਹੈ।

ਕਰਮਜੀਤ ਦੇ ਇੱਕ ਮੋਢੇ ’ਤੇ ਬਾਪ ਦਾ ਹੱਥ, ਦੂਜੇ ਮੋਢੇ ’ਤੇ ਮਾਂ ਦਾ ਹੱਥ ਅਤੇ ਗੱਲ ਵਿੱਚ ਪਾਏ ਹਾਰ ਨਾਲ ਉਹ ਜ਼ਿੰਦਗੀ ਦਾ ਨਾਇਕ ਬਣ ਕੇ ਪੁਲਿਸ ਦੀ ਜੀਪ ਵੱਲ ਵਧ ਰਿਹਾ ਸੀ। ਮੈਂ ਅਤੇ ਮੇਰਾ ਸਟਾਫ ਡਾਢੇ ਹੀ ਮੋਹ ਨਾਲ ਉਸ ਨੂੰ ਜਾਂਦੇ ਨੂੰ ਵੇਖ ਰਹੇ ਸੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4178)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author