“ਬਹੁਤ ਵਾਰ ਉਸ ਨੂੰ ਮਹਿਸੂਸ ਹੁੰਦਾ ਕਿ ਇੱਕ ਗਿਲਾਸ ਦੁੱਧ, ਚਾਰ ਰੋਟੀਆਂ ਤੇ ਥੋੜ੍ਹੇ ਜਿਹੇ ਸਾਲਨ ਬਦਲੇ ਮਾਂ ਕਿਉਂ ...”
(12 ਅਕਤੂਬਰ 2021)
ਆਪਣੀ ਮਾਂ ਦੀ ਉਹ ਦੂਸਰੀ ਔਲਾਦ ਸੀ । ਜੇ ਉਹ ਛੋਟੇ ਭਰਾ ਤੋਂ ਪਹਿਲਾਂ ਜਨਮ ਨਾ ਲੈਂਦੀ ਤਾਂ ਸ਼ਾਇਦ ਉਹ ਦੁਨੀਆਂ ਹੀ ਨਾ ਦੇਖ ਸਕਦੀ। ਇਸ ਪਿੱਛੇ ਉਸ ਦੀ ਦਾਦੀ ਦਾ ਤਰਕ ਹੁੰਦਾ ਸੀ ਕਿ ਕੰਮੀ ਦੀ ਧੀ ਤਾਂ ਮਾੜੀ ਕਿਸਮਤ ਵਾਲੇ ਲੇਖ ਲਿਖਾ ਕੇ ਲਿਆਉਂਦੀ ਹੈ ਤੇ ਕੰਮੀ ਦਾ ਮੁੰਡਾ ਤਾਂ ਸੁਲੱਖਣਾ ਹੁੰਦਾ ਹੈ, ਜਿਹੜਾ ਚੜ੍ਹੇ ਹਾੜ੍ਹ ਰਿਜ਼ਕ ਲੈ ਆਉਂਦਾ ਹੈ। ਦਾਦੀ ਨੇ ਤਾਂ ਪੋਤਰੇ ਦੇ ਜਨਮ ਵਾਸਤੇ ਡੇਰੇ ਵਾਲੇ ਸਾਧ ਦੇ ਜਰਦੇ ਵਾਲੇ ਚੌਲ਼ਾਂ ਦੀ ਸਵਾ ਮਣ ਦੀ ਦੇਗ ਸੁੱਖ ਲਈ ਸੀ। ਉਸ ਦੇ ਛੋਟੇ ਭਰਾ ਦੇ ਜਨਮ ਤੋਂ ਬਾਅਦ ਫਿਰ ਸਾਲਾਂ ਬੱਧੀ ਸੁੱਖਣਾ ਲਾਹੁਣ ਜਿੰਨੇ ਪੈਸੇ ਇਕੱਠੇ ਨਾ ਹੋਏ ਫਿਰ ਦਾਦੀ ਨੇ ਆਪਣੇ ਪੁੱਤ ਦੇ ਸੀਰ ਸਮੇਂ ਲਏ ਕਰਜ਼ੇ ਨਾਲ ਡੇਰੇ ਦੀ ਸੁੱਖ ਲਾਹੀ। ਉਹਦੀ ਮਾਂ ਤਾਂ ਭੋਲੀ ਸੀ ਜਿਹਨੂੰ ਉਹਦੀ ਦਾਦੀ ਤੇ ਪਿਤਾ ਮਗਰ ਲਾ ਲੈਂਦੇ ਸੀ। ਉਹ ਜਵਾਨ ਹੋਈ ਲੋਕਾਂ ਤੋਂ ਸੁਣਦੀ ਕਿ ਉਹ ਕੰਮੀਆਂ ਦੀ ਧੀ ਹੈ। ਮਾਂ ਨੂੰ ਪਿੰਡ ਵਿੱਚ ਨਿਗੂਣੀ ਮਜ਼ਦੂਰੀ ’ਤੇ ਉਹ ਲੋਕਾਂ ਦਾ ਗੋਹਾ ਸੁੱਟਦਿਆਂ ਵੇਖਦੀ। ਉਸ ਨੂੰ ਸਾਹਮਣੇ ਘਰਾਂ ਦੇ ਮੁੰਡੇ ਪਾੜ ਖਾ ਜਾਣ ਵਾਲ਼ੀਆਂ ਨਜ਼ਰਾਂ ਨਾਲ ਵੇਖਦੇ। ਬਹੁਤ ਵਾਰ ਉਸ ਨੂੰ ਮਹਿਸੂਸ ਹੁੰਦਾ ਕਿ ਇੱਕ ਗਿਲਾਸ ਦੁੱਧ, ਚਾਰ ਰੋਟੀਆਂ ਤੇ ਥੋੜ੍ਹੇ ਜਿਹੇ ਸਾਲਨ ਬਦਲੇ ਮਾਂ ਕਿਉਂ ਲੋਕਾਂ ਦਾ ਗੋਹਾ ਸੁੱਟਦੀ ਹੈ। ਉਹਨੂੰ ਕੰਮੀਆਂ ਦੀ ਧੀ ਹੋਣ ਦਾ ਦਰਦ ਕੱਚੀ ਉਮਰ ਹੋਣ ਕਰਕੇ ਪਤਾ ਨਹੀਂ ਸੀ। ਇਹਦੇ ਨਾਲ਼ੋਂ ਵੀ ਵੱਧ ਦੁਖੀ ਹੁੰਦੀ ਸੀ ਉਹ ਲੋਕਾਂ ਦੇ ਘਰੋਂ ਰੋਟੀ, ਸਾਲਨ ਤੇ ਦੁੱਧ ਦੇ ਮੁਥਾਜ ਹੋਣ ਬਾਰੇ ਜਾਣ ਕੇ।
ਉਮਰ ਵਧਣ ਨਾਲ ਉਹਨੂੰ ਪਾੜ ਖਾਣ ਵਾਲ਼ੀਆਂ ਨਜ਼ਰਾਂ ਦੀ ਸਮਝ ਵੀ ਆ ਗਈ ਤੇ ਜਿੰਦਗੀ ਵਿੱਚ ਇਹ ਵੀ ਪਤਾ ਲੱਗ ਗਿਆ ਕਿ ਇਹਨਾਂ ਨਜ਼ਰਾਂ ਨੂੰ ਝੁਕਾਉਣ ਲਈ ਕੀ ਕਰਨਾ ਪੈਣਾ ਹੈ। ਸਾਹਮਣੇ ਵਾਲੇ ਘਰ ਦੇ ਮੁੰਡੇ ਨੇ ਕਈ ਵਾਰ ਉਹਨੂੰ ਬੋਲ ਕਬੋਲ ਬੋਲੇ ਤੇ ਲਾਲਚ ਵੀ ਦਿੱਤੇ। ਉਹ ਦਿਲੋਂ ਤਾਂ ਚਾਹੁੰਦੀ ਸੀ ਕਿ ਉਸ ਦੇ ਚਪੇੜ ਮਾਰੇ ਪਰ ਆਪਣੀ ਆਰਥਿਕ ਹੈਸੀਅਤ ਵੇਖ ਕੇ ਚੁੱਪ ਕਰ ਜਾਂਦੀ ਕਿ ਪਤਾ ਨਹੀਂ ਕਿਹੜੇ ਘਰ ਵਿੱਚੋਂ ਕਦੋਂ ਕੋਈ ਗਰਜ ਪੂਰੀ ਕਰਨੀ ਪੈ ਜਾਵੇ।
ਬਹੁਤ ਵਾਰੀ ਉਸ ਨੂੰ ਗਲੀ ਮਹੱਲੇ ਵਿੱਚ ਲੰਘਦਿਆਂ ਸਾਹਮਣੇ ਘਰ ਦੇ ਮੁੰਡੇ ਨੇ ਅਜਿਹਾ ਕੁਝ ਬੋਲਿਆ ਜਿਸ ਨਾਲ ਉਹ ਸਹਿਮ ਜ਼ਰੂਰ ਜਾਂਦੀ ਪਰ ਨਿਡਰਤਾ ਨਾਲ ਸਾਹਮਣਾ ਕਰਦੀ ਰਹੀ। ਇੱਕ ਵਾਰ ਜਦੋਂ ਉਹਦੇ ਪਿਤਾ ਨੂੰ ਉਸ ਦੀਆਂ ਕਿਤਾਬਾਂ ਵਾਸਤੇ ਪੈਸਿਆਂ ਦੀ ਲੋੜ ਪਈ ਤਾਂ ਸਾਹਮਣੇ ਘਰ ਉਹ ਪੈਸੇ ਲੈਣ ਗਈ। ਘਰ ਵਿੱਚ ਉਹ ਮੁੰਡਾ ਇਕੱਲਾ ਹੀ ਸੀ। ਹੱਦ ਲੰਘਦਿਆਂ ਉਸ ਮੁੰਡੇ ਨੇ ਉਸ ਦੀ ਚੁੰਨੀ ਫੜਨ ਦੀ ਕੋਸ਼ਿਸ਼ ਕੀਤੀ। ਉਹ ਉਸ ਨੂੰ ਧੱਕਾ ਦੇ ਕੇ ਆਪਣੇ ਘਰ ਵਾਪਸ ਆ ਗਈ।
ਪੂਰਾ ਪਰਿਵਾਰ ਗਰਜਾਂ ਦੇ ਬੋਝ ਥੱਲੇ ਦੱਬਿਆ ਹੋਇਆ ਹੋਣ ਕਰਕੇ ਉਹ ਚੁੱਪ ਰਹੀ। ਉਹ ਛੱਪੜ ਦੇ ਪਾਣੀ ਵਾਂਗ ਰੁਕ ਕੇ ਮਲੀਨ ਨਹੀਂ ਹੋਣਾ ਚਾਹੁੰਦੀ ਸੀ ਪਰ ਸ਼ੂਕਦੇ ਦਰਿਆ ਵਾਂਗ ਅੱਗੇ ਵਧ ਕੇ ਸਾਰੀਆਂ ਰੁਕਾਵਟਾਂ ਨਾਲ ਰੋੜ੍ਹ ਕੇ ਲੈ ਜਾਣਾ ਚਾਹੁੰਦੀ ਸੀ। ਆਰਥਿਕ ਤੰਗੀ ਦੇ ਬਾਵਜੂਦ ਅਤੇ ਉਸ ਦੀ ਮਾਂ ਤੇ ਦਾਦੀ ਦੇ ਵਿਰੋਧ ਕਰਨ ਦੇ ਬਾਵਜੂਦ ਉਸ ਦੇ ਪਿਤਾ ਨੇ ਉਸ ਨੂੰ ਪੜ੍ਹਾਈ ਕਰਾਈ ਤੇ ਆਪਣੀ ਯੋਗਤਾ ਅਨੁਸਾਰ ਉਹ ਪੁਲਿਸ ਵਿੱਚ ਭਰਤੀ ਹੋ ਗਈ।
ਅੱਜ ਥਾਣੇ ਵਿੱਚ ਉਸ ਦੀ ਮੇਜ਼ ’ਤੇ ਉਸੇ ਹੀ ਸਾਹਮਣੇ ਘਰ ਵਾਲੇ ਮੁੰਡੇ ਦੀ ਕਿਸੇ ਔਰਤ ਨਾਲ ਛੇੜ-ਛਾੜ ਕਰਨ ਸੰਬੰਧੀ ਸ਼ਿਕਾਇਤ ਪਈ ਸੀ। ਭਾਵੇਂ ਕਿ ਹੁਣ ਉਹ ਦੋ ਬੱਚਿਆਂ ਦਾ ਬਾਪ ਬਣ ਚੁੱਕਾ ਸੀ ਪਰ ਜਿਸ ਪਸ਼ੂ ਨੂੰ ਰੱਸਾ ਚੱਬਣ ਦੀ ਆਦਤ ਪੈ ਜਾਵੇ ਜਲਦੀ ਛੁੱਟਦੀ ਨਹੀਂ। ਦਰਖਾਸਤ ਨੂੰ ਉਸ ਨੇ ਗ਼ੌਰ ਨਾਲ ਤਿੰਨ ਚਾਰ ਵਾਰ ਪੜ੍ਹਿਆ। ਪੀੜਤ ਅਤੇ ਦੋਸ਼ੀ ਨੂੰ ਥਾਣੇ ਬੁਲਾਇਆ ਗਿਆ ਸੀ। ਉਸ ਦੇ ਸੀਨੀਅਰ ਅਫਸਰ ਨੇ ਤਫ਼ਤੀਸ਼ ਕਰਨੀ ਸੀ ਜਿਸ ਦੇ ਆਉਣ ਤੋਂ ਪਹਿਲਾਂ ਉਸ ਨੇ ਦੋਵਾਂ ਧਿਰਾਂ ਨੂੰ ਸਾਹਮਣੇ ਬਿਠਾ ਲਿਆ। ਲੜਕੀ ਨੇ ਘਟਨਾ ਦੀ ਜਾਣਕਾਰੀ ਉਸ ਨੂੰ ਹੂਬਹੂ ਸੁਣਾ ਦਿੱਤੀ। ਇਹ ਬਿਲਕੁਲ ਉਸੇ ਤਰ੍ਹਾਂ ਦੀ ਘਟਨਾ ਸੀ ਜੋ ਉਹ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਹੰਢਾ ਚੁੱਕੀ ਸੀ। ਪਿੰਡ ਦਾ ਸਰਪੰਚ ਜੋ ਲੜਕੇ ਦੀ ਹਮਾਇਤ ਵਿੱਚ ਆਇਆ ਸੀ, ਵਾਰ ਵਾਰ ਮੁੰਡੇ ਦੇ ਸਹੀ ਹੋਣ ਬਾਰੇ ਕਹਿ ਰਿਹਾ ਸੀ ਪਰ ਉਹ ਸਹੀ ਗਲਤ ਬਾਰੇ ਪਹਿਲਾਂ ਤੋ ਹੀ ਜਾਣੂ ਸੀ। ਉਹੀ ਸਾਹਮਣੇ ਘਰ ਵਾਲਾ ਮੁੰਡਾ ਝੁਕੀਆਂ ਹੋਈਆਂ ਨਜ਼ਰਾਂ ਨਾਲ ਉਸ ਦੇ ਸਾਹਮਣੇ ਬੈਠਾ ਸੀ ਤੇ ਉਹ ਸ਼ਿਕਾਇਤ ਵਾਲਾ ਕਾਗ਼ਜ਼ ਮੇਜ਼ ’ਤੇ ਸੁੱਟ ਕੇ ਆਪਣੇ ਸੀਨੀਅਰ ਅਫਸਰ ਦਾ ਇੰਤਜ਼ਾਰ ਕਰਨ ਲੱਗੀ। ਬਹੁਤ ਵਾਰ ਉਸ ਨੇ ਦੋਸ਼ੀ ਮੁੰਡੇ ਨਾਲ ਨਜ਼ਰਾਂ ਮਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਵੱਲ ਵੇਖਣ ਦੀ ਹਿੰਮਤ ਨਾ ਜੁਟਾ ਸਕਿਆ। ਉਹ ਚੋਰ ਨਜ਼ਰਾਂ ਨਾਲ ਜ਼ਰੂਰ ਉਸ ਵੱਲ ਵੇਖ ਰਿਹਾ ਸੀ। ਉਹ ਮਹਿਸੂਸ ਕਰ ਰਹੀ ਸੀ ਕਿ ਜਿਸ ਦਿਨ ਉਸ ਲੜਕੇ ਨੇ ਉਸ ਦੀ ਚੁੰਨੀ ਫੜਨ ਦੀ ਕੋਸ਼ਿਸ਼ ਕੀਤੀ ਸੀ ਉਸ ਦਿਨ ਦੀ ਉਧਾਰੀ ਚਪੇੜ ਅੱਜ ਉਸ ਨੇ ਮਾਰ ਦਿੱਤੀ ਹੈ।
*****
(ਸਾਲਨ = ਸਲੂਣਾ)
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3075)
(ਸਰੋਕਾਰ ਨਾਲ ਸੰਪਰਕ ਲਈ: