“ਪੰਜਾਬ ਦੇ ਪੈਟਰੋਲ ਪੰਪ ਤੋਂ ਡੀਜ਼ਲ ਭਰਵਾ ਕੇ ਰਾਜਸਥਾਨ ਵਿੱਚ ਸਪਲਾਈ ਕਰਦੇ ਸਨ ...”
(3 ਜਨਵਰੀ 2020)
ਅਦਾਲਤੀ ਕੇਸਾਂ ਵਾਸਤੇ ਮੁਵੱਕਿਲ ਵਕੀਲਾਂ ਪਾਸੋਂ ਬਹੁਤ ਜ਼ਿਆਦਾ ਉਮੀਦਾਂ ਰੱਖਦੇ ਹਨ। ਸਾਇਲ ਹਰ ਪੇਸ਼ੀ ਉਪਰ ਪੁੱਛਣ ਲਗਦੇ ਹਨ ਕਿ ਆਪਾਂ ਕੇਸ ਜਿੱਤ ਜਾਵਾਂਗੇ ਕਿ ਨਹੀਂ? ਬੱਸ, ਜਿੱਤ ਦੀ ਉਮੀਦ ਸਹਾਰੇ ਹੀ ਕਚਹਿਰੀ ਅਹਾਤੇ ਵਿੱਚ ਗੇੜੇ ਮਾਰਦੇ ਹਨ। ਕਚਹਿਰੀ ਦੇ ਗੇਟ ਅੰਦਰ ਉਹ ਵੜਦੇ ਤਾਂ ਇੰਨਸਾਫ ਦੀ ਉਮੀਦ ਲੈ ਕੇ ਹਨ ਪਰ ਕਈ ਵਾਰ ਚਾਹ ਕੇ ਵੀ ਇਨਸਾਫ ਦਿਵਾਉਣਾ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਸਾਇਲਾਂ ਦੀ ਮਾਨਸਿਕਤਾ ਹੀ ਮੁਕੱਦਮੇਬਾਜੀ ਵਾਲੀ ਬਣ ਜਾਂਦੀ ਹੈ। ਕਾਨੂੰਨੀ ਸਥਿਤੀ ਮਾੜੀ ਹੋਣ ਦੇ ਬਾਵਜੂਦ ਵੀ ਸਾਇਲ ਵਿਰੋਧੀ ਨੂੰ ਡਰਾਉਣ ਜਾਂ ਹਤਾਸ਼ ਕਰਨ ਲਈ ਮੁਕੱਦਮੇ ਦਾਇਰ ਕਰ ਦਿੰਦੇ ਹਨ। ਕਈ ਵਾਰ ਸਾਇਲ ਵਕੀਲਾਂ ਪਾਸੋਂ ਵੀ ਉਮੀਦ ਤੋਂ ਵੱਧ ਆਸਾਂ ਲਾ ਬੈਠਦੇ ਹਨ, ਜਦੋਂ ਕਿ ਵਕੀਲ ਵੀ ਸਮਾਜ ਦਾ ਹਿੱਸਾ ਹੀ ਹਨ।
ਗਵਾਹੀ ਮੁਕੰਮਲ ਹੋਣ ਤੋਂ ਬਾਅਦ ਕਈ ਵਾਰ ਵਧੀਆ ਦਿਸਣ ਵਾਲਾ ਕੇਸ ਉਲਟਾ ਘੁੰਮ ਜਾਂਦਾ ਹੈ ਅਤੇ ਕਈ ਵਾਰ ਮਾੜੀ ਸਥਿਤੀ ਵਾਲਾ ਕੇਸ ਵੀ ਮਜ਼ਬੂਤ ਬਣ ਜਾਂਦਾ ਹੈ। ਕਾਨੂੰਨ ਦੀ ਇੱਕ ਧਾਰਨਾ ਹੈ ਕਿ ਅਦਾਲਤ ਨੇ ਇਨਸਾਫ ਕਰਨਾ ਹੀ ਨਹੀਂ, ਇਨਸਾਫ ਹੋਇਆ ਲੋਕਾਂ ਨੂੰ ਨਜ਼ਰ ਵੀ ਆਉਣਾ ਚਾਹੀਦਾ ਹੈ, ਤਾਂ ਹੀ ਅਦਾਲਤਾਂ ਵਿੱਚ ਆਮ ਲੋਕਾਂ ਦਾ ਵਿਸ਼ਵਾਸ ਕਾਇਮ ਰਹੇਗਾ।
ਕਾਫੀ ਅਰਸਾ ਪਹਿਲਾਂ ਮੇਰੇ ਪਾਸ ਇੱਕ ਮੁਕੱਦਮਾ ਪੈਟਰੋਲੀਅਮ ਐਕਟ ਅਤੇ ਹੋਰ ਅਪਰਾਧਿਕ ਧਾਰਾਵਾਂ ਲਈ ਦਰਜ ਹੋ ਕੇ ਬਚਾਅ ਪੱਖ ਦੀ ਪੈਰਵੀ ਲਈ ਆਇਆ। ਪੁਲਿਸ ਦੇ ਅਰੋਪ ਅਨੁਸਾਰ ਦੋਸ਼ੀ ਵਿਅਕਤੀ ਦੋ-ਦੋ ਸੌ ਲੀਟਰ ਦੇ ਢੋਲਾਂ ਵਿੱਚ ਪੰਜਾਬ ਦੇ ਪੈਟਰੋਲ ਪੰਪ ਤੋਂ ਡੀਜ਼ਲ ਭਰਵਾ ਕੇ ਰਾਜਸਥਾਨ ਵਿੱਚ ਸਪਲਾਈ ਕਰਦੇ ਸਨ, ਕਿਉਂਕਿ ਪੰਜਾਬ ਅਤੇ ਰਾਜਸਥਾਨ ਦੇ ਡੀਜ਼ਲ ਦੇ ਰੇਟ ਵਿੱਚ ਉਹਨਾਂ ਦਿਨਾਂ ਵਿੱਚ ਪੰਜ ਰੁਪਏ ਪ੍ਰਤੀ ਲੀਟਰ ਫਰਕ ਸੀ। ਪੰਪ ਮਾਲਕ ਦਾ ਪੰਪ ਪੰਜਾਬ ਹਰਿਆਣਾ ਬਾਰਡਰ ’ਤੇ ਸੀ। ਹਰਿਆਣਾ ਵਿੱਚ ਵੀ ਡੀਜ਼ਲ ਪੰਜਾਬ ਨਾਲੋਂ ਮਹਿੰਗਾ ਸੀ। ਮੁਕੱਦਮਾ ਦਰਜ ਹੋਣ ’ਤੇ ਕੁਝ ਦਿਨਾਂ ਬਾਅਦ ਦੋਸ਼ੀਆਨ ਨੂੰ ਜ਼ਮਾਨਤ ਮਿਲ ਗਈ।
ਦੋਸ਼ੀਆਨ ਤੋਂ ਅਸਲ ਤੱਥਾਂ ਬਾਰੇ ਪਤਾ ਕਰਨ ’ਤੇ ਪਤਾ ਲੱਗਾ ਕਿ ਰਾਜਸਥਾਨ ਦੇ ਇੱਕ ਇਲਾਕੇ ਦੇ ਉਹ ਗਰੀਬ ਕਿਸਾਨ ਸਨ। ਥੋੜ੍ਹੀ ਜਮੀਨ ਅਤੇ ਕਾਸ਼ਤ ਕਰਨ ਦੇ ਨਾਲ ਨਾਲ ਉਹ ਪਿੱਕਅਪ ਚਲਾ ਕੇ ਗੁਜਰ ਬਸਰ ਕਰਦੇ ਸਨ। ਦੇਸ਼ ਦੇ ਬਾਕੀ ਕਿਸਾਨਾਂ ਵਾਂਗ ਉਹਨਾਂ ਦੀ ਮਾਲੀ ਹਾਲਤ ਵੀ ਪਤਲੀ ਸੀ। ਉਹਨਾਂ ਨੇ ਬਾਕੀ ਕਿਸਾਨਾਂ ਨਾਲ ਸੰਪਰਕ ਕਰਕੇ ਕਰੀਬ ਵੀਹ ਕਿਸਾਨਾਂ ਪਾਸੋਂ ਦੋ-ਦੋ ਸੌ ਲੀਟਰ ਦੇ ਢੋਲ ਇਕੱਠੇ ਕਰ ਕੇ ਸਸਤਾ ਡੀਜ਼ਲ ਪੰਜਾਬ ਤੋਂ ਭਰਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਨਾਲ ਉਨ੍ਹਾਂ ਨੂੰ ਗੱਡੀ ਦਾ ਕੰਮ ਲਗਾਤਾਰ ਮਿਲਣ ਲੱਗ ਪਿਆ ਤੇ ਕੁਝ ਬੱਚਤ ਹੋਣ ਲੱਗ ਪਈ।
ਇਸੇ ਸਮੇਂ ਦੌਰਾਨ ਮੁੱਖ ਮੰਤਰੀ ਦੇ ਕਿਸੇ ਰਿਸ਼ਤੇਦਾਰ ਨੇ ਪੈਟਰੋਲ ਪੰਪ ਪੰਜਾਬ ਹਰਿਆਣਾ ਹੱਦ ’ਤੇ ਲਾ ਲਿਆ। ਉਸ ਪੰਪ ਦਾ ਮਾਲਕ ਇਹ ਚਾਹੁੰਦਾ ਸੀ ਕਿ ਉਹ ਕਿਸਾਨ ਤੇਲ ਉਸ ਪਾਸੋਂ ਭਰਵਾਉਣ ਪਰ ਕਿਸਾਨ ਨੂੰ ਉਸ ਦੇ ਰਾਜਨੀਤਿਕ ਸੰਬੰਧ ਹੋਣ ਕਾਰਨ ਤੇਲ ਵਿੱਚ ਮਿਲਾਵਟ ਦਾ ਸ਼ੱਕ ਸੀ। ਪੈਟਰੋਲ ਪੰਪ ਦੇ ਮਾਲਕ ਨੇ ਇਸੇ ਕਰਕੇ ਕਿਸਾਨਾਂ ਉੱਤੇ ਮੁਕੱਦਮਾ ਦਰਜ ਕਰਾ ਦਿੱਤਾ।
ਕਾਨੂੰਨ ਦੇ ਮੁਤਾਬਿਕ ਕੋਈ ਵੀ ਵਿਅਕਤੀ ਪੱਚੀ ਸੌ ਲੀਟਰ ਤੱਕ ਡੀਜ਼ਲ ਦੇਸ਼ ਦੇ ਕਿਸੇ ਹਿੱਸੇ ਤੋਂ ਵੀ ਭਰਵਾ ਕੇ ਲਿਜਾ ਸਕਦਾ ਹੈ। ਕਿਤੇ ਵੀ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੁੰਦੀ ਪਰ ਉਹ ਗਰੀਬ ਕਿਸਾਨ ਸਿਰਫ ਮੁੱਖ ਮੰਤਰੀ ਦੇ ਰਿਸ਼ਤੇਦਾਰ ਦਾ ਪੰਪ ਕਾਮਯਾਬ ਕਰਨ ਲਈ ਮੁਕੱਦਮੇ ਦੀ ਘੁਲਾੜੀ (ਵੇਲਣੇ) ਵਿੱਚ ਪੀੜ ਦਿੱਤੇ ਗਏ ਸੀ।
ਉਹਨਾਂ ਕਿਸਾਨਾਂ ਨੂੰ ਮੈਂ ਇਸ ਸਥਿਤੀ ਤੋਂ ਜਾਣੂ ਕਰਵਾ ਦਿੱਤਾ। ਹਰ ਪੇਸ਼ੀ ਉੱਤੇ ਉਹ ਆਪਣੀ ਭਾਸ਼ਾ ਵਿੱਚ ਮੇਰੀਆਂ ਮਿੰਨਤਾਂ ਕਰਿਆ ਕਰਨ ਕਿ ਸਾਡੇ ਵੱਲੋਂ ਜੱਜ ਸਾਹਬ ਨੂੰ ਅਰਜ ਕਰੋ। ਚਾਰਜ ਦੀ ਸਟੇਜ ਉੱਤੇ ਹੇਠਲੀਆਂ ਅਦਾਲਤਾਂ ਜ਼ਿਆਦਾ ਲਾਭ ਨਹੀਂ ਦਿੰਦੀਆਂ ਤੇ ਅਪੀਲ ਕਰਨਾ ਉਹਨਾਂ ਦੇ ਵੱਸ ਨਹੀਂ ਸੀ। ਅਦਾਲਤ ਫਰਜ਼ ਵਿੱਚ ਬੰਨ੍ਹੀ ਹੁੰਦੀ ਹੈ ਕਿ ਗਵਾਹੀ ਦਾ ਮੌਕਾ ਦਿੱਤੇ ਬਿਨਾਂ ਦੋਸ਼ੀ ਦੇ ਚਾਰਜਸ਼ੀਟ ਹੋਣ ਤੋਂ ਬਾਅਦ ਫੈਸਲਾ ਨਹੀਂ ਕਰ ਸਕਦੀ।
ਚਾਰ ਸੌ ਕਿਲੋਮੀਟਰ ਤੋਂ ਪੇਸ਼ੀ ਭੁਗਤਣ ਆਉਣਾ ਗਰੀਬ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਸੀ। ਇੱਕ ਦਿਨ ਕੇਸ ਵਿੱਚ ਅਵਾਜ਼ ਪੈਣ ਉੱਤੇ ਮੈਂ ਅਦਾਲਤ ਨੂੰ ਉਸ ਕੇਸ ਦੀ ਪੂਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ। ਮੈਂ ਉਹਨਾਂ ਕਿਸਾਨਾਂ ਦੀਆਂ ਜ਼ਮੀਨ ਦੀਆਂ ਫਰਦਾਂ ਵੀ ਅਦਾਲਤ ਨੂੰ ਦਿਖਾਈਆਂ ਕਿ ਕਿਵੇਂ ਉਹ ਕਰਜੇ ਵਿੱਚ ਡੁੱਬੇ ਹੋਏ ਹਨ। ਕਰਜੇ ਦਾ ਭਾਰ ਹੌਲਾ ਕਰਨ ਲਈ ਕਿਵੇਂ ਹੋਰ ਕਰਜ ਵਧਾ ਬੈਠੇ ਹਨ। ਅਦਾਲਤ ਨੂੰ ਮੈਂ ਜਲਦ ਗਵਾਹੀ ਕਰਾਉਣ ਦੀ ਬੇਨਤੀ ਕੀਤੀ। ਬੇਸ਼ੱਕ ਮੇਰੇ ਕੋਲ ਜ਼ਿਆਦਾ ਕੋਈ ਕਾਨੂੰਨੀ ਨੁਕਤਾ ਇਸ ਸਟੇਜ ’ਤੇ ਬੋਲਣ ਵਾਲਾ ਨਹੀਂ ਸੀ ਪਰ ਇਨਸਾਫ ਦੇ ਮੱਦੇਨਜ਼ਰ ਅਦਾਲਤ ਨੇ ਮੇਰੀ ਬੇਨਤੀ ਸਵੀਕਾਰ ਕਰਦਿਆਂ ਸਰਕਾਰ ਨੂੰ ਸਖਤ ਹਦਾਇਤ ਕਰ ਦਿੱਤੀ ਕਿ ਇਸ ਕੇਸ ਵਿੱਚ ਜਲਦ ਗਵਾਹ ਬੁਲਾਏ ਜਾਣ। ਜਿਹੜਾ ਗਵਾਹ ਨਹੀਂ ਆਵੇਗਾ, ਉਸ ਦੀ ਤਨਖਾਹ ਕੁਰਕ ਕਰ ਦਿੱਤੀ ਜਾਵੇਗੀ।
ਅਗਲੀ ਤਾਰੀਖ ਪੇਸ਼ੀ ਉੱਪਰ ਇੱਕ ਗਵਾਹ ਜੋ ਪੰਜਾਬ ਪੁਲਿਸ ਵਿੱਚ ਤਰੱਕੀ ਲੈ ਕੇ ਉੱਚ ਅਧਿਕਾਰੀ ਬਣ ਚੁੱਕਾ ਸੀ, ਨੂੰ ਛੱਡ ਕੇ ਬਾਕੀ ਸਾਰੇ ਗਵਾਹ ਭੁਗਤ ਗਏ। ਉਹ ਉੱਚ ਅਧਿਕਾਰੀ ਕਈ ਪੇਸ਼ੀਆਂ ਉੱਤੇ ਤਨਖਾਹ ਕੁਰਕ ਹੋਣ ਦੇ ਬਾਵਜੂਦ ਨਾ ਆਇਆ। ਪਤਾ ਕਰਨ ’ਤੇ ਪਤਾ ਲੱਗਾ ਕਿ ਉਸ ਅਧਿਕਾਰੀ ਨੇ ਕੁਰਕੀ ਦੇ ਹੁਕਮ ਉੱਤੇ ਅਮਲ ਹੀ ਨਹੀਂ ਹੋਣ ਦਿੱਤਾ।
ਅਦਾਲਤ ਦੇ ਸਖਤ ਰਵੱਈਏ ਤੋਂ ਬਾਅਦ ਹੀ ਉਸ ਉੱਚ ਅਫਸਰ ਨੇ ਅਦਾਲਤ ਵਿੱਚ ਗਵਾਹੀ ਦਿੱਤੀ। ਉਸ ਅਫਸਰ ਨੂੰ ਇਹ ਕਹਿੰਦਿਆਂ ਵੀ ਮੈਂ ਸੁਣਿਆ ਕਿ ਉਹ ਕਿਹੜਾ ਤਨਖਾਹ ਉੱਤੇ ਹੀ ਬੈਠਾ ਹੈ। ਇੰਜ ਜਾਪਦਾ ਸੀ ਕਿ ਜਿਵੇਂ ਰਿਸ਼ਵਤ ਉਸ ਦਾ ਅਧਿਕਾਰ ਹੋਵੇ ਤੇ ਤਨਖਾਹ ਲੈ ਕੇ ਉਹ ਸਰਕਾਰ ਉੱਤੇ ਅਹਿਸਾਨ ਕਰ ਰਿਹਾ ਹੋਵੇ।
ਅਖੀਰ ਅਦਾਲਤ ਨੇ ਕਾਨੂੰਨੀ ਸਥਿਤੀ ਵੇਖਦਿਆਂ ਉਹਨਾਂ ਗਰੀਬ ਕਿਸਾਨਾਂ ਦੀ ਬੰਦ ਖਲਾਸੀ ਕਰ ਦਿੱਤੀ। ਉਹਨਾਂ ਕਿਸਾਨਾਂ ਨੇ ਸਿਰਫ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਪੰਪ ਲੱਗਣ ਕਾਰਨ ਬਹੁਤ ਖੱਜਲ ਖੁਆਰੀ ਝੱਲੀ ਅਤੇ ਦੁੱਖ ਭੋਗਿਆ।
ਅੱਜ ਵੀ ਕਈ ਵਾਰ ਉਹਨਾਂ ਕਿਸਾਨਾਂ ਦੀਆਂ ਅੱਖਾਂ ਵਿੱਚੋਂ ਟਪਕਦੇ ਹੰਝੂ ਅੱਖਾਂ ਅੱਗੇ ਆ ਜਾਂਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1872)
(ਸਰੋਕਾਰ ਨਾਲ ਸੰਪਰਕ ਲਈ: