“ਜੇ ਅਜੇ ਵੀ ਵਾਤਾਵਰਣ ਬਚਾਉਣ ਲਈ ਅਸੀਂ ਨਾ ਸੰਭਲ਼ੇ ਤਾਂ ਉਹ ਦਿਨ ਦੂਰ ਨਹੀਂ ਜਦੋਂ ...”
(1 ਜੁਲਾਈ 2021)
ਬਰਸਾਤਾਂ ਦਾ ਮੌਸਮ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਜੁਲਾਈ ਦੇ ਮਹੀਨੇ ਜ਼ੋਰ ਸ਼ੋਰ ਨਾਲ ਵਣਮਹਾਂਉਤਸਵ ਮਨਾਇਆ ਜਾਵੇਗਾ। ਹਰ ਸਾਲ ਜੰਗਲਾਤ ਦੇ ਅਧਿਕਾਰੀ ਰੁੱਖ ਲਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਅਜਿਹਾ ਬਹੁਤ ਸਾਲਾਂ ਤੋਂ ਹੋ ਰਿਹਾ ਹੈ ਪਰ ਰੁੱਖ ਸਾਡੀ ਧਰਤੀ ਤੋਂ ਘਟਦੇ ਜਾ ਰਹੇ ਹਨ। ਬਚਪਨ ਵਿੱਚ ਬਹੁਤ ਸਾਰੇ ਮਲ੍ਹੇ ਝਾੜੀਆਂ ਤੇ ਰੁੱਖ ਅਸੀਂ ਆਪਣੇ ਇਲਾਕੇ ਵਿੱਚ ਦੇਖਦੇ ਸੀ। ਉਹ ਹੁਣ ਅਲੋਪ ਚੁੱਕੇ ਹਨ। ਕਿਸੇ ਨੂੰ ਵੀ ਕੋਈ ਫਿਕਰ ਨਹੀਂ ਹੈ। ਇੱਕ ਸਰਕਾਰੀ ਕਰਮਚਾਰੀ ਨੂੰ ਸਿਰਫ ਆਪਣੀ ਤਨਖ਼ਾਹ ਤੇ ਇਨਕਰੀਮੈਂਟ ਦਾ ਫਿਕਰ ਹੁੰਦਾ ਹੈ ਜਾਂ ਫਿਰ ਮਨਪਸੰਦ ਜਗ੍ਹਾ ਜੋ ਉਸ ਦੇ ਘਰ ਦੇ ਨੇੜੇ ਹੋਵੇ, ਉੱਥੇ ਤਾਇਨਾਤ ਹੋਣ ਦਾ ਫਿਕਰ ਹੁੰਦਾ ਹੈ ਤਾਂ ਕਿ ਉਹ ਆਪਣੇ ਘਰ ਜਾ ਕੇ ਬੱਚਿਆਂ ਵਿੱਚ ਸੌਂ ਸਕੇ। ਕਿਸੇ ਵਿੱਚ ਵੀ ਸੇਵਾ ਦੀ ਨੀਅਤ ਨਾਲ ਨੌਕਰੀ ਕਰਨ ਦੀ ਭਾਵਨਾ ਨਹੀਂ ਹੈ।
ਪੰਜਾਬ ਦਾ ਇੱਕ ਰੁੱਖ ਜੰਡ ਜੋ ਹੁਣ ਆਮ ਦੇਖਣ ਲਈ ਨਹੀਂ ਮਿਲਦਾ ਬਹੁਤ ਦੇਰ ਤਕ ਅੰਧ ਵਿਸ਼ਵਾਸ ਅਤੇ ਸਾਡੇ ਲੋਕਾਂ ਦੀ ਬੇਰੁਖ਼ੀ ਝੱਲ ਨਹੀਂ ਸਕਿਆ। ਹੁਣ ਕਦੇ ਕਦਾਈਂ ਇਹ ਦ੍ਰਖਤ ਸੜਕਾਂ ਦੇ ਕੰਢੇ ਲਾਲ ਕੱਪੜੇ ਵਿੱਚ ਲਪੇਟਿਆ ਹੀ ਨਜ਼ਰ ਆਉਂਦਾ ਹੈ। ਲਾਲ ਕੱਪੜਾ ਤਾਂ ਉਸ ਨੂੰ ਮਾਰਨ ਲਈ ਫਾਂਸੀ ਦਾ ਫੰਧਾ ਹੈ। ਜੇ ਕੱਪੜੇ ਨਾਲ ਸਰ ਜਾਂਦਾ ਤਾਂ ਠੀਕ ਸੀ ਪਰ ਅੰਧਵਿਸ਼ਵਾਸੀ ਲੋਕ ਉਸ ਦੀਆਂ ਜੜ੍ਹਾਂ ਵਿੱਚ ਸਰ੍ਹੋਂ ਦਾ ਤੇਲ ਪਾਉਂਦੇ ਹਨ, ਜੋ ਉਸ ਰੁੱਖ ਨੂੰ ਸੁਕਾ ਦਿੰਦਾ ਹੈ। ਸਾਡੇ ਲੋਕ ਆਪਣਾ ਖੇਤਰਪਾਲ ਜੰਡ ਦੀ ਬਲੀ ਲੈ ਕੇ ਖੁਸ਼ ਕਰਦੇ ਹਨ। ਮੇਰੇ ਆਪਣੇ ਰਿਸ਼ਤੇਦਾਰ ਵੀ ਦੱਸਦੇ ਹਨ ਕਿ ਖੇਤਰਪਾਲ ਉਹਨਾਂ ਦਾ ਦੇਵਤਾ ਹੈ ਜੋ ਜੰਡ ਦੀ ਪੂਜਾ ਕਰਨ ਨਾਲ ਖੁਸ਼ ਹੁੰਦਾ ਹੈ। ਇਹ ਪਰਦੇ ਪਿੱਛੇ ਦਾ ਸੱਚ ਹੈ ਕਿ ਬਹੁਤ ਸਾਰੇ ਅੰਧਵਿਸ਼ਵਾਸ ਸਾਡੀ ਪ੍ਰਕਿਰਤੀ ਦਾ ਨੁਕਸਾਨ ਕਰ ਰਹੇ ਹਨ। ਇਹਨਾਂ ਦੇ ਖ਼ਿਲਾਫ਼ ਅਵਾਜ਼ ਉਠਾਉਣਾ ਸਮੇਂ ਦੀ ਲੋੜ ਹੈ। ਨਹਿਰਾਂ ਅਤੇ ਸੜਕਾਂ ਦੇ ਕਿਨਾਰੇ ’ਤੇ ਖੜ੍ਹੇ ਰੁੱਖਾਂ ਨੂੰ ਰੁੱਖ ਮਾਫੀਆ ਤੇ ਰਾਜਨੀਤੀ ਦਾ ਗੱਠਜੋੜ ਨਿਗਲ ਗਿਆ ਹੈ। ਰਹਿੰਦੀ ਕਸਰ ਹਾਈਵੇ ਬਣਾਉਣ ਦੀ ਚਕਾਚੌਂਧ ਨੇ ਸਾਰੇ ਰੁੱਖਾਂ ਨੂੰ ਖਤਮ ਕਰ ਕੇ ਕੱਢ ਦਿੱਤੀ ਹੈ। ਮੇਰੀਆਂ ਆਪਣੀਆਂ ਯਾਦਾਂ ਵਿੱਚ ਬਹੁਤ ਸਾਰੀਆਂ ਟਾਹਲੀਆਂ, ਕਿੱਕਰਾਂ, ਜੰਡ, ਬਣ, ਬੇਰੀਆਂ ਵੱਢੀਆਂ ਗਈਆਂ ਪਰ ਜੰਗਲਾਤ ਦੇ ਅਧਿਕਾਰੀਆਂ ਨੇ ਰੋਕਣ ਦੀ ਬਜਾਏ ਮਾਫੀਆ ਲੋਕਾਂ ਤੋਂ ਨਿਗੂਣੀ ਰਿਸ਼ਵਤ ਲੈ ਕੇ ਉਹਨਾਂ ਦੀ ਪੁਸ਼ਤ ਪਨਾਹੀ ਹੀ ਕੀਤੀ। ਕੁਝ ਸਾਲ ਪਹਿਲਾਂ ਟਾਹਲੀ ਦੀ ਲੱਕੜ ਨੂੰ ਚੁਗਾਠਾਂ ਅਤੇ ਬੂਹੇ ਬਾਰੀਆਂ ਬਣਾਉਣ ਲਈ ਲੋਕਾਂ ਵਿੱਚ ਹੋੜ ਲੱਗੀ ਹੋਈ ਸੀ। ਉਸ ਸਮੇਂ ਬਹੁਤ ਸਾਰੇ ਅਧਿਕਾਰੀਆਂ ਨੇ ਟਾਹਲੀਆਂ ਵਢਾ ਕੇ ਆਪਣੀਆਂ ਕੋਠੀਆਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। ਇਸ ਕੰਮ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਲਈ ਜਾਹਲੀ ਬਿੱਲ ਤਿਆਰ ਕਰਾਏ ਗਏ। ਬਹੁਤ ਸਾਰੇ ਸਰਕਾਰੀ ਅਧਿਕਾਰੀਆਂ ਦੀਆਂ ਕੋਠੀਆਂ ਵਿੱਚ ਲੱਗੀ ਲੱਕੜ ਇਸਦੀ ਗਵਾਹ ਹੈ।
ਆਪਣੇ ਨਾਲ ਹੋਈ ਇੱਕ ਘਟਨਾ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ। ਮੇਰੇ ਵੱਲੋਂ ਆਪਣੇ ਖੇਤ ਦੇ ਨਾਲ ਪੈਂਦੀ ਨਹਿਰ ਦੀ ਜਗ੍ਹਾ ਵਿੱਚ ਹਰ ਸਾਲ ਆਪਣੇ ਖਰਚ ਤੇ ਕੁਝ ਰੁੱਖ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੁਝ ਸਾਲ ਪਹਿਲਾਂ ਮੈਂ ਕੁਝ ਔਲ਼ੇ ਦੇ ਬੂਟੇ ਖਰੀਦ ਕੇ ਆਪਣੇ ਖੇਤ ਦੇ ਨੇੜੇ ਨਹਿਰ ਮਹਿਕਮਾ ਦੀ ਖਾਲ਼ੀ ਜਗਾ ਵਿੱਚ ਲਾ ਦਿੱਤੇ। ਅਗਲੇ ਹੀ ਦਿਨ ਮਹਿਕਮੇ ਦੇ ਕਰਮਚਾਰੀ ਨੇ ਮੇਰੇ ਨਾਲ ਈਰਖਾ ਰੱਖਣ ਵਾਲੇ ਵਿਅਕਤੀ ਨਾਲ ਸਾਜ ਬਾਜ਼ ਕਰਕੇ ਮੇਰੀ ਗ਼ੈਰਹਾਜ਼ਰੀ ਵਿੱਚ ਸਾਰੇ ਬੂਟੇ ਪੱਟ ਦਿੱਤੇ। ਮੇਰੇ ਵੱਲੋਂ ਸੰਪਰਕ ਕਰਨ ’ਤੇ ਕਹਿਣ ਲੱਗਾ ਕਿ ਅਸੀਂ ਸਰਕਾਰੀ ਬੂਟੇ ਲਾਵਾਂਗੇ, ਹੋਰ ਕਿਸੇ ਨੂੰ ਕੋਈ ਹੱਕ ਨਹੀਂ ਬੂਟੇ ਲਾਉਣ ਦਾ।
ਕੁਝ ਦਿਨਾਂ ਬਾਅਦ ਉਸ ਥਾਂ ਡੇਕਾਂ ਲਗਾ ਦਿੱਤੀਆਂ ਗਈਆਂ ਪਰ ਉਨ੍ਹਾਂ ਵਿੱਚੋਂ ਕੋਈ ਵੀ ਕਾਮਯਾਬ ਨਹੀਂ ਹੋ ਸਕੀ। ਸਗੋਂ ਮੇਰੇ ਖੇਤ ਵਿੱਚ ਦੂਰ ਦੂਰ ਉਹਨਾਂ ਦੀਆਂ ਜੜ੍ਹਾਂ ਉੱਗ ਜਾਂਦੀਆਂ ਹਨ। ਹਰ ਵਾਰ ਟਰੈਕਟਰ ਦੇ ਹਲ਼ਾਂ ਵਿੱਚ ਫਸਦੀਆਂ ਰਹਿੰਦੀਆਂ ਹਨ। ਬੜੀ ਮੁਸ਼ਕਲ ਨਾਲ ਇੱਕ ਜਾਮਣ ਅਤੇ ਇੱਕ ਅੰਬ ਦਾ ਰੁੱਖ ਖੇਤ ਵਾਲੀ ਮੋਟਰ ਦੇ ਕੋਠੇ ਕੋਲ ਮਹਿਕਮਾ ਨਹਿਰ ਦੀ ਜਗਾ ਵਿੱਚ ਕਾਮਯਾਬ ਕਰਨ ਵਿੱਚ ਕਾਮਯਾਬ ਹੋਇਆ ਹਾਂ। ਉਹਨਾਂ ਰੁੱਖਾਂ ’ਤੇ ਹਰ ਸਾਲ ਮਹਿਕਮਾ ਆਪਣਾ ਨੰਬਰ ਜ਼ਰੂਰ ਲਗਾ ਜਾਂਦਾ ਹੈ, ਉਹਨਾਂ ਦੇ ਲਾਉਣ ਜਾਂ ਪਾਲਣ ਵਿੱਚ ਮਹਿਕਮੇ ਦੀ ਕੋਈ ਭੂਮਿਕਾ ਨਹੀਂ।
ਮਹਿਕਮਾ ਜੰਗਲਾਤ ਸਫ਼ੈਦ ਹਾਥੀ ਬਣ ਕੇ ਰਹਿ ਗਿਆ ਹੈ। ਕੀ ਮਹਿਕਮੇ ਨੂੰ ਜੰਗਲਾਤ ਖਤਮ ਕਰਨ ਲਈ ਉੱਤਰਦਾਈ ਨਹੀਂ ਠਹਿਰਾਇਆ ਜਾਣਾ ਚਾਹੀਦਾ? ਅਗਰ ਵੱਡੇ ਬਜਟ ਦੀਆਂ ਤਨਖਾਹਾਂ ਲੈ ਕੇ ਵੀ ਰੁੱਖ ਬਚਾਏ ਨਹੀਂ ਜਾ ਸਕੇ ਤਾਂ ਜ਼ਿੰਮੇਵਾਰ ਕੌਣ ਹੈ? ਮਹਿਕਮੇ ਵਿੱਚ ਕੰਮ ਕਰਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਮੰਤਰੀਆਂ ਜਾਂ ਅਫਸਰਾਂ ਨੂੰ ਜਦੋਂ ਵੀ ਵਧੀਆ ਲੱਕੜ ਚਾਹੀਦੀ ਹੁੰਦੀ ਹੈ ਤਾਂ ਸਾਨੂੰ ਹੀ ਪ੍ਰਬੰਧ ਕਰਨਾ ਪੈਂਦਾ ਹੈ। ਇਹ ਸਿਲਸਿਲਾ ਦਹਾਕਿਆਂ ਤੋਂ ਚੱਲ ਰਿਹਾ ਹੈ। ਉਹਨਾਂ ਦੀਆਂ ਕਿਲਾ ਨੁਮਾ ਕੋਠੀਆਂ ਬਹੁਤ ਸਾਰੇ ਰੁੱਖਾਂ ਦੀ ਬਲੀ ਲੈ ਲੈਂਦੀਆਂ ਹਨ। ਇਹ ਰੁੱਖ ਵੀ ਦੁਰਲੱਭ ਹੁੰਦੇ ਹਨ।
ਹਰ ਸਾਲ ਜੰਗਲਾਤ ਦੇ ਨਾਮ ਤੇ ਕਰੋੜਾਂ ਦਾ ਬਜਟ ਰੱਖਿਆ ਜਾਂਦਾ ਹੈ। ਪਰ ਜੰਗਲ਼ ਕਾਮਯਾਬ ਕਿੰਨਾ ਹੋਇਆ ਹੈ, ਇਸਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ। ਅੰਗਰੇਜ਼ ਨਿਜ਼ਾਮ ਸਮੇਂ ਹਰ ਪਿੰਡ ਵਿੱਚ ਇੱਕ ਬੂਟੀਪਾਲਕ ਨਾਮ ਦਾ ਅਹੁਦਾ ਰੱਖਿਆ ਹੋਇਆ ਸੀ। ਉਸ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਤੈਅ ਕੀਤੀ ਗਈ ਜ਼ਮੀਨ ਵਿੱਚ ਰੁੱਖ ਲਗਾ ਕੇ ਕਾਮਯਾਬ ਕਰਨੇ ਤੇ ਨਿਗਰਾਨੀ ਕਰਨੀ। ਉਸ ਨੂੰ ਇਸ ਬਦਲੇ ਜ਼ਮੀਨ ਵੀ ਅਲਾਟ ਕੀਤੀ ਜਾਂਦੀ ਸੀ। ਜ਼ਮੀਨ ਦੀ ਪੱਕੀ ਅਲਾਟਮੈਂਟ ਰੁੱਖ ਦੀ ਉਮਰ ਦੇ ਹਿਸਾਬ ਨਾਲ ਰੁੱਖ ਪਾਲੇ ਜਾਣ ਤੋਂ ਬਾਅਦ ਕੀਤੀ ਜਾਂਦੀ ਸੀ। ਮਤਲਬ ਰੁੱਖ ਦੇ ਪੰਜ ਜਾਂ ਦਸ ਸਾਲ ਦੀ ਉਮਰ ਤੋਂ ਬਾਅਦ ਹੀ ਅਲਾਟ ਜ਼ਮੀਨ ਦਾ ਮਾਲਕ ਬੂਟੀਪਾਲਕ ਨੂੰ ਬਣਾਇਆ ਜਾਂਦਾ ਸੀ। ਇਸੇ ਤਰ੍ਹਾਂ ਹੀ ਘੋੜੀਪਾਲਕ ਵੀ ਨਿਯੁਕਤ ਕੀਤੇ ਜਾਂਦੇ ਸੀ। ਸਾਡੇ ਮੌਜੂਦਾ ਨਿਜ਼ਾਮ ਵਿੱਚ ਹਰ ਸਾਲ ਨਵੇਂ ਰੁੱਖ ਲਾਉਣ ਲਈ ਸਰਕਾਰੀ ਖ਼ਜ਼ਾਨੇ ਉੱਪਰ ਬੋਝ ਪਾਇਆ ਜਾਂਦਾ ਹੈ। ਪਰ ਨਵੇਂ ਰੁੱਖਾਂ ਲਈ ਰੱਖੀ ਰਕਮ ਕਾਗ਼ਜ਼ਾਂ ਵਿੱਚ ਵਣਮਹਾਂਉਤਸਵ ਮਨਾ ਕੇ ਹੜੱਪ ਕਰ ਲਈ ਜਾਂਦੀ ਹੈ। ਅੱਜ ਸਮੇਂ ਦੀ ਲੋੜ ਹੈ ਕਿ ਰੁੱਖ ਲਗਾਏ ਜਾਣ ਪਰ ਅਸੀਂ ਸੋਚਦੇ ਹਾਂ ਕਿ ਸਾਡੇ ਖੇਤ ਵਿੱਚ ਰੁੱਖ ਨਾ ਹੋਣ, ਗਵਾਂਢੀਆਂ ਦੇ ਖੇਤ ਵਿੱਚ ਹੋਣ। ਜੇ ਅਜੇ ਵੀ ਵਾਤਾਵਰਣ ਬਚਾਉਣ ਲਈ ਅਸੀਂ ਨਾ ਸੰਭਲ਼ੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਬੀਤੇ ਉੱਤੇ ਪਛਤਾਉਣ ਤੋਂ ਇਲਾਵਾ ਅਸੀਂ ਕੁਝ ਨਹੀਂ ਕਰ ਸਕਣਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2873)
(ਸਰੋਕਾਰ ਨਾਲ ਸੰਪਰਕ ਲਈ: